ਪਾਠਕਾਂ ਦੇ ਖ਼ਤ
ਕੀਮਤਾਂ ’ਚ ਵਾਧਾ
7 ਸਤੰਬਰ ਦੀ ਸੰਪਾਦਕੀ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਪੈਟਰੋਲੀਅਮ ਰੇਟ ’ਚ ਵਾਧੇ ਨੂੰ ਜਾਇਜ਼ ਦੱਸਣਾ ਚਾਹਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੱਤ ਕਿਲੋਵਾਟ ਬਿਜਲੀ ਲਈ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਅਤੇ ਪੈਟਰੋਲ ’ਤੇ 61 ਪੈਸੇ ਅਤੇ ਡੀਜ਼ਲ ’ਤੇ 92 ਪੈਸੇ ਵੈਟ (Value -added tax) ਵਧਾਉਣਾ ਮਜਬੂਰੀ ਹੈ ਕਿਉਂਕਿ ਵੱਡੀ ਰਕਮ ਦਹਾਕਿਆਂ ਤੋਂ ਪੁਰਾਣੀਆਂ ਪੰਜਾਬ ਸਰਕਾਰਾਂ ਵੱਲੋਂ ਲਏ ਕਰਜ਼ਿਆਂ ਨੂੰ ਮੋੜਨ ਲਈ ਦੇਣੀ ਪੈਂਦੀ ਹੈ! ਅਕਾਲੀਆਂ ਅਤੇ ਕਾਂਗਰਸੀਆਂ ਵੱਲੋਂ ਵਿਰੋਧ ਕਰਨਾ ਪਖੰਡ ਹੈ ਕਿਉਂਕਿ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਨੇ ਗ਼ਰੀਬਾਂ ਲਈ ਪਿੰਡਾਂ ’ਚ ਜਲ ਸਪਲਾਈ ਰੇਟ 90 ਰੁਪਏ ਤੋਂ ਹਰ ਸਾਲ ਵਧਾਉਂਦਿਆ 160 ਰੁਪਏ ਕਰ ਦਿੱਤਾ ਸੀ ਜੋ ਹੁਣ ਸਿਰਫ਼ 60 ਰੁਪਏ ਹੈ। ਆਗੂਆਂ ਦਾ ਸਰਕਾਰ ਨੂੰ ਖ਼ਰਚਾ ਘੱਟ ਕਰਨ ਦੀ ਸਲਾਹ ਦੇਣਾ ਆਪਣਾ ਮੂੰਹ ਨਾ ਦੇਖਣਾ ਹੈ! ਡੀਜ਼ਲ ਦੇ ਉਲਟ ਪੈਟਰੋਲ ਦੀ ਵੈਟ ਵੱਧ ਵਧਾਉਣੀ ਚਾਹੀਦੀ ਸੀ ਕਿਉਂਕਿ ਡੀਜ਼ਲ ਸਵਾਰੀਆਂ ਅਤੇ ਮਾਲ ਢੋਣ ਅਤੇ ਖੇਤੀ ਲਈ ਵਰਤਿਆ ਜਾਂਦਾ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਜਾਗਰੂਕਤਾ ਦੀ ਲੋੜ
7 ਸਤੰਬਰ ਦੇ ਨਜ਼ਰੀਏ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪੂੰਜੀਵਾਦੀ ਵਿਕਾਸ ਬਨਾਮ ਧਰਤੀ ਦੀ ਤਬਾਹੀ’ ਮਨੁੱਖ ਦੁਆਰਾ ਪੂੰਜੀਵਾਦ ਦੀ ਹਵਸ ਵਿੱਚ ਅੰਨ੍ਹਾ ਹੋ ਕੇ ਇਸ ਨੂੰ ਪਲੀਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਨੂੰ ਲਾਹਣਤਾਂ ਪਾਉਂਦਾ ਹੈ। ਸਾਡੇ ਸੂਰਜ ਮੰਡਲ ਦਾ ਇੱਕੋ-ਇੱਕ ਅਜਿਹਾ ਗ੍ਰਹਿ ਧਰਤੀ ਹੈ ਜਿਸ ’ਤੇ ਜੀਵਨ ਦੀ ਖ਼ੂਬਸੂਰਤ ਧਾਰਾ ਵਗਦੀ ਹੈ। ਪੂੰਜੀਵਾਦ ਦੇ ਇਸ ਦੌਰ ਵਿੱਚ ਅੰਨ੍ਹਾ ਹੋਇਆ ਮਨੁੱਖ ਆਪਣੇ ਮੁਨਾਫ਼ੇ ਲਈ ਇਸ ਦੇ ਕੁਦਰਤੀ ਸਰੋਤਾਂ ਖ਼ਾਸ ਕਰ ਕੇ ਪਾਣੀ, ਮਿੱਟੀ ਹਵਾ ਨੂੰ ਬੁਰੀ ਤਰ੍ਹਾਂ ਪਲੀਤ ਕਰ ਰਿਹਾ ਹੈ। ਵੱਡੇ ਕਾਰਪੋਰੇਟ ਘਰਾਣੇ ਜਿਨ੍ਹਾਂ ਦੇ ਸਿਰ ’ਤੇ ਦੇਸ਼ਾਂ ਦੀਆਂ ਸਰਕਾਰਾਂ ਚੱਲਦੀਆਂ ਹਨ, ਵੱਲੋਂ ਜ਼ਮੀਨ ਪ੍ਰਾਪਤੀ ਲਈ ਧਰਤੀ ’ਤੇ ਜੰਗਲ ਕੱਟੇ ਜਾ ਰਹੇ ਹਨ ਤੇ ਸਥਾਨਕ ਕਬੀਲਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਭਵਿੱਖ ਵਿੱਚ ਤੇਲ ਦੀ ਸਰਦਾਰੀ ਖ਼ਤਮ ਹੋਣ ਜਾ ਰਹੀ ਕਿਉਂਕਿ ਊਰਜਾ ਦੇ ਨਵੇਂ-ਨਵੇ ਸਰੋਤ ਇਜਾਦ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣੇ ਹੁਣੇ ਤੋਂ ਸਰਗਰਮ ਹੋ ਕੇ ਸਾਡੇ ਖਾਣ-ਪੀਣ ਤੇ ਜੀਵਨ ਦੀਆਂ ਹੋਰਨਾਂ ਉਪਯੋਗੀ ਲੋੜਾਂ ਵਿੱਚੋਂ ਆਪਣੇ ਮੁਨਾਫ਼ਿਆਂ ’ਤੇ ਅੱਖ ਟਿਕਾਈ ਬੈਠੇ ਹਨ। ਮਨੁੱਖੀ ਜੀਭ ਦੇ ਵੱਖੋ-ਵੱਖਰੇ ਪ੍ਰਯੋਗਾਂ ਰਾਹੀਂ ਸੁਆਦੀ ਖਾਣੇ ਤਿਆਰ ਕੀਤੇ ਜਾ ਰਹੇ ਹਨ ਪਰ ਪੌਸ਼ਟਿਕਤਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਲਿਫ਼ਾਫ਼ਾ ਬੰਦ ਭੋਜਨ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਕਾਰਪੋਰੇਟ ਘਰਾਣੇ ਅੱਗੇ ਦਵਾਈਆਂ ਵਿੱਚੋਂ ਆਪਣੇ ਮੁਨਾਫ਼ੇ ਕਮਾ ਰਹੇ ਹਨ। ਆਮ ਇਨਸਾਨ ਨੂੰ ਦੋ ਵਕਤ ਦੀ ਰੋਟੀ ਜੁੜਨੀ ਵੀ ਮੁਸ਼ਕਿਲ ਹੋ ਰਹੀ ਹੈ। ਅੱਜ ਪੂਰੀ ਦੁਨੀਆ ਵਿੱਚ ਕੂੜੇ-ਕਰਕਟ ਦੇ ਢੇਰ ਸਮੇਟਣ ਦੀ ਵੀ ਇੱਕ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਸੋ, ਸਮੇਂ ਦੀ ਮੰਗ ਹੈ ਕਿ ਦੁਨੀਆ ਭਰ ਦੇ ਬੁੱਧੀਜੀਵੀ ਇਸ ਵਿਸ਼ੇ ’ਤੇ ਲਿਖਣ, ਬੋਲਣ, ਇਨ੍ਹਾਂ ਵਰਤਾਰਿਆਂ ਨੂੰ ਸਮਝਣ ਤੇ ਹੋਰਨਾਂ ਨੂੰ ਜਾਗਰੂਕ ਕਰ ਕੇ ਸੰਸਾਰ ਪੱਧਰੀ ਮੁਹਿੰਮ ਚਲਾਉਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ’ਤੇ ਜੀਵਨ-ਧਾਰਾ ਅਨੰਦਮਈ ਮੌਲਦੀ ਰਹੇ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਡਿੱਗਦਾ ਕੌਮੀ ਚਰਿੱਤਰ
6 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜੂਲੀਓ ਰਿਬੇਰੋ ਦਾ ਲੇਖ ‘ਟੁੱਟਦੀਆਂ ਮੂਰਤੀਆਂ, ਡਿੱਗਦੇ ਮਿਆਰ...’ ਪੜ੍ਹਿਆ। ਲੇਖਕ ਨੇ ਸਾਡੇ ਸਿਆਸੀ ਨੇਤਾਵਾਂ ਦੀ ਉਦਘਾਟਨ ਕਰਨ ਦੀ ਕਾਹਲ ਅਤੇ ਉਨ੍ਹਾਂ ਦੇ ਚਮਚਿਆਂ ਦੀ ਇਸ ਕਾਹਲ ਨੂੰ ਅੰਜਾਮ ਦੇਣ ਦੀ ਸਾਂਝੀ ਬਿਰਤੀ ਦਾ ਹਸ਼ਰ ਬੜੇ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਛੇ ਫੁੱਟ ਦੀ ਮੂਰਤੀ ਨੂੰ 35 ਫੁੱਟ ਲੰਮੀ ਤਾਂ ਕੋਈ ਖ਼ਾਸ ਤਾਕਤਵਰ ਹੀ ਖਿੱਚ ਸਕਦਾ ਹੈ। ਪਿੰਡ ਕੋਲ ਦੀ ਜਾਂਦੀ ਸੌ ਸਾਲ ਤੋਂ ਵੱਧ ਪੁਰਾਣੀ ਨਹਿਰ ਦੇ ਪੁਲ ਹਾਲੇ ਵੀ ਆਪਣੇ ਉੱਤੋਂ ਦੀ ਓਵਰਲੋਡ ਬੱਸਾਂ, ਤੂੜੀ ਦੇ ਵਿਤੋਂ ਵੱਧ ਭਰੇ ਟਰੱਕ, ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪਿੰਡਾਂ ’ਚੋਂ ਟਰੱਕ ਟਰਾਲੀਆਂ ’ਚ ਤੂੜੇ ਸ਼ਰਧਾਲੂ, ਅਜੋਕੀਆਂ ਭਾਰੀ ਗੱਡੀਆਂ ਅਤੇ ਦਿਨ ਭਰ ਦੀ ਆਵਾਜਾਈ ਲੰਘਾਈ ਜਾਂਦੇ ਹਨ ਪਰ ਟੁੱਟੇ ਨਹੀਂ ਰਨ। ਇਨ੍ਹਾਂ ਕਿਨਾਰੇ ਕੋਈ ਉਦਘਾਟਨੀ ਪੱਥਰ ਵੀ ਕਦੇ ਨਜ਼ਰ ਨਹੀਂ ਆਇਆ। ਟੁੱਟਦੀਆਂ ਮੂਰਤੀਆਂ ਅਤੇ ਉਸਾਰੀ ਅਧੀਨ ਟੁੱਟ ਰਹੇ ਪੁਲ ਸਾਡੇ ਕੌਮੀ ਚਰਿੱਤਰ ਦੇ ਡਿੱਗਦੇ ਮਿਆਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਜਗਰੂਪ ਸਿੰਘ, ਉਭਾਵਾਲ
ਸੰਭਲਣ ਦਾ ਵੇਲਾ
6 ਸਤੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਨਜ਼ਰੀਆ ਪੰਨੇ ’ਤੇ ਕਰਨੈਲ ਸਿੰਘ ਸੋਮਲ ਨੇ ‘ਸੁੱਕ ਗਏ ਖੂਹਾਂ ਦੀ ਤ੍ਰਾਸਦੀ’ ਬੜੇ ਭਾਵੁਕ ਦਿਲ ਨਾਲ ਬਿਆਨ ਕੀਤੀ ਹੈ। ਪਾਣੀ ਦਾ ਬਹੁਤ ਵੱਡਾ ਸੰਕਟ ਕਿਵੇਂ ਅੰਨ੍ਹੇਵਾਹ ਵਰਤੋਂ ਜ਼ਮੀਨ ਹੇਠਲਾ ਪਾਣੀ ਸਵੱਛ ਅੰਮ੍ਰਿਤ ਵਰਗਾ, ਦੇਖਦਿਆਂ ਦੇਖਦਿਆਂ ਹੀ ਘਟਾ ਛੱਡਿਆ ਹੈ। ਪਹਿਲਾਂ ਘਰਾਂ ਦੇ ਹੱਥਾਂ ਨਾਲ ਗਿੜਦੇ ਨਲਕੇ ਸੁੱਕ ਗਏ ਤੇ ਫਿਰ ਭਰੀਆਂ ਰੌਣਕਾਂ ਵਾਲੇ ਗਿੜਦੇ ਖੂਹ ਵੀ ਸਾਥ ਛੱਡ ਗਏ। ਹੁਣ ਬਿਜਲੀ ਨਾਲ ਛੋਟੀਆਂ ਮੋਟੀਆਂ ਮੋਟਰਾਂ ਨਾਲ ਜ਼ਮੀਨ ਹੇਠਲਾ ਪਾਣੀ ਖਿੱਚ ਖਿੱਚ ਕੇ ਦਿਨੋਂ ਦਿਨ ਧਰਤੀ ਹੇਠੋਂ ਨੀਵਾਂ ਹੁੰਦਾ ਜਾ ਰਿਹਾ ਹੈ। ਅਜੇ ਵੀ ਸੰਭਲ ਜਾਈਏ। ਨਹੀਂ ਤਾਂ ਪ੍ਰਿਥਵੀ ਤੋਂ ਮਨੁੱਖ ਤੇ ਹੋਰ ਜੀਅ ਜੰਤ ਤੇ ਆਕਸੀਜਨ ਵੰਡਦੀ ਬਨਸਪਤੀ ਸਭ ਖ਼ਤਮ ਹੋ ਜਾਣਗੇ। ਇੱਥੋਂ ਤੱਕ ਕਿ ਰਿਪੋਰਟਾਂ ਮੁਤਾਬਿਕ ਨਾ ਸਿਰਫ਼ ਪਾਣੀ ਦਾ ਪੱਧਰ ਹੇਠਾਂ ਡਿੱਗ ਚੁੱਕਾ ਹੈ ਸਗੋਂ ਜ਼ਹਿਰੀਲਾ ਵੀ ਹੋ ਚੁੱਕਾ ਹੈ। ਆਰਸੈਨਿਕ ਤੇ ਯੂਰੇਨੀਅਮ ਦੇ ਅੰਸ਼ ਅੰਮ੍ਰਿਤਸਰ ਤੇ ਤਰਨ ਤਾਰਨ ਵਰਗੇ ਸ਼ਹਿਰਾਂ ਵਿੱਚ ਪਾਏ ਜਾਣ ਲੱਗੇ ਹਨ।
ਜਸਬੀਰ ਕੌਰ, ਅੰਮ੍ਰਿਤਸਰ
ਪਲਾਸਟਿਕ ਦੀ ਵਧ ਰਹੀ ਵਰਤੋਂ
6 ਸਤੰਬਰ ਦੇ ਅੰਕ ਵਿੱਚ ਸਫ਼ਾ ਨੰਬਰ ਪੰਜ ’ਤੇ ਛਪੀ ਖ਼ਬਰ ‘ਭਾਰਤ ਪਲਾਸਟਿਕ ਕਚਰਾ ਪੈਦਾ ਕਰਨ ਵਾਲਾ ਮੋਹਰੀ ਮੁਲਕ’ ਦੇਸ਼ ਵਿੱਚ ਪਲਾਸਟਿਕ ਦੀ ਦਿਨੋਂ ਦਿਨ ਵਧ ਰਹੀ ਵਰਤੋਂ ਪ੍ਰਤੀ ਪਾਠਕਾਂ ਨੂੰ ਸੁਚੇਤ ਕਰਦਾ ਹੋਇਆ ਬੁੱਧੀਜੀਵੀਆਂ ਨੂੰ ਚਿੰਤਨ ਕਰਨ ਲਈ ਮਜਬੂਰ ਕਰਦਾ ਹੈ। ਪਲਾਸਟਿਕ ਇੱਕ ਅਜਿਹਾ ਪਦਾਰਥ ਹੈ ਜੋ ਵਾਤਾਵਰਨ ਵਿੱਚ ਗਲ਼ਦਾ ਨਹੀਂ। ਇਹ ਹਜ਼ਾਰਾਂ ਸਾਲ ਤੱਕ ਵਾਤਾਵਰਨ ਵਿੱਚ ਮੌਜੂਦ ਰਹਿ ਕੇ ਇਸ ਵਿੱਚ ਵਿਗਾੜ ਪੈਦਾ ਕਰਨ ਦਾ ਮੁੱਖ ਕਾਰਕ ਬਣ ਗਿਆ ਹੈ। ਦਿਨੋਂ ਦਿਨ ਵਧ ਰਹੇ ਕੈਂਸਰ ਪਿੱਛੇ ਮੁੱਖ ਕਾਰਨ ਪਲਾਸਟਿਕ ਦੀ ਧੜਾਧੜ ਵਰਤੋਂ ਹੈ। ਅੱਜ ਬਾਜ਼ਾਰ ਵਿੱਚ ਹਰ ਇੱਕ ਵਸਤੂ ਪਲਾਸਟਿਕ ਦੀ ਬੋਤਲ ਜਾਂ ਡੱਬੇ ਵਿੱਚ ਉਪਲੱਬਧ ਹੈ। ਵਰਤੋਂ ਤੋਂ ਬਾਅਦ ਪਲਾਸਟਿਕ ਦੇ ਡੱਬੇ ਸੁੱਟ ਦਿੱਤੇ ਜਾਂਦੇ ਹਨ। ਨਦੀਆਂ ਨਾਲਿਆਂ ਵਿੱਚ ਸੁੱਟਿਆ ਜਾਣ ਵਾਲਾ ਪਲਾਸਟਿਕ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਹੈਜ਼ਾ ਅਤੇ ਪੇਚਸ ਵਰਗੇ ਰੋਗਾਂ ਵਿੱਚ ਵਾਧਾ ਕਰਦਾ ਹੈ। ਪਲਾਸਟਿਕ ਦੀ ਵਰਤੋਂ ਘੱਟ ਕਰਨ ਲਈ ਸਰਕਾਰ ਤੇ ਨਿਰਮਾਤਾ ਕੰਪਨੀਆਂ ਨੂੰ ਪਲਾਸਟਿਕ ਦਾ ਕੋਈ ਵਿਕਲਪ ਲੱਭਣਾ ਹੋਵੇਗਾ ਤਾਂ ਜੋ ਇਸ ਦੀ ਵਰਤੋਂ ਬੰਦ ਕਰਕੇ ਮਨੁੱਖ ਵਿੱਚ ਵਧ ਰਹੇ ਕੈਂਸਰ ਦੇ ਪਸਾਰ ਅਤੇ ਵਾਤਾਵਰਨ ’ਤੇ ਪੈ ਰਹੇ ਮਾਰੂ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਮੁੱਖ ਮੰਤਰੀ ਦੀ ਚਿੰਤਾ
30 ਅਗਸਤ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ, ਮੁੱਖ ਸੰਸਦੀ ਸਕੱਤਰ, ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ, ਉਪ ਚੇਅਰਮੈਨ ਨੂੰ ਸੂਬੇ ਦੀ ਵਿੱਤੀ ਹਾਲਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਪੀਲ ਕੀਤੀ ਗਈ ਕਿ ਉਹ ਦੋ ਮਹੀਨਿਆਂ ਦੀ ਤਨਖਾਹ ਨਾ ਲੈਣ। ਪ੍ਰਤੀਕਰਮ ਦਾ ਪਤਾ ਤਾਂ ਬਾਅਦ ਵਿੱਚ ਲੱਗੇਗਾ? ਜਨਤਾ ’ਤੇ ਬੋਝ ਪਾਉਣ ਨਾਲੋਂ ਵੱਖਰਾ ਸ਼ਲਾਘਾਯੋਗ ਵਿਚਾਰ ਹੈ। ਇੱਧਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਹ ਲੱਖ ਦੇ ਫੰਡਾਂ ਦਾ ਹਰ ਵਿਧਾਨ ਸਭਾ ਹਲਕੇ ਵਿੱਚ ਛੱਟਾ ਦਿੱਤਾ ਜਾ ਰਿਹਾ ਹੈ। ਬਿਜਲੀ ਓਵਰ ਲੋਡਿੰਗ ਚੈਕਿੰਗ, ਸੜਕਾਂ ’ਤੇ ਚਲਾਨ, ਹਸਪਤਾਲਾਂ, ਤਹਿਸੀਲਾਂ, ਕਚਹਿਰੀਆਂ ਵਿੱਚ ਪਾਰਕਿੰਗ ਫੀਸ ਤੇ ਜੁਰਮਾਨੇ ਲਾ ਕੇ ਪੰਜਾਬ ਦਾ ਖ਼ਜ਼ਾਨਾ ਭਰਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਸੁੱਖੂ ਤੋਂ ਸੇਧ ਲੈਣੀ ਚਾਹੀਦੀ ਹੈ। ਆਮ ਲੋਕਾਂ ਲਈ ਆਜ਼ਾਦੀ ਦਾ ਸੁਪਨਾ ਘੁੱਪ ਹਨੇਰੇ ਵਰਗਾ ਹੈ। ਬੇਰੁਜ਼ਗਾਰੀ, ਨਸ਼ੇ, ਸਿਹਤ, ਸਿੱਖਿਆ, ਸਵੱਛ ਭਾਰਤ, ਜਲ ਸੰਕਟ, ਸੁਰੱਖਿਆ, ਲੁੱਟਖੋਹ ਆਦਿ ਮੂੰਹ ਅੱਡੀ ਖੜ੍ਹੇ ਹਨ। ਸਰਕਾਰੀ ਮੁਲਾਜ਼ਮ, ਕਿਸਾਨ, ਮਜ਼ਦੂਰ ਸਭ ਸੜਕਾਂ ’ਤੇ ਹਨ। ਗ਼ਰੀਬੀ ਹਟਾਓ, ਬੇਟੀ ਪੜ੍ਹਾਓ-ਬੇਟੀ ਬਚਾਓ, ਇੱਕ ਮੌਕਾ ਸਾਨੂੰ ਦਿਓ, ਜੈ ਜਵਾਨ ਜੈ ਕਿਸਾਨ, ਅੱਛੇ ਦਿਨ ਆਨੇ ਵਾਲੇ ਹੈਂ, ਬਦਲਾਅ, ਸਭ ਕਾ ਸਾਥ ਸਭ ਕਾ ਵਿਕਾਸ ਵਰਗੇ ਖਿੱਚ ਪਾਊ ਤੇ ਦਿਲ ਲੁਭਾਊ ਨਾਅਰੇ ਜਨਤਾ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਦਾ ਤਰੀਕਾ ਹੈ। ਦਿਲ ਕਹਿੰਦਾ ਹੈ ਕਿ ਆਉਣ ਵਾਲਾ ਸਮਾਂ ਉਨ੍ਹਾਂ ਲੋਕਾਂ ਦਾ ਹੀ ਹੈ ਜੋ ਬਿਨਾਂ ਤਨਖਾਹ, ਭੱਤੇ, ਪੈਨਸ਼ਨ ਤੋਂ ਦੇਸ਼ ਭਗਤੀ ਦੇ ਸੱਚੇ ਪਹਿਰੇਦਾਰ ਬਣਕੇ ਸੂਬੇ ਦੇ ਹਿੱਤ ਲਈ ਆਪਣੇ ਲਾਲਚਾਂ ਨੂੰ ਤਿਆਗ ਕੇ ਲੋਕਾਂ ਲਈ ਨਵੀਂ ਸਵੇਰ ਲੈ ਕੇ ਆਉਣਗੇ?
ਜਰਨੈਲ ਸਿੰਘ ਘੁੰਮਣ, ਦਸੂਹਾ