ਪਾਠਕਾਂ ਦੇ ਖ਼ਤ
ਤਬਦੀਲੀ ਸਵੀਕਾਰ ਕਰੋ
‘ਤੀਆਂ ਦੇ ਬਦਲੇ-ਬਦਲੇ ਰੰਗ’ (7 ਅਗਸਤ) ਲੇਖ ਵਿੱਚ ਜੋਧ ਸਿੰਘ ਮੋਗਾ ਨੇ ਤੀਆਂ ਦੇ ਬਦਲਦੇ ਸਰੂਪ ਦਾ ਜ਼ਿਕਰ ਛੇੜਿਆ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਤਬਦੀਲੀ ਸਵੀਕਾਰ ਕਰਨੀ ਚਾਹੀਦੀ ਹੈ। ਉਂਝ ਨਾਲ ਹੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣਾ ਪਿਛੋਕੜ ਨਾ ਭੁੱਲ ਜਾਈਏ। ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਨੂੰ ਇਨ੍ਹਾਂ ਤਿਉਹਾਰਾਂ ਦਾ ਹਿੱਸਾ ਨਾ ਬਣਾਇਆ ਜਾਵੇ।
ਸਿਮਰਨਜੀਤ ਸਿੰਘ ਸੈਣੀ, ਜਲੰਧਰ
(2)
7 ਅਗਸਤ ਦੇ ਅੰਕ ਵਿੱਚ ਜੋਧ ਸਿੰਘ ਮੋਗਾ ਦਾ ਲੇਖ ‘ਤੀਆਂ ਦੇ ਬਦਲੇ-ਬਦਲੇ ਰੰਗ’ ਪੜ੍ਹਿਆ। ਅੱਜ ਉਹ ਤੀਆਂ ਨਹੀਂ ਰਹੀਆਂ। ਨਾ ਉਹ ਖਾਣੇ ਰਹੇ ਨਾ ਬਾਣੇ। ਲੋਕੀਂ ਹੋ ਗਏ ਨੀਤਾਂ ਦੇ ਖੋਟੇ, ਗਾਇਬ ਕਰ ਦਿੱਤੇ ਪਿੱਪਲ ਬਰੋਟੇ। ਕਾਹਦਾ ਮਾਡਰਨ ਜ਼ਮਾਨਾ ਆਇਆ, ਜਿਹਨੇ ਪੰਜਾਬੀ ਸੱਭਿਆਚਾਰ ਭਜਾਇਆ, ਆਓ ਆਪਣੇ ਬੱਚਿਆਂ ਨੂੰ ਸਮਝਾਈਏ, ਪੰਜਾਬੀ ਵਿਰਸੇ ਤੋਂ ਜਾਣੂ ਕਰਵਾਈਏ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)
ਤਜਰਬੇ ਬਨਾਮ ਨਤੀਜੇ
27 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਦੇ ਲੇਖ ‘ਸਮਰੱਥਾ ਉੱਤੇ ਬਰੇਕਾਂ ਮਿਸ਼ਨ ਸਮਰੱਥਾ’ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਨਿੱਤ ਕੀਤੇ ਜਾਂਦੇ ਤਜਰਬਿਆਂ ’ਤੇ ਚਾਨਣਾ ਪਾਇਆ ਗਿਆ ਹੈ। ਇਹ ਤਜਰਬੇ 2008 ਤੋਂ ਲਗਾਤਾਰ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਅੱਜ ਤੱਕ ਕੋਈ ਨਤੀਜਾ ਨਾ ਨਿਕਲਣ ਦਾ ਕਾਰਨ ਜ਼ਮੀਨੀ ਹਕੀਕਤਾਂ ਨੂੰ ਸਮਝੇ ਬਿਨਾਂ ਨਿੱਤ ਨਵੇਂ ਤਜਰਬੇ ਕਰਨਾ ਹੈ। ਸਾਰੀਆਂ ਸਰਕਾਰਾਂ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਅੱਜ ਤੱਕ ਅਧਿਆਪਕਾਂ ਤੋਂ ਗ਼ੈਰ-ਵਿਦਿਅਕ ਕੰਮ ਲੈਣੇ ਬੰਦ ਨਹੀਂ ਹੋਏ। ਰੋਜ਼ ਚਿੱਠੀਆਂ ਦਾ ਰੁੱਕਾ ਵ੍ਹਟਸਐਪ ਰਾਹੀਂ ਧੱਕਿਆ ਜਾਂਦਾ ਹੈ। ਸਕੂਲ ਨਾਲ ਸਬੰਧਿਤ ਡੇਟਾ, ਆਨਲਾਈਨ ਹੋਣ ਦੇ ਬਾਵਜੂਦ ਅਧਿਆਪਕਾਂ ਤੋਂ ਵਾਰ-ਵਾਰ ਮੰਗਿਆ ਜਾਂਦਾ ਹੈ। ਸਭ ਤੋਂ ਮਾੜਾ ਹਾਲ ਪ੍ਰਾਇਮਰੀ ਸਕੂਲਾਂ ਦਾ ਹੈ ਜਿੱਥੇ ਇੱਕ ਅਧਿਆਪਕ ਨਾਲ-ਨਾਲ ਕਲਰਕ, ਸਕੱਤਰ, ਪ੍ਰਬੰਧਕ ਤੇ ਹੋਰ ਪਤਾ ਨਹੀਂ ਕੀ-ਕੀ ਜ਼ਿੰਮੇਵਾਰੀਆਂ ਚੁੱਕੀ ਫਿਰਦਾ ਹੈ। ਸਰਕਾਰਾਂ ਇਸ ਵੱਲ ਧਿਆਨ ਦੇਣ।
ਹਰਤੇਜ ਸਿੰਘ ਪਹੇੜੀ, ਈਮੇਲ
ਪੰਜਾਬੀਆਂ ਦੀ ਸਰਦਾਰੀ
26 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਨਵਦੀਪ ਸਿੰਘ ਗਿੱਲ ਦਾ ਲੇਖ ‘ਓਲੰਪਿਕ ਹਾਕੀ ਵਿੱਚ ਪੰਜਾਬੀਆਂ ਦੀ ਸਰਦਾਰੀ’ ਪੜ੍ਹ ਕੇ ਭਾਰਤੀ ਹਾਕੀ ਦਾ ਉਹ ਸੁਨਹਿਰੀ ਸਮਾਂ ਅੱਖਾਂ ਸਾਹਮਣੇ ਆ ਗਿਆ ਜਦੋਂ ਜੂੜਿਆਂ ਵਾਲੇ ਹਾਕੀ ਖਿਡਾਰੀ ਖੇਡ ਮੈਦਾਨ ਵਿੱਚ ਪੂਰੀ ਲੈਅ ਨਾਲ ਖੇਡਦੇ ਹੋਏ ਅਦਭੁੱਤ ਨਜ਼ਾਰਾ ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਸਨ। ਬਲਬੀਰ ਸਿੰਘ, ਪਿਰਥੀਪਾਲ ਸਿੰਘ, ਊਧਮ ਸਿੰਘ, ਅਜੀਤਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ ਵਰਗੇ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਨੂੰ ਜਿੱਤਾਂ ਦਿਵਾਈਆਂ। ਕੋਈ ਸਮਾਂ ਸੀ ਜਦੋਂ ਪੰਜਾਬ ਦੇ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ ਅਤੇ ਹੋਰ ਖਾਲੀ ਥਾਵਾਂ ਵਿੱਚ ਬੱਚੇ ਹਾਕੀ ਸ਼ੌਕ ਨਾਲ ਖੇਡਦੇ ਸਨ ਪਰ ਕ੍ਰਿਕਟ ਨੂੰ ਪ੍ਰਾਪਤ ਹੋਏ ਕਾਰਪੋਰੇਟ ਸੈਕਟਰ ਦੇ ਹੁਲਾਰੇ ਨਾਲ ਲੋਕਾਂ ਦਾ ਝੁਕਾਅ ਕ੍ਰਿਕਟ ਵੱਲ ਵਧਣ ਲੱਗ ਪਿਆ। ਫਿਰ ਵੀ ਮਿੱਠਾਪੁਰ, ਸੰਸਾਰਪੁਰ, ਖੁਸਰੋਪੁਰ, ਬਾਬਾ ਬਕਾਲਾ, ਬੁਤਾਲਾ, ਚਾਹਲ ਕਲਾਂ, ਜਰਖੜ ਆਦਿ ਪਿੰਡਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹਾਕੀ ਦਾ ਸ਼ੌਕ ਬਰਕਰਾਰ ਹੈ। ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਖੇਤਰ ਵਿੱਚ ਭਰਪੂਰ ਯੋਗਦਾਨ ਪਾਉਂਦਿਆਂ ਫਤਹਿਗੜ੍ਹ ਸਾਹਿਬ ਅਤੇ ਬਾਬਾ ਬਕਾਲਾ ਵਿੱਚ ਹਾਕੀ ਅਕੈਡਮੀਆਂ ਕਾਇਮ ਕੀਤੀਆਂ ਹਨ। 13 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਛਪੇ ਰਮੇਸ਼ਵਰ ਸਿੰਘ ਦੇ ਲੇਖ ‘ਆਵਾਜ਼ ਪ੍ਰਦੂਸ਼ਣ ਅਤੇ ਪ੍ਰਸ਼ਾਸਕੀ ਜਵਾਬਦੇਹੀ’ ਵਿੱਚ ਮਹੱਤਵਪੂਰਨ ਲੋਕ ਮਸਲਿਆਂ ਬਾਰੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਬੇਰੁਖ਼ੀ ਦਾ ਜ਼ਿਕਰ ਕੀਤਾ ਗਿਆ ਹੈ। ਅਧਿਕਾਰੀਆਂ ਵਿੱਚ ਲੋਕਾਂ ਨਾਲ ਸਬੰਧਿਤ ਮਸਲਿਆਂ ਵੱਲ ਉਦਾਸੀਨਤਾ ਗੰਭੀਰ ਹਾਲਤ ਤੱਕ ਵਧ ਗਈ ਹੈ। ਟੁੱਟੀਆਂ ਸੜਕਾਂ, ਗੰਦੇ ਪਾਣੀ ਦਾ ਨਾਕਸ ਪ੍ਰਬੰਧ, ਜਲ ਅਤੇ ਹਵਾ ਵਿਚਲਾ ਵੱਧਦਾ ਪ੍ਰਦੂਸ਼ਣ ਸਰਕਾਰੀ ਅਫਸਰਾਂ ਦੀ ਨਾ-ਅਹਿਲੀਅਤ ਦਾ ਸਬੂਤ ਹਨ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਭਰੋਸਾ ਬਹਾਲੀ
25 ਜੁਲਾਈ ਦੇ ਸੰਪਾਦਕੀ ‘ਅਕਾਲੀ ਦਲ ਦਾ ਸੰਕਟ’ ਵਿੱਚ ਪੰਥਕ ਸੰਕਟ ਦੀ ਚਰਚਾ ਕਰਦੇ ਹੋਏ ਪੰਥਕ ਜ਼ਮੀਨ ਅਤੇ ਕਿਸਾਨਾਂ ਦਾ ਮਨ ਦੁਬਾਰਾ ਜਿੱਤਣ ਦੀ ਗੱਲ ਕੀਤੀ ਗਈ ਹੈ। ਹੋ ਸਕਦਾ ਹੈ ਕਿ ਅਕਾਲ ਤਖ਼ਤ ਦੀ ਰਹਿਨੁਮਾਈ ਵਿੱਚ ਅਕਾਲੀ ਦਲ ਦਾ ਇਹ ਸੰਕਟ ਵਕਤੀ ਤੌਰ ’ਤੇ ਟਲ ਜਾਵੇ ਪਰ ਵੱਡਾ ਸਵਾਲ ਹੈ: ਲੋਕਾਂ ਦੇ ਭਰੋਸੇ ਅਤੇ ਪੰਥਕ ਸੋਚ ਦੀ ਬਹਾਲੀ ਕਿਵੇਂ ਹੋਵੇਗੀ?
ਦਰਸ਼ਨ ਸਿੰਘ ਭੁੱਲਰ, ਬਠਿੰਡਾ
ਡੇਰੇ ਬਨਾਮ ਸਿੱਖਿਆ
24 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਗੁਰਬਚਨ ਜਗਤ ਦਾ ਲੇਖ ‘ਸਿੱਖਿਆ ਹੀ ਡੇਰਿਆ ਤੇ ਬਾਬਿਆਂ ਦਾ ਤੋੜ’ ਪੜ੍ਹਿਆ। ਪਿੰਡਾਂ, ਕਸਬਿਆਂ ਤੋਂ ਲੈ ਕੇ ਮਹਾਨਗਰਾਂ ਤੱਕ ਹਰ ਪੱਧਰ ਤੱਕ ਬਾਬਿਆਂ ਦੀ ਭਰਮਾਰ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਅਸੀਂ ਅਨਪੜ੍ਹਾਂ ਅਤੇ ਗ਼ਰੀਬਾਂ ਨੂੰ ਅਗਿਆਨਤਾ ਵੱਸ ਡੇਰੇਦਾਰਾਂ ਦੀ ਚੁੰਗਲ ਵਿੱਚ ਫਸੇ ਕਹਾਂਗੇ ਤਾਂ ਵੱਡੇ ਸਰਕਾਰੀ ਅਫਸਰਾਂ ਜਾਂ ਸਿਆਸਤਦਾਨਾਂ ਦਾ ਇਨ੍ਹਾਂ ਬਾਬਿਆਂ ਦੀ ਹਾਜ਼ਰੀ ਭਰਨ ਨੂੰ ਕੀ ਕਹਾਂਗੇ? ਜੇਕਰ ਸਿੱਖਿਆ ਹੀ ਇਸ ਮਸਲੇ ਦਾ ਹੱਲ ਹੁੰਦੀ ਤਾਂ ਸਾਡੀ ਪੜ੍ਹੀ-ਲਿਖੀ ਜਮਾਤ ਵਿੱਚ ਬਾਬਿਆਂ ਦੇ ਡੇਰਿਆਂ ਦੀ ਹਾਜ਼ਰੀ ਭਰਨ ਦਾ ਰੁਝਾਨ ਸ਼ਾਇਦ ਨਹੀਂ ਮਿਲਣਾ ਚਾਹੀਦਾ ਸੀ। ਦਰਅਸਲ ਲੋਕਾਂ ਦੀਆਂ ਅਸੁਰੱਖਿਆਵਾਂ ਹੀ ਉਨ੍ਹਾਂ ਨੂੰ ਬਾਬਿਆਂ ਦੇ ਪੈਰਾਂ ਵਿੱਚ ਡੇਗਦੀਆਂ ਹਨ। ਜਾਣਦੇ ਅਸੀਂ ਵੀ ਹਾਂ ਕਿ ਹਰ ਬੰਦੇ ਦਾ ਕਿਸੇ ਡੇਰੇ ਤੇ ਬਾਬੇ ਦੀ ਹਾਜ਼ਰੀ ਭਰਨ ਦਾ ਮਕਸਦ ਅਲੱਗ-ਅਲੱਗ ਹੁੰਦਾ ਹੈ। ਜੇਕਰ ਅਨਪੜ੍ਹ ਗ਼ਰੀਬ ਵਿੱਚ ਅਗਿਆਨਤਾ ਹੈ ਤਾਂ ਪੜ੍ਹੇ-ਲਿਖੇ ਅਮੀਰ ਵਿੱਚ ਅਸੁਰੱਖਿਅਤਾ ਹੈ ਜੋ ਦੋਵਾਂ ਨੂੰ ਇੱਕੋ ਪਰ ਅਲੱਗ ਕਾਰਨ ਕਰ ਕੇ ਇਸ ਪਾਸੇ ਤੋਰਦੀ ਹੈ। ਰੋਜ਼ਮੱਰਾ ਜ਼ਿੰਦਗੀ ਦੇ ਸਾਧਾਰਨ ਕੰਮਾਂ ਲਈ ਵੀ ਜਦੋਂ ਸਾਡੇ ਸਿਸਟਮ ਨੇ ਸਾਨੂੰ ਕਿਸੇ ਗੌਡਫਾਦਰ ਕਿਸਮ ਦੇ ਬੰਦੇ ਦੀ ਲੋੜ ਮਹਿਸੂਸ ਕਰਨ ਲਈ ਤਿਆਰ ਕੀਤਾ ਹੋਵੇ ਤਾਂ ਇਕੱਲੇ ਅਨਪੜ੍ਹ ਗ਼ਰੀਬ ਨੂੰ ਦੋਸ਼ ਦੇਣਾ ਵੀ ਠੀਕ ਨਹੀਂ। ਇਨ੍ਹਾਂ ਬਾਬਿਆਂ, ਡੇਰਿਆਂ, ਅਫਸਰਾਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਨੂੰ ਤੋੜਨਾ ਇੰਨਾ ਸੌਖਾ ਕੰਮ ਨਹੀਂ। ਵੈਸੇ ਸਾਡੀ ਸਿੱਖਿਆ ਨੀਤੀ ਦੇ ਮੁੱਖ ਟੀਚਿਆਂ ਵਿੱਚ ਸ਼ੁਰੂ ਤੋਂ ਹੀ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ, ਆਲੋਚਨਾਤਮਿਕ ਅਤੇ ਤਰਕਸ਼ੀਲ ਸੋਚ ਵਿਕਸਤ ਕਰਨ ਦਾ ਜ਼ਿਕਰ ਹੈ ਪਰ ਸਾਡੇ ਕਿੰਨੇ ਕੁ ਮਾਪੇ ਜਾਂ ਅਧਿਆਪਕ ਸਾਡੀ ਸਿੱਖਿਆ ਨੀਤੀ ਦੇ ਇਸ ਮਕਸਦ ਤੋਂ ਜਾਣੂ ਹਨ? 12 ਜੁਲਾਈ ਨੂੰ ਛਪੇ ਸੁੱਚਾ ਸਿੰਘ ਖੱਟੜਾ ਦੇ ਮਿਡਲ ‘ਮੈਡਮ ਤੋਂ ਮਾਂ’ ਵਿੱਚ ਆਰਥਿਕਤਾ ਲਈ ਹੁੰਦੇ ਪਰਵਾਸਾਂ ਕਰ ਕੇ ਜ਼ਿੰਦਗੀ ਨਾਲ ਜੁੜੇ ਕਈ ਸਰੋਕਾਰ ਜ਼ਾਹਿਰ ਕੀਤੇ ਗਏ ਹਨ।
ਨਵਜੋਤ ਸਿੰਘ, ਪਟਿਆਲਾ
ਹਰਿਆਣਾ ਸਰਕਾਰ ਅਤੇ ਐੱਮਐੱਸਪੀ
6 ਅਗਸਤ ਦੇ ਸਫ਼ਾ ਨੰਬਰ ਚਾਰ ’ਤੇ ਛਪੀ ਖ਼ਬਰ ‘ਹਰਿਆਣਾ ਮੰਤਰੀ ਮੰਡਲ ਵੱਲੋਂ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਣ ਦੀ ਫ਼ੈਸਲਾ’ ਪੜ੍ਹ ਕੇ ਜਿੱਥੇ ਕਿਸਾਨਾਂ ਨੂੰ ਖੁਸ਼ੀ ਹੋਈ, ਉਸ ਤੋਂ ਕਿਤੇ ਵੱਧ ਹੈਰਾਨੀ ਹੋਈ। ਦੇਸ਼ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਐੱਮਐੱਸਪੀ ਲਾਗੂ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਹੁਣ ਜਦੋਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਹਰਿਆਣਾ ਸਰਕਾਰ ਕਿਸਾਨਾਂ ਨੂੰ ਲੁਭਾਉਣਾ ਚਾਹੁੰਦੀ ਹੈ। ਐੱਮਐੱਸਪੀ ਕੇਵਲ ਇੱਕ ਰਾਜ ਵਿੱਚ ਚੋਣ ਜੁਮਲਾ ਨਹੀਂ ਹੋਣਾ ਚਾਹੀਦਾ ਸਗੋਂ ਕੇਂਦਰ ਸਰਕਾਰ ਨੂੰ ਸਾਰੀਆਂ ਫ਼ਸਲਾਂ ਐੱਮਐੱਸਪੀ ’ਤੇ ਖ਼ਰੀਦ ਕੇ ਕਿਸਾਨਾਂ ਦੀ ਦਸ਼ਾ ਵਿੱਚ ਸੁਧਾਰ ਲਿਆਉਣ ਵੱਲ ਕਦਮ ਚੁੱਕਣਾ ਚਾਹੀਦਾ ਹੈ।
ਰਜਵਿੰਦਰਪਾਲ ਸ਼ਰਮਾ, ਈਮੇਲ