ਪਾਠਕਾਂ ਦੇ ਖ਼ਤ
ਜੋਗੀ ਦੇ ਦਾਅ-ਪੇਚ
ਨਜ਼ਰੀਆ ਪੰਨੇ ’ਤੇ (28 ਅਗਸਤ) ਬਲਜੀਤ ਸਿੱਧੂ ਦੀ ਰਚਨਾ ‘ਜੋਗੀ ਚਲਦੇ ਭਲੇ’ ਪੜ੍ਹਦਿਆਂ ਪੰਜਾਬ ਦੇ ਭੋਲੇ-ਭਾਲੇ ਮਿਹਨਤਕਸ਼ ਲੋਕਾਂ ਦੀ ਯਾਦ ਆ ਗਈ ਜੋ ਬਾਬਿਆਂ, ਤਾਂਤਰਿਕਾਂ ਅਤੇ ਝੂਠੀਆਂ ਠੱਗ ਕੰਪਨੀਆਂ ਦੇ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਆਪਣਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਵਾਉਣ ਪਿੱਛੋਂ ਪਛਤਾਉਂਦੇ ਹਨ। ਅਜਿਹੇ ਭੋਲੇ-ਭਾਲੇ ਲੋਕਾਂ ਨੂੰ ਇਸ ਰਚਨਾ ਦਾ ਲੇਖਕ/ਪਾਤਰ ਚੌਕਸ ਕਰਦਾ ਪ੍ਰਤੀਤ ਹੁੰਦਾ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਖੇਤੀ ਜਿਣਸਾਂ ਦੀ ਬਰਾਮਦ
28 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਰਾਜ ਮਾਨ ਵੱਲੋਂ ਲਿਖੇ ‘ਖੇਤੀ ਜਿਣਸਾਂ ਦੀ ਬਰਾਮਦ ਅਤੇ ਪੰਜਾਬ’ ਲੇਖ ਵਿੱਚ ਤੱਥਾਂ ਦੇ ਆਧਾਰ ’ਤੇ ਦੂਜੇ ਸੂਬਿਆਂ ਅਤੇ ਖ਼ਾਸ ਕਰ ਕੇ ਹਰਿਆਣਾ ਨਾਲ ਖੇਤੀ ਅਤੇ ਡੇਅਰੀ ਜਿਣਸਾਂ ਦੀ ਬਰਾਮਦ ਦੀ ਪੰਜਾਬ ਨਾਲ ਤੁਲਨਾ ਕੀਤੀ ਗਈ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਪੰਜਾਬ ਵੱਲੋਂ ਬਰਾਮਦ ਦੀਆਂ ਬਹੁਤ ਸੰਭਾਵਨਾਵਾਂ ਹਨ। ਕੇਂਦਰ, ਰਾਜ ਸਰਕਾਰ ਅਤੇ ਕਿਸਾਨਾਂ ਨੂੰ ਰਲ਼ ਕੇ ਯਤਨ ਕਰਨੇ ਚਾਹੀਦੇ ਹਨ। ਇਨ੍ਹਾਂ ਜਿਣਸਾਂ ਦੀ ਵੱਧ ਤੋਂ ਵੱਧ ਬਰਾਮਦ ਪੰਜਾਬ ਅਤੇ ਖ਼ਾਸ ਤੌਰ ’ਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦੀ ਹੈ।
ਬਲਵਿੰਦਰ ਸਿੰਘ ਗਿੱਲ, ਪਟਿਆਲਾ
ਵਿਗਿਆਨਕ ਸੋਚ
27 ਅਗਸਤ ਦੀ ਸੰਪਾਦਕੀ ‘ਵਿਗਿਆਨਕ ਸੋਚ ਦੀ ਲੋੜ’ ਵਿੱਚ ਮੌਜੂਦਾ ਸਮਿਆਂ ਵਿੱਚ ਧਾਰਮਿਕ ਆਸਥਾ ਦੇ ਨਾਂ ਹੇਠ ਵਧ ਰਹੇ ਅੰਧ-ਵਿਸ਼ਵਾਸ ਅਤੇ ਅਪਰਾਧਾਂ ਦੀ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਹੀ ਪੜਚੋਲ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਅਧੀਨ ਥਾਣਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਨੂੰ ਇੱਕ ਪਾਦਰੀ ਅਤੇ ਉਸ ਦੇ ਸਾਥੀਆਂ ਵੱਲੋਂ ਅਖੌਤੀ ਪ੍ਰੇਤ ਆਤਮਾ ਕੱਢਣ ਦੀ ਆੜ ਹੇਠ ਕੁੱਟ ਕੁੱਟ ਕੇ ਜਾਨੋਂ ਮਾਰਨ ਦੀ ਇਹ ਕੋਈ ਪਹਿਲੀ ਅਤੇ ਆਖ਼ਰੀ ਘਟਨਾ ਨਹੀਂ ਹੈ। ਪਿਛਲੇ ਸਮੇਂ ਵਿੱਚ ਪਾਖੰਡੀ ਬਾਬਿਆਂ ਤੇ ਤਾਂਤਰਿਕਾਂ ਵੱਲੋਂ ਪਿੰਡ ਭਿੰਡਰ ਕਲਾਂ (ਮੋਗਾ), ਕੋਟ ਫੱਤਾ (ਬਠਿੰਡਾ), ਮੂਧਲ (ਅੰਮ੍ਰਿਤਸਰ) ਅਤੇ ਖੰਨਾ (ਲੁਧਿਆਣਾ) ਵਿਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਅਤੇ ਅਖੌਤੀ ਭੂਤ-ਪ੍ਰੇਤ ਕੱਢਣ ਬਹਾਨੇ ਹੋਰ ਕਈ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਵਾਪਰੀਆਂ ਹਨ। ਅਫ਼ਸੋਸ, ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨੇ ਇਸ ਗ਼ੈਰਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਤੇ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ। ਲੋਕਾਂ ’ਚ ਵਿਗਿਆਨਕ ਸੋਚ ਵਿਕਸਤ ਕਰਨ ਲਈ ਪੰਜਾਬ ਸਰਕਾਰ ਨੂੰ ਹਸਪਤਾਲਾਂ ਵਿੱਚ ਮਨੋਰੋਗਾਂ ਦੇ ਮਾਹਿਰ ਡਾਕਟਰ ਨਿਯੁਕਤ ਕਰਨ ਦੇ ਨਾਲ ਮੁਫ਼ਤ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਦੀ ਲੋੜ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਵਾਤਾਵਰਣ ਦੀ ਸੰਭਾਲ ਜ਼ਰੂਰੀ
ਅੱਜ ਦੇ ਸਮੇਂ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਰੋਜ਼ ਆਪਣੇ ਆਪਣੇ ਪੱਧਰ ਉੱਤੇ ਕੋਸ਼ਿਸ਼ ਕਰ ਰਹੇ ਹਨ। ਫਿਰ ਵੀ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੀ ਖਪਤ ਨਾਲ ਦੁਨੀਆ ਵਿੱਚ ਵਾਤਾਵਰਣ ਦੀ ਸਥਿਤੀ ਗੰਭੀਰ ਹੋ ਰਹੀ ਹੈ। ਵਾਤਾਵਰਣ ਦੀ ਸੁਰੱਖਿਆ ਲਈ ਸਾਨੂੰ ਪਾਣੀ, ਮਿੱਟੀ, ਹਵਾ ਆਦਿ ਨੂੰ ਸਾਫ਼ ਰੱਖਣ ਦੀ ਜ਼ਰੂਰਤ ਹੈ। ਕਈ ਸੰਸਥਾਵਾਂ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ, ਲੋਕ ਸਿਖਲਾਈ/ ਜਾਗਰੂਕਤਾ ਸਭਾ ਅਤੇ ਨੁੱਕੜ ਨਾਟਕ ਦੀ ਵਰਤੋਂ ਕਰਦੀਆਂ ਹਨ। ਸੰਸਥਾਵਾਂ ਦੇ ਨਾਲ ਨਾਲ ਮੰਦਰਾਂ ਅਤੇ ਗੁਰਦੁਆਰਿਆਂ ਵੱਲੋਂ ਵੀ ਰੁੱਖਾਂ ਦਾ ਲੰਗਰ ਹੁਣ ਆਮ ਜਿਹਾ ਲੱਗਣ ਲੱਗ ਗਿਆ ਹੈ ਤਾਂ ਕਿ ਲੋਕਾਂ ਨੂੰ ਰੁੱਖਾਂ ਅਤੇ ਵਾਤਾਵਰਨ ਪ੍ਰਤੀ ਹੋਰ ਜਾਗਰੂਕ ਕੀਤਾ ਜਾਵੇ ਅਤੇ ਹਰਿਆਲੀ ਨੂੰ ਸਾਂਭ ਕੇ ਰੱਖਿਆ ਜਾਵੇ। ਜੇਕਰ ਅਸੀਂ ਅੱਜ ਦੇ ਸਮੇਂ ਵਿੱਚ ਵਾਤਾਵਰਨ ਨੂੰ ਨਹੀਂ ਬਚਾਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਧਰਤੀ ਦਾ ਤਾਪਮਾਨ ਹੋਰ ਵੀ ਵਧਣ ਦਾ ਖ਼ਤਰਾ ਵਧ ਸਕਦਾ ਹੈ, ਜੋ ਕਿ ਬਾਅਦ ਵਿੱਚ ਸਮੁੰਦਰ ਦੇ ਪਾਣੀ ਦੇ ਪੱਧਰ ਨੂੰ ਹੋਰ ਉੱਤੇ ਕਰਨ ਕਰਕੇ ਸੁਨਾਮੀ ਦਾ ਕਾਰਨ ਵੀ ਬਣ ਸਕਦਾ ਹੈ। ਰੁੱਖ ਅਤੇ ਹਰਿਆਲੀ ਨਾ ਹੋਣ ਕਾਰਨ ਹੋਰ ਵੀ ਕੁਦਰਤੀ ਆਫ਼ਤਾਂ ਜਿਵੇਂ ਕਿ ਜ਼ਮੀਨ ਦਾ ਖਿਸਕਣਾ, ਤਾਪਮਾਨ ਵਧਣਾ, ਗਲੇਸ਼ੀਅਰ ਪਿਘਲਣੇ ਆਦਿ ਕਈ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ ਜਿਸ ਕਾਰਨ ਹਰੇਕ ਨੂੰ ਆਪੋ ਆਪਣੇ ਨਿੱਜੀ ਪੱਧਰ ’ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸ਼ਿਵਮ, ਸਾਹਨੇਵਾਲ
ਪੈਨਸ਼ਨ ਸਕੀਮ
26 ਅਗਸਤ ਦੇ ਸੰਪਾਦਕੀ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਕ ਗੱਲ ਸਪੱਸ਼ਟ ਹੈ ਕਿ ਮੁਲਾਜ਼ਮ ਵਰਗ ਨੇ ਰਲਿਆ ਮਿਲਿਆ ਪ੍ਰਤੀਕਰਮ ਦਿੱਤਾ ਹੈ। ਇਸ ਮੰਗ ਲਈ ਮੁਲਾਜ਼ਮ ਵਰਗ ਹੰਭ ਚੁੱਕਿਆ ਸੀ। ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਦੱਸੀ ਗਈ, ਜੋ ਹਕੀਕਤ ਨਹੀਂ ਹੈ। ਕਾਂਗਰਸ ਸਰਕਾਰਾਂ ਵਾਲੇ ਸੂਬੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਗਏ ਹਨ, ਕੁਝ ਇੱਛਾ ਵੀ ਰੱਖਦੇ ਹਨ। ‘ਆਪ’ ਸਰਕਾਰ ਆਉਣ ਦਾ ਇੱਕ ਕਾਰਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਵੀ ਸੀ। ਚੰਗਾ ਹੋਵੇ ਜੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪੈਨਸ਼ਨ ਦੇ ਰੋਲ ਘਚੋਲੇ ਨੇ ਮੁਲਾਜ਼ਮਾਂ ਨੂੰ ਅਸਥਿਰ ਕੀਤਾ ਹੈ। ਹਰ ਮੁਲਾਜ਼ਮ ਸੁਰੱਖਿਆ ਭਾਲਦਾ ਹੈ। ਚੰਗਾ ਹੋਵੇ ਜੇ ਇਸ ਸਕੀਮ ਦੀ ਸਰਲ ਭਾਸ਼ਾ ਵਿੱਚ ਵਿਆਖਿਆ ਕੀਤੀ ਜਾਵੇ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
ਸ਼ਲਾਘਾਯੋਗ ਰਚਨਾ
22 ਅਗਸਤ ਦੇ ਅੰਕ ਵਿੱਚ ਜ਼ੋਇਆ ਹਸਨ ਦਾ ਲੇਖ ‘ਉਪ ਵਰਗੀਕਰਨ ਦਾ ਤਰਕ ਅਤੇ ਸਮਾਜਿਕ ਨਿਆਂ’ ਪੜ੍ਹਿਆ। ਲੇਖਕ ਨੇ ਸੁਪਰੀਮ ਕੋਰਟ ਦੇ ਸਟੇਟ ਆਫ ਪੰਜਾਬ ਬਨਾਮ ਦਵਿੰਦਰ ਸਿੰਘ ਦੇ ਕੇਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ-ਜਾਤੀਆਂ ਵਿੱਚ ਉਪ ਵਰਗੀਕਰਨ ਦੇ ਫ਼ੈਸਲੇ ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਨਜ਼ਰੀਏ ਤੋਂ ਚੰਗੀ ਚੀਰ-ਫਾੜ ਕੀਤੀ ਹੈ। ਫ਼ੈਸਲੇ ਦੇ ਸਿਆਸਤ, ਸਮਾਜ ਅਤੇ ਇਨ੍ਹਾਂ ਜਾਤੀਆਂ ’ਤੇ ਭਵਿੱਖ ਵਿੱਚ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਇਸ਼ਾਰੇ ਕੀਤੇ ਗਏ ਹਨ। ਸਾਡੇ ਦੇਸ਼ ਦੇ ਬਹੁਤੇ ਮਸਲੇ ਜਾਤੀ ਪ੍ਰਥਾ ਦੀ ਦੇਣ ਹਨ। ਇਸ ਨੂੰ ਜਦੋਂ ਤੱਕ ਹਟਾਇਆ ਨਹੀਂ ਜਾਂਦਾ, ਕੋਈ ਟਿਕਾਊ ਹੱਲ ਸੰਭਵ ਨਹੀਂ ਹੈ। ਅਨੁਭਵ ਕਾਰਨ ਮਹਿਸੂਸ ਹੁੰਦਾ ਹੈ ਕਿ ਇਹ ਫ਼ੈਸਲਾ ਭਵਿੱਖ ਵਿੱਚ ਰਾਖਵੇਂਕਰਨ ਨੂੰ ਢਿੱਲਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਜਗਰੂਪ ਸਿੰਘ, ਉਭਾਵਾਲ
ਜਾਣਕਾਰੀ ਭਰਪੂਰ ਟਿੱਪਣੀ
21 ਅਗਸਤ ਦਾ ਸੰਪਾਦਕੀ ਲੇਖ ‘ਸਰਕਾਰ ਦਾ ਨੀਤੀਗਤ ਉਲਟਾ ਮੋੜ’ ਪੜ੍ਹਿਆ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵਰਤਿਆ ਸ਼ਬਦ ਸ਼ਹਿਨਸ਼ਾਹ ਬਹੁਤ ਮਾਅਨੇ ਰੱਖਦਾ ਹੈ। ਲੇਟਰਲ ਐਂਟਰੀ ਤਾਂ ਹੈ ਹੀ ਆਪਣੇ ਚਹੇਤਿਆਂ ਅਤੇ ਨੀਤੀਆਂ ਨਾਲ ਸਹਿਮਤ ਬੰਦਿਆਂ ਨੂੰ ਉੱਚ ਅਹੁਦਿਆਂ ’ਤੇ ਬਿਠਾਉਣ ਲਈ। ਸਰਕਾਰ ਵੱਲੋਂ ਹੋ ਰਹੀਆਂ ਮਨਮਾਨੀਆਂ ’ਤੇ ਚੰਗੀ ਜਾਣਕਾਰੀ ਭਰਪੂਰ ਟਿੱਪਣੀ ਹੈ।
ਜਗਰੂਪ ਸਿੰਘ, ਮੁਹਾਲੀ
ਅਮਰੀਕਾ ਦੀ ਰਾਸ਼ਟਰਪਤੀ ਚੋਣ
ਸੰਯੁਕਤ ਰਾਜ ਅਮਰੀਕਾ ਵਿੱਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਸੱਚਮੁੱਚ ਇਤਿਹਾਸਕ ਰਾਸ਼ਟਰਪਤੀ ਹੋਵੇਗੀ ਕਿਉਂਕਿ ਉਸ ਦੀ ਭਾਰਤ ਨਾਲ ਖ਼ੂਨ ਦੀ ਸਾਂਝ ਹੈ ਅਤੇ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। 21 ਅਗਸਤ ਦੇ ‘ਵਿਰਾਸਤ’ ਪੰਨੇ ’ਤੇ ਲੇਖ ‘ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ’ ਅਨੁਸਾਰ 1732 ਦੇ ਵੱਡੇ ਰੋਹੀੜਾ (ਜ਼ਿਲ੍ਹਾ ਮਾਲੇਰਕੋਟਲਾ) ਘੱਲੂਘਾਰਾ ਵਿੱਚ ਆਲਾ ਸਿੰਘ ਨਿਰਪੇਖ ਰਹੇ ਜਿਸ ਦਾ ਮਤਲਬ ਹੈ ਕਿ ਬੇਰਹਿਮ ਅਹਿਮਦ ਸ਼ਾਹ ਅਬਦਾਲੀ ਦੀ ਆਲਾ ਸਿੰਘ ਨੇ ਅਸਿੱਧੀ ਮਦਦ ਅਤੇ ਸਿੱਖ ਕੌਮ ਨਾਲ ਗ਼ੱਦਾਰੀ ਕੀਤੀ ਵਰਨਾ ਪੈਂਤੀ ਹਜ਼ਾਰ ਸਿੰਘ-ਸਿੰਘਣੀਆਂ ਸ਼ਹੀਦ ਨਾ ਹੁੰਦੇ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਰਕਾਰ ਦੀ ਹਕੀਕਤ
ਭ੍ਰਿਸ਼ਟਾਚਾਰ ਵਿਰੋਧੀ ਦਾਅਵੇ ਦੀ ਹਕੀਕਤ ਵਾਲਾ 28 ਅਗਸਤ ਦਾ ਸੰਪਾਦਕੀ ਸੰਸਦ ਭਵਨ ਦੇ ਚੋਣ, ਸ਼ਿਵਾ ਜੀ ਦੇ ਬੁੱਤ ਦੇ ਢਹਿ-ਢੇਰੀ ਹੋਣ ਦੇ ਸਬੂਤਾਂ ਨਾਲ ਮੋਦੀ ਦੇ ਕਾਰਜਕਾਲ ਦੀ ਫੂਕ ਨਿਕਲਣ ਦੀ ਪੁਸ਼ਟੀ ਕਰਦਾ ਹੈ। ਤੀਜੀ ਪਾਰੀ ਦੀ ਸਮਾਪਤੀ ਤੱਕ ਮੋਦੀ ਸਰਕਾਰ ਦੇ ਕੰਮਾਂ ਦੀ ਯਥਾਰਥਕ ਮੂਰਤ ਲੋਕਾਂ ਵਿੱਚ ਰੂਪਮਾਨ ਹੋ ਜਾਵੇਗੀ। ਹੋਰ ਤਾਂ ਹੋਰ ਸ਼ੰਭੂ ਹੱਦ ’ਤੇ ਕਿਸਾਨਾਂ ਨੂੰ ਜਿਵੇਂ ਪੱਕੇ ਬੈਰੀਕੇਡ ਲਗਾ ਕੇ ਰੋਕਿਆ ਗਿਆ ਉਹ ਤਾਂ ਵਿਰੋਧੀ ਦੇਸ਼ ਦੀਆਂ ਹੱਦਾਂ ਨਾਲੋਂ ਵੀ ਅੱਗੇ ਲੰਘ ਗਿਆ ਹੈ। ਇਹ ਭਾਜਪਾ ਸਰਕਾਰਾਂ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਦਾ ਹੈ ਜਿਹੜੀਆਂ ਗੁਆਂਢੀ ਰਾਜ ਅਤੇ ਕੇਂਦਰ ਵਿੱਚ ਇੱਕੋ ਸਮੇਂ ਬਿਰਾਜਮਾਨ ਹਨ। ਲੋਕਾਂ ਨੇ ਜਿਹੜੀਆਂ ਮੁਸੀਬਤਾਂ ਸ਼ੰਭੂ ਹੱਦ ਬੰਦ ਹੋਣ ਕਾਰਨ ਝੱਲੀਆਂ ਉਸ ਦਾ ਮੁੱਲ ਕੌਣ ਦੇਵੇਗਾ? ਕੀ ਇੱਕ ਧਿਰ ਦਾ ਦੁੱਖ ਦੂਜੀ ਨਿਰਦੋਸ਼ ਧਿਰ ਵੱਲ ਧੱਕ ਦੇਣਾ ਠੀਕ ਹੈ। ਇਸੇ ਦਿਨ ਮਿਡਲ ਵਿੱਚ ਲੱਗੇ ਬਲਜੀਤ ਸਿੰਘ ਸਿੱਧੂ ਦੇ ਲੇਖ ‘ਜੋਗੀ ਚਲਦੇ ਭਲੇ...’ ਨੇ ਖ਼ੂਬ ਰੰਗ ਬੰਨ੍ਹਿਆ। ਜੋਗੀ ਵੀ ਕਿੰਨੇ ਤਿੱਖੇ ਹੋ ਜਾਂਦੇ ਹਨ, ਇਸ ਦਾ ਰੰਗ ਵੀ ਵਾਰਤਾਲਾਪ ਵਿੱਚੋਂ ਖ਼ੂਬ ਮਿਲਦਾ ਹੈ। ਪਰ ਜਿਸ ਤਰ੍ਹਾਂ ਸਿੱਧੂ ਨੇ ਜੋਗੀ ਦੀ ਗਿੱਦੜਸਿੰਗੀ ਵਿੰਗ ਤੜਿੰਗੀ ਦੇ ਵਲ਼ ਕੱਢੇ ਉਹ ਖ਼ੂਬ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ