For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:20 AM Sep 13, 2024 IST
ਪਾਠਕਾਂ ਦੇ ਖ਼ਤ
Advertisement

ਬਣੀ ਰਹੇ ਸਾਂਝ
‘ਨਜ਼ਰੀਆ’ ਪੰਨੇ ’ਤੇ 12 ਸਤੰਬਰ ਨੂੰ ਛਪੇ ਸ਼ਿਵੰਦਰ ਕੌਰ ਦੇ ਮਿਡਲ ‘ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ’ ਵਿੱਚ ਪੰਜਾਬ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਬਾਰੇ ਦੱਸਿਆ ਗਿਆ ਹੈ। ਇਹ ਮਿਡਲ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਤੇ ਪਾਕਿਸਤਾਨ ਬਾਰੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ। ਇਸ ਵਿੱਚ ਪੰਜਾਬ ਅਤੇ ਪਾਕਿਸਤਾਨ ਦੀਆਂ ਸਭ ਸਾਂਝੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਬਾਰੇ ਚਾਨਣਾ ਪਾਇਆ ਗਿਆ ਹੈ।
ਹਰਜੋਤ ਕੌਰ, ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)

Advertisement


(2)
‘ਨਜ਼ਰੀਆ’ ਪੰਨੇ ’ਤੇ ਸ਼ਿਵੰਦਰ ਕੌਰ ਦੀ ਰਚਨਾ ਪੜ੍ਹਦਿਆਂ ਸੋਚਦਾ ਹਾਂ ਕਿ ਭਾਰਤ-ਪਾਕਿਸਤਾਨ ਵੰਡ ਨੂੰ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਦੋਂ ਦੇ ਜੰਮੇ ਜਾਏ ਭੁਲਾ ਨਹੀਂ ਸਕੇ। ਜਿਹੜੇ ਜਿਊਂਦੇ ਨੇ ਉਨ੍ਹਾਂ ਨੂੰ ਅੱਜ ਵੀ ਆਪਣੀ ਮਿੱਟੀ ਦਾ ਮੋਹ ਆਉਂਦਾ ਹੈ। ਜਿਨ੍ਹਾਂ ਉਜਾੜਾ ਹੰਢਾਇਆ ਹੈ, ਉਨ੍ਹਾਂ ਪਰਿਵਾਰਾਂ ਦੀਆਂ ਨਵੀਆਂ ਪੀੜ੍ਹੀਆਂ ਵੀ ਉਸ ਪੀੜ ਤੋਂ ਵਾਕਫ਼ ਹਨ। ਸਰਹੱਦ ਦੇ ਦੋਵੇਂ ਪਾਸੇ ਲੋਕ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਨ।
ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement


ਭ੍ਰਿਸ਼ਟਾਚਾਰੀਆਂ ਦੀ ਸੂਚੀ
‘ਪੰਜਾਬੀ ਟ੍ਰਿਬਿਊਨ’ ਦੇ 11 ਸਤੰਬਰ ਦੇ ਅੰਕ ਵਿੱਚ ਮੁੱਖ ਸੁਰਖ਼ੀ ਪੜ੍ਹੀ ਜਿਸ ਅਨੁਸਾਰ ਗ੍ਰਹਿ ਵਿਭਾਗ ਪੁਲੀਸ ਮਹਿਕਮੇ ਵਿਚਲੀਆਂ ਕਾਲੀਆਂ ਭੇਡਾਂ ਦੀ ਸ਼ਨਾਖ਼ਤ ਕਰੇਗਾ। ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਸਰਕਾਰਾਂ ਲੋਕਾਂ ਨੂੰ ਖ਼ੁਸ਼ ਕਰਨ ਲਈ ਅਜਿਹੇ ਪਰਪੰਚ ਕਰਦੀਆਂ ਹੀ ਹਨ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਬਥੇਰੇ ਕਮਿਸ਼ਨ/ਕਮੇਟੀਆਂ ਬਣਾਈਆਂ ਪਰ ਨਤੀਜਾ ਕੁਝ ਨਹੀਂ ਨਿਕਲਿਆ। ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਰਹੀ ਹੈ, ਜੋ ਕਿ ਪੰਜਾਬ ਕੇਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਨ੍ਰਿਪਇੰਦਰ ਸਿੰਘ ਰਤਨ ਨੇ ਆਪਣੀ ਇੱਕ ਕਿਤਾਬ ਵਿੱਚ ਦਰਜ ਕੀਤੀ ਹੈ। ਉਸ ਘਟਨਾ ਮੁਤਾਬਿਕ ਰਤਨ ਹੋਰੀਂ ਜਦੋਂ ਅਜੇ ਨੌਕਰੀ ਦੇ ਪ੍ਰੋਬੇਸ਼ਨ ’ਚ ਸਨ ਤਾਂ ਉਸ ਵਕਤ ਦੇ ਗ੍ਰਹਿ ਸਕੱਤਰ ਨੇ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ ਬੈਠਕ ਸੱਦੀ। ਗ੍ਰਹਿ ਸਕੱਤਰ ਨੇ ਹੁਕਮ ਕੀਤਾ ਕਿ ਪੁਲੀਸ ਦੀਆਂ ਕਾਲੀਆਂ ਭੇਡਾਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਇੱਕ ਜੂਨੀਅਰ ਆਈਪੀਐੱਸ ਅਧਿਕਾਰੀ ਨੇ ਉੱਠ ਕੇ ਕਿਹਾ ਕਿ ਸਰ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਤਿਆਰ ਕਰਨ ਨੂੰ ਤਾਂ ਕਾਫ਼ੀ ਦੇਰ ਲੱਗੇਗੀ ਕਿਉਂ ਨਾ ਆਪਾਂ ਇਮਾਨਦਾਰ ਅਫਸਰਾਂ ਦੀ ਸੂਚੀ ਬਣਾ ਲਈਏ, ਉਹ ਬਹੁਤ ਜਲਦੀ ਬਣ ਜਾਵੇਗੀ ਅਤੇ ਤੁਹਾਡਾ ਮੰਤਵ ਵੀ ਪੂਰਾ ਹੋ ਜਾਏਗਾ। ਸਥਿਤੀ ਅੱਜ ਵੀ ਉਹੀ ਹੈ।
ਅਵਤਾਰ ਸਿੰਘ, ਮੋਗਾ


ਨਵਾਂ ਹੀ ਪੰਗਾ
ਨਜ਼ਰੀਆ ਪੰਨੇ (11 ਸਤੰਬਰ) ’ਤੇ ਬਲਰਾਜ ਸਿੰਘ ਸਿੱਧੂ ਦੀ ਰਚਨਾ ‘ਨਵਾਂ ਹੀ ਪੰਗਾ ਪੈ ਚੱਲਿਆ ਸੀ’ ਪਸੰਦ ਆਈ। ਲੇਖਕ ਨੇ ਹੱਡਬੀਤੀ ਪੇਸ਼ ਕੀਤੀ ਹੈ। ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਪੁਲੀਸ ਜਾਂ ਹੁਕਮਰਾਨਾਂ ਦੀ ਛਤਰਛਾਇਆ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਇਸੇ ਤਰ੍ਹਾਂ ਦੇ ਗ਼ੈਰ-ਕਾਨੂੰਨੀ ਧੰਦਿਆਂ ਵਿੱਚ ਅਫਸਰਾਂ ਜਾਂ ਵੱਡੇ ਸਿਆਸਤਦਾਨਾਂ ਦਾ ਹੱਥ ਹੁੰਦਾ ਹੈ। ਕੋਈ ਵਿਰਲੇ ਅਫਸਰ ਹੀ ਹੁੰਦੇ ਹਨ ਜੋ ਅਜਿਹੇ ਅਨਸਰਾਂ ਨੂੰ ਹੱਥ ਪਾਉਂਦੇ ਹਨ।
ਬਿਕਰਮਜੀਤ ਸਿੰਘ, ਭਾਦਸੋਂ


ਵੇਈਂ ਦਾ ਸੰਤਾਪ
‘ਪੰਜਾਬੀ ਟ੍ਰਿਬਿਊਨ’ ਵਿੱਚ 10 ਸਤੰਬਰ ਨੂੰ ਸਫ਼ਾ 2 ’ਤੇ ਲੱਗੀ ਖ਼ਬਰ ‘ਚਿੱਟੀ ਵੇਈਂ ਦਾ ਕਾਲਾ ਸੰਤਾਪ ਹੰਢਾ ਰਹੇ ਨੇ ਦੁਆਬੇ ਦੇ ਲੋਕ’ ਪੜ੍ਹ ਕੇ ਪਤਾ ਲੱਗਿਆ ਕਿ ਦੁਆਬੇ ਦੇ ਵਿਚਕਾਰੋਂ ਲੰਘਦੀ ਚਿੱਟੀ ਵੇਈਂ ਕਿੰਨਾ ਪ੍ਰਦੂਸ਼ਣ ਵਾਲਾ ਪਾਣੀ ਆਪਣੇ ਨਾਲ ਵਹਾ ਕੇ ਸਤਲੁਜ ਦਰਿਆ ਵਿੱਚ ਪਾ ਰਹੀ ਹੈ। ਇਸ ਖ਼ਬਰ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਖ਼ਬਰ ਬਹੁਤ ਹੀ ਜਾਣਕਾਰੀ ਭਰਪੂਰ ਸੀ। ਅਜਿਹੀਆਂ ਲੋਕ ਪੱਖੀ ਸਮੱਸਿਆਵਾਂ ਛਾਪਣ ਲਈ ‘ਪੰਜਾਬੀ ਟ੍ਰਿਬਿਊਨ’ ਵਧਾਈ ਦਾ ਹੱਕਦਾਰ ਹੈ।
ਜਸਬੀਰ ਸਿੰਘ ਸੰਧੂ, ਜਮਸ਼ੇਰ ਖ਼ਾਸ (ਜਲੰਧਰ)


ਪੰਜਾਬ ਦੀ ਮਾਲੀ ਹਾਲਤ ਵਿਗੜੀ
10 ਸਤੰਬਰ ਦੇ ਅੰਕ ’ਚ ‘ਖ਼ਬਰਨਾਮਾ’ ਪੰਨੇ ’ਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਵਧਣ ਖ਼ਿਲਾਫ਼ ਪਟਿਆਲਾ ਵਿੱਚ ਸੂਬਾ ਪੱਧਰੀ ਮੁਜ਼ਾਹਰਾ ਕਰਨ ਦੀ ਖ਼ਬਰ ਸੀ। ਸਾਰੇ ਸਿਆਸੀ ਆਗੂਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਬਜਟ ਦਾ ਵੱਡਾ ਹਿੱਸਾ ਕਰਜ਼ੇ ਦੇ ਵਿਆਜ ਦੀ ਭੇਟ ਚੜ੍ਹ ਰਿਹਾ ਹੈ। ਕਾਫ਼ੀ ਸਾਲਾਂ ਤੋਂ ਖੇਤੀ ਨੂੰ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਨੇ ਪੰਜਾਬ ਦੀ ਮਾਲੀ ਹਾਲਤ ਵਿਗਾੜ ਕੇ ਰੱਖ ਦਿਤੀ ਹੈ। ਰਹਿੰਦੀ- ਖੂੰਹਦੀ ਕਸਰ ਹੁਣ ਘਰਾਂ ਨੂੰ 600 ਯੂਨਿਟ ਦੀ ਸਬਸਿਡੀ ਨੇ ਪੂਰੀ ਕਰ ਦਿੱਤੀ ਹੈ। ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੂੰ ਵੱਡੇ ਖੇਤਾਂ ਨੂੰ ਬਿਜਲੀ ਸਬਸਿਡੀ ਬੰਦ ਕਰਨ, ਬਿਜਲੀ ਚੋਰੀ ਰੋਕਣ, ਔਰਤਾਂ ਲਈ ਬੱਸਾਂ ਦੇ ਮੁਫ਼ਤ ਸਫ਼ਰ ਦੀ ਸਹੂਲਤ ਬੰਦ ਕਰਨ, ਇਸ਼ਤਿਹਾਰਬਾਜ਼ੀ ’ਤੇ ਕੀਤਾ ਬੇਤਹਾਸ਼ਾ ਸਰਕਾਰੀ ਖਰਚ ਆਦਿ ਗੱਲਾਂ ਲਈ ਰੋਸ ਮੁਜ਼ਾਹਰੇ ਕਰਨੇ ਚਾਹੀਦੇ ਹਨ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਾਈਨਿੰਗ, ਰੇਤ ਰਾਹੀਂ ਪੰਜਾਬ ਦੀ ਆਮਦਨ ਵਧਾਉਣ ਦੇ ਕੀਤੇ ਗਏ ਵਾਅਦੇ ਯਾਦ ਕਰਾਉਣ ਲਈ ਵੀ ਧਰਨੇ ਲਾਉਣੇ ਪੰਜਾਬ ਦੇ ਹਿੱਤ ਵਿੱਚ ਜ਼ਿਆਦਾ ਠੀਕ ਰਹਿਣਗੇ।
ਸੋਹਣ ਲਾਲ ਗੁਪਤਾ, ਪਟਿਆਲਾ


ਕਿਸ ਕਰਵਟ ਬੈਠੇਗਾ ਚੁਣਾਵੀ ਊਠ
ਹਰਿਆਣੇ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਤਿੰਨ ਪਾਸਿਆਂ ਤੋਂ ਵਲਿਆ ਹੋਇਆ ਹੈ। ਭਾਜਪਾ, ‘ਆਪ’ ਤੇ ਕਾਂਗਰਸ ਲਈ ਹਰਿਆਣਾ ਉੱਚਾ ਸਿਆਸੀ ਚੁਬਾਰਾ ਹੈ। ਇਹ ਵੀ ਸੱਚ ਹੈ ਕਿ ਆਇਆ ਰਾਮ, ਗਿਆ ਰਾਮ ਵੀ ਹਰਿਆਣੇ ਦੀ ਹੀ ਰਾਜਨੀਤਕ ਖੋਜ ਅਤੇ ਦੇਸ਼ ਨੂੰ ਦੇਣ ਹੈ। ਕਿਸਾਨ ਅੰਦੋਲਨ ਕਰਕੇ ਹਰਿਆਣੇ ਦੇ ਵੋਟਰ ਪੂਰੇ ਜਾਗਰੂਕ ਅਤੇ ਸੁਚੇਤ ਹਨ। ਐਤਕੀਂ ਚੋਣ ਨਤੀਜੇ ਗੱਠਜੋੜ ਉੱਤੇ ਨਹੀਂ ਸਗੋਂ ਬੇਰੁਜ਼ਗਾਰੀ, ਮਹਿੰਗਾਈ ਅਤੇ ਸਥਾਨਕ ਸਿਵਲ ਪ੍ਰਬੰਧਨ ਉੱਤੇ ਨਿਰਭਰ ਕਰਨਗੇ। ਪੱਕਾ ਪਤਾ ਤਾਂ ਅੱਠ ਅਕਤੂਬਰ ਦੇ ਨਤੀਜਿਆਂ ਮਗਰੋਂ ਹੀ ਲੱਗੇਗਾ ਕਿ ਹਰਿਆਣਵੀ ਊਠ ਕਿਸ ਕਰਵਟ ਬੈਠਦਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ


ਸੁਚੇਤ ਕਰਦਾ ਲੇਖ
7 ਸਤੰਬਰ ਦੇ ਅਖ਼ਬਾਰ ਵਿੱਚ ਗੁਰਚਰਨ ਸਿੰਘ ਨੂਰਪੁਰ ਦਾ ਇਸ ਵਿਸ਼ੇ ’ਤੇ ਲਿਖਿਆ ਲੇਖ ਬਹੁਤ ਹੀ ਵਧੀਆ ਤੇ ਦਿਲਾਂ ਨੂੰ ਝੰਜੋੜ ਦੇਣ ਵਾਲਾ ਸੀ। ਲੇਖਕ ਨੇ ਸੰਜੀਦਾ ਤਰੀਕੇ ਨਾਲ ਬਿਆਨ ਕੀਤਾ ਹੈ ਕਿ ਕਿਵੇਂ ਤਰੱਕੀ ਦੇ ਨਾਂ ਹੇਠ ਖੇਤੀ ਵਾਲੀ ਉਪਜਾਊ ਜ਼ਮੀਨ ਨੂੰ ਹਾਈਵੇਅ/ਨੈਸ਼ਨਲ ਹਾਈਵੇਅ ਦੇ ਨਾਮ ਹੇਠ ਅਜ਼ਾਰੇਦਾਰੀ ਕਾਇਮ ਕਰਨ ’ਤੇ ਉਤਾਰੂ ਹੈ। ਨਾ ਉਨ੍ਹਾਂ ਨੂੰ ਜੰਗਲਾਂ ਦੀ ਕੋਈ ਪਰਵਾਹ ਹੈ ਤੇ ਨਾ ਹੀ ਰੁੱਖਾਂ ਦੀ ਚਿੰਤਾ ਹੈ। ਕੇਵਲ ਪੈਸਾ ਖ਼ਰਚ ਕੇ ਜ਼ਮੀਨਾਂ ਨੂੰ ਸੀਮਿੰਟ ਬਜਰੀ ਨਾਲ ਰੋਕ ਕੇ ਉਪਜਾਊ ਧਰਤੀ ’ਤੇ ਬਹੁਤ ਤੇਜ਼ੀ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਜਦੋਂਕਿ ਆਮ ਲੋਕਾਂ ਨੂੰ ਇਸ ਤੋਂ ਕੋਈ ਲਾਭ ਨਹੀਂ ਹੋਣਾ। ਵੱਡੇ ਵੱਡੇ ਟੌਲ ਪਲਾਜ਼ੇ ਵੀ ਸਰਮਾਏਦਾਰਾਂ ਨੇ ਲਗਾਉਣੇ ਹਨ। ਹਰ ਰੋਜ਼ ਪਹਾੜਾਂ ’ਚ ਲੈਂਡ ਸਲਾਈਡਿੰਗ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ। ਬਰਸਾਤਾਂ ਬਹੁਤ ਹੀ ਭਿਆਨਕ ਤਬਾਹੀ ਲੈ ਕੇ ਆ ਰਹੀਆਂ ਹਨ ਪਰ ਇਹ ਸਰਮਾਏਦਾਰ ਲੋਕ ਸੰਸਾਰ ਭਰ ਵਿੱਚ ਚਹੁੰ-ਮਾਰਗੀ, ਛੇ-ਮਾਰਗੀ ਸੜਕਾਂ ਤੇ ਵੱਡੇ ਵੱਡੇ ਪੁਲ ਉਸਾਰ ਕੇ ਕੁਦਰਤ ਦੇ ਸੰਤੁਲਨ ਨੂੰ ਬੜੀ ਤੇਜ਼ੀ ਨਾਲ ਵਿਗਾੜ ਰਹੇ ਹਨ। ਸਾਰੇ ਵਿਸ਼ਵ ਨੂੰ ਇਨ੍ਹਾਂ ਨੇ ਲਪੇਟੇ ਵਿੱਚ ਲੈ ਲਿਆ ਹੈ ਜਿਸ ਨਾਲ ਭਾਰਤ, ਬੰਗਲਾਦੇਸ਼, ਪਾਕਿਸਤਾਨ ਤੇ ਸ੍ਰੀਲੰਕਾ ਵਰਗੇ ਦੇਸ਼ ਹੋਰ ਕੰਗਾਲੀ ਵੱਲ ਵਧ ਰਹੇ ਹਨ ਅਤੇ ਹਰ ਰੋਜ਼ ਤਬਾਹੀ ਦੀਆਂ ਖ਼ਬਰਾਂ ਵੇਖਣ ਤੇ ਸੁਣਨ ਨੂੰ ਮਿਲਦੀਆਂ ਹਨ। ਇਸ ਤਬਾਹੀਕੁਨ ਚਲਣ ਨੂੰ ਨੱਥ ਪਾਉਣ ਦੀ ਲੋੜ ਹੈ ਜੋ ਹਾਲ ਦੀ ਘੜੀ ਮੁਸ਼ਕਿਲ ਜਾਪਦੀ ਹੈ। ਵਿਸ਼ਵ ਤਬਾਹੀ ਵੱਲ ਵਧ ਰਿਹਾ ਹੈ ਜਿਸ ਤੋਂ ਲੇਖਕ ਨੇ ਸੁਚੇਤ ਕੀਤਾ ਹੈ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)


ਹੋਂਦ ਦਾ ਸੰਕਟ
ਵੀਰਵਾਰ, 12 ਸਤੰਬਰ 2024 ਨਜ਼ਰੀਆ ਪੰਨੇ ’ਤੇ ਅਰੁਣ ਮੈਰਾ ਦਾ ਲੇਖ ‘ਆਲਮੀ ਸਮੱਸਿਆਵਾਂ ਦਾ ਮੁਕਾਮੀ ਹੱਲ’ ਮਾਨਵਤਾ ਸਾਹਮਣੇ ਖੜ੍ਹੇ ਹੋਂਦ ਦੇ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਾ ਹੈ। ਤਰੱਕੀ ਦੀ ਲਾਲਸਾ ਵਿੱਚ ਕੁਦਰਤ ਨਾਲ ਛੇੜਛਾੜ ਕਰਕੇ ਤਕਨਾਲੋਜੀ ਦੇ ਜ਼ਰੀਏ ਵਿਕਾਸ ਦੇ ਨਤੀਜੇ ਵਜੋਂ ਸਮਾਜਿਕ ਤਾਣੇ-ਬਾਣੇ ਵਿੱਚ ਬੜੇ ਬਦਲਾਅ ਹੁੰਦੇ ਹਨ। ਅਨੇਕਾਂ ਖ਼ਤਰੇ ਮਨੁੱਖ ਦੇ ਸਾਹਮਣੇ ਆਣ ਖਲੋਂਦੇ ਹਨ। ਮਨੁੱਖ ਜਾਤੀ ਨੂੰ ਖ਼ਤਰਿਆਂ ਦੀ ਪਛਾਣ ਕਰਕੇ ਉਨ੍ਹਾਂ ਨਾਲ ਨਜਿੱਠਣਾ ਚਾਹੀਦਾ ਹੈ। ਅਸੀਂ ਵਾਤਾਵਰਨ ਦੇ ਹੋ ਰਹੇ ਨੁਕਸਾਨ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਇਸ ਤੋਂ ਬਿਨਾਂ ਆਰਥਿਕ, ਰਾਜਨੀਤਕ ਕਾਰਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਮੱਸਿਆਵਾਂ ਨੇ ਮਨੁੱਖੀ ਸਿਹਤ ਦਾ ਵੀ ਘਾਣ ਕੀਤਾ ਹੈ। ਅੱਜ ਮਨੁੱਖ ਅਨੇਕਾਂ ਮਾਰੂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਮਨੁੱਖੀ ਮਨਾਂ ਵਿੱਚ ਫੈਲੀ ਨਫ਼ਰਤ ਦੀ ਭਾਵਨਾ ਨਾਲ ਜੰਗਾਂ ਯੁੱਧਾਂ ਕਰਕੇ ਕਰਕੇ ਦੇਸ਼ਾਂ ਦੀ ਸ਼ਾਂਤੀ ਭੰਗ ਹੁੰਦੀ ਹੈ। ਕੁਦਰਤ, ਤਕਨਾਲੋਜੀ ਅਤੇ ਵਿਕਾਸ ਵਿੱਚ ਤਾਲਮੇਲ ਜ਼ਰੂਰੀ ਹੈ। ਨਹੀਂ ਤਾਂ ਪੂਰੀ ਮਾਨਵਤਾ ਦੀ ਹੋਂਦ ਖ਼ਤਰੇ ਵਿੱਚ ਹੀ ਦਿਖਾਈ ਦਿੰਦੀ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)

Advertisement
Author Image

joginder kumar

View all posts

Advertisement