ਪਾਠਕਾਂ ਦੇ ਖ਼ਤ
ਉੱਠ ਰਿਹਾ ਭਰੋਸਾ
2 ਅਕਤੂਬਰ ਦਾ ਸੰਪਾਦਕੀ ‘ਚੋਣਾਂ ਤੋਂ ਉੱਠ ਰਿਹਾ ਭਰੋਸਾ’ ਅਤੇ ਜਗਦੀਪ ਐੱਸ ਛੋਕਰ ਦਾ ਲੇਖ ‘ਇੱਕ ਦੇਸ਼ ਇੱਕ ਚੋਣ ਦਾ ਭਰਮ ਜਾਲ’ ਪੜ੍ਹੇ। ਸਰਪੰਚ ਦੀ ਚੋਣ ਲਈ ਬੋਲੀ ਵਾਲੇ ਵਰਤਾਰੇ ਨੇ ‘ਪੰਚ ਪਰਮੇਸ਼ਰ ਹੁੰਦੇ’ ਨੂੰ ਵੱਡੀ ਸੱਟ ਮਾਰੀ ਹੈ। ਭਾਰਤ ਨੂੰ ਭਾਵੇਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਪਰ ਪੈਸੇ ਦਾ ਬੋਲਬਾਲਾ ਚੋਣ ਪ੍ਰਣਾਲੀ ਵਿੱਚ ਡਾਢਾ ਪ੍ਰਭਾਵ ਰੱਖਦਾ ਹੈ। ਇਸੇ ਤਰ੍ਹਾਂ ‘ਇੱਕ ਦੇਸ਼ ਇੱਕ ਚੋਣ’ ਵੀ ਭਾਜਪਾ ਦਾ ਭਰਮਾਊ ਨਾਅਰਾ ਹੈ ਜੋ ਲੋਕਤੰਤਰ ਨੂੰ ਜਕੜਦਾ ਹੈ। 1952 ਤੋਂ ਇੱਕੋ ਵੇਲੇ ਹੁੰਦੀਆਂ ਚੋਣਾਂ ਸਮੇਂ ਦੀਆਂ ਹਾਲਤਾਂ ਅਨੁਸਾਰ ਅਲੱਗ-ਅਲੱਗ ਹੁੰਦੀਆਂ ਗਈਆਂ ਜਿਸ ਨੂੰ ਹਕੀਕਤ ਦਾ ਸਿੱਟਾ ਮੰਨਣ ’ਚ ਹੀ ਭਲਾਈ ਹੈ। ਇਸ਼ਤਿਹਾਰ ਦੇ ਨਾਅਰੇ ਵਾਂਗ ‘ਇੱਕ ਦੇਸ਼ ਇੱਕ ਚੋਣ’ ਕਹਿਣ ਨਾਲ ਤਾਨਾਸ਼ਾਹੀ ਦੀ ਗੰਧ ਆਉਂਦੀ ਹੈ। ਇਸ ਬਾਰੇ ਖ਼ਬਰਦਾਰ ਹੋਣ ਦੀ ਲੋੜ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਸੰਪਾਦਕੀ ‘ਚੋਣਾਂ ਤੋਂ ਉੱਠ ਰਿਹਾ ਭਰੋਸਾ’ ਪਡਿ਼੍ਹਆ। ਸਰਪੰਚੀ ਲਈ ਲੱਗ ਰਹੀਆਂ ਬੋਲੀਆਂ ਦਾ ਚੋਣ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਇੱਕ ਬੰਨੇ ਪੰਜਾਬ ਸਰਕਾਰ ਸਰਬਸੰਮਤੀ ਨਾਲ ਬਣਨ ਵਾਲੀ ਪੰਚਾਇਤ ਨੂੰ ਵਾਧੂ ਫੰਡ ਦੇ ਕੇ ਧੜੇਬੰਦੀ ਖ਼ਤਮ ਕਰਨ ਲਈ ਉਤਸ਼ਾਹਤ ਕਰ ਰਹੀ ਹੈ, ਦੂਸਰੇ ਪਾਸੇ ਕਈ ਲੋਕ ਸਰਬਸੰਮਤੀ ਦੇ ਨਾਂ ’ਤੇ ਸਰਪੰਚੀ ਲਈ ਲੱਖਾਂ ਕਰੋੜਾਂ ਦੀ ਬੋਲੀ ਲਾ ਰਹੇ ਹਨ। ਇਹ ਰੁਝਾਨ ਲੋਕਤੰਤਰ ਦੇ ਵਿਰੁੱਧ ਹੈ। ਇਸ ਬਾਰੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਗੁਰਮੀਤ ਸਿੰਘ, ਵੇਰਕਾ
ਬਜ਼ੁਰਗਾਂ ਦਾ ਬੋਝ?
2 ਅਕਤੂਬਰ ਨੂੰ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਬੇਹੀ ਰੋਟੀ ਦਾ ਟੁੱਕ’ ਪੜ੍ਹੀ। ਸੱਚਮੁੱਚ ਬਜ਼ੁਰਗ ਹੁਣ ਬੱਚਿਆਂ ਲਈ ਬੋਝ ਬਣ ਗਏ ਹਨ। ਲੇਖਕ ਨੇ ਜੱਜ ਦਾ ਹਵਾਲਾ ਦੇ ਕੇ ਬਹੁਤ ਸਾਰੀਆਂ ਉਦਾਹਰਨਾਂ ਪੇਸ਼ ਕੀਤੀਆਂ ਹਨ। ਅੱਜ ਦੀ ਔਲਾਦ ਕੇਵਲ ਆਪਣੇ ਬਾਰੇ ਸੋਚਦੀ ਹੈ। ਹੈਰਾਨੀਜਨਕ ਗੱਲ ਹੈ ਕਿ ਜ਼ਮੀਨ ਜਾਇਦਾਦ ਲੈ ਕੇ ਬੱਚੇ ਮਾਂ-ਬਾਪ ਤੋਂ ਮੂੰਹ ਫੇਰ ਲੈਂਦੇ ਹਨ। ਰੁਲਦਾ ਸਿੰਘ ਅਤੇ ਉਸ ਦੀ ਪਤਨੀ ’ਤੇ ਜੋ ਗੁਜ਼ਰਦੀ ਹੈ, ਪੜ੍ਹ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਇਹੀ ਕਾਰਨ ਹੈ ਕਿ ਮਾਂ-ਬਾਪ ਇਕੱਲੇ ਰਹਿਣਾ ਵਧੀਕ ਪਸੰਦ ਕਰਦੇ ਹਨ।
ਪੋਲੀ ਬਰਾੜ, ਅਮਰੀਕਾ
ਹਾਲਤ ਦਾ ਬਿਆਨ
ਪਹਿਲੀ ਅਕਤੂਬਰ ਨੂੰ ਪ੍ਰੋ. ਹਰਦੀਪ ਸਿੰਘ ਦੀ ਰਚਨਾ ‘ਜ਼ੋਰੇ ਦੀ ਹੋਣੀ’ ਪੜ੍ਹੀ। ਲੇਖਕ ਨੇ ਮੁੱਦਤਾਂ ਬਾਅਦ ਜਿਉਂ ਦੀਆਂ ਤਿਉਂ ਖੜ੍ਹੀਆਂ ਸਮੱਸਿਆਵਾਂ ਦਾ ਜਿ਼ਕਰ ਕੀਤਾ ਹੈ। ਜ਼ੋਰਾ ਸਿੰਘ ਦੀ ਹਾਲਤ ਦਾ ਜੋ ਬਿਆਨ ਹੈ, ਉਹ ਦਿਲ ਦੁਖਾਉਣ ਵਾਲਾ ਹੈ।
ਨਵਨੀਤ ਕੌਰ, ਰਾਏਕੋਟ (ਲੁਧਿਆਣਾ)
(2)
ਪਹਿਲੀ ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਪ੍ਰੋ. ਹਰਦੀਪ ਸਿੰਘ ਦਾ ਲੇਖ ‘ਜ਼ੋਰੇ ਦੀ ਹੋਣੀ’ ਪਡਿ਼੍ਹਆ। ਲੇਖਕ ਨੇ ਸੜਕਾਂ ਦੀ ਹਾਲਤ ਅਤੇ ਜ਼ੋਰਾ ਸਿੰਘ ਦੇ ਹਾਲ ਦਾ ਬਿਆਨ ਮਾਰਮਿਕ ਢੰਗ ਨਾਲ ਕੀਤਾ ਹੈ।
ਪਵਨਪ੍ਰੀਤ ਕੌਰ, ਪਿੰਡ ਫਿਰੋਜ਼ਪੁਰ ਕੁਠਾਲਾ (ਮਾਲੇਰਕੋਟਲਾ)
ਬੱਚਿਆਂ ਲਈ ਸਬਕ
ਨਜ਼ਰੀਆ ਪੰਨੇ ਉੱਤੇ 30 ਸਤੰਬਰ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਪਾਣੀ ਦਾ ਮੁੱਲ’ ਪੜ੍ਹ ਕੇ ਵਧੀਆ ਲੱਗਿਆ। ਸਾਨੂੰ ਸਭ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਪਾਣੀ ਦੀ ਬੱਚਤ ਬਾਰੇ ਸਮਝਾਉਣਾ ਚਾਹੀਦਾ ਹੈ। 25 ਸਤੰਬਰ ਨੂੰ ਰਸ਼ਪਿੰਦਰ ਪਾਲ ਕੌਰ ਨੇ ਆਪਣੀ ਰਚਨਾ ‘ਨੁਹਾਰ’ ਵਿਚ ਕਿਰਤੀ ਜਮਾਤ ਦੀ ਗੱਲ ਕੀਤੀ ਗਈ ਹੈ। 20 ਸਤੰਬਰ ਵਾਲਾ ਨਿਰਮਲ ਸਿੰਘ ਦਿਉਲ ਦਾ ਮਿਡਲ ‘ਸਾਦ-ਮੁਰਾਦਾ ਡਾਕਟਰ’ ਅਜਿਹੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਾ ਹੈ ਜਿਸ ਨੂੰ ਪਿੰਡ ਦੇ ਲੋਕਾਂ ਦੀਆਂ ਖੁਸ਼ੀਆਂ-ਗਮੀਆਂ ਦਾ ਹਿੱਸਾ ਬਣ ਕੇ ਖੁਸ਼ੀ ਮਿਲਦੀ ਹੈ।
ਰਾਜਦੀਪ ਕੌਰ, ਦਸੌਂਧਾਸਿੰਘਵਾਲਾ (ਮਾਲੇਰਕੋਟਲਾ)
ਮੋਬਾਈਲ ਫੋਨ ਦੀ ਦੁਰਵਰਤੋਂ
28 ਸਤੰਬਰ ਦੇ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਮੋਬਾਈਲ ਖੋਹਣ ’ਤੇ ਪੁੱਤ ਨੇ ਮਾਪੇ ਸਾੜ ਕੇ ਮਾਰੇ’ ਨੌਜਵਾਨਾਂ ਵਿਚ ਵਧ ਰਹੀ ਮੋਬਾਈਲ ਦੀ ਦੁਰਵਰਤੋਂ ਅਤੇ ਉਸ ਦੇ ਆ ਰਹੇ ਭਿਆਨਕ ਨਤੀਜਿਆਂ ਬਾਰੇ ਸਮਾਜ ਨੂੰ ਸੁਚੇਤ ਕਰਦੀ ਹੈ। ਮੋਬਾਈਲ ਸੰਚਾਰ ਗਿਆਨ ਅਤੇ ਮਨੋਰੰਜਨ ਦਾ ਵਧੀਆ ਅਤੇ ਆਸਾਨੀ ਨਾਲ ਮਿਲਣ ਵਾਲਾ ਸਾਧਨ ਹੈ, ਸ਼ਾਇਦ ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਜਿ਼ਆਦਾ ਹੋ ਰਹੀ ਹੈ। ਕੋਈ ਵੀ ਨਵੀਂ ਤਕਨੀਕ ਜਾਂ ਖੋਜ ਜਦੋਂ ਵਰਤੋਂ ਵਿਚ ਆਉਂਦੀ ਹੈ ਤਾਂ ਉਸ ਦੇ ਫਾਇਦੇ ਅਤੇ ਨੁਕਸਾਨ ਨਾਲ-ਨਾਲ ਚਲਦੇ ਹਨ। ਇਹ ਸਾਡੀ ਸਿੱਖਿਆ, ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਮੁੱਲਾਂ ਅਤੇ ਸਮਝ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਦੀ ਵਰਤੋਂ ਕਿਵੇਂ ਕਰ ਰਹੇ ਹਾਂ। ਅੱਲੜ ਉਮਰ ਦੇ ਬੱਚੇ ਅਜੇ ਗਿਆਨ ਵਿਹੂਣੇ ਕੱਚੀ ਮਿੱਟੀ ਵਾਂਗ ਹੰੁਦੇ ਹਨ, ਉਨ੍ਹਾਂ ਨੂੰ ਗਿਆਨ ਰੂਪੀ ਜੋਤ ਨਾਲ ਹੀ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਮਾਪਿਆਂ ਨੂੰ ਜਿੱਥੇ ਆਪਣੇ ਬੱਚਿਆਂ ਵਿਚ ਵਧ ਰਹੀ ਮੋਬਾਈਲ ਦੀ ਵਰਤੋਂ ਨੂੰ ਰੋਕਣਾ ਹੋਵੇਗਾ ਉੱਥੇ ਸਰਕਾਰ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪ੍ਰਭਾਵਿਤ ਅਤੇ ਗੁਮਰਾਹ ਕਰ ਰਹੀਆਂ ਆਨਲਾਈਨ ਸਮਾਜ ਵਿਰੋਧੀ ਸਾਈਟਾਂ ’ਤੇ ਸ਼ਿਕੰਜਾ ਕੱਸੇ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਮਾਂ ਦਾ ਯੋਗਦਾਨ
27 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਛਪਿਆ ਸਰੋਜ ਦਾ ਲੇਖ ‘ਸਰੋਤੇ ਬਨਾਮ ਦਰਸ਼ਕ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸੇ ਬੱਚੇ ਦੀ ਸ਼ਖ਼ਸੀਅਤ ਘੜਨ ਵਿਚ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਲੇਖਕਾ ਨੇ ਬੜੇ ਸੁਚੱਜੇ ਢੰਗ ਨਾਲ ਅੱਜ ਦੀਆਂ ਮਾਵਾਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਜਿ਼ੰਮੇਵਾਰੀ ਦਾ ਅਹਿਸਾਸ ਕਰਵਾ ਕੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਉਨ੍ਹਾਂ ਦਾ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਦਾ ਭਵਿੱਖ ਸਿਰਜਣ ਵਿਚ ਯੋਗਦਾਨ ਉਸਾਰੂ ਹੋਣਾ ਚਾਹੀਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਬਜ਼ੁਰਗ ਮਾਪਿਆਂ ਦਾ ਦਰਦ
23 ਸਤੰਬਰ ਨੂੰ ਨਜ਼ਰੀਆ ਪੰਨੇ ਉੱਪਰ ਡਾ. ਛਿੰਦਰਪਾਲ ਕੌਰ ਦੀ ਰਚਨਾ ‘ਇਹ ਕੈਸੀ ਰੁੱਤ ਆਈ’ ਪੜ੍ਹ ਕੇ ਬੁੱਢੇ ਮਾਪਿਆਂ ਲਈ ਦਿਲ ਤੜਫਿਆ ਜੋ ਆਪਣੇ ਬੱਚਿਆਂ ਨੂੰ ਤਾਂ ਉਜਲੇ ਭਵਿੱਖ ਲਈ ਵਿਦੇਸ਼ ਤੋਰ ਦਿੰਦੇ ਹਨ ਪਰ ਆਪਣਾ ਬੁਢਾਪਾ ਰੋਲ ਲੈਂਦੇ ਹਨ। ਉਹ ਇਸ ਜ਼ਹਿਰ ਦਾ ਘੁੱਟ ਬੇਰੁਜ਼ਗਾਰੀ ਅਤੇ ਗ਼ਰੀਬੀ ਕਰ ਕੇ ਭਰਦੇ ਹਨ। ਵਿਛੋੜੇ ਦੀ ਇਸ ਅੱਗ ਵਿੱਚ ਮਾਪਿਆਂ ਦੇ ਨਾਲ-ਨਾਲ ਬੱਚੇ ਵੀ ਹਰ ਸਮੇਂ ਤੜਫਦੇ ਰਹਿੰਦੇ ਹਨ ਕਿਉਂਕਿ ਸਾਰਾ ਕੁਝ ਵੇਚ ਵੱਟ ਕੇ ਵਿਦੇਸ਼ ਜਾਣ ਕਰ ਕੇ ਨਾ ਹੀ ਉਹ ਵਾਪਸ ਆਪਣੇ ਘਰ ਆ ਸਕਦੇ ਹਨ; ਨਾ ਹੀ ਘਰ, ਕਾਰ ਖਰੀਦਣ ਕਰ ਕੇ ਉਨ੍ਹਾਂ ਦੀਆਂ ਕਿਸ਼ਤਾਂ ਵਿਚਕਾਰ ਛੱਡ ਕੇ ਆ ਸਕਦੇ ਹਨ। ਵਿਦੇਸ਼ ਵਿੱਚ ਮਸ਼ੀਨਾਂ ਵਾਂਗ ਕੰਮ ਕਰ ਕੇ ਵੀ ਨਾ ਕੁਝ ਖ਼ਾਸ ਪੱਲੇ ਪੈਂਦਾ ਹੈ, ਨਾ ਹੀ ਸੁੱਖ-ਸ਼ਾਂਤੀ ਮਿਲਦੀ ਹੈ।
ਨਵਜੀਤ ਕੌਰ, ਝੁਨੇਰ (ਮਾਲੇਰਕੋਟਲਾ)
ਪ੍ਰਧਾਨ ਮੰਤਰੀ ਲਈ ਸਵਾਲ
28 ਸਤੰਬਰ ਦਾ ਸੰਪਾਦਕੀ ‘ਗੁਜਰਾਤ ਸਰਕਾਰ ਨੂੰ ਝਟਕਾ’ ਵਾਚਣ ਅਤੇ ਵਿਚਾਰਨ ਤੋਂ ਸਪੱਸ਼ਟ ਹੁੰਦਾ ਹੈ ਕਿ 2002 ’ਚ ਗੁਜਰਾਤ ਅੰਦਰ ਫਿਰਕੂ ਦੰਗਿਆਂ ਦੌਰਾਨ ਵਾਪਰੇ ਬਿਲਕੀਸ ਬਾਨੋ ਜਬਰ ਜਨਾਹ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਮੁਲਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਕੇ ਗੁਜਰਾਤ ਸਰਕਾਰ ਨੇ ਕਥਿਤ ਤੌਰ ’ਤੇ ਪੱਖਪਾਤ ਦਾ ਸਬੂਤ ਦਿੰਦਿਆਂ ਗ਼ੈਰ-ਇਖ਼ਲਾਕੀ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਇਸ ਨੂੰ ਗ਼ੈਰ-ਵਾਜਬ ਦਸਦਿਆਂ ਗ਼ਲਤ ਕਰਾਰ ਦਿੱਤਾ ਹੈ। ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਰਕਾਰਾਂ ਨੂੰ ਮਹਿਲਾਵਾਂ ’ਤੇ ਜਬਰ ਜ਼ੁਲਮ ਕਰਨ ਵਾਲਿਆਂ ਖਿ਼ਲਾਫ਼ ਕਰੜੀ ਕਾਰਵਾਈ ਯਕੀਨੀ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਦੇ ਹੀ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਜਰਾਤ ’ਚ ਵਾਪਰੇ ਬਿਲਕੀਸ ਬਾਨੋ ਕੇਸ ਦੇ ਮੁਲਜ਼ਮਾਂ ਨੂੰ ਉਥੋਂ ਦੀ ਭਾਜਪਾ ਸਰਕਾਰ ਨੇ ਸਮੇਂ ਤੋਂ ਪਹਿਲਾਂ ਜੇਲ੍ਹ ਤੋਂ ਰਿਹਾਅ ਕਰ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਕੀ ਗੁਜਰਾਤ ਸਰਕਾਰ ਦਾ ਅਜਿਹਾ ਫੈਸਲਾ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਉਲਟ ਨਹੀਂ? 27 ਸਤੰਬਰ ਦਾ ਸੰਪਾਦਕੀ ‘ਬੇਤੁਕਾ ਹੁਕਮ’ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਖੁਰਾਕੀ ਵਸਤਾਂ ਦੀ ਵਿਕਰੀ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕ ਦਾ ਨਾਂ ਅਤੇ ਪਤਾ ਲਿਖਣ ਦੇ ਜਾਰੀ ਕੀਤੇ ਹੁਕਮ ਨੂੰ ਗ਼ੈਰ-ਵਾਜਬ ਤਰਕਹੀਣ ਅਤੇ ਫਿਰਕੂ ਭਾਵਨਾ ਪੈਦਾ ਕਰਨ ਵਾਲਾ ਕਰਾਰ ਦਿੰਦਾ ਹੈ। ਕਾਂਵੜ ਯਾਤਰਾ ਸਮੇਂ ਜਦੋਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਜਿਹਾ ਹੁਕਮ ਜਾਰੀ ਕਰ ਕੇ ਨਫ਼ਰਤੀ ਤੂਫ਼ਾਨ ਪੈਦਾ ਕੀਤਾ ਸੀ ਤਾਂ ਕਾਂਗਰਸ ਨੇ ਡਟ ਕੇ ਵਿਰੋਧ ਕੀਤਾ ਸੀ। ਹੁਣ ਕਾਂਗਰਸ ਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਅੰਦਰ ਅਜਿਹਾ ਹੁਕਮ ਜਾਰੀ ਕਿਉਂ ਕੀਤਾ?
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)