For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:14 AM Oct 02, 2024 IST
ਪਾਠਕਾਂ ਦੇ ਖ਼ਤ
Advertisement

ਮੁਲਕ ਵਾਸੀਆਂ ਦੀ ਹੋਣੀ
ਪਹਿਲੀ ਅਕਤੂਬਰ ਦੇ ਅੰਕ ਵਿੱਚ ਪ੍ਰੋ. ਹਰਦੀਪ ਸਿੰਘ ਦਾ ਲੇਖ ‘ਜ਼ੋਰੇ ਦੀ ਹੋਣੀ’ ਆਜ਼ਾਦ ਭਾਰਤ ਅਤੇ ਭਾਰਤੀਆਂ ਦੀ ਹੋਣੀ ਦਾ ਸਟੀਕ ਵਰਨਣ ਹੈ ਜੋ ਸਰਕਾਰਾਂ ਅਤੇ ਸਮਾਜ ਦੀ ਸੁਹਿਰਦ ਤਵੱਜੋ ਮੰਗਦਾ ਹੈ। ਸਤੱਤਰ ਸਾਲ ਬਾਅਦ ਵੀ ਬੁਨਿਆਦੀ ਢਾਂਚੇ ਦੀ ਅਣਹੋਂਦ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਨਜ਼ਰੀਆ ਪੰਨੇ ਉੱਤੇ ਹੀ ਛਪੇ ਲੇਖ ‘1965 ਦੀ ਜੰਗ ਦਾ ਨਾਇਕ ਜਨਰਲ ਹਰਬਖਸ਼ ਸਿੰਘ ਵਿੱਚ’ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਜਨਰਲ ਗੁਰਬਖ਼ਸ਼ ਸਿੰਘ ਨੂੰ ਦੇਸ਼ ਦੀ ਆਨ ਬਾਨ ਤੇ ਸ਼ਾਨ ਲਈ ਉਨ੍ਹਾਂ ਦੀਆਂ ਮਾਣਮੱਤੀਆਂ ਸੇਵਾਵਾਂ ਬਦਲੇ ਭਾਰਤ ਰਤਨ ਨਾਲ ਨਿਵਾਜਣ ਦੀ ਸਰਕਾਰ ਨੂੰ ਵਾਜਬ ਅਪੀਲ ਕੀਤੀ ਹੈ।
ਡਾ. ਗੁਰਿੰਦਰ ਸਿੰਘ ਬਰਾੜ, ਮੁਹਾਲੀ

Advertisement


ਕੁਦਰਤੀ ਸੋਮਿਆਂ ਦੀ ਸੰਭਾਲ
ਸਤਿਬੀਰ ਸਿੰਘ ਗੋਸਲ ਅਤੇ ਅਜਮੇਰ ਸਿੰਘ ਢੱਟ ਦਾ ਲੇਖ ‘ਕੁਦਰਤੀ ਸੋਮਿਆਂ ਦੀ ਸੰਭਾਲ’ (30 ਸਤੰਬਰ) ਜਾਗਰੂਕਤਾ ਪੈਦਾ ਕਰਨ ਵਾਲਾ ਹੈ। ਲੇਖਕਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਸੁਚੇਤ ਕੀਤਾ ਹੈ। ਪਿਛਲੇ ਸਾਲ ਨਾਲੋਂ ਮੀਂਹ ਘੱਟ ਪੈਣੇ ਵੀ ਚਿੰਤਾ ਦਾ ਵਿਸ਼ਾ ਹੈ। ਰੁੱਖਾਂ ਦੀ ਬਰਬਾਦੀ ਹੋ ਰਹੀ ਹੈ। ਫ਼ਸਲੀ ਚੱਕਰ ਦਾ ਮਸਲਾ ਵੀ ਹੈ, ਉੱਪਰੋਂ ਸਰਕਾਰ ਵੀ ਕੋਈ ਠੋਸ ਨੀਤੀ ਨਹੀਂ ਦੇ ਸਕੀ। ਧਰਤੀ ਹੇਠਲਾ ਪਾਣੀ ਡੂੰਘਾ ਜਾਣ ਕਾਰਨ ਪੰਜਾਬ ਦੇ 85 ਫ਼ੀਸਦੀ ਬਲਾਕ ‘ਡਾਰਕ ਜ਼ੋਨ’ ਬਣ ਚੁੱਕੇ ਹਨ। ਹੁਣ ਉਸਾਰੂ ਅਤੇ ਕਾਰਗਰ ਕਦਮ ਚੁੱਕਣ ਦਾ ਸਮਾਂ ਹੈ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)

Advertisement


ਪਾਣੀ ਦਾ ਮਸਲਾ
30 ਸਤੰਬਰ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਪਾਣੀ ਦਾ ਮੁੱਲ’ ਪ੍ਰੇਰਨਾ ਦੇਣ ਵਾਲਾ ਹੈ। ਅੱਜ ਦੇ ਸਮੇਂ ਵਿੱਚ ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਜੇ ਅਸੀਂ ਇਹ ਗੱਲ ’ਤੇ ਗ਼ੌਰ ਨਾ ਕੀਤੀ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਤੰਗੀ ਹੋ ਸਕਦੀ ਹੈ। ਪਾਣੀ ਦੀ ਬਰਬਾਦੀ ਕਾਰਨ ਹੀ ਇਸ ਦਾ ਪੱਧਰ ਨੀਵਾਂ ਹੋਇਆ ਹੈ।
ਕੁਲਵੀਰ ਕੌਰ, ਸੰਦੌੜ


ਗੁਜਰਾਤ ਸਰਕਾਰ ਲਈ ਨਮੋਸ਼ੀ
28 ਸਤੰਬਰ ਦੇ ਸੰਪਾਦਕੀ ‘ਗੁਜਰਾਤ ਸਰਕਾਰ ਨੂੰ ਝਟਕਾ’ ਵਿੱਚ ਗੁਜਰਾਤ ਸਰਕਾਰ ਦੀ ਝਾੜ-ਝੰਬ ਪੜ੍ਹਨਯੋਗ ਹੈ। ਕਿੱਡਾ ਵੱਡਾ ਦੁਖਾਂਤ ਹੈ ਕਿ ਬਿਲਕੀਸ ਬਾਨੋ ਨਾਲ ਜਬਰ-ਜਨਾਹ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਦੇ ਜੀਆਂ ਨੂੰ ਕਤਲ ਕਰਨ ਵਾਲੇ ਆਜ਼ਾਦੀ ਦੇ ਦਿਨ ਆਜ਼ਾਦ ਕਰ ਦਿੱਤੇ ਜਾਂਦੇ ਹਨ ਤੇ ਇਨ੍ਹਾਂ ਅਪਰਾਧੀਆਂ ’ਤੇ ਫੁੱਲ ਵਰਸਾਏ ਤੇ ਮੱਥੇ ਤਿਲਕ ਲਗਾਏ ਗਏ। ਪ੍ਰਧਾਨ ਮੰਤਰੀ ਆਪਣੀਆਂ ਤਕਰੀਰਾਂ ਵਿੱਚ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੇ ਦਮਗਜੇ ਮਾਰਦੇ ਹਨ ਪਰ ਉਨ੍ਹਾਂ ਦੀ ਪਾਰਟੀ ਵਾਲੇ ਅਪਰਾਧੀਆਂ ਦੇ ਹੱਕ ਵਿੱਚ ਆਵਾਜ਼ ਉੱਚੀ ਕਰਦੇ ਰਹਿੰਦੇ ਹਨ। ਸੰਵਿਧਾਨ ਦੀ ਥਾਂ ਮਨੂ ਸਿਮਰਤੀ ਲਾਗੂ ਕਰਨ ਦੀਆਂ ਗੱਲਾਂ ਕਰਦੇ ਹਨ। ਦੂਜੇ ਸੰਪਾਦਕੀ ‘ਕੰਗਨਾ ਦੀ ਫਿਲਮ ਦਾ ਰੇੜਕਾ’ ਵਿੱਚ ਮਸਲਾ ਸ਼ਿੱਦਤ ਨਾਲ ਵਿਚਾਰਿਆ ਗਿਆ ਹੈ।
ਸਾਗਰ ਸਿੰਘ ਸਾਗਰ, ਬਰਨਾਲਾ


ਇਜ਼ਰਾਈਲ ਦੀ ਵਧੀਕੀ
27 ਸਤੰਬਰ ਦਾ ਸੰਪਾਦਕੀ ‘ਇਜ਼ਰਾਈਲ ਨੂੰ ਖੁੱਲ੍ਹੀ ਛੁੱਟ’ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਸ਼ਾਂਤੀ ਦਾ ਢੰਡੋਰਾ ਪਿੱਟਦੇ ਲੀਡਰਾਂ ਦੇ ਮੂੰਹ ’ਤੇ ਚੁਪੇੜ ਹੈ। ਇਜ਼ਰਾਇਲੀ ਹਮਲਿਆਂ ਕਰ ਕੇ ਲਿਬਨਾਨ ਵਿੱਚ ਕਿੰਨੇ ਹੀ ਬੇਗੁਨਾਹ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਹਮਲੇ ਸਿਰਫ਼ ਹਿਜ਼ਬੁੱਲ੍ਹਾ ਖ਼ਿਲਾਫ਼ ਨਹੀਂ ਸਗੋਂ ਇਹ ਲਿਬਨਾਨ ਦੇ ਲੋਕਾਂ ਲਈ ਘਾਤਕ ਸਾਬਤ ਹੋ ਰਹੇ ਹਨ ਜੋ ਪਹਿਲਾਂ ਹੀ ਸਿਆਸੀ ਅਤੇ ਆਰਥਿਕ ਅਸਥਿਰਤਾ ਦਾ ਸਾਹਮਣਾ ਕਰ ਰਹੇ ਹਨ। ਸਾਰੇ ਸੰਸਾਰ ਨੂੰ ਅਜਿਹੇ ਹਮਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਜ਼ਰਾਈਲ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।
ਡਾ. ਵਿਸ਼ਵਜੀਤ ਸਿੰਘ, ਈਮੇਲ


ਸਿੱਖਿਆਦਾਇਕ ਰਚਨਾ
27 ਸਤੰਬਰ ਦਾ ਮਿਡਲ ‘ਸਰੋਤੇ ਬਨਾਮ ਦਰਸ਼ਕ (ਲੇਖਕਾ ਸਰੋਜ) ਸਿੱਖਿਆਦਾਇਕ ਹੈ। ਲੇਖਕਾ ਨੇ ਆਪਣੀ ਸਾਥਣ ਅਧਿਆਪਕਾ ਕੁਲਵੰਤ ਕੌਰ ਕੋਲੋਂ ਗਿਆਨ ਦੀਆਂ ਗੱਲਾਂ ਸੁਣ ਕੇ ਆਪਣੇ ਸਕੂਲ, ਘਰ ਪਰਿਵਾਰ ਨੂੰ ਵਧੀਆ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ। 23 ਸਤੰਬਰ ਦਾ ਮਿਡਲ ‘ਇਹ ਕੈਸੀ ਰੁੱਤ ਆਈ’ ਪੜ੍ਹ ਕੇ ਮਨ ਉਦਾਸ ਅਤੇ ਬੇਚੈਨ ਹੋ ਗਿਆ। ਡਾ. ਛਿੰਦਰਪਾਲ ਕੌਰ ਨੇ ਭਾਵੇਂ ਇੱਕ ਪਿੰਡ ਦੇ ਇੱਕ ਘਰ ਦੀ ਤ੍ਰਾਸਦਿਕ ਹਾਲਤ ਬਿਆਨ ਕੀਤੀ ਹੈ ਪਰ ਅਜਿਹਾ ਹੁਣ ਪੰਜਾਬ ਦੇ ਹਰੇਕ ਪਿੰਡ, ਕਸਬੇ ਤੇ ਸ਼ਹਿਰ ਵਿੱਚ ਹੋ ਰਿਹਾ ਹੈ। ਸੱਤਾਧਾਰੀ ਪਾਰਟੀਆਂ ਨੂੰ ਪੰਜ ਸਾਲ ਬਾਅਦ ਹੀ ਲੋਕਾਂ ਦਾ ਚੇਤਾ ਆਉਂਦਾ ਹੈ। ਨੌਜਵਾਨਾਂ ਅਤੇ ਮੁਟਿਆਰਾਂ ਦੇ ਭਵਿੱਖ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਮਾਪੇ ਆਪਣੇ ਢਿੱਡ ਨੂੰ ਗੰਢਾਂ ਦੇ ਕੇ, ਕਰਜ਼ੇ ਚੁੱਕ ਕੇ, ਜ਼ਮੀਨ ਜਾਇਦਾਦ ਵੇਚ ਕੇ ਆਪਣੇ ਧੀਆਂ ਪੁੱਤਰਾਂ ਨੂੰ ਵਿਦੇਸ਼ੀ ਧਰਤੀ ਉੱਤੇ ਭੇਜਣ ਲਈ ਮਜਬੂਰ ਹਨ ਕਿਉਂਕਿ ਰਾਜਸੀ ਲੀਡਰਾਂ ਦੀ ਸੌੜੀ ਸੋਚ ਕਾਰਨ ਪੰਜਾਬ ਦੀ ਧਰਤੀ ਉੱਤੇ ਰੋਜ਼ੀ ਰੋਟੀ ਦੇ ਮੌਕੇ ਬੇਹੱਦ ਸੀਮਤ ਹੋ ਗਏ ਹਨ। ਨਸ਼ਿਆਂ ਦੇ ਦਰਿਆ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਬੜਾ ਕੁਝ ਕਰ ਰਹੇ ਹਨ ਪਰ ਅਜਿਹਾ ਕਰਦਿਆਂ ਉਨ੍ਹਾਂ ਦਾ ਆਪਣਾ ਬੁਢਾਪਾ ਰੁਲ਼ ਜਾਂਦਾ ਹੈ। ਵਿਰਾਸਤ ਅੰਕ ’ਚ 18 ਸਤੰਬਰ ਨੂੰ ਗੁਰਦੀਪ ਸਿੰਘ ਢੁੱਡੀ ਦੀ ਰਚਨਾ ‘ਬਾਬਾ ਫ਼ਰੀਦ ਬਾਣੀ ਦੀ ਵਰਤਮਾਨ ਸਮੇਂ ਵਿੱਚ ਪ੍ਰਸੰਗਿਕਤਾ’ ਸਲਾਹੁਣਯੋਗ ਹੈ। ਲੇਖਕ ਨੇ ਫ਼ਰੀਦ ਬਾਣੀ ਵਿੱਚੋਂ ਉਦਾਹਰਣਾਂ ਦੇ ਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਰਚਨਾ 12-13ਵੀਂ ਸਦੀ ਵਿੱਚ ਜਿੰਨੀ ਪ੍ਰਸੰਗਿਕ ਸੀ, ਅੱਜ ਵੀ ਇਸ ਦੀ ਓਨੀ ਹੀ ਮਹਾਨਤਾ ਹੈ। ਇਸੇ ਕਰ ਕੇ ਮੱਧਕਾਲੀਨ ਦੌਰ ਵਿੱਚ ਰਚੇ ਪੰਜਾਬੀ ਸਾਹਿਤ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਪ੍ਰਵਾਨ ਕੀਤਾ ਗਿਆ ਹੈ।
ਇਕਬਾਲ ਸਿੰਘ ਸਕਰੌਦੀ, ਸੰਗਰੂਰ


ਹੰਝੂਆਂ ਦਾ ਮੁੱਲ
21 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਵਿਕਾਸ ਕਪਿਲਾ ਦਾ ਲੇਖ ‘ਸਰਕਾਰੀ ਸਹੂਲਤ’ ਪੜ੍ਹ ਕੇ ਦਿਲ ਹਲੂਣਿਆ ਗਿਆ। ਪਰਵਾਸੀ ਮਜ਼ਦੂਰ ਆਪਣੀ 11 ਮਹੀਨਿਆਂ ਦੀ ਬੱਚੀ ਨੂੰ ਕੁੱਛੜ ਚੁੱਕੀ ਸਰਕਾਰੀ ਦਫਤਰ ਵਿੱਚ ਰਾਸ਼ਨ ਕਾਰਡ ਬਣਵਾਉਣ ਆਇਆ ਸੀ, ਉਸ ਦਾ ਕੰਮ ਖੜ੍ਹੇ ਪੈਰ ਕਰ ਕੇ ਉਸ ਨੂੰ ਉਸੇ ਦਿਨ ਰਾਸ਼ਨ ਕਾਰਡ ਜਾਰੀ ਕਰ ਕੇ ਲੇਖਕ ਨੇ ਸਾਬਤ ਕੀਤਾ ਕਿ ਇਨਸਾਨ ਦੀਆਂ ਅੱਖਾਂ ਦੇ ਹੰਝੂ ਅਤੇ ਚਿਹਰੇ ਦੀ ਵੇਦਨਾ ਦਾ ਕੀ ਗੱਲ ਹੋਣਾ ਚਾਹੀਦਾ ਹੈ। ਅਜਿਹੇ ਇਨਸਾਨ ਪਦਾਰਥਵਾਦ ਦੀ ਹਨੇਰੀ ਵਿਚ ਵੀ ਅਡੋਲ ਬਲਦੇ ਚਿਰਾਗ ਹਨ ਜੋ ਦੂਸਰਿਆਂ ਨੂੰ ਵੀ ਇਨਸਾਨੀਅਤ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।
ਅਵਤਾਰ ਸਿੰਘ ਭੁੱਲਰ, ਕਪੂਰਥਲਾ


ਖ਼ਤਰਨਾਕ ਰੁਝਾਨ
20 ਸਤੰਬਰ ਦੇ ‘ਖ਼ਬਰਨਾਮਾ’ ਸਫ਼ਾ 7 ਉੱਤੇ ‘ਮਜ਼ਾਰ ਤੋੜ ਕੇ ਸ਼ਿਵਲਿੰਗ ਸਥਾਪਤ ਕੀਤਾ’ ਖ਼ਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਵੋਟਾਂ ਦੇ ਲਾਲਚੀ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਕਿਵੇਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਰਹੇ ਹਨ। ਉੱਤਰ ਪ੍ਰਦੇਸ਼ ਵਰਗੇ ਹੀ ਹਾਲਾਤ ਦੇਵ ਭੂਮੀ ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਕੀਤੇ ਜਾ ਰਹੇ ਹਨ। ਅਜਿਹੇ ਸੰਵੇਦਨਸ਼ੀਲ ਹਾਲਾਤ ਦੀ ਸ਼ੁਰੂਆਤ ਦਾ ਨਤੀਜਾ ਸੋਹਣ ਸਿੰਘ ਸੀਤਲ ਦੇ ਨਾਵਲ ‘ਤੂਤਾਂ ਵਾਲਾ ਖੂਹ’ ਜਾਂ ਯਸ਼ਪਾਲ ਦੇ ਨਾਵਲ ‘ਝੂਠਾ ਸੱਚ’ ਵਿੱਚ ਦੇਖਿਆ ਜਾ ਸਕਦਾ ਹੈ। ਧਾਰਮਿਕ ਵੰਡੀਆਂ ਪਾਉਣ ਵਾਲੇ ਨੇਤਾਵਾਂ ਨੂੰ ਆਪਣੇ ਸਵਾਰਥ ਨਾਲੋਂ ਇਨਸਾਨੀਅਤ ਨੂੰ ਮੁੱਖ ਰੱਖ ਕੇ ਅਜਿਹੀ ਖ਼ਤਰਨਾਕ ਅੱਗ ਨੂੰ ਹਵਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਮ ਸਾਧਾਰਨ ਲੋਕਾਂ ਨੂੰ ਮੰਦਰ-ਮਸਜਿਦ ਦੇ ਬਖੇੜਿਆਂ ਦੇ ਖ਼ਤਰਨਾਕ ਰੁਝਾਨ ਵਿੱਚ ਨਾ ਉਲਝ ਕੇ ਦੇਸ਼ ਦੀਆਂ ਸਮੱਸਿਆਵਾਂ ਅਤੇ ਆਪਣੀ ਰੋਜ਼ੀ-ਰੋਟੀ ਵੱਲ ਧਿਆਨ ਮੋੜਨਾ ਚਾਹੀਦਾ ਹੈ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)


ਸੰਗੀਤ ਦਾ ਜਾਦੂ
26 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਜਗਵਿੰਦਰ ਜੋਧਾ ਦੀ ਰਚਨਾ ‘ਜਾਦੂ’ ਪੜ੍ਹਦਿਆਂ ਪੁਰਾਣੇ ਵੇਲਿਆਂ ਦਾ ਇਤਿਹਾਸ ਚੇਤੇ ਆ ਗਿਆ ਕਿ ਕਿਵੇਂ ਉਸ ਵਕਤ ਰਾਜਿਆਂ ਦੇ ਦਰਬਾਰੀ ਰਾਗੀ ਤਾਨਸੈਨ ਵਰਗੇ ਆਪਣੇ ਜਾਦੂਮਈ ਸੰਗੀਤ ਨਾਲ ਮੀਂਹ ਪਾਉਣ ਲਾ ਦਿੰਦੇ ਸੀ, ਕਦੇ-ਕਦੇ ਸੰਗੀਤ ਏਨੀ ਤਪਸ਼ ਪੈਦਾ ਕਰ ਦਿੰਦਾ ਸੀ ਤੇ ਫਿਰ ਸੰਗੀਤ ਹੀ ਸੀਨੇ ਠੰਢ ਪਾਉਣ ਵਰਗਾ ਮਾਹੌਲ ਸਿਰਜਦਾ ਸੀ। ਅੱਜ ਵੀ ਮੁਹਾਲੀ ਜ਼ਿਲ੍ਹੇ ਦੇ ਬਨੂੜ ਕਸਬੇ ਵਿੱਚ ਸੰਗੀਤ ਦੀ ਸਹਿਜ਼ਾਦੀ ਮਾਈ ਬੰਨੋ ਦਾ ਮੰਦਿਰ ਇਸ ਗੱਲ ਦੀ ਗਵਾਹੀ ਭਰਦਾ ਹੈ। ਰਚਨਾ ਵਿਚਲੇ ਘਰੋਂ ਰੁੱਸ ਕੇ ਗਏ ਪਾਤਰ ਨੂੰ ਕਈ ਦਿਨਾਂ ਬਾਅਦ ਲਤਾ ਮੰਗੇਸ਼ਕਰ ਦੇ ਗਾਏ ਗੀਤ ਦਾ ਜਾਦੂ ਹੀ ਘਰ ਵਾਪਸ ਮੋੜ ਲਿਆਇਆ।
ਅਮਰਜੀਤ ਮੱਟੂ, ਪਿੰਡ ਭਰੂਰ (ਜ਼ਿਲ੍ਹਾ ਸੰਗਰੂਰ)

Advertisement
Author Image

joginder kumar

View all posts

Advertisement