ਪਾਠਕਾਂ ਦੇ ਖ਼ਤ
ਨਸ਼ਿਆਂ ਦੀ ਮਾਰ
ਨਜ਼ਰੀਆ ਪੰਨੇ ’ਤੇ 3 ਅਕਤੂਬਰ ਨੂੰ ਛਪੇ ਮੋਹਨ ਸ਼ਰਮਾ ਦੇ ਮਿਡਲ ‘ਹੰਝੂਆਂ ਦੀ ਭਾਸ਼ਾ’ ਵਿੱਚ ਨਸ਼ਿਆਂ ਨਾਲ ਹੋਣ ਵਾਲੀ ਬਰਬਾਦੀ ਦੱਸੀ ਗਈ ਹੈ। ਲੇਖਕ ਨੇ ਆਪਣੀ ਰਚਨਾ ਵਿੱਚ ਜਿਸ ਤਰ੍ਹਾਂ ਨਸ਼ੇ ਖ਼ਤਮ ਕਰਨ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਹੈ, ਉਸੇ ਤਰ੍ਹਾਂ ਸਾਨੂੰ ਵੀ ਨਸ਼ੇ ਖ਼ਤਮ ਕਰਨ ਲਈ ਕੁਝ ਕਰਨਾ ਚਾਹੀਦਾ ਹੈ। 28 ਸਤੰਬਰ ਨੂੰ ਮੋਹਣ ਸਿੰਘ ਮੁਗਲ ਮਾਜਰੀ ਦੀ ਰਚਨਾ ‘ਸਰਬਸੰਮਤੀ’ ਵਿੱਚ ਚੋਣਾਂ ਦੇ ਵਰਤਾਰੇ ਬਾਰੇ ਬਹੁਤ ਜਾਣਕਾਰੀ ਭਰਪੂਰ ਗੱਲਾਂ ਹਨ। ਇਸੇ ਤਰ੍ਹਾਂ 27 ਸਤੰਬਰ ਨੂੰ ਸਰੋਜ ਦਾ ਮਿਡਲ ‘ਸਰੋਤੇ ਬਨਾਮ ਦਰਸ਼ਕ’ ਪੜ੍ਹਿਆ, ਇਸ ਵਿੱਚ ਬੱਚਿਆਂ ਲਈ ਮਾਪਿਆਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ 23 ਸਤੰਬਰ ਨੂੰ ਡਾ. ਛਿੰਦਰਪਾਲ ਕੌਰ ਦਾ ਮਿਡਲ ‘ਇਹ ਕੈਸੀ ਰੁੱਤ ਆਈ’ ਪੜ੍ਹ ਕੇ ਬਹੁਤ ਦੁੱਖ ਹੋਇਆ। ਮਿਡਲ ਵਿੱਚ ਲੇਖਕ ਨੇ ਬਿਰਧ ਔਰਤ ਬਾਰੇ ਦੱਸਿਆ ਹੈ ਜੋ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਇਕੱਲੀ ਰਹਿ ਗਈ ਹੈ ਅਤੇ ਜਿਸ ਨੂੰ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ। ਉਸ ਨੇ ਆਪਣੇ ਸੁਫਨੇ ਰੋਲ ਕੇ ਆਪਣੇ ਬੱਚਿਆਂ ਦੇ ਸੁਫਨੇ ਪੂਰੇ ਕੀਤੇ। ਜਿਨ੍ਹਾਂ ਬੱਚਿਆਂ ਨੂੰ ਮਾਂ-ਬਾਪ ਪੜ੍ਹਾਉਂਦੇ ਲਿਖਾਉਂਦੇ ਹਨ ਅਤੇ ਪਿਆਰ ਨਾਲ ਰੱਖਦੇ ਹਨ, ਉਹੀ ਬੱਚੇ ਵੱਡੇ ਹੋ ਕੇ ਆਪਣੇ ਮਾਂ-ਬਾਪ ਨੂੰ ਇਕੱਠਾ ਛੱਡ ਦਿੰਦੇ ਹਨ।
ਤਨੀਸ਼ਾ ਵਰਮਾ, ਪਿੰਡ ਕਲਸੀਆਂ
ਆਤਮ-ਚਿੰਤਨ ਦਾ ਵੇਲਾ
2 ਅਕਤੂਬਰ ਦਾ ਸੰਪਾਦਕੀ ‘ਚੋਣਾਂ ਤੋਂ ਉੱਠ ਰਿਹਾ ਭਰੋਸਾ’ ਪੜ੍ਹਿਆ। ਕਈ ਪਿੰਡਾਂ ਵਿੱਚ ਸਰਪੰਚੀ ਲਈ ਲੱਗ ਰਹੀ ਲੱਖਾਂ ਕਰੋੜਾਂ ਦੀ ਬੋਲੀ ਦੇ ਵਰਤਾਰੇ ਨੇ ਸਰਪੰਚ ਬਣਨ ਦੀ ਇੱਛਾ ਰੱਖਣ ਵਾਲਿਆਂ ਦੀ ਹਤਾਸ਼ਾ ਉਜਾਗਰ ਕੀਤੀ ਹੈ। ਵੈਸੇ ਹਰੇਕ ਚੋਣ ਮੌਕੇ ਉਮੀਦਵਾਰਾਂ ’ਤੇ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਉਹ ਸ਼ਰਾਬ ਪਿਲਾਉਣ ਜਾਂ ਪੈਸੇ ਵੰਡਣ ਜਿਹੇ ਕੰਮ ਕਰਦੇ ਹਨ ਪਰ ਸਰਪੰਚੀ ਲਈ ਬੋਲੀ ਵਰਗਾ ਵਰਤਾਰਾ ਪਹਿਲੀ ਵਾਰ ਜਨਕਤ ਹੋਇਆ ਹੈ। ਇਹ ਸਾਡੇ ਜਨਤਕ ਨੁਮਾਇੰਦਿਆਂ ਲਈ ਆਤਮ-ਚਿੰਤਨ ਦਾ ਸਮਾਂ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ
ਅਮਨ ਲਈ ਖ਼ਤਰਾ
2 ਅਕਤੂਬਰ ਨੂੰ ਪੰਨਾ 7 ਉੱਤੇ ਖ਼ਬਰ ‘ਇਜ਼ਰਾਈਲ ਵੱਲੋਂ ਦੱਖਣੀ ਲਿਬਨਾਨ ਵਿੱਚ ਹਮਲੇ’ ਪੜ੍ਹੀ। ਇਹ ਹਮਲੇ ਵਿਸ਼ਵ ਸ਼ਾਂਤੀ ਲਈ ਖ਼ਤਰੇ ਦਾ ਸੰਦੇਸ਼ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਹਮਲਾ ਕਰ ਕੇ ਨਿਹੱਥੇ ਫਲਸਤੀਨੀਆਂ ਨੂੰ ਬਲ਼ਦੀ ਦੇ ਬੂਥੇ ਦੇ ਦਿੱਤਾ। ਮੌਤ ਦਾ ਇਹ ਤਾਂਡਵ ਗਾਜ਼ਾ ਪੱਟੀ ਤੋਂ ਅੱਗੇ ਹੁਣ ਲਿਬਨਨ ਤੱਕ ਫੈਲ ਚੁੱਕਾ ਹੈ; ਅੱਗੇ ਇਸ ਦਾ ਰੁਖ਼ ਪਤਾ ਨਹੀਂ ਕਿੱਧਰ ਨੂੰ ਹੋਵੇਗਾ। ਅਮਰੀਕਾ ਮੌਤ ਦੀ ਇਸ ਖੇਡ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠਾ ਹੈ ਕਿਉਂਕਿ ਉਸ ਦੇ ਹਥਿਆਰਾਂ ਦਾ ਵਪਾਰ ਧੜਾ-ਧੜ ਵਧ ਰਿਹਾ ਹੈ। ਦੂਜੇ ਪਾਸੇ ਇਰਾਨ ਨੇ ਇਜ਼ਰਾਈਲ ਦੇ ਲਿਬਨਾਨ ’ਤੇ ਹਮਲਿਆਂ ਦੀ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ’ਤੇ ਮਿਜ਼ਾਇਲਾਂ ਦਾਗ ਦਿੱਤੀਆਂ ਹਨ। ਵਧ ਰਹੀ ਵਿਸ਼ਵ ਅਸ਼ਾਂਤੀ ਨੂੰ ਰੋਕਣ ਲਈ ਸਭ ਸ਼ਾਂਤੀ ਪਸੰਦ ਦੇਸ਼ਾਂ ਦਾ ਫਰਜ਼ ਬਣਦਾ ਹੈ ਕਿ ਜੰਗੀ ਸੋਚ ਦੇ ਵਧਦੇ ਕਦਮਾਂ ਨੂੰ ਰੋਕਿਆ ਜਾਵੇ।
ਹਰਨੰਦ ਸਿੰਘ, ਬੱਲਿਆਂਵਾਲਾ (ਤਰਨ ਤਾਰਨ)
ਸਰਕਾਰ ਦੀ ਨਮੋਸ਼ੀ
2 ਅਕਤੂਬਰ ਦੇ ਅੰਕ ਦੀ ਸੰਪਾਦਕੀ ‘ਵਾਂਗਚੁਕ ਦਾ ਖ਼ੌਫ਼’ ਪੜ੍ਹ ਕੇ ਹੈਰਾਨੀ ਹੋਈ ਕਿ ਸਰਕਾਰ ਕੀ ਸੋਚ ਕੇ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰੀ ਕਰਦੀ ਹੈ ਜੋ ਆਪਣੇ ਰਾਜ ਵਿੱਚ ਵਿਧਾਨਕ ਹੱਕਾਂ ਦੀ ਪ੍ਰਾਪਤੀ ਅਤੇ ਹਿਮਾਲਾ ਨੂੰ ਬਚਾਉਣ ਵਾਸਤੇ ਖ਼ਾਮੋਸ਼ ਪਦ ਯਾਤਰਾ ’ਤੇ ਨਿਕਲੇ ਹੋਣ। ਦਿੱਲੀ ਦੇ ਬਾਰਡਰ ਤੋਂ ਵਾਂਗਚੁਕ ਤੇ ਉਸ ਦੇ ਸਾਥੀਆਂ ਨੂੰ ਫੜ ਕੇ ਜੇਲ੍ਹਾਂ ’ਚ ਡੱਕ ਦੇਣਾ ਸਰਕਾਰ ਦੀ ਨਮੋਸ਼ੀ ਦਿਖਾਉਂਦੀ ਹੈ। ਇਸ ਖ਼ੌਫ਼ ’ਚੋਂ ਨਿਕਲੇ ਪ੍ਰਤੀਕਰਮ ਨਾਲ ਕੇਂਦਰ ਸਰਕਾਰ ਦੀ ਤੋਏ-ਤੋਏ ਹੋ ਰਹੀ ਹੈ। ਆਪਣੇ ਸੱਚੇ ਅਰਮਾਨ ਦਿਲਾਂ ’ਚ ਲੈ ਕੇ ਚੁੱਪ-ਚਾਪ ਲੋਕਾਂ ਦੇ ਇਸ ਕਾਫ਼ਲੇ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਕੇ ਆਪਣੇ ਘਰੀਂ ਪਰਤ ਜਾਣਾ ਸੀ। ਦਰਅਸਲ ਲੱਦਾਖ਼ ਦੀ ਲੋਕ ਸਭਾ ਹਾਰ ਦਾ ਬਦਲਾ ਸੋਨਮ ਵਾਂਗਚੁਕ ਅਤੇ ਉਸ ਦੇ ਕਾਫ਼ਲੇ ਤੋਂ ਲੈ ਕੇ ਸਰਕਾਰ ਲੋਕ ਰੋਹ ਨੂੰ ਹੋਰ ਵੀ ਪ੍ਰਚੰਡ ਕਰਨ ਦਾ ਕੰਮ ਕਰੇਗੀ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
(2)
ਸੋਨਮ ਵਾਂਗਚੁਕ ਦੀ ਲੇਹ ਤੋਂ ਦਿੱਲੀ ਤੱਕ ਪੈਦਲ ਯਾਤਰਾ ਹਿਮਾਲਾ ਦੇ ਪਰਿਵਰਤਨਾਂ ਅਤੇ ਵਾਤਾਵਰਨਕ ਚੁਣੌਤੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ਲਾਘਾ ਵਾਲਾ ਕਦਮ ਹੈ। ਇਹ ਯਾਤਰਾ ਖੇਤਰ ਵਿੱਚ ਜਲਵਾਯੂ ਤਬਦੀਲੀ ਕਾਰਨ ਬਰਫ਼ੀਲੇ ਗਲੇਸ਼ੀਅਰਾਂ ਦੇ ਪਿਘਲਣ ਅਤੇ ਪਾਣੀ ਦੀ ਕਮੀ ਵਰਗੀਆਂ ਸਮੱਸਿਆਵਾਂ ਉੱਤੇ ਧਿਆਨ ਕੇਂਦਰਿਤ ਕਰਦੀ ਹੈ। ਇਹ ਬਹੁਤ ਦੁਖਦਾਈ ਹੈ ਕਿ ਜਬਰ-ਜਨਾਹ ਵਰਗੇ ਗੰਭੀਰ ਜੁਰਮਾਂ ’ਚ ਦੋਸ਼ੀ ਠਹਿਰਾਏ ਜਾ ਚੁੱਕੇ ਵਿਅਕਤੀ ਜਿਵੇਂ ਰਾਮ ਰਹੀਮ ਨੂੰ, ਅਕਸਰ ਚੋਣਾਂ ਦੇ ਸਮੇਂ ਪੈਰੋਲ ’ਤੇ ਛੱਡ ਦਿੱਤਾ ਜਾਂਦਾ ਹੈ। ਇਹ ਫ਼ੈਸਲੇ ਨਿਆਂ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੇ ਹਨ। ਦੂਜੇ ਪਾਸੇ, ਬਹੁਤ ਸਾਰੇ ਸਿੱਖ ਕੈਦੀ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਸਾਲਾਂ ਤੋਂ ਰਿਹਾਈ ਦੀ ਉਮੀਦ ’ਚ ਜੇਲ੍ਹਾਂ ’ਚ ਬੰਦ ਹਨ। ਇਹ ਅਸਮਾਨਤਾ ਸਾਫ਼ ਦਰਸਾਉਂਦੀ ਹੈ ਕਿ ਸਿਸਟਮ ਵਿੱਚ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ।
ਕੰਵਲਪ੍ਰੀਤ ਸਿੰਘ, ਸ੍ਰੀ ਮੁਕਤਸਰ ਸਾਹਿਬ
ਇਹ ਠੀਕ ਨਹੀਂ…
28 ਸਤੰਬਰ ਦੇ ਅੰਕ ਵਿੱਚ ਛਪੇ ਲੇਖ ‘ਸਰਬਸੰਮਤੀ’ (ਲੇਖਕ ਮੋਹਨ ਸਿੰਘ ਮੁਗ਼ਲ ਮਾਜਰੀ) ਵਿੱਚ ਪੰਚਾਇਤੀ ਚੋਣਾਂ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਉਸ ਸਮੇਂ ਨਸ਼ੇ ਵੰਡਣ ਬਾਰੇ ਵੀ ਗੱਲ ਕੀਤੀ ਗਈ ਹੈ। ਇਹ ਸਭ ਕੁਝ ਠੀਕ ਨਹੀਂ ਕਿਉਂਕਿ ਇਸ ਤਰ੍ਹਾਂ ਤਾਂ ਨਸ਼ੇ ਹੋਰ ਜ਼ਿਆਦਾ ਵਧ ਜਾਂਦੇ ਹਨ। ਸਭ ਨੂੰ ਚਾਹੀਦਾ ਹੈ ਕਿ ਉਮੀਦਵਾਰ ਨਸ਼ਿਆਂ ਦੀ ਵਰਤੋਂ ਕੀਤੇ ਬਿਨਾਂ ਇਮਾਨਦਾਰੀ ਨਾਲ ਜਿੱਤਣ, ਨਾ ਕਿ ਗ਼ਲਤ ਸਾਧਨਾਂ ਦੀ ਵਰਤੋਂ ਕਰ ਕੇ।
ਹਰਜੋਤ ਕੌਰ, ਪਿੰਡ ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)
ਸਮੇਂ ਦੀ ਨਜ਼ਾਕਤ
27 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜੂਲੀਓ ਰਿਬੇਰੋ ਦਾ ਲੇਖ ‘ਬਾਹਰ ਜਾ ਕੇ ਬੋਲਣ ਦਾ ਬੰਧੇਜ’ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਤਾੜਨਾ ਕਰਦਾ ਹੈ ਕਿ ਜਿਸ ਤਰੀਕੇ ਉਨ੍ਹਾਂ ਦੀ ਮਿਹਨਤ ਦੇ ਬਲਬੂਤੇ ਕਾਂਗਰਸ ਪਾਰਟੀ ਮੁੜ ਤੋਂ ਪੈਰਾਂ ਸਿਰ ਹੋਈ ਹੈ, ਉਸ ਨੂੰ ਬਹੁਤ ਧਿਆਨ ਨਾਲ ਬਿਆਨ ਦੇਣੇ ਚਾਹੀਦੇ ਹਨ। ਕਾਂਗਰਸੀ ਆਗੂ ਸੈਮ ਪਿਤਰੋਦਾ ਦਾ ਸਿਆਸਤ ਦੇ ਪਿੜ ਵਿੱਚ ਬੇਸ਼ੱਕ ਵੱਡਾ ਨਾਮ ਹੈ ਪਰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਵੀ ਜ਼ਰੂਰੀ ਹੈ। ਲੇਖਕ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਦੇ ਕਈ ਆਧਾਰ ਹਨ ਪਰ ਇਹ ਲੜਾਈਆਂ ਭਾਰਤ ਵਿੱਚ ਰਹਿ ਕੇ ਭਾਰਤੀਆਂ ਵੱਲੋਂ ਹੀ ਲੜੀਆਂ ਜਾਣੀਆਂ ਚਾਹੀਦੀਆਂ ਹਨ। 27 ਸਤੰਬਰ ਨੂੰ ਹੀ ਸਰੋਜ ਦਾ ਮਿਡਲ ‘ਸਰੋਤੇ ਬਨਾਮ ਦਰਸ਼ਕ’ ਪਹਿਲਾਂ ਤੋਲੋ ਫਿਰ ਬੋਲੋ ਦਾ ਸਰਬਕਾਲੀ ਸੱਚ ਬਿਆਨਦਾ ਹੈ।
ਤਰਸੇਮ ਸਿੰਘ, ਡਕਾਲਾ (ਪਟਿਆਲਾ)
(2)
ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਬਾਹਰ ਜਾ ਕੇ ਬੋਲਣ ਦਾ ਬੰਧੇਜ’ (27 ਦਸੰਬਰ) ਵਿੱਚ ਜੂਲੀਓ ਰਿਬੇਰੋ ਦੁਆਰਾ ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਦਿੱਤੇ ਵਿਚਾਰ ਮਹੱਤਵਪੂਰਨ ਹਨ। ਇਸ ਬਾਰੇ ਕਾਂਗਰਸ ਆਗੂਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਕਾਂਗਰਸ ਦੇ ਸਮਰਥਕਾਂ ਨੂੰ ਇਸ ਵਿਸ਼ੇ ’ਤੇ ਸਵਾਲ ਉਠਾਉਣਾ ਸ਼ਾਇਦ ਚੰਗਾ ਨਾ ਲੱਗੇ ਪਰ ਇਹ ਸੱਚ ਹੈ ਕਿ ਕਾਂਗਰਸ ਆਗੂ ਬੋਲਦੇ-ਬੋਲਦੇ ਕੁਝ ਅਜਿਹਾ ਵੀ ਬੋਲ ਜਾਂਦੇ ਹਨ ਜਿਸ ਨੂੰ ਲੈ ਕੇ ਅਕਸਰ ਬਹਿਸ ਛਿੜ ਜਾਂਦੀ ਹੈ।
ਸ਼ੋਭਨਾ ਵਿਜ, ਪਟਿਆਲਾ
ਚੁਣਾਵੀ ਵਾਅਦਿਆਂ ਦੀ ਸਿਆਸਤ
20 ਸਤੰਬਰ ਦਾ ਸੰਪਾਦਕੀ ‘ਹਰਿਆਣਾ ਵਿੱਚ ਚੁਣਾਵੀ ਵਾਅਦੇ’ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਿਆਸੀ ਪਾਰਟੀਆਂ ਦਾ ਧਾਰਨ ਕੀਤਾ ਇਹ ਰਾਹ ਕਿੰਨਾ ਕੁ ਵਾਜਬ ਹੈ। ਇਨ੍ਹਾਂ ਸਿਆਸੀ ਪਾਰਟੀਆਂ ਦਾ ਮੁੱਖ ਮੰਤਵ ਕੁਰਸੀ ’ਤੇ ਕਾਬਜ਼ ਹੋਣਾ ਹੈ। ਸਾਡੇ ਸਾਹਮਣੇ ਹੀ ਹੈ ਕਿ ਮੁਫ਼ਤ ਰਿਉੜੀਆਂ ਵੰਡਣ ਦੀ ਸਿਆਸਤ ਦਾ ਸੇਕ ਕਿਸ ਤਰ੍ਹਾਂ ਲੋਕ ਆਪਣੇ ਪਿੰਡਿਆਂ ’ਤੇ ਝੱਲ ਰਹੇ ਹਨ। ਪੰਜਾਬ ਦੀ ਉਦਾਹਰਨ ਹੀ ਲੈ ਲਓ। ਪਹਿਲਾਂ ਅਕਾਲੀ ਸਰਕਾਰ, ਫਿਰ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਦੀਵਾਲੀਆ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਦੇ ਮਿਹਨਤਕਸ਼ ਲੋਕ ਹੁਣ ਇਹ ਜਾਣਨ ਲਈ ਉਤਾਵਲੇ ਹੁੰਦੇ ਹਨ ਕਿ ਮੁਫ਼ਤ ਕੀ ਮਿਲ ਰਿਹਾ ਹੈ। ਅਰਥ ਸ਼ਾਸਤਰ ਦਾ ਬੁਨਿਆਦੀ ਨਿਯਮ ਹੈ ਕਿ ਕੋਈ ਵੀ ਸਹੂਲਤ ਮੁਫ਼ਤ ਨਹੀਂ ਦਿੱਤੀ ਜਾ ਸਕਦੀ, ਉਸ ਦਾ ਮੁੱਲ ਕਿਸੇ ਨਾ ਕਿਸੇ ਨੂੰ ਤਾਰਨਾ ਪੈਂਦਾ ਹੈ। ਇਹ ਸਾਰੇ ਪੰਜਾਬੀ ਤਾਰ ਰਹੇ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਪੜ੍ਹ-ਲਿਖ ਕੇ ਢੁਕਵਾਂ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਹ ਨਿਰਾਸ਼ਾ ਦੇ ਆਲਮ ਵਿੱਚ ਘਰ-ਘਾਟ ਵੇਚ ਕੇ ਪਰਵਾਸ ਕਰ ਰਹੇ ਹਨ।
ਨਿਰਵੈਰ ਸਿੰਘ, ਭਗਤਾ ਭਾਈਕਾ (ਬਠਿੰਡਾ)