For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:15 AM Sep 03, 2024 IST
ਪਾਠਕਾਂ ਦੇ ਖ਼ਤ
Advertisement

ਜਾਨਾਂ ਤੇ ਪਾਣੀ ਬਚਾਉਣਾ ਜ਼ਰੂਰੀ
2 ਸਤੰਬਰ ਦੇ ਅੰਕ ’ਚ ਬਿਆਸ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਸਮੇਂ 4 ਨੌਜਵਾਨਾਂ ਦੇ ਰੁੜ੍ਹ ਜਾਣ ਦੀ ਖ਼ਬਰ ਸੀ। ਪੂਜਾ ਸਮੱਗਰੀ ਅਤੇ ਮੂਰਤੀਆਂ ਆਦਿ ਭਾਖੜਾ ਨਹਿਰ ਅਤੇ ਦਰਿਆਵਾਂ ਵਿੱਚ ਵਹਾਉਣ ਸਮੇਂ ਬਹੁਤ ਮੌਤਾਂ ਹੋ ਜਾਂਦੀਆਂ ਹਨ। ਅਗਿਆਨਤਾ, ਅੰਧ-ਵਿਸ਼ਵਾਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਕੋਈ ਰੋਕ ਟੋਕ ਨਾ ਹੋਣਾ ਹੀ ਇਨ੍ਹਾਂ ਮੌਤਾਂ ਦਾ ਕਾਰਨ ਹੁੰਦੇ ਹਨ। ਅਫ਼ਸੋਸ ਹੈ ਕਿ ਗਣੇਸ਼ ਉਤਸਵ ਮੌਕੇ ਕਰੇਨ ਰਾਹੀਂ ਗਣੇਸ਼ ਦੀਆਂ ਮੂਰਤੀਆਂ ਭਾਖੜਾ ਨਹਿਰ ਵਿੱਚ ਵਹਾਉਣ ਸਮੇਂ ਵਿਧਾਇਕ ਵੀ ਅਗਵਾਈ ਕਰਨ ਲੱਗ ਪਏ ਹਨ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਸਖ਼ਤੀ ਨਾਲ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋਂ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਦੇ ਨਾਲ-ਨਾਲ ਪਾਣੀ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਅ ਹੋ ਸਕੇ।
ਸੋਹਣ ਲਾਲ ਗੁਪਤਾ, ਪਟਿਆਲਾ


ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ
2 ਸਤੰਬਰ 2024 ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦੀ ਰਚਨਾ ‘ਪਛਤਾਵਾ’ ਪੜ੍ਹਦਿਆਂ ਸੋਚਦਾ ਹਾਂ ਕਿ ਗ਼ਲਤੀ ਹੋ ਜਾਣ ਤੋਂ ਬਾਅਦ ਸਿਰਫ਼ ਪਛਤਾਉਣ ਨਾਲੋਂ ਉਸ ਕੀਤੀ ਗ਼ਲਤੀ ਤੋਂ ਸਬਕ ਲੈ ਕੇ ਬੰਦੇ ਨੂੰ ਆਪਣੇ-ਆਪ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਅਜਿਹੀ ਗ਼ਲਤੀ ਨਾ ਹੋਵੇ, ਨਹੀਂ ਤਾਂ ਇਸ ਰਚਨਾ ਦੀ ਪਾਤਰ ਵਾਂਗੂੰ ਸਿਰਫ਼ ਪਛਤਾਵਾ ਕਰਨ ਵਾਲੇ ਜੇਲ੍ਹਾਂ ਵਿੱਚ ਵੱਡੇ-ਵੱਡੇ ਚੋਰ- ਡਾਕੂ- ਗੈਂਗਸਟਰ- ਸਮੱਲਗਰ- ਕਾਤਲ ਲੰਮੀਆਂ ਸਜ਼ਾਵਾਂ ਭੁਗਤਦੇ ਹੋਏ ਪਛਤਾ ਹੀ ਰਹੇ ਨੇ ਕਿ ਅਜਿਹਾ ਕਿਉਂ ਕਰ ਬੈਠੇ? ਅਜਿਹੇ ਲੋਕਾਂ ਲਈ ਤਾਂ ਬਜ਼ੁਰਗਾਂ ਦੀ ਇਹ ਕਹਾਵਤ ਹੀ ਠੀਕ ਰਹੇਗੀ ਕਿ ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’।
ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement


ਚੋਣ ਤਰੀਕਾਂ ’ਚ ਬਦਲਾਅ
2 ਸਤੰਬਰ ਦੀ ਸੰਪਾਦਕੀ ਵਿੱਚ ਚੋਣ ਤਰੀਕ ’ਚ ਬਦਲਾਅ ਬਾਰੇ ਚਰਚਾ ਕੀਤੀ ਗਈ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਭਾਰਤੀ ਚੋਣ ਕਮਿਸ਼ਨ ਵੱਲੋਂ ਭਾਜਪਾ ਦੀ ਮੰਗ ਅਨੁਸਾਰ ਇੱਕ ਅਕਤੂਬਰ ਤੋਂ ਬਦਲਕੇ ਪੰਜ ਅਕਤੂਬਰ ਕਰਨ ਦਾ ਕਾਂਗਰਸ ਵੱਲੋਂ ਵਿਰੋਧ ਜਾਇਜ਼ ਨਹੀਂ ਜਾਪਦਾ ਕਿਉਂਕਿ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ ਦਾ ਬਿਆਨ ਇਸਦੇ ਉਲਟ ਹੈ ‘ਚੋਣ ਤਰੀਕਾਂ ਬਦਲਣ ਨਾਲ ਨਤੀਜੇ ਨਹੀਂ ਬਦਲਣਗੇ!’ ਚੋਣਾਂ ਇੱਕ ਅਕਤੂਬਰ ਤੋਂ ਪੰਜ ਅਕਤੂਬਰ ਕਰਵਾਉਣਾ ਵੀ ਠੀਕ ਹੀ ਹੈ ਕਿਉਂਕਿ ਦੋ ਅਕਤੂਬਰ ਗਾਂਧੀ ਜੈਯੰਤੀ ਅਤੇ ਹੋਰ ਵੀ ਤਿਉਹਾਰ ਹੋਣ ਕਾਰਨ ਕਿਸੇ ਚੋਣ ਬੂਥ ’ਤੇ ਗੜਬੜ ਕਾਰਨ ਇੱਕ ਦੋ ਦਿਨ ਚੋਣ ਅੱਗੇ ਪਾਉਣ ਵਿੱਚ ਮੁਸ਼ਕਿਲ ਆਵੇਗੀ। 1991 ਵਿੱਚ ਰਾਜੀਵ ਗਾਂਧੀ ਕਤਲ ਕਾਰਨ ਚੋਣਾਂ ਅੱਗੇ ਹੀ ਨਹੀਂ ਪਾਈਆਂ ਬਲਕਿ ਲੋਕ ਸਭਾ ਦੇ ਦੋ ਸੈਸ਼ਨਾਂ ਵਿਚਕਾਰ ਛੇ ਮਹੀਨੇ ਤੋਂ ਵੱਧ ਵਕਫ਼ਾ ਨਹੀਂ ਪਵੇਗਾ ਸਬੰਧੀ ਆਰਡੀਨੈਂਸ ਰਾਹੀਂ ਸੰਵਿਧਾਨਕ ਸੋਧ ਕਰਨੀ ਪਈ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਭਲੇ ਵੇਲਿਆਂ ਦੀ ਗੱਲ
31 ਅਗਸਤ ਦੇ ਮਿਡਲ ਵਿੱਚ ਸੁਰਿੰਦਰ ਕੌਰ ਦੀ ਰਚਨਾ ‘ਮਸੀਹਾ’ ਪੜ੍ਹ ਕੇ ਬੜਾ ਹੀ ਸਕੂਨ ਮਿਲਿਆ। ਸੱਚਮੁੱਚ ਉਹ ਜਿੰਨੇ ਨਾਜ਼ੁਕ ਸਮੇਂ ਸਨ, ਓਨੇ ਹੀ ਸਮਾਜ ਵਿੱਚ ਰਿਸ਼ਤੇ ਬੜੇ ਹੀ ਵਿਸ਼ਵਾਸ ਵਾਲੇ ਸਨ। ਲੇਖਿਕਾ ਨੇ ਬੜੇ ਸਾਦੇ ਸ਼ਬਦਾਂ ਵਿੱਚ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਲੂੰ-ਕੰਡੇ ਖੜ੍ਹੇ ਕਰਨ ਵਾਲੀ ਸਥਿਤੀ ਬਣ ਜਾਂਦੀ ਹੈ ਮਨ ਦੇ ਵਿੱਚ। ਜਦੋਂ ਬਾਬਾ ਪੁੱਛਦੈ, ‘‘ਪੁੱਤ ਕਿੱਥੇ ਜਾਣਾ?’’ ਟਰੱਕ ਵਾਲੇ ਨੂੰ ਕਹਿੰਦੈ, ‘‘ਮੇਰੇ ਨਾਲ ਮੇਰੀਆਂ ਪੋਤੀਆਂ ਨੇ।’’ ਨੇੜਲੇ ਪਿੰਡ ਦਾ ਚਾਚਾ ਕਹਿੰਦੈ, ‘‘ਕੁੜੀਓ, ਐਨਾ ਲੇਟ ਹੋਗੀਆਂ ਭਾਈ? ਮੈਂ ਡਾਂਗ ਚੁੱਕ ਲਿਆਵਾਂ’’ ਤੇ ਮੁੜਦੇ ਨੂੰ ਬਾਪੂ ਨੇ ਮੋਢੇ ਫੜ ਕੇ ਦੁੱਧ ਪਿਲਾਉਣਾ। ਸੱਚੀ ਮੁੱਚੀ ਦੋਹਾਂ-ਤਿੰਨਾਂ ਫਿਕਰਿਆਂ ਨੂੰ ਪੜ੍ਹਦਿਆਂ ਅੱਖਾਂ ਵਿੱਚ ਆਪ ਮੁਹਾਰੇ ਪਾਣੀ ਭਰ ਆਇਆ ਕਿ ਇਹ ਭਲਿਆਂ ਵੇਲਿਆ ਦੇ ਲੋਕ ਹੀ ਸਨ, ਜੋ ਅੱਜ ਦੇ ਲਲਚਾਏ ਕਾਹਲੇ ਅਤੇ ਬੇਵਿਸ਼ਵਾਸੀ ਸਮੇਂ ਨੂੰ ਟਿਚਰਾਂ ਕਰਦੇ ਜਾਪਦੇ ਹਨ। ਉਹ ਭਲੇ ਵੇਲੇ ਸਨ ਤੇ ਉਨ੍ਹਾਂ ਵੇਲਿਆਂ ਦੇ ਬੰਦੇ ਕਿਸੇ ਮਸੀਹੇ ਤੋਂ ਘੱਟ ਨਹੀਂ ਸਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਭ੍ਰਿਸ਼ਟਾਚਾਰ ਵਿਰੋਧੀ ਦਾਅਵੇ
ਸੰਪਾਦਕੀ ‘ਭ੍ਰਿਸ਼ਟਾਚਾਰ ਵਿਰੋਧੀ ਦਾਅਵੇ ਦੀ ਹਕੀਕਤ’ (28 ਅਗਸਤ) ਪੜ੍ਹ ਕੇ 1986 ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵਕਤ ਯਾਦ ਆ ਗਿਆ। ਉਸ ਵੇਲੇ ਕਾਂਗਰਸ ਪਾਰਟੀ ਨੇ ਰਾਜੀਵ ਗਾਂਧੀ ਨੂੰ ਮਿਸਟਰ ਕਲੀਨ ਦੀ ਕਲਗੀ ਲਾ ਕੇ ਗੁੱਡਾ ਬੰਨ੍ਹਿਆ ਸੀ ਪਰ ਅਖ਼ੀਰ ਵਿੱਚ ਬੋਫੋਰਸ ਕਾਂਡ ਉਸ ਨੂੰ ਲੈ ਡੁੱਬਿਆ। ਹਾਲਾਂਕਿ ਮੀਡੀਆ ਉਸ ਦੇ ਕਾਬੂ ਵਿੱਚ ਸੀ, ਹੁਣ ਜਦੋਂ ਭਾਜਪਾ ਸਰਕਾਰ ਵੱਲੋਂ ਅਤੇ ਖ਼ੁਦ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਗਏ ਪ੍ਰਾਜੈਕਟ ਵੀ ਸ਼ੱਕ ਦੇ ਘੇਰੇ ਵਿੱਚ ਹਨ ਤਾਂ ਲਗਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਨਵੇਂ ਬਣਾਏ ਸੰਸਦ ਭਵਨ ਅਤੇ ਰਾਮ ਮੰਦਰ ਦਾ ਪਹਿਲੀ ਬਰਸਾਤ ਵਿੱਚ ਹੀ ਚੋਣ ਲੱਗ ਜਾਣਾ ਤੇ ਰਾਮ ਪੱਥ ਉੱਤੇ ਪਾਣੀ ਜਮ੍ਹਾਂ ਹੋਣਾ ਭਾਜਪਾ ਲਈ ਚੰਗਾ ਸ਼ਗਨ ਨਹੀਂ। ਯਾਦ ਰਹੇ ਕਿ ਸੰਸਦ ਭਵਨ ਬਣਨ ਵੇਲੇ ਪ੍ਰਧਾਨ ਮੰਤਰੀ ਖ਼ੁਦ ਮੀਡੀਆ ਟੀਮਾਂ ਲੈ ਕੇ ਨਾਲੋ ਨਾਲ ਨਿਰੀਖਣ ਕਰ ਕੇ ਆਏ। ਛਤਰਪਤੀ ਸ਼ਿਵਾਜੀ ਦੀ ਵਿਸ਼ਾਲ ਮੂਰਤੀ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨੇ ਹੀ ਕੀਤਾ ਸੀ, ਜੋ ਹੁਣ ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ ਹੀ ਡਿੱਗ ਪਈ ਹੈ। ਸਫ਼ਲਤਾ ਦਾ ਸਿਹਰਾ ਲੈਣ ਲਈ ਸਭ ਤੋਂ ਅੱਗੇ ਹੋਣ ਵਾਲੇ ਨੂੰ ਪੁੱਛਣਾ ਚਾਹੀਦਾ ਹੈ ਕਿ ਅਸਫ਼ਲਤਾ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਅਵਤਾਰ ਸਿੰਘ, ਮੋਗਾ


ਸਿੱਧੇ ਤੇ ਨੇਕ ਲੋਕ
ਗੁਰਦੀਪ ਢੁੱਡੀ ਦਾ ਲੇਖ ‘ਤਾਏ ਬਚਨੇ ਦਾ ਦੋ ਹਰਫ਼ੀ ਦਰਸ਼ਨ’ (29 ਅਗਸਤ) ਨਜ਼ਰੀਆ ਪੰਨੇ ’ਤੇ ਪੜ੍ਹਿਆ। ਪਿਛਲੇ ਸਮੇਂ ਵਿੱਚ ਬਹੁਤ ਸਿੱਧੇ ਸਾਦੇ ਲੋਕ ਹੁੰਦੇ ਸਨ। ਪੜ੍ਹੇ-ਲਿਖੇ ਘੱਟ ਤੇ ਜ਼ਿਆਦਾਤਰ ਅਨਪੜ੍ਹ ਹੀ ਸਨ। ਇਸ ਕਰ ਕੇ ਬਹੁਤ ਸਾਰੇ ਲੋਕ ਵਿਆਹ ਤੋਂ ਵਾਂਝੇ ਰਹਿ ਜਾਂਦੇ ਸਨ ਜਿਨ੍ਹਾਂ ਨੂੰ ਛੜੇ ਦਾ ਦਰਜਾ ਮਿਲ ਜਾਂਦਾ ਸੀ। ਉਦੋਂ ਲੋਕ ਮਿਹਨਤੀ ਸਨ। ਪੁਰਾਣੀਆਂ ਪੰਜ ਜਮਾਤਾਂ ਅਤੇ ਅੱਜ ਦੀਆਂ ਦਸ ਜਮਾਤਾਂ ਬਰਾਬਰ ਸਨ। ਉਨ੍ਹਾਂ ਕੋਲ ਗਿਆਨ ਦਾ ਭੰਡਾਰ ਹੁੰਦਾ ਸੀ। ਜ਼ਿੰਦਗੀ ਤਜਰਬਿਆਂ ਨਾਲ ਭਰਪੂਰ ਸੀ। ਬਹੁਤ ਸਾਰੇ ਲੋਕ ਖੇਤੀਬਾੜੀ, ਪਰਿਵਾਰਕ ਰਿਸ਼ਤੇ ਨਾਤਿਆਂ ਨਾਲ ਸਬੰਧਿਤ ਨੇਕ ਸਲਾਹ ਇਨ੍ਹਾਂ ਸਿਆਣੇ ਲੋਕਾਂ ਕੋਲੋਂ ਲੈਂਦੇ ਸੀ। ਬਹੁਤ ਸਾਰੇ ਪਿੰਡਾਂ ਦੇ ਸਾਂਝੇ ਕੰਮਾਂ ਦੇ ਮਾਮਲੇ ਵੀ ਉਹ ਹੱਲ ਕਰ ਦਿੰਦੇ ਸਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)


ਡੰਕੀ ਰੂਟ
29 ਅਗਸਤ ਵਾਲੇ ਅੰਕ ’ਚ ਡੰਕੀ ਰੂਟ ਦੇ ਜੋਖ਼ਮ ਸੰਪਾਦਕੀ ਪੜ੍ਹਿਆ, ਜੋ ਸਾਡੇ ਲਈ ਇੱਕ ਨਸੀਹਤ ਹੈ। ਸਾਨੂੰ ਸੁਚੇਤ ਕਰਦਾ ਹੈ ਕਿ ਕਦੇ ਵੀ ਗ਼ਲਤ ਢੰਗ ਨਾਲ ਵਿਦੇਸ਼ ਨਾ ਜਾਵੋ ਕਿਉਂਕਿ ਜਾਨ ਤੋਂ ਵੱਧ ਕੁਝ ਨਹੀਂ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਜਾਨ ਹੈ ਜਹਾਨ ਹੈ। ਜਦੋਂ ਵੀ ਵਿਦੇਸ਼ ਜਾਣਾ ਹੈ ਤਾਂ ਸਹੀ ਰਾਹ ਚੁਣੋ ਤਾਂ ਜੋ ਤੁਹਾਡੀ ਜਿੰਦ ਨੂੰ ਕੋਈ ਨੁਕਸਾਨ ਨਾ ਹੋਵੇ।
ਅਜੀਤ ਖੰਨਾ


ਰੈਗਿੰਗ ਕਰਨਾ ਜੁਰਮ
ਦੇਸ਼ ਵਿੱਚ ਰੈਗਿੰਗ ਕਈ ਤਰੀਕਿਆਂ ਨਾਲ ਹੋ ਰਹੀ ਹੈ। ਕਾਨੂੰੂਨ ਮੁਤਾਬਿਕ ਇਹ ਜੁਰਮ ਹੈ। ਫਿਰ ਦੇਸ਼ ਦੇ ਬਹੁਤ ਸਾਰੇ ਨੌਜਵਾਨ ਰੈਗਿੰਗ ਦੇ ਸ਼ਿਕਾਰ ਹੋ ਰਹੇ ਹਨ। ਕਈ ਨੌਜਵਾਨ ਰੈਗਿੰਗ ਹੋਣ ਦੇ ਬਾਵਜੂਦ ਇਸ ਖਿਲਾਫ਼ ਆਵਾਜ਼ ਨਹੀਂ ਉਠਾ ਪਾਉਂਦੇ। ਜੇਕਰ ਕੋਈ ਤੁਹਾਡੀ ਰੈਗਿੰਗ ਜਾਂ ਤੰਗ ਕਰਦਾ ਹੈ ਤਾਂ ਆਵਾਜ਼ ਉਠਾਉਣ ਦੇ ਨਾਲ ਨਾਲ ਮਾਪਿਆਂ ਅਤੇ ਸਮਰੱਥ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ।
ਜਸ਼ਨਪ੍ਰੀਤ ਸਿੰਘ, ਫਿਰੋਜ਼ਪੁਰ


ਸੰਵਿਧਾਨਕ ਨੈਤਿਕਤਾ ਦਾ ਸਤਿਕਾਰ
29 ਅਗਸਤ ਦੇ ਅੰਕ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਲੇਖ ‘ਸੰਵਿਧਾਨਕ ਨੈਤਿਕਤਾ ਦਾ ਸਤਿਕਾਰ ਕਿਉਂ ਜ਼ਰੂਰੀ?’ ਵਿਚਲਾ ਫ਼ਿਕਰਾ ‘ਵਾਰ ਵਾਰ ਸਾਨੂੰ ਇੱਕ ਸੰਵਿਧਾਨਕ ਅਦਾਰੇ ਦੇ ਇਸ਼ਾਰੇ ’ਤੇ ਕੁਝ ਅਣਕਿਆਸੇ ਅਤੇ ਅਜਬ ਵਰਤਾਰੇ ਦੇਖਣ ਨੂੰ ਮਿਲਦੇ ਹਨ’ ਬੇਚੈਨ ਕਰਨ ਵਾਲਾ ਹੈ। ਲੇਖ ਦੇ ਸੰਦਰਭ ਵਿੱਚ ਇਹ ਫ਼ਿਕਰਾ ਇਹੋ ਕਹਿੰਦਾ ਹੈ ਕਿ ਉਦਾਹਰਨਾਂ ਵਜੋਂ ਪੇਸ਼ ਕੀਤੇ ਰਾਜਪਾਲਾਂ, ਮੁੱਖ ਮੰਤਰੀਆਂ, ਮੰਤਰੀਆਂ ਤੇ ਸੂਬੇ ਦੀ ਅਸੈਂਬਲੀ ਦੇ ਸਪੀਕਰਾਂ ਨੇ ਸੰਵਿਧਾਨਕ ਪਦਵੀ ’ਤੇ ਬਿਰਾਜਮਾਨ ਸ਼ਖ਼ਸ ਦੇ ਇਸ਼ਾਰੇ ’ਤੇ ਹੀ ਸੰਵਿਧਾਨਕ ਨੈਤਿਕਤਾ ਦਾ ਨਿਰਾਦਰ ਕੀਤਾ ਹੈ। ਸੰਵਿਧਾਨਕ ਨੈਤਿਕਤਾ ਦਾ ਸਤਿਕਾਰ ਇਸ ਲਈ ਜ਼ਰੂਰੀ ਹੈ ਕਿ ਸਾਡੇ ਹੀ ਦੇਸ਼ ਦਾ ਨਾਗਰਿਕ ਵਿਦੇਸ਼ੀ ਨਾਗਰਿਕਤਾ ਹਾਸਿਲ ਕਰਕੇ ਸਾਡੇ ਦੇਸ਼ ਵਿੱਚ ਆ ਕੇ ਸਾਨੂੰ ਇਹ ਮਿਹਣਾ ਨਾ ਦੇ ਸਕੇ ਕਿ ਸਾਡੀ ਆਰਥਿਕਤਾ ਵਿਕਾਸ ਦਰ ਨੂੰ 9 ਫ਼ੀਸਦੀ ਤੋਂ 11 ਫ਼ੀਸਦੀ ਤਕ ਲਿਜਾਣ ਲਈ ਸਾਡੀ ਸਿਆਸੀ ਜਮਾਤ ਵਿੱਚ ਆਰਥਿਕ ਸੁਧਾਰ ਕਰਨ ਦੀ ਯੋਗਤਾ ਨਹੀਂ ਹੈ।
ਜਗਰੂਪ ਸਿੰਘ, ਉਭਾਵਾਲ

Advertisement
Author Image

joginder kumar

View all posts

Advertisement