ਪਾਠਕਾਂ ਦੇ ਖ਼ਤ
ਨਫ਼ਰਤ ਦੀ ਸਿਆਸਤ
ਨਜ਼ਰੀਆ ਪੰਨੇ ’ਤੇ 4 ਸਤੰਬਰ ਦੇ ਸੰਪਾਦਕੀ ਲੇਖ ‘ਗਊ ਰੱਖਿਆ ਦੇ ਨਾਂ ’ਤੇ’ ਅਤੇ ‘ਬੁਲਡੋਜ਼ਰ ’ਤੇ ਬਰੇਕ’ ਪੜ੍ਹੇ। ਸਬੱਬ ਨਾਲ ਦੋਹਾਂ ਲੇਖਾਂ ਦਾ ਵਿਸ਼ਾ ਵਸਤੂ ਇੱਕੋ ਹੀ ਸੀ। ਉਹ ਸੀ ਕਿ ਰਾਜ ਕਰ ਰਹੀ ਧਿਰ ਵੱਲੋਂ ਇੱਕ ਵਿਸ਼ੇਸ਼ ਫ਼ਿਰਕੇ ਪ੍ਰਤੀ ਹੱਦ ਦਰਜੇ ਦਾ ਨਫ਼ਰਤ ਭਰਪੂਰ ਅਤੇ ਜ਼ਾਲਮਾਨਾ ਵਤੀਰਾ। ਹਰਿਆਣੇ ਵਿੱਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਗਊ ਰਾਖਿਆਂ ਦੇ ਗਰੋਹਾਂ ਵੱਲੋਂ ਮੁਸਲਮਾਨਾਂ ਪ੍ਰਤੀ ਧੱਕੇਸ਼ਾਹੀ ਵਧ ਗਈ ਹੈ। ਜਾਨ ਤੋਂ ਮਾਰ ਦੇਣਾ ਵੀ ਮਾਮੂਲੀ ਗੱਲ ਹੈ ਅਤੇ ਸਿਤਮਜ਼ਰੀਫੀ ਇਹ ਕਿ ਸਰਕਾਰ ਵੀ ਕੁੱਝ ਨਹੀਂ ਕਰਦੀ ਬਲਕਿ ਵਿੰਗੇ ਟੇਢੇ ਢੰਗ ਨਾਲ ਉਲਟਾ ਸ਼ਹਿ ਦਿੰਦੀ ਹੈ। ਹਾਲੀਆ ਘਟਨਾ ਵਿੱਚ ਗਊ ਰਾਖਿਆਂ ਨੇ ਇੱਕ ਹਿੰਦੂ ਨੌਜਵਾਨ ਨੂੰ ਹੀ ਮਾਰ ਦਿੱਤਾ ਹੈ, ਸ਼ਾਇਦ ਹੁਣ ਹੀ ਕੋਈ ਕਾਰਵਾਈ ਹੋਵੇ। ਜਿੱਥੋਂ ਤੱਕ ‘ਬੁਲਡੋਜ਼ਰ ’ਤੇ ਬਰੇਕ ਲੱਗਣ ਦੀ ਗੱਲ ਹੈ ਇਹ ਮੇਰੇ ਖਿਆਲ ਅਨੁਸਾਰ ਦੇਰ ਨਾਲ ਲਗਾਈ ਗਈ ਹੈ।
ਅਵਤਾਰ ਸਿੰਘ, ਮੋਗਾ
ਕਾਨੂੰਨ ਦੀ ਸਿਆਸੀ ਵਰਤੋਂ
ਪੀਐੱਮਐਲਏ ਦੇ ਮਸਲੇ ਉੱਤੇ 3 ਸਤੰਬਰ ਦਾ ਗੰਭੀਰ ਸੰਪਾਦਕੀ ਪੜ੍ਹ ਕੇ 75 ਵਰ੍ਹਿਆਂ ਤੋਂ ਵੱਡੀ ਹੋਈ ਆਜ਼ਾਦੀ ਦੀ ਸ਼ਾਨ ਉੱਤੇ ਰਾਜਸੀ ਮਿਆਰ ਦੇ ਕਮਜ਼ੋਰ ਹੋਣ ਦਾ ਪਰਛਾਵਾਂ ਪੈ ਰਿਹਾ ਮਹਿਸੂਸ ਹੁੰਦਾ ਹੈ। ਕਾਨੂੰਨ ਬਣਿਆ ਕਾਲਾ ਧਨ ਰੋਕਣ ਲਈ ਪਰੰਤੂ ਖ਼ੁਦ ਹੀ ‘ਕਾਲੇ ਕਾਨੂੰਨ’ ਦਾ ਰੂਪ ਧਾਰਨ ਕਰ ਗਿਆ। ਈਡੀ ਵੱਲੋਂ ਦਰਜ ਕੇਸਾਂ ਅਤੇ ਦੋਸ਼ ਸਾਬਤ ਹੋਣ ਦੀ ਦਰ 0.75 ਫ਼ੀਸਦੀ ਬਣਦੀ ਹੈ, ਭਾਵ 100 ਮਗਰ ਇੱਕ ਕੇਸ ਪਿੱਛੇ ਵੀ ਅੱਜ ਦੀ ਘੜੀ ਦੋਸ਼ ਸਿੱਧ ਨਹੀਂ ਹੋਇਆ। ਸੰਪਾਦਕੀ ਦੀ ਆਖ਼ਰੀ ਸਤਰ ਸਰਕਾਰ ਨੂੰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਪੁਕਾਰ ਲਾ ਰਹੀ ਹੈ ਵਰਨਾ ਇਹ ਦੇਸ਼ ਦੇ ਹਿੱਤ ਵਿੱਚ ਕਾਨੂੰਨ ਦੀ ਬਜਾਏ ਵਿਰੋਧੀਆਂ ਨੂੰ ਖੁੱਡੇ ਲਾਉਣ ਦਾ ਰਾਜਨੀਤਕ ਹਥਿਆਰ ਬਣ ਜਾਵੇਗਾ। ਇਹ ਤਾਂ ਫਿਰ ਲੋਕ ਰਾਜ ਦਾ ਕਾਤਲ ਬਣ ਕੇ ਉਭਰੇਗਾ. ਸਾਵਧਾਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਪ੍ਰੀਖਿਆ ਫੀਸ
ਪ੍ਰਿੰਸੀਪਲ ਵਿਜੈ ਕੁਮਾਰ ਨੇ ਪ੍ਰੀਖਿਆ ਫੀਸ ਦੀ ਸਮੱਸਿਆ ਬਾਰੇ ਸਹੀ ਵਰਨਣ ਕੀਤਾ ਹੈ। ਮੈਂ ਬਤੌਰ ਪ੍ਰਿੰਸੀਪਲ ਤਸਵੀਰ ਦਾ ਦੂਸਰਾ ਪੱਖ ਇਹ ਵੀ ਦੇਖਿਆ ਹੈ ਕਿ ਬਹੁਗਿਣਤੀ ਗ਼ਰੀਬ ਮਾਪੇ ਆਪਣੇ ਧੀਆਂ-ਪੁੱਤਰਾਂ ਦੀ ਪੜ੍ਹਾਈ ’ਤੇ ਖਰਚ ਨਹੀਂ ਕਰਦੇ ਸਗੋਂ ਮੜ੍ਹੀਆਂ ਮਸਾਣੀਆਂ ਤੇ ਮੱਥਾ ਟੇਕਣ, ਚੜ੍ਹਾਵਾ ਚੜ੍ਹਾਉਣ ’ਤੇ ਖਰਚ ਕਰ ਦਿੰਦੇ ਹਨ। ਮਾਵਾਂ ਨੂੰ ਤਾਂ ਆਪਣੇ ਧੀਆਂ-ਪੁੱਤਰਾਂ ਦੀ ਪੜ੍ਹਾਈ ਦਾ ਫ਼ਿਕਰ ਹੁੰਦਾ ਸੀ ਪਰ ਪਿਉ ਤਾਂ ਕਦੇ ਮਾਪੇ ਅਧਿਆਪਕ ਮਿਲਣੀ ਵਿੱਚ ਵੀ ਨਹੀਂ ਸੀ ਆਉਂਦੇ। ਮੈਨੂੰ ਵਿਦਿਆਰਥੀ ਦੱਸਦੇ ਹੁੰਦੇ ਸੀ ਕਿ ਸਕੂਲ ਵਿੱਚੋਂ ਮਿਲਣ ਵਾਲੀ ਵਜ਼ੀਫ਼ੇ ਦੀ ਰਕਮ ਵੀ ਉਨ੍ਹਾਂ ਦੇ ਪਿਉ ਮਾਵਾਂ ਨਾਲ ਝਗੜਾ ਕਰਕੇ ਖੋਹ ਲੈਂਦੇ ਸਨ।
ਸੋਹਣ ਲਾਲ ਗੁਪਤਾ, ਪਟਿਆਲਾ
ਬਿਜਲੀ ਨਿਗਮ ਦੇ ਲੜਖੜਾ ਰਹੇ ਕਦਮ
ਇੰਜਨੀਅਰ ਦਰਸ਼ਨ ਸਿੰਘ ਭੁੱਲਰ ਨੇ ਆਪਣੇ 31 ਅਗਸਤ ਦੇ ਲੇਖ ‘ਬਿਜਲੀ ਨਿਗਮ ਦੇ ਲੜਖੜਾ ਰਹੇ ਕਦਮ’ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਬਿਜਲੀ ਸਬਸਿਡੀ ਦਾ ਬਹੁਤ ਜ਼ਿਆਦਾ ਹੋਣਾ ਅਤੇ ਰੈਗੂਲੇਟਰੀ ਕਮਿਸ਼ਨ ਦੁਆਰਾ ਬਿਜਲੀ ਦਰਾਂ ਵਿੱਚ ਵਾਜਿਬ ਵਾਧੇ ਨੂੰ ਲਾਗੂ ਨਾ ਕਰਨ ਬਾਰੇ ਚਾਨਣਾ ਪਾਇਆ ਹੈ। ਰੈਗੂਲੇਟਰੀ ਕਮਿਸ਼ਨ ਭਾਵੇਂ ਆਪਣੇ ਆਪ ਵਿੱਚ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ ਪਰ ਬਿਜਲੀ ਦਰਾਂ ਵਿੱਚ ਤਬਦੀਲੀਆਂ ਕਰਨ ਵੇਲੇ ਇਸ ਉੱਪਰ ਖੇਤਰੀ ਸਰਕਾਰ ਦੀ ਛਾਪ ਦਿਸਦੀ ਹੈ। ਚੋਣਾਂ ਵੇਲੇ ਰੈਗੂਲੇਟਰੀ ਕਮਿਸ਼ਨ ਦੁਆਰਾ ਬਿਜਲੀ ਦਰਾਂ ਵਿੱਚ ਨਿਗੂਣਾ ਜਾਂ ਬਿਲਕੁਲ ਹੀ ਵਾਧਾ ਨਾ ਕਰਨਾ ਇਸਦੇ ਸਰਕਾਰੀ ਪ੍ਰਭਾਵ ਹੇਠ ਫ਼ੈਸਲੇ ਲੈਣ ਦੀ ਪ੍ਰਤੱਖ ਉਦਾਹਰਨ ਹੈ। ਅਜਿਹੇ ਵਿੱਚ ਲੇਖਕ ਦੁਆਰਾ ਬਿਜਲੀ ਕਾਰਪੋਰੇਸ਼ਨ ਦੇ ਧੁੰਦਲੇ ਭਵਿੱਖ ਦੀ ਨਿਸ਼ਾਨਦੇਹੀ ਸਹੀ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਜਿਸਦਾ ਖਮਿਆਜਾ ਰਾਜ ਦੇ ਖ਼ਪਤਕਾਰਾਂ ਨੂੰ ਭੁਗਤਣਾ ਪਵੇਗਾ।
ਬਲਜਿੰਦਰ ਸਿੰਘ, ਪਿੰਡ ਰਾਏਸਰ (ਪਟਿਆਲਾ)
ਬਚਪਨ ਦੀਆਂ ਯਾਦਾਂ
23 ਅਗਸਤ ਨਜ਼ਰੀਆ ਪੰਨੇ ’ਤੇ ਹਰਜੋਤ ਸਿੰਘ ਸਿੱਧੂ ਦੀ ਰਚਨਾ ‘ਬੀਬੀ ਕੋਲ ਬਿਤਾਈਆਂ ਛੁੱਟੀਆਂ’ ਪੜ੍ਹਦਿਆਂ ਆਪਣੇ ਬਚਪਨ ਦੀਆਂ ਹੱਡਬੀਤੀਆਂ ਫ਼ਿਲਮ ਵਾਂਗੂੰ ਅੱਖਾਂ ਸਾਹਵੇਂ ਘੁੰਮਣ ਲੱਗੀਆਂ। ਸੁਹਾਗੇ ’ਤੇ ਬਾਪੂ ਦੀਆਂ ਲੱਤਾਂ ਫੜ੍ਹ ਕੇ ਝੂਟੇ ਯਾਦ ਨੇ, ਬਾਪੂ ਦੇ ਕੰਧਾੜੇ ਚੜ੍ਹਕੇ ਖੇਡਾਂ-ਮੇਲੇ ਵੇਖਣਾ, ਆਥਣ ਵੇਲੇ ਲੁਕਣ-ਮੀਚੀ ਖੇਡਣਾ, ਦਾਦੀ-ਨਾਨੀ ਦੀਆਂ ਬਾਤਾਂ ਬੁਝਾਰਤਾਂ ਸਭ ਚੇਤੇ ਨੇ। ਇਹ ਸਾਰੀਆਂ ਬਚਪਨ ਦੀਆਂ ਯਾਦਾਂ ਮਨ ਨੂੰ ਸਕੂਨ ਦਿੰਦੀਆਂ ਹਨ ਪਰ ਹੁਣ ਦਾ ਬਚਪਨ ਸਿਰਫ਼ ਮੋਬਾਈਲ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਬਲਾਤਕਾਰੀਆਂ ਨੂੰ ਸ਼ਹਿ
23 ਅਗਸਤ ਦੇ ਨਜ਼ਰੀਆ ਪੰਨੇ ’ਤੇ ਜੂਲੀਓ ਰਿਬੇਰੋ ਦਾ ਲੇਖ ‘ਬਲਾਤਕਾਰੀ ਕਾਤਲਾਂ ਨੂੰ ਕਿਨ੍ਹਾਂ ਦੀ ਸ਼ਹਿ’ ਪੜ੍ਹਿਆ। ਉਨ੍ਹਾਂ ਦਾ ਹਾਕਮਾਂ ਵੱਲ ਕੀਤਾ ਇਸ਼ਾਰਾ ਬਿਲਕੁਲ ਸਹੀ ਹੈ। ਕੋਲਕਾਤਾ ਹਸਪਤਾਲ ਦੇ ਪ੍ਰਸ਼ਾਸਕਾਂ ਤੇ ਪੁਲੀਸ ਦੀ ਮਿਲੀਭੁਗਤ ਨਾਲ ਪਹਿਲਾਂ ਇਸ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਤੇ ਫਿਰ ਮਾਪਿਆਂ ਨੂੰ ਕਿੰਨੀ ਹੀ ਦੇਰ ਮ੍ਰਿਤਕ ਦੇਹ ਕੋਲ ਜਾਣ ਤੋਂ ਰੋਕੀ ਰੱਖਣਾ ਸ਼ੰਕੇ ਖੜ੍ਹੇ ਕਰਦਾ ਹੈ। ਦਰਅਸਲ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਦੀਆਂ ਤਾਰਾਂ ਅਕਸਰ ਹੀ ਹਾਕਮਾਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜੁੜੀਆਂ ਹੁੰਦੀਆਂ ਹਨ। ਲੇਖਕ ਵੱਲੋਂ ਦਿੱਤੀਆਂ ਉਦਾਹਰਨਾਂ ਵੀ ਬਹੁਤ ਮਹੱਤਵਪੂਰਨ ਹਨ, ਪਹਿਲੀ ਬਲਾਤਕਾਰ ਤੇ ਕਤਲ ਦੇ ਦੋਸ਼ ’ਚ ਉਮਰ ਕੈਦ ਭਗਤ ਰਹੇ ਸਾਧ ਨੂੰ ਵਾਰ ਵਾਰ ਪੈਰੋਲ ਦੇਣੀ ਤੇ ਦੂਜੀ 2002 ਦੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦੇਣਾ। ਇਸੇ ਪੰਨੇ ਦੀ ਸੰਪਾਦਕੀ ‘ਅਸੁਰੱਖਿਅਤ ਔਰਤਾਂ’ ਵਿੱਚ ਵੀ ਇਸੇ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਪੰਨੇ ’ਤੇ ਹਰਜੋਤ ਸਿੰਘ ਸਿੱਧੂ ਦਾ ਮਿਡਲ ‘ਬੀਬੀ ਕੋਲ ਬਿਤਾਈਆਂ ਛੁੱਟੀਆਂ’ ਨੇ ਬਚਪਨ ਚੇਤੇ ਕਰਵਾ ਦਿੱਤਾ। ਸਾਡੇ ਹਮ ਉਮਰ ਲਗਭਗ ਸਾਰਿਆਂ ਦੇ ਬਚਪਨ ਦੀ ਕਹਾਣੀ ਹੈ ਇਹ।
ਕੁਲਦੀਪ ਸਿੰਘ ਰੋਮਾਣਾ (ਬਠਿੰਡਾ)
(2)
ਜੂਲੀਓ ਰਿਬੇਰੋ ਦਾ ਲੇਖ ‘ਬਲਾਤਕਾਰੀ ਕਾਤਲਾਂ ਨੂੰ ਕਿਨ੍ਹਾਂ ਦੀ ਸ਼ਹਿ’ ਕਈ ਪਰਤਾਂ ਫਰੋਲਦਾ ਨਜ਼ਰ ਆਉਂਦਾ ਹੈ। ਮੌਜੂਦਾ ਹਾਲਾਤ ਵਿੱਚ ਜਿਸ ਤਰ੍ਹਾਂ ਭਾਰਤ ਵਿੱਚ ਔਰਤਾਂ ਪ੍ਰਤੀ ਅਪਰਾਧ ਵਧ ਰਹੇ ਹਨ ਅਤੇ ਸਰਕਾਰ ਅਤੇ ਸੱਤਾਧਾਰੀ ਪਾਰਟੀਆਂ ਵੱਲੋਂ ਅਪਰਾਧੀਆਂ ਪ੍ਰਤੀ ਅਪਣਾਇਆ ਜਾ ਰਿਹਾ ਨਰਮ ਰਵੱਈਆ ਇਹ ਸਾਬਿਤ ਕਰਦਾ ਹੈ ਕਿ ਸਰਕਾਰਾਂ ਦੇ ਔਰਤ ਸਸ਼ਕਤੀਕਰਨ ਦੇ ਦਾਅਵੇ ਖੋਖ਼ਲੇ ਹਨ। ਮਾਪੇ ਆਪਣੀਆਂ ਬੱਚੀਆਂ ਨੂੰ ਬਾਹਰ ਇਕੱਲੇ ਭੇਜਣ ਤੋਂ ਡਰਦੇ ਹਨ ਅਤੇ ਕੰਮਕਾਜੀ ਮਹਿਲਾਵਾਂ ਵੀ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਅਜੇ ਵੀ ਅਸੀਂ ਪਤਾ ਨਹੀਂ ਹੋਰ ਕਿੰਨੇ ਅਜਿਹੇ ਕਾਂਡ ਵਾਪਰਨ ਦੀ ਉਡੀਕ ਕਰ ਰਹੇ ਹਾਂ? ਦੋਸ਼ੀਆਂ ਨੂੰ ਦਿੱਤੀਆਂ ਜਾ ਵਾਲੀਆਂ ਸਜ਼ਾਵਾਂ ਸ਼ਾਇਦ ਓਨੀਆਂ ਨਹੀਂ ਜਿੰਨੀਆਂ ਹੋਣੀਆਂ ਚਾਹੀਦੀਆਂ ਹਨ। ਨਿਯਮ ਅਤੇ ਕਾਨੂੰਨਾਂ ਦੀਆਂ ਜਿਸ ਤਰ੍ਹਾਂ ਧੱਜੀਆਂ ਉੱਡ ਰਹੀਆਂ ਹਨ, ਜਾਪਦਾ ਹੈ ਕਿ ਜੰਗਲ ਰਾਜ ਬਣ ਗਿਆ ਹੈ।
ਸੁਖਪਾਲ ਕੌਰ, ਸਮਰਾਲਾ (ਲੁਧਿਆਣਾ)
(3)
ਇਹ ਲੇਖ ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਹੱਤਿਆ ਕੇਸ ਕਾਰਨ ਮਮਤਾ ਬੈਨਰਜੀ ਦੀ ਸਰਕਾਰ ਨੂੰ ਕਰਾਰੇ ਹੱਥੀਂ ਲਿਆ ਹੈ ਕਿਉਂਕਿ ਉਸ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਇ ਢਿੱਲ-ਮੱਠ ਦਾ ਰਵੱਈਆ ਅਖ਼ਤਿਆਰ ਕੀਤਾ ਹੈ। ਇਸੇ ਕਾਰਨ ਉਸ ਦੀ ਆਪਣੀ ਪਾਰਟੀ ਦੇ ਕਈ ਵਰਕਰ ਵੀ ਉਸ ਨਾਲ ਨਾਰਾਜ਼ ਚੱਲ ਰਹੇ ਹਨ। ਇਸ ਲਈ ਦੇਸ਼ ਦੇ ਇਨਸਾਫ਼ਪਸੰਦ ਲੋਕਾਂ ਨੂੰ ਇਕਜੁੱਟ ਹੋ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਵਿੱਚ ਹੋ ਰਹੇ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ।
ਤਰਸੇਮ ਸਿੰਘ, ਡਕਾਲਾ (ਪਟਿਆਲਾ)
ਮਿਲਾਵਟੀ ਦੁੱਧ
ਪੰਜਾਬ ਵਿੱਚ ਵਿਕਦੇ ਮਿਲਾਵਟੀ ਦੁੱਧ ਬਾਰੇ 22 ਅਗਸਤ ਦੀ ਸੰਪਾਦਕੀ ਨੇ ਪੁਸ਼ਟੀ ਕਰ ਦਿੱਤੀ ਹੈ ਪਰ ਕਿਸੇ ਵੀ ਸਰਕਾਰੀ ਅਦਾਰੇ ਨੂੰ ਇਸ ਬਾਰੇ ਕਾਰਵਾਈ ਕਰਨ ਦੀ ਲੋੜ ਮਹਿਸੂਸ ਨਹੀਂ ਹੋ ਰਹੀ। ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਪਰ ਦੁੱਧ ਦੀ ਪੈਦਾਵਾਰ ਵਿੱਚ ਕੋਈ ਗਿਰਾਵਟ ਨਹੀਂ ਹੋ ਰਹੀ। ਅੱਜ ਕੱਲ੍ਹ ਡਾਕਟਰਾਂ ਵੱਲੋਂ ਵੀ ਬਹੁਤੇ ਮਰੀਜ਼ਾਂ ਨੂੰ ਦੁੱਧ ਵਰਤਣ ਤੋਂ ਪਰਹੇਜ਼ ਕਰਨ ਦੀ ਸਲਾਹ ਸ਼ਾਇਦ ਦੁੱਧ ਵਿੱਚ ਮਿਲਾਵਟ ਹੋਣ ਕਾਰਨ ਹੀ ਦਿੱਤੀ ਗਈ ਹੋ ਸਕਦੀ ਹੈ।
ਜਸਦੀਪ ਸਿੰਘ ਢਿੱਲੋਂ, ਸਾਦਿਕ (ਫਰੀਦਕੋਟ)
ਮਨਵਿੱਚ ਪਛਤਾਵਾ
ਜਗਦੀਸ਼ ਕੌਰ ਮਾਨ ਦਾ ਮਿਡਲ (3 ਸਤੰਬਰ) ‘ਪਛਤਾਵਾ’ ਪੜ੍ਹਿਆ। ਸੱਚਮੁੱਚ ਜ਼ਿੰਦਗੀ ’ਚ ਕੁਝ ਗੱਲਾਂ ਦਾ ਸਾਨੂੰ ਸਦਾ ਪਛਤਾਵਾ ਰਹਿੰਦਾ ਹੈ। ਉਹ ਮਰਦੇ ਦਮ ਤੱਕ ਸਾਡੇ ਜ਼ਿਹਨ ’ਚ ਰਹਿੰਦੀਆਂ ਹਨ। ਠੀਕ ਉਸੇ ਤਰ੍ਹਾਂ ਜਿਵੇਂ ਲੇਖਕਾ ਨਾਲ ਹੋਇਆ ਹੈ। ਜੇਕਰ ਉਸ ਸਮੇਂ ਲੇਖਕਾ ਉਸ ਦੀ ਆਰਥਿਕ ਸਹਾਇਤਾ ਕਰ ਦਿੰਦੀ ਤੇ ਉਸ ਦੀ ਦਵਾਈ ਦੇ ਕੁਝ ਪੈਸੇ ਦੇ ਦਿੰਦੀ ਤਾਂ ਹੋ ਸਕਦਾ ਉਸ ਦੇ ਮਨ ਨੂੰ ਸਕੂਨ ਮਿਲਦਾ ਤੇ ਕਦੇ ਪਛਤਾਵਾ ਵੀ ਨਾ ਹੁੰਦਾ। ਪਰ ਇਹ ਸਭ ਕੁਝ ਅਣਜਾਣੇ ’ਚ ਹੀ ਵਾਪਰਦਾ ਹੈ। ਕਈ ਵਾਰ ਸਾਡਾ ਦਿਮਾਗ ਅਸਲ ’ਚ ਕਿਧਰੇ ਹੋਰ ਹੁੰਦਾ ਹੈ ਤੇ ਸਾਡੀ ਸੋਚ ਕੰਮ ਨਹੀਂ ਕਰ ਰਹੀ ਹੁੰਦੀ।
ਅਜੀਤ ਖੰਨਾ, ਈਮੇਲ