ਪਾਠਕਾਂ ਦੇ ਖ਼ਤ
ਕੇਜਰੀਵਾਲ ਦਾ ਵਿਅਕਤਿਤਵ
‘ਨਜ਼ਰੀਆ’ ਪੰਨੇ ’ਤੇ 17 ਸਤੰਬਰ ਦੇ ਸੰਪਾਦਕੀ ‘ਕੇਜਰੀਵਾਲ ਦਾ ਦਾਅ’ ਕੇਜਰੀਵਾਲ ਦੇ ਵਿਅਕਤਿਤਵ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਆਮ ਆਦਮੀ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਦਾਖਲ ਹੋਇਆ ਅਤੇ ਬੜੀ ਜਲਦੀ ਆਪਣੇ ਆਪ ਨੂੰ ਦੂਜੀਆਂ ਪਾਰਟੀਆਂ ਦੇ ਬਰਾਬਰ ਸਥਾਪਿਤ ਕਰ ਿਲਆ। ਪੜ੍ਹਿਆ ਲਿਖਿਆ ਹੋਣ ਕਰਕੇ ਰਾਜਨੀਤੀ ਦੇ ਦਾਅ-ਪੇਚਾਂ ਤੋਂ ਵਾਕਿਫ਼ ਤੇ ਗੱਲਾਂ ਕਰਨ ਵਿੱਚ ਮਾਹਿਰ ਹੋਣ ਸਦਕਾ ਉਹ ਮੁੱਖ ਮੰਤਰੀ ਬਣ ਗਿਆ। ਉਹ ਜਿਸ ਰਫ਼ਤਾਰ ਨਾਲ ਰਾਜਨੀਤੀ ਵਿੱਚ ਦਾਖਲ ਹੋਇਆ ਤੇ ਅੱਗੇ ਵਧਿਆ, ਹੁਣ ਓਨੀ ਰਫ਼ਤਾਰ ਨਾਲ ਹੀ ਥੱਲੇ ਵੱਲ ਨੂੰ ਖਿਸਕ ਗਿਆ ਹੈ। ਸਹੀ ਸ਼ਾਸਨ ਦੇਣ ਤੇ ਇਮਾਨਦਾਰ ਰਾਜਨੀਤੀ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੇ ਕਥਿਤ ਭ੍ਰਿਸ਼ਟਾਚਾਰ ਨੇ ਪਾਰਟੀ ਮੈਂਬਰਾਂ ਨੂੰ ਗ੍ਰਸਿਆ ਹੈ, ਉਸ ਨੇ ਪਾਰਟੀ ਨੂੰ ਢਾਹ ਲਾਈ ਹੈ।
‘ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦਾ ਸ਼ੋਸ਼ਣ ਤੇ ਸੁਰੱਖਿਆ’ ਲੇਖ ਵਿੱਚ ਕੰਵਲਜੀਤ ਕੌਰ ਗਿੱਲ ਨੇ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਵਾਕਈ ਅਸੁਰੱਖਿਅਤ ਹਨ। ਘਰ ’ਚੋਂ ਬਾਹਰ ਨਿਕਲਣ ਤੋਂ ਲੈ ਕੇ ਦਫ਼ਤਰਾਂ ਤੱਕ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕਈ ਵਾਰ ਮਾਨਸਿਕ ਤਸ਼ੱਦਦ ਨਾ ਝੱਲ ਸਕਣ ਕਰਕੇ ਉਹ ਖ਼ੁਦਕੁਸ਼ੀ ਵੀ ਕਰ ਲੈਂਦੀ ਹੈ। ਸਾਡੇ ਸੱਭਿਆਚਾਰ ਵਿੱਚ ਔਰਤ ਦੇ ਸਤਿਕਾਰ ਨੂੰ ਬਹੁਤ ਉੱਚਾ ਦੱਸਿਆ ਹੈ, ਪਰ ਸਾਡੇ ਸਮਾਜ ਵਿਚਲੇ ਬਹੁਗਿਣਤੀ ਲੋਕਾਂ ਦਾ ਨੈਤਿਕ ਪੱਧਰ ਬਹੁਤ ਡਿੱਗ ਚੁੱਕਾ ਹੈ। ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਔਰਤ ਕਿਸੇ ਵੀ ਖੇਤਰ ਵਿੱਚ ਸੁਰੱਖਿਅਤ ਨਹੀਂ। ਹਰ ਰੋਜ਼ ਵਾਪਰਦੀਆਂ ਘਟਨਾਵਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ, ਜੋ ਕਿ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ।
ਸੁਖਦੇਵ ਸਿੰਘ ਭੁੱਲੜ, (ਸੁਰਜੀਤ ਪੁਰਾ ਬਠਿੰਡਾ)
ਟਿੱਪਣੀਆਂ ਕਾਰਨ ਗ੍ਰਿਫ਼ਤਾਰੀ
ਮਾਲਵਿੰਦਰ ਸਿੰਘ ਮਾਲੀ ਦੀਆਂ ਬੇਬਾਕ ਟਿੱਪਣੀਆਂ ਨੂੰ ਪਸੰਦ ਕਰਨ ਅਤੇ ਨਾਪਸੰਦ ਕਰਨ ਵਾਲਿਆਂ ਦਾ ਘੇਰਾ ਵਿਸ਼ਾਲ ਹੈ, ਪਰ ਸਰਕਾਰ ਵੱਲੋਂ ਉਸ ਦੀਆਂ ਟਿੱਪਣੀਆਂ ਨੂੰ ਬਹਾਨਾ ਬਣਾ ਕੇ ਗ੍ਰਿਫ਼ਤਾਰ ਕਰ ਲੈਣਾ ਕੀ ਸਹੀ ਕਾਰਵਾਈ ਹੈ? ਇਹ ਬੁਨਿਆਦੀ ਅਧਿਕਾਰਾਂ ਦਾ ਘਾਣ ਹੈ। ਮਾਲੀ ਨੂੰ ਲਿਖਣ ਜਾਂ ਬੋਲਣ ਕਾਰਨ ਗ੍ਰਿਫ਼ਤਾਰ ਕਰਨ ਦਾ ਫ਼ੈਸਲਾ ਸੱਤਾ ਦੀ ਦੁਰਵਰਤੋਂ ਹੈ। ਵੱਡੀਆਂ ਕੁਰਸੀਆਂ ’ਤੇ ਬੈਠੇ ਲੋਕਾਂ ਵਿੱਚ ਆਲੋਚਨਾ ਸੁਣਨ ਦਾ ਮਾਦਾ ਵੀ ਹੋਣਾ ਚਾਹੀਦਾ ਹੈ।
ਹਜ਼ਾਰਾ ਸਿੰਘ ਮਿਸੀਸਾਗਾ, ਕੈਨੇਡਾ
ਆ ਕੁਝ ਗੱਲਾਂ ਕਰੀਏ
14 ਸਤੰਬਰ ਦੇ ਅੰਕ ਵਿੱਚ ਦਰਸ਼ਨ ਸਿੰਘ ਦਾ ਲੇਖ ‘ਆ ਕੁਝ ਗੱਲਾਂ ਕਰੀਏ’ ਗੱਲਾਂ ਦੀ ਲੜੀ ਨਾ ਟੁੱਟਣ ਦੇਣ ਵਾਲੇ ਲੋਕਾਂ ਪ੍ਰਤੀ ਮੋਹ ਜਿਹਾ ਜਗਾਉਂਦਾ ਹੈ। ਸੱਚਮੁੱਚ ਜ਼ਿੰਦਗੀ ਇੱਕ ਲੰਮੀ ਤੇ ਉਦਾਸੀ ਭਰੀ ਚੁੱਪ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਸਾਡੇ ਕੋਲ ਗੱਲਾਂ ਕਰਨ ਦੇ ਵਿਸ਼ੇ ਮੁੱਕ ਰਹੇ ਹਨ ਕਿਉਂਕਿ ਨਵਾਂ ਜਾਣਨ ਦੀ ਉਤਸੁਕਤਾ ਘਟ ਰਹੀ ਹੈ। ਪਿੰਡਾਂ ਵਿੱਚ ਪੁਰਾਣੀ ਪੀੜ੍ਹੀ ਵਿੱਚ ਹਾਲੇ ਵੀ ਬਹੁਤ ਸਾਰੇ ਲੋਕ ਜਿਊਂਦੇ ਹਨ ਜਿਹੜੇ ਗੱਲਾਂ ਦੀ ਲੜੀ ਨਹੀਂ ਟੁੱਟਣ ਦਿੰਦੇ ਤੇ ਗੱਲਾਂ ਵੀ ਵਜ਼ਨ ਵਾਲੀਆਂ ਤੇ ਅਪਣੱਤ ਭਰੀਆਂ ਕਰਦੇ ਹਨ। ਜਦੋਂ ਕਦੇ ਗੱਲਾਂ ਦੀ ਲੜੀ ਨਾ ਟੁੱਟਣ ਦੇਣ ਵਾਲੇ ਮਨੁੱਖ ਕੋਲ ਬੈਠਣ ਦਾ ਸਮਾਂ ਮਿਲਦਾ ਹੈ ਤਾਂ ਮੁਲਾਕਾਤ ਦੇ ਖ਼ਤਮ ਹੋਣ ’ਤੇ ਤਨ, ਮਨ ਹੌਲਾ ਫੁੱਲ ਮਹਿਸੂਸ ਹੁੰਦਾ ਹੈ।
ਕੁਲਵਿੰਦਰ ਸਿੰਘ ਦੂਹੇਵਾਲਾ
ਕੇਜਰੀਵਾਲ ਦੀ ਜ਼ਮਾਨਤ
14 ਸਤੰਬਰ ਨੂੰ ‘ਕੇਜਰੀਵਾਲ ਦੀ ਜ਼ਮਾਨਤ’ ਸਿਰਲੇਖ ਹੇਠ ਸੰਪਾਦਕੀ ਪੜ੍ਹ ਕੇ ਬਚਪਨ ਦੀ ਕਾਜੀ ਕੋਟਲਾ ਦੀ ਖੇਡ ਯਾਦ ਆ ਗਈ ਅਤੇ ਇਉਂ ਲੱਗਿਆ ਜਿਵੇਂ ‘ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਸੀਬੀਆਈ ਦੀ ਆਈ ਸ਼ਾਮਤ’। ਨਿਰਸੰਦੇਹ, ਕੇਜਰੀਵਾਲ ਅੱਜ ਭਾਰਤ ਦੀ ਹਰ ਨੁੱਕਰ ਵਿੱਚ ਜਾਣੀ ਜਾਂਦੀ ਸ਼ਖ਼ਸੀਅਤ ਵਜੋਂ ਉੱਭਰ ਕੇ ਆਇਆ ਹੈ। ਦੂਜਾ ਆਮ ਆਦਮੀ ਪਾਰਟੀ ਹੁਣ ਕੌਮੀ ਰਾਜਨੀਤਕ ਪਾਰਟੀ ਵਜੋਂ ਵੀ ਭਾਰਤ ਦੇ ਰਾਜਨੀਤਕ ਦ੍ਰਿਸ਼ ਉੱਤੇ ਬਿਰਾਜਮਾਨ ਹੈ। ਸੰਪਾਦਕੀ ਦੀ ਇਹ ਸਤਰ ਬਹੁਤ ਕੀਮਤੀ ਹੈ ਕਿ ‘ਕੇਜਰੀਵਾਲ ਦੋ ਏਜੰਸੀਆਂ ਵਿਚਾਲੇ ਪਿਸ ਰਹੇ ਸਨ’। ਸੁਪਰੀਮ ਕੋਰਟ ਦੇ ਫ਼ੈਸਲਿਆਂ ਵਿੱਚ ਜੋ ਕੁਝ ਕਿਹਾ ਗਿਆ ਹੈ ਉਹ ਭਾਰਤ ਦੀ ਸਰਬਉੱਚ ਨਿਆਂ ਪ੍ਰਣਾਲੀ ਦੀ ਤਾਕਤ ਦਾ ਪ੍ਰਤੀਕ ਹੈ। ਇਹ ਤੱਥ ਬਿਲਕੁਲ ਸਹੀ ਹੈ ਕਿ ਜਿਸ ਦਿਨ ਕੇਜਰੀਵਾਲ ਨੂੰ ਈਡੀ ਦੀ ਅੰਤ੍ਰਿਮ ਜ਼ਮਾਨਤ ਮਿਲੀ, ਉਸੇ ਦਿਨ ਉਸ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਕੇ ਉਹ ਕੁਝ ਕੀਤਾ ਜਿਸ ਲਈ ਸੀਬੀਆਈ ਦਾ ਰੁਤਬਾ ਪਿੰਜਰੇ ਵਿੱਚ ਕੈਦ ਤੋਤੇ ਸਮਾਨ ਸਿੱਧ ਹੋ ਗਿਆ। ਭਾਰਤੀ ਰਾਜਨੀਤੀ ਬਹੁਤ ਨੀਵੇਂ ਮਿਆਰ ’ਤੇ ਚਲੀ ਗਈ ਹੈ ਜਿੱਥੇ ਰਾਜ ਕਰਦੀ ਪਾਰਟੀ ਵਿਰੋਧੀਆਂ ਨੂੰ ਕੇਵਲ ਜੇਲ੍ਹ ਦੀ ਹੱਕਦਾਰ ਸਮਝਦੀ ਹੈ। ਹੁਣ ਸਥਾਈ ਨਿਯਮ ਬਣ ਜਾਵੇਗਾ ਕਿ ਜੇਲ੍ਹ ਅਸਾਧਾਰਨ ਕੇਸ ਵਿੱਚ ਹੈ ਅਤੇ ਜ਼ਮਾਨਤ ਨਿਯਮ ਹੈ। ਰਾਜਨੀਤਕ ਵਿਰੋਧੀ ਨੇਤਾਵਾਂ ਦੇ ਹੁਣ ਤਾਂ ਮਹੀਨਿਆਂ ਤੱਕ ਕੈਦ ਵਿੱਚ ਲੰਘਾ ਦਿੱਤੇ ਗਏ ਹਨ ਜਦੋਂਕਿ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਉੱਜਲ ਭੂਈਆਂ ਨੇ ਕਿਹਾ ਹੈ-ਕਿਸੇ ਦੀ ਇੱਕ ਦਿਨ ਦੀ ਆਜ਼ਾਦੀ ਖੋਹਣਾ ਵੀ ਅਨਿਆਂ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਯਾਦਾਂ ਦੇ ਝਰੋਖੇ ’ਚੋਂ
ਨਜ਼ਰੀਆ ਪੰਨੇ ’ਤੇ 13 ਸਤੰਬਰ ਨੂੰ ਡਾ. ਇਕਬਾਲ ਸਿੰਘ ਸਕਰੌਦੀ ਦਾ ਮਿਡਲ ਪੜ੍ਹਿਆ। ਇਹ ਮਿਡਲ ਮੈਨੂੰ ਵਧੀਆ ਲੱਗਿਆ। ਇਸ ਵਿੱਚ ਪ੍ਰੋਫੈਸਰ ਦੁਆਰਾ ਲੜਕੀ ਦੀ ਨੌਕਰੀ ਲੈਣ ਵਿੱਚ ਮਦਦ ਕੀਤੀ ਗਈ। ਉਹ ਅੰਗਰੇਜ਼ੀ ਦੀ ਅਧਿਆਪਕ ਲੱਗ ਜਾਂਦੀ ਹੈ, ਉਸ ਦਾ ਵਿਆਹ ਵੀ ਪ੍ਰੋਫੈਸਰ ਲੱਗੇ ਮੁੰਡੇ ਨਾਲ ਹੋ ਜਾਂਦਾ ਹੈ ਪਰ ਅੰਤ ਵਿੱਚ ਲੜਕੀ ਵੱਲੋਂ ਲੇਖਕ ਤੇ ਉਸ ਦੀ ਪਤਨੀ ਦਾ ਨੰਬਰ ਬਲੌਕ ਕੀਤੇ ਜਾਣ ’ਤੇ ਵੀ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਹੁੰਦੀ ਹੈ। ਇਸ ਮਿਡਲ ਤੋਂ ਸਿੱਖਿਆ ਵੀ ਮਿਲਦੀ ਹੈ ਕਿ ਸਾਨੂੰ ਬਿਨਾਂ ਕੋਈ ਆਸ ਰੱਖਿਆਂ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਜਸਦੀਪ ਕੌਰ, ਜੌਹਲਾਂ (ਲੁਧਿਆਣਾ)
(2)
ਅਖ਼ਬਾਰ ਦਾ ਨਿਯਮਤ ਪਾਠਕ ਹਾਂ ਤੇ ਮੇਰੀ ਰੂਹ ਨੂੰ ਸਕੂਨ ਮਿਡਲ ਪੜ੍ਹ ਕੇ ਹੀ ਆਉਂਦਾ ਹੈ, ਪਰ ਅੱਜ ਡਾ. ਇਕਬਾਲ ਸਿੰਘ ਸਕਰੌਦੀ ਦਾ ਮਿਡਲ ‘ਯਾਦਾਂ ਦੇ ਝਰੋਖੇ ’ਚੋਂ’ ਪੜ੍ਹ ਕੇ ਆਨੰਦ ਦੇ ਨਾਲ ਮਨ ਮਸੋਸਿਆ ਵੀ ਗਿਆ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਕਿੰਨੇ ਅਕ੍ਰਿਤਘਣ ਹੋ ਗਏ ਨੇ ਜੋ ਆਪਣੇ ’ਤੇ ਕਿਸੇ ਵੱਲੋਂ ਕੀਤੇ ਗਏ ਅਹਿਸਾਨ ਨੂੰ ਕਿੰਨੀ ਜਲਦੀ ਭੁੱਲ ਜਾਂਦੇ ਹਨ। ਉਸ ਲੜਕੀ ਦੀ ਭੱਦਰਪੁਰਸ਼ ਲੇਖਕ ਨੇ ਮਦਦ ਕੀਤੀ ਪਰ ਉਸ ਨੇ ਆਪਣੀ ਕਾਮਯਾਬੀ ਤੋਂ ਬਾਅਦ ਇਨ੍ਹਾਂ ਦੇ ਫੋਨ ਨੰਬਰ ਹੀ ਬਲੌਕ ਕਰ ਦਿੱਤੇ। ਸਚਮੁੱਚ ਇਹ ਲਿਖਤ ਮਨ ਨੂੰ ਝੰਜੋੜਦੀ ਹੈ। ਇਸ ਲਈ ਲੇਖਕ ਵਧਾਈ ਦਾ ਪਾਤਰ ਹੈ।
ਗੁਰਚਰਨ ਸਿੰਘ ਗੁਣੀਕੇ, ਪਟਿਆਲਾ
ਜਾਤਾਂ ਦਾ ਵਰਗੀਕਰਨ
‘ਨਜ਼ਰੀਆ’ ਸਫ਼ੇ ’ਤੇ 3 ਸਤੰਬਰ ਨੂੰ ਡਾ. ਮੋਨਿਕਾ ਸੱਭਰਵਾਲ ਦਾ ਲੇਖ ‘ਉਪ-ਵਰਗੀਕਰਨ ਅਤੇ ਜਾਤੀ ਦਰਜਾਬੰਦ ਨਾਬਰਾਬਰੀ ਦਾ ਸਵਾਲ’ ਪੜ੍ਹ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਬਾਰੇ ਤਾਂ ਪਤਾ ਲੱਗਿਆ ਤੇ ਨਾਲ ਹੀ ਜਾਤਾਂ ਵਿਚਲੀ ਵੰਡ ਤੇ ਇਸ ਦੇ ਉਪ ਵਰਗੀਕਰਨ ਬਾਰੇ ਜਾਣਕਾਰੀ ਮਿਲੀ। ਲੇਖਕਾ ਅਨੁਸਾਰ ਰਾਖਵਾਂਕਰਨ ਨੀਤੀ ਸਰਕਾਰੀ ਨੌਕਰੀਆਂ ਦੇ ਨਾਲ ਨਿੱਜੀ ਖੇਤਰ ਵਿੱਚ ਵੀ ਲਾਗੂ ਕਰਨ ਦੀ ਜ਼ਰੂਰਤ ਹੈ। ਅੰਬੇਡਕਰ ਨੇ ਅੰਤਰਜਾਤੀ ਵਿਆਹ ਜਿਹੇ ਨੁਕਤੇ ਦੱਸੇ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਉਹ ਉਸ ਵਿਆਹ ਵਿੱਚ ਹੀ ਜਾਣਗੇ ਜੋ ਅੰਤਰਜਾਤੀ ਹੋਵੇ। ਫਿਰ ਵੀ ਜਾਤ ’ਤੇ ਆਧਾਰਿਤ ਭੇਦਭਾਵ ਆਮ ਗੱਲ ਹੈ। ਜਾਤੀ ਸੂਚਕ ਸ਼ਬਦ ਆਮ ਹੀ ਸੁਣਨ ਨੂੰ ਮਿਲਦੇ ਹਨ। ਪਹਿਲੀ ਸਤੰਬਰ ਨੂੰ ਹੀ ਪੰਨਾ 10 ’ਤੇ ‘ਕ੍ਰਿਕਟ ਕੋਚ ਨੇ ਲੜਕੇ ਨਾਲ ਜਾਤ ਦੇ ਆਧਾਰ ’ਤੇ ਕੀਤਾ ਵਿਤਕਰਾ’ ਖ਼ਬਰ ਪੜ੍ਹ ਕੇ ਦੁੱਖ ਹੋਇਆ। ਰਾਖਵਾਂਕਰਨ ਜਾਤੀ ਵਿਤਕਰਾ ਦੂਰ ਕਰਨ ਵਿੱਚ ਸਹਾਈ ਹੈ। ਪੰਜਾਬ ਦੇ ਵਾਲਮੀਕੀ ਭਾਈਚਾਰੇ ਨੂੰ ਅਗਾਂਹ ਵਧਣ ਮੌਕਾ ਮਿਲੇਗਾ, ਜਿਹੜੇ ਸਦੀਆਂ ਤੋਂ ਅਣਮਨੁੱਖੀ ਕੰਮ ਕਰਦੇ ਆ ਰਹੇ ਹਨ। ਉਪ ਜਾਤਾਂ ਦੇ ਇਤਿਹਾਸ ਬਾਰੇ ਇਹ ਸਾਂਭਣ ਵਾਲਾ ਲੇਖ ਹੈ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)
ਗਊ ਰਾਖੇ ਅਤੇ ਪੁਲੀਸ
13 ਸਤੰਬਰ ਦੇ ਅੰਕ ਵਿੱਚ ਜੇ.ਐਫ. ਰਿਬੇਰੋ ਦਾ ਲੇਖ ਪੜ੍ਹਿਆ ਜਿਸ ਵਿੱਚ ਉਨ੍ਹਾਂ ਨੇ ਹਰਿਆਣਾ ਦੇ ਭਾਜਪਾ ਰਾਜ ਵਿੱਚ ਅਖੌਤੀ ਗਊ ਰਾਖਿਆਂ ਵੱਲੋਂ ਨਿਰਦੋਸ਼ ਨੌਜਵਾਨਾਂ ਉੱਪਰ ਕੀਤੇ ਜਾ ਰਹੇ ਜ਼ੁਲਮਾਂ ਅਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਬਾਬਤ ਦੱਸਿਆ ਹੈ। ਅਸਲ ਵਿੱਚ ਇਹ ਇਕੱਲੇ ਹਰਿਆਣਾ ਵਿੱਚ ਹੀ ਨਹੀਂ ਸਗੋਂ ਭਾਜਪਾ ਸ਼ਾਸਿਤ ਹਰ ਰਾਜ ਜਿਵੇਂ ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਆਦਿ ਵਿੱਚ ਹੋ ਰਿਹਾ ਹੈ। ਪੁਲੀਸ ਵੱਲੋਂ ਇਨ੍ਹਾਂ ਗਊ ਰਾਖਿਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਗ਼ੈਰ-ਸਮਾਜੀ ਅਨਸਰ ਹੁੰਦੇ ਹਨ, ਨੂੰ ਖੁੱਲ੍ਹੀ ਛੁੱਟੀ ਦੇ ਕੇ ਸੱਤਾਧਾਰੀ ਧਿਰ ਦਾ ਮਕਸਦ ਪੂਰਿਆ ਜਾਂਦਾ ਹੈ।
ਪੁਲੀਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੌਕਾ ਸੰਭਾਲ ਲੈਣ। ਸਿਆਸਤਦਾਨਾਂ ਦਾ ਕੁਝ ਨਹੀਂ ਜਾਵੇਗਾ, ਭੁਗਤਣਾ ਇਨ੍ਹਾਂ ਨੂੰ ਹੀ ਪਵੇਗਾ। ਜੇ ਯਕੀਨ ਨਹੀਂ ਆਉਂਦਾ ਤਾਂ ਪੰਜਾਬ ਪੁਲੀਸ ਦੇ ਉਨ੍ਹਾਂ ਅਧਿਕਾਰੀਆਂ ਵੱਲ ਦੇਖ ਲੈਣ ਜੋ ਆਪਣੀਆਂ ਅਜਿਹੀਆਂ ਗ਼ਲਤੀਆਂ ਕਾਰਨ ਹੀ ਜੇਲ੍ਹ ਕੱਟ ਰਹੇ ਹਨ।
ਅਵਤਾਰ ਸਿੰਘ, ਮੋਗਾ