ਪਾਠਕਾਂ ਦੇ ਖ਼ਤ
ਲੈਬਨਾਨ ’ਚ ਧਮਾਕੇ
ਸੰਪਾਦਕੀ ਪੰਨੇ ’ਤੇ 19 ਸਤੰਬਰ ਨੂੰ ‘ਲੈਬਨਾਨ ਵਿੱਚ ਪੇਜਰ ਧਮਾਕੇ’ ਵਿੱਚ ਇਸਰਾਈਲ ਦਾ ਨਾਮ ਆ ਰਿਹਾ ਹੈ। ਪੇਜਰ ਦੀ ਵਰਤੋਂ ਲਿਖ ਕੇ ਸੰਦੇਸ਼ ਭੇਜਣ ਵਾਸਤੇ ਬਹੁਤ ਸਮਾਂ ਪਹਿਲਾਂ ਹੁੰਦੀ ਸੀ। ਸਮਾਰਟ ਫੋਨ ਆਉਣ ਨਾਲ ਇਸ ਦੀ ਵਰਤੋਂ ਘਟ ਗਈ, ਪਰ ਹਿਜ਼ਬੁੱਲ੍ਹਾ ਪੇਜਰ ਦੀ ਵਰਤੋਂ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਸੰਦੇਸ਼ ਹੈਕ ਨਹੀਂ ਕੀਤੇ ਜਾ ਸਕਦੇ। ਇਸਰਾਈਲ ਨੂੰ ਪਤਾ ਸੀ ਕਿ ਹਿਜ਼ਬੁੱਲ੍ਹਾ ਦੁਆਰਾ ਵਰਤੇ ਜਾਂਦੇ ਪੇਜਰ ਤਾਇਵਾਨ ਵਿੱਚ ਬਣਦੇ ਹਨ, ਇਸਰਾਈਲ ਨੇ ਚਾਰ-ਪੰਜ ਮਹੀਨੇ ਪਹਿਲਾਂ ਉੱਥੇ ਬਣੇ ਪੇਜਰਾਂ ਵਿੱਚ ਧਮਾਕਾਖੇਜ਼ ਉਪਕਰਨ ਲਗਵਾ ਦਿੱਤੇ। ਇਸ ਨਾਲ ਤਕਰੀਬਨ 3000 ਪੇਜਰਾਂ ਤੋਂ ਇੱਕੋ ਵੇਲੇ ਬੀਪ ਸੁਣਾਈ ਦਿੱਤੀ ਤੇ ਤੁਰੰਤ ਵਿਸਫੋਟ ਹੋ ਗਏ। ਬੀਪ ਲਗਾਉਣ ਦਾ ਇਹੀ ਕਾਰਨ ਸੀ ਕਿ ਜਦੋਂ ਵਿਅਕਤੀ ਪੇਜਰ ਕੱਢ ਕੇ ਦੇਖੇਗਾ ਤਾਂ ਵਿਸਫੋਟ ਚਿਹਰੇ ਕੋਲ ਹੋਵੇਗਾ ਜਿਸ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਵੇ। ਇਸਰਾਈਲ ਪਹਿਲਾਂ ਹੀ ਜੰਗ ਨਾਲ ਜੂਝ ਰਿਹਾ ਹੈ। ਗਾਜ਼ਾ ਪੱਟੀ ਵਿੱਚ ਲਗਭਗ ਇੱਕ ਸਾਲ ਤੋਂ ਕਈ ਹਮਲੇ ਹੋ ਰਹੇ ਹਨ। ਹਿਜ਼ਬੁੱਲ੍ਹਾ ਵੀ ਜਵਾਬੀ ਕਾਰਵਾਈ ਕਰੇਗਾ। ਇਸ ਨਾਲ ਇਸ ਦੇ ਕਈ ਭਿਆਨਕ ਸਿੱਟੇ ਨਿਕਲਣਗੇ ਜਿਸ ਦਾ ਪ੍ਰਭਾਵ ਪੂਰੇ ਵਿਸ਼ਵ ’ਤੇ ਪਵੇਗਾ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਸਦੀਵੀ ਵਿਛੋੜੇ ਦਾ ਦਰਦ
‘ਨਜ਼ਰੀਆ’ ਪੰਨੇ ’ ਤੇ 19 ਸਤੰਬਰ ਨੂੰ ਕਮਲੇਸ਼ ਉੱਪਲ ਦਾ ਮਿਡਲ ਪੜ੍ਹਿਆ ਜੋ ਇੱਕ ਵਿਛੜੇ ਵਿਅਕਤੀ ਦੇ ਦੁੱਖ ਦੀ ਹੂਕ ਹੈ। ਉੱਪਲ ਬਹੁਤ ਸੰਵੇਦਨਸ਼ੀਲ ਹਨ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਚੰਗੇ ਇਨਸਾਨ ਲਈ ਉਨ੍ਹਾਂ ਦੇ ਦਿਲ ਵਿੱਚ ਸਨੇਹ ਅਤੇ ਹਮਦਰਦੀ ਹੈ। ਇਹ ਬਿਲਕੁਲ ਠੀਕ ਲਿਖਿਆ ਹੈ ਕਿ ਇਨਸਾਨ ਆਪ ਤਾਂ ਆਪਣੇ ਸਰੀਰਕ ਚੋਲੇ ਨੂੰ ਤਿਆਗ ਕੇ ਆਪਣੀ ਰੂਹ ਨੂੰ ਮੁਕਤ ਕਰ ਲੈਂਦਾ ਹੈ ਪਰ ਆਪਣੇ ਸਾਕ-ਸਬੰਧੀਆਂ ਅਤੇ ਸੰਗੀ-ਸਾਥੀਆਂ ਨੂੰ ਅਕਹਿ ਤੇ ਅਸਹਿ ਦਰਦ ਅਤੇ ਰੁਦਨ ਵਿੱਚ ਛੱਡ ਜਾਂਦਾ ਹੈ। ਅਜਿਹਾ ਹੀ ਉਨ੍ਹਾਂ ਨੇ ਆਪਣੇ ਇੱਕ ਸੁਹਿਰਦ ਰਾਜਿੰਦਰ ਸਬੰਧੀ ਮਹਿਸੂਸ ਕੀਤਾ ਹੈ। ਲੇਖ ਪੜ੍ਹ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਲੇਖ ਪੜ੍ਹ ਕੇ ਮੈਨੂੰ ਆਪਣੇ ਜਵਾਨੀ ਸਮੇਂ ਵਿੱਛੜੇ ਮਿੱਤਰ ਦੀ ਯਾਦ ਤਾਜ਼ਾ ਹੋ ਗਈ ਅਤੇ ਅੱਖਾਂ ਨਮ ਹੋ ਗਈਆਂ। ਬਹੁਤ ਦਰਦ ਭਰੀ ਰਚਨਾ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਘਰ ਤੋਂ ਬਾਹਰ ਚੌਕਸੀ ਲੋੜੀਂਦੀ
ਨਜ਼ਰੀਆ ਪੰਨੇ ’ਤੇ 18 ਸਤੰਬਰ ਨੂੰ ਪ੍ਰੋ. ਮੋਹਣ ਸਿੰਘ ਦੁਆਰਾ ਲਿਖਿਆ ਮਿਡਲ ‘ਜਦੋਂ ਗੱਡੀ ਨਿਕਲ ਗਈ’ ਨੂੰ ਪੜ੍ਹ ਕੇ ਬਹੁਤ ਆਨੰਦ ਮਹਿਸੂਸ ਹੋਇਆ। ਇਹ ਮਿਡਲ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਨੂੰ ਘਰ ਤੋਂ ਬਾਹਰ ਤੇ ਸਫ਼ਰ ਆਦਿ ਵੇਲੇ ਚੌਕਸ ਰਹਿਣਾ ਚਾਹੀਦਾ ਹੈ। ਜੇਕਰ ਕਹਾਣੀ ਵਿਚਲੇ ਨੌਜਵਾਨ ਨੇ ਤੇਜ਼ੀ ਕੀਤੀ ਹੁੰਦੀ ਤਾਂ ਸ਼ਾਇਦ ਉਸ ਦੀ ਗੱਡੀ ਨਾ ਨਿਕਲਦੀ। ਇਹ ਕਹਾਣੀ ਮੈਨੂੰ ਮੇਰੀ ਦਾਦੀ ਜੀ ਦੀ ਯਾਦ ਕਰਾਉਦੀ ਹੈ, ਜੋ ਮੈਨੂੰ ਆਪਣੇ ਰੇਲ ਸਫ਼ਰ ਦੀ ਕਹਾਣੀ ਸੁਣਾਇਆ ਕਰਦੇ ਸਨ।
ਨਵਪ੍ਰੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਜਦੋਂ ਗੱਡੀ ਨਿਕਲ ਗਈ
‘ਪੰਜਾਬੀ ਟ੍ਰਿਬਿਊਨ’ ਦੇ 18 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਪ੍ਰੋ. ਮੋਹਣ ਸਿੰਘ ਦਾ ਲੇਖ ‘ਜਦੋਂ ਗੱਡੀ ਨਿਕਲ ਗਈ...’ ਜਾਣਕਾਰੀ ਭਰਪੂਰ ਰਚਨਾ ਸੀ। ਇਸ ਵਿੱਚ ਸਾਦਗੀ, ਸੰਜੀਦਗੀ, ਰੇਲਵੇ ਪ੍ਰਬੰਧ ਦੀ ਬਾਰੀਕਬੀਨੀ ’ਤੇ ਨਜ਼ਰਸਾਨੀ ਨਜ਼ਰ ਆਈ। ਬੇਸ਼ੱਕ, ਅਸੀਂ ਅੰਗਰੇਜ਼ਾਂ ਨੂੰ ਮਾੜਾ ਵੀ ਆਖ ਦਿੰਦੇ ਹਾਂ ਪਰ ਸਾਡੇ ਦੇਸ਼ ਵਿੱਚ ਰੇਲਵੇ ਲਾਈਨਾਂ ਦਾ ਜਾਲ ਵਿਛਾਉਣ ਅਤੇ ਪੁਲ, ਸੜਕਾਂ ਤੇ ਹੋਰ ਕਈ ਵੱਡੇ ਪ੍ਰੋਜੈਕਟ ਸ਼ੁਰੂ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਸਲਾਹੁਣਯੋਗ ਰਹੇਗਾ। ਇਹ ਖ਼ਿਆਲ ਵੀ ਭਾਰੂ ਹੋਇਆ ਕਿ ਜੇ ਅੰਗਰੇਜ਼ ਕੁਝ ਵਰ੍ਹੇ ਹੋਰ ਰਹਿ ਜਾਂਦੇ ਤਾਂ ਸ਼ਾਇਦ ਸਾਡੀ ਨੌਜਵਾਨ ਪੀੜ੍ਹੀ ਦਾ ਬਾਹਰਲੇ ਮੁਲਕਾਂ ਵੱਲ ਪਲਾਇਨ ਕੁਝ ਵੱਖਰੀ ਤਰ੍ਹਾਂ ਦਾ ਹੋਣਾ ਸੀ। ਉਂਜ ਰਚਨਾ ਪੜ੍ਹਦਿਆਂ ਇਹ ਅਹਿਸਾਸ ਹੋਇਆ ਕਿ ਇਹ ਲੇਖਕ ‘ਸਿੱਖੀ ਦੇ ਬੂਟੇ ਵਾਲਾ’ ਮੋਹਣ ਸਿੰਘ ਹੈ। ਕਿਰਪਾ ਕਰਕੇ ਲੇਖਕ ਦਾ ਸਿਰਨਾਵਾਂ ਜਾਂ ਉਸ ਦੀ ਜਾਣ ਪਛਾਣ ਜ਼ਰੂਰ ਦੱਸਿਆ ਕਰੋ।
ਸਤਿੰਦਰ ਸਿੰਘ ਰੰਧਾਵਾ, ਪਟਿਆਲਾ
ਜ਼ਿੰਦਗੀ ਨਾਲ ਗੱਲਾਂ
‘ਨਜ਼ਰੀਆ’ ਪੰਨੇ ’ਤੇ 14 ਸਤੰਬਰ ਨੂੰ ਲੱਗਿਆ ਦਰਸ਼ਨ ਸਿੰਘ ਦਾ ਮਿਡਲ ‘ਆ ਕੁਝ ਗੱਲਾਂ ਕਰੀਏ’ ਬੜੇ ਵਧੀਆ ਢੰਗ ਨਾਲ ਜ਼ਿੰਦਗੀ ਜਿਊਣ ਬਾਰੇ ਦੱਸਦਾ ਹੈ। ਲੇਖਕ ਨੇ ਬਹੁਤ ਹੀ ਵਧੀਆ ਗੱਲ ਲਿਖੀ ਹੈ ਕਿ ਵਿਚਾਰ ਹੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ। ਵਿਚਾਰ ਬਦਲਣ ਨਾਲ ਸੋਚ ਬਦਲਦੀ ਹੈ ਤੇ ਸੋਚ ਬਦਲਣ ਨਾਲ ਹੀ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ। ਹਰ ਇੱਕ ਮਨੁੱਖ ਇਹ ਗੱਲ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦਾ ਹੈ ਅਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਅ ਸਕਦਾ ਹੈ।
ਕੁਲਵੀਰ ਕੌਰ
ਦੂਜਿਆਂ ਦੀ ਮਦਦ ਲਾਜ਼ਮੀ
‘ਨਜ਼ਰੀਆ’ ਪੰਨੇ ’ਤੇ 13 ਸਤੰਬਰ ਨੂੰ ਮਿਡਲ ‘ਯਾਦਾਂ ਦੇ ਝਰੋਖੇ ’ਚੋਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅੱਜ ਦੇ ਯੁੱਗ ਵਿੱਚ ਕੋਈ ਸਵਾਰਥੀ ਤਾਂ ਹੋ ਸਕਦਾ ਹੈ ਪਰ ਇਸ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਕਿ ਕੋਈ ਉਹ ਜੀਵਨਦਾਨ ਦੇਣ ਵਾਲੇ ਨੂੰ ਹੀ ਭੁੱਲ ਜਾਵੇ। ਲੇਖ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਨੁੱਖ ਕਿੰਨਾ ਡਿੱਗ ਚੁੱਕਾ ਹੈ ਤੇ ਹਰ ਕੋਈ ਇਹ ਸੋਚਣ ਲੱਗ ਪਿਆ ਹੈ ਕਿ ਦੁਨੀਆ ਦੀ ਪਰਵਾਹ ਨਾ ਕਰੋ, ਆਪਣਾ ਕੰਮ ਕੱਢੋ ਤੇ ਚਲਦੇ ਬਣੋ। ਦੂਜੇ ਪਾਸੇ ਜਿਨ੍ਹਾਂ ’ਚ ਇਨਸਾਨੀਅਤ ਬਾਕੀ ਬਚੀ ਹੈ, ਉਹ ਵੀ ਕਿਸੇ ’ਤੇ ਤਰਸ ਖਾਣ ਤੋਂ ਪਹਿਲਾਂ ਸੌ ਵਾਰ ਸੋਚਣਗੇ ਕਿ ਮਦਦ ਕਰੀਏ ਜਾਂ ਨਾ।
ਫਕੀਰ ਸਿੰਘ, ਦਸੂਹਾ
(2)
‘ਯਾਦਾਂ ਦੇ ਝਰੋਖੇ ’ਚੋਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ। ਇਹ ਬਹੁਤ ਹੀ ਵਧੀਆ ਸੀ ਅਤੇ ਸਾਨੂੰ ਲੋੜਵੰਦ ਦੀ ਮਦਦ ਕਰਕੇ ਉਸ ਨੂੰ ਜ਼ਿੰਦਗੀ ਸੰਵਾਰਨੀ ਚਾਹੀਦੀ ਹੈ।
ਰਾਜਦੀਪ ਕੌਰ, ਦਸੌਂਧਾ ਸਿੰਘ ਵਾਲਾ
(3)
‘ਯਾਦਾਂ ਦੇ ਝਰੋਖੇ ’ਚੋਂ’ ਵਿੱਚ ਸਾਨੂੰ ਕਿਸੇ ਦੀ ਵੀ ਮਦਦ ਕਰਨ ਲਈ ਦੱਸਿਆ ਗਿਆ ਹੈ। ਇਸ ਮਿਡਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਭਾਵੇਂ ਉਸ ਵਿਅਕਤੀ ਨੂੰ ਨਹੀਂ ਜਾਣਦੇ ਹਾਂ ਪਰ ਉਸ ਨੂੰ ਮਦਦ ਚਾਹੀਦੀ ਹੈ ਤਾਂ ਸਾਨੂੰ ਕਰ ਦੇਣੀ ਚਾਹੀਦੀ ਹੈ। ਭਾਵੇਂ ਉਹ ਸਾਨੂੰ ਯਾਦ ਰੱਖੇ ਜਾਂ ਨਾ।
ਪੁਸ਼ਪਾ, ਲੋਹਗੜ੍ਹ (ਬਰਨਾਲਾ)
ਧਰਤੀ ਦੀ ਤਬਾਹੀ
7 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪੂੰਜੀਵਾਦੀ ਵਿਕਾਸ ਬਨਾਮ ਧਰਤੀ ਦੀ ਤਬਾਹੀ’ ਗਿਆਨ ਦੇ ਭੰਡਾਰ ’ਤੇ ਰੋਸ਼ਨੀ ਪਾਉਂਦਾ ਹੈ। ਲੇਖਕ ਨੇ ਆਪਣੇ ਚਿੰਤਨ ਰਾਹੀਂ ਗੁਰਬਾਣੀ ਵਿੱਚ ਹਵਾ, ਪਾਣੀ ਤੇ ਧਰਤੀ ਜਿਹੀਆਂ ਅਨਮੋਲ ਕੁਦਰਤੀ ਦਾਤਾਂ ਦਾ ਹਵਾਲਾ ਦਿੰਦਿਆਂ ਅਜੋਕੇ ਸਮੇਂ ਵਿੱਚ ਇਨ੍ਹਾਂ ਦੇ ਵਿਨਾਸ਼ ਬਾਰੇ ਆਗਾਹ ਕੀਤਾ ਹੈ। ਅਸੀਂ ਪਦਾਰਥਵਾਦ ਦੀ ਹਵਸ ਵਿੱਚ ਕੁਦਰਤੀ ਸੰਤੁਲਨ ਨਸ਼ਟ ਕਰ ਕੇ; ਹਵਾ, ਪਾਣੀ ਨੂੰ ਦੂਸ਼ਿਤ ਕਰ ਕੇ; ਪਲਾਸਟਿਕ ਅਤੇ ਹੋਰ ਕਚਰੇ ਦੇ ਢੇਰ ਲਾ ਕੇ, ਆਫ਼ਤਾਂ ਨੂੰ ਸੱਦਾ ਦੇ ਰਹੇ ਹਾਂ। ਅਜਿਹੇ ਹਾਲਾਤ ਲਈ ਹੋਰ ਕਾਰਨਾਂ ਦੇ ਨਾਲ ਵਸੋਂ ਦਾ ਬੇਮੁਹਾਰ ਵਾਧਾ ਵੀ ਜ਼ਿੰਮੇਵਾਰ ਹੈ। ਕਈ ਦਹਾਕੇ ਪਹਿਲਾਂ ਸਾਡੇ ਪਿੰਡ ਆਪਣੇ ਆਪ ਵਿੱਚ ਸਵੈ-ਨਿਰਭਰ ਇਕਾਈਆਂ ਹੁੰਦੇ ਸਨ। ਉੱਥੋਂ ਹੀ ਘਰੇਲੂ ਲੋੜਾਂ ਪੂਰੀਆਂ ਹੋ ਜਾਂਦੀਆਂ ਸਨ, ਜਿਵੇਂ: ਅਨਾਜ, ਘਰਾਟਾਂ ਦਾ ਠੰਢਾ ਅਤੇ ਪੌਸ਼ਟਿਕ ਆਟਾ; ਆਪਣੇ ਖੇਤਾਂ ਦੀਆਂ ਸ਼ੁੱਧ ਦਾਲਾਂ, ਸਬਜ਼ੀਆਂ, ਫ਼ਲ, ਗੁੜ, ਸ਼ੱਕਰ; ਦੇਸੀ ਪਸ਼ੂਆਂ ਦਾ ਦੁੱਧ ਘਿਓ; ਮਿੱਟੀ ਦੇ ਗੁੰਮਿਆਂ ਦੀਆਂ ਕੰਧਾਂ ਤੇ ਘਰ ਦੀ ਕਪਾਹ ਦੇ ਸੂਤ ਤੋਂ ਬਣੇ ਕੱਪੜੇ, ਖੇਸ, ਰਜਾਈਆਂ ਅਤੇ ਹਕੀਮਾਂ ਦੁਆਰਾ ਜੜ੍ਹੀਆਂ ਬੂਟੀਆਂ ਦਾ ਇਲਾਜ। ਇਹ ਸਾਰੇ ਹੁਣ ਲੁਪਤ ਹੋ ਗਏ ਹਨ। ਵਿਗਿਆਨੀਆਂ ਅਨੁਸਾਰ ਵਧਦੀ ਜਨਸੰਖਿਆ ਹਰ ਲੋੜ ਦੀ ਮੰਗ ਵਧਾਉਂਦੀ ਹੈ ਜਿਸ ਨਾਲ ਕੁਦਰਤੀ ਸਰੋਤਾਂ ’ਤੇ ਦਬਾਅ ਵਧਦਾ ਹੈ। ਇਨ੍ਹਾਂ ਦੀ ਪੂਰਤੀ ਲਈ ਸਰਮਾਏਦਾਰ ਡਾਕਟਰਾਂ ਦੀ ਭੂਮਿਕਾ ਧਾਰਨ ਕਰਦੇ ਪਿੜ ਵਿੱਚ ਕੁੱਦ ਪੈਂਦੇ ਹਨ। ਫਿਰ ਇਹ ਸਾਡੀਆਂ ਮੰਗਾਂ ਦੀ ਪੂਰਤੀ ਦਾ ਨਾਮ ਦਿੰਦੇ ਹੋਏ ਲੁੱਟ ਖਸੁੱਟ ਕਰਦੇ ਹਨ। ਲੇਖ ਵਿੱਚ ਇਸ ਮਰਜ਼ ਦੀ ਜੜ੍ਹ ਅਤੇ ਰੋਕਥਾਮ ਦਾ ਵਰਣਨ ਨਹੀਂ।
ਕੌਰ ਚੰਦ, ਮੱਲਕੇ
ਡਿਜੀਟਲ ਸੁਰੱਖਿਆ ਮਜ਼ਬੂਤ ਹੋਵੇ
‘ਲੈਬਨਾਨ ਵਿਚ ਪੇਜਰ ਧਮਾਕੇ’ ਸਭ ਦੇਸ਼ਾਂ ਲਈ ਚਿਤਾਵਨੀ ਹੈ ਕਿ ਹੁਣ ਦੇਸ਼ਾਂ ਵਿੱਚ ਆਪਸੀ ਲੜਾਈਆਂ ਆਹਮੋ-ਸਾਹਮਣੇ ਹੋਣ ਦੀ ਬਜਾਏ ਸਾਈਬਰ ਹਮਲਿਆਂ ਵਿੱਚ ਤਬਦੀਲ ਹੋ ਰਹੀਆਂ ਹਨ। ਪੇਜਰ ਤੋਂ ਬਾਅਦ ਉੱਥੇ ਵਾਕੀ-ਟਾਕੀ ਫਟਣ ਦੀਆਂ ਖ਼ਬਰਾਂ ਵੀ ਆਈਆਂ ਹਨ। ਇੱਕ ਸਰਵੇਖਣ ਮੁਤਾਬਿਕ ਦੁਨੀਆ ਵਿੱਚ ਹਰ ਸਾਲ ਸਾਈਬਰ ਹਮਲੇ 30 ਪ੍ਰਤੀਸ਼ਤ ਸਾਲ-ਦਰ-ਸਾਲ ਨਾਲ ਵਧ ਰਹੇ ਹਨ। ਭਾਰਤ ਵਿੱਚ ਹੀ 2022-23 ਦੇ ਮੁਕਾਬਲੇ ਸਾਈਬਰ ਹਮਲੇ ਇਸ ਸਾਲ 61 ਫ਼ੀਸਦੀ ਵਧੇ ਹਨ। ਲੈਬਨਾਨ ਵਿੱਚ ਹੋਏ ਧਮਾਕੇ ਵਿੱਚ ਆਮ ਨਾਗਰਿਕਾਂ ਨੂੰ ਪਹੁੰਚੇ ਨੁਕਸਾਨ ਨਾਲ ਅਸੀਂ ਸਮਝ ਸਕਦੇ ਹਾਂ ਕਿ ਇਹ ਹਮਲੇ ਕਿਸ ਹੱਦ ਤਕ ਜਾ ਸਕਦੇ ਹਨ। ਕੱਲ੍ਹ ਨੂੰ ਮੋਬਾਈਲ ਫੋਨ ਫਟਣ ਵਾਲੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ। ਸਾਈਬਰ ਯੁੱਧ ਦਾ ਮੁਕਾਬਲਾ ਕਰਨ ਲਈ ਸਰਕਾਰਾਂ ਨੂੰ ਅਪਡੇਟ ਸਾਈਬਰ ਸੁਰੱਖਿਆ ਨੀਤੀਆਂ ਤੇ ਸਾਫਟਵੇਅਰ ਦੀ ਵਰਤੋਂ ਕਰਦੇ ਹੋਏ ਆਪਣੀ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਵਿਸ਼ਵਜੀਤ ਸਿੰਘ, ਚੰਡੀਗੜ੍ਹ