ਪਾਠਕਾਂ ਦੇ ਖ਼ਤ
ਸ਼ਹਿਰੀਕਰਨ ਦਾ ਮਸਲਾ
ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਆਰਥਿਕ ਤਰੱਕੀ ਤੇ ਸ਼ਹਿਰੀ ਯੋਜਨਾਬੰਦੀ’ (ਲੇਖਕ ਸ਼ਬੀਰ ਰੌਏ, 16 ਜੁਲਾਈ) ਦਾ ਨਿਚੋੜ ਇਹ ਹੈ ਕਿ ਸ਼ਹਿਰੀਕਰਨ ਦੀ ਯੋਜਨਾਬੰਦੀ ਤੋਂ ਧਿਆਨ ਹਟਾ ਕੇ ਪੇਂਡੂ ਇਲਾਕਿਆਂ ਦੇ ਲੋਕਾਂ ਵਿੱਚ ਤਕਨੀਕੀ ਸਿੱਖਿਆ ਦੀ ਕਮੀ ਪੂਰੀ ਕਰਨ ਲਈ ਸਹਾਇਤਾ ਹੋਣੀ ਚਾਹੀਦੀ ਹੈ। ਪੇਂਡੂ ਇਲਾਕਿਆਂ ਵਿੱਚ ਕਮਾਈ ਦੇ ਬਹੁਤ ਸਾਰੇ ਕਾਰਜ ਹਨ ਪਰ ਸੀਮਤ ਸਾਧਨਾਂ ਕਰ ਕੇ ਇਨ੍ਹਾਂ ਨੂੰ ਪ੍ਰਫੁੱਲਿਤ ਕਰਨਾ ਔਖਾ ਹੈ। ਕਈ ਲੋਕ ਹਨ ਜਿਨ੍ਹਾਂ ਦਾ ਨੈੱਟਵਰਕ ਵਿਦੇਸ਼ਾਂ ਤੱਕ ਹੈ ਅਤੇ ਉਹ ਇਹ ਸਾਰਾ ਕੰਮ ਪਿੰਡ ’ਚ ਰਹਿ ਕੇ ਕਰਦੇ ਹਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ। ਇਹ ਚੰਗੀ ਗੱਲ ਹੈ। ਦੂਜੇ ਬੰਨੇ ਦੁਨੀਆ ਚੰਦ ’ਤੇ ਪਹੁੰਚ ਗਈ, ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਸਫਾਈ ਰੱਖਣ ਵਾਲੇ ਵਿਸ਼ਿਆਂ ’ਤੇ ਗਿਆਨ ਵੰਡਣਾ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ? ਇਹ ਸਭ ਸਿੱਖਿਆ ਦੀ ਕਮੀ ਕਰ ਕੇ ਹੈ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਾਲੇਰਕੋਟਲਾ)
ਰਿਸ਼ਤਿਆਂ ਦੀ ਅਹਿਮੀਅਤ
16 ਜੁਲਾਈ ਵਾਲੇ ਅੰਕ ਵਿੱਚ ਰਾਵਿੰਦਰ ਫਫੜੇ ਦਾ ਮਿਡਲ ‘ਗੁਆਂਢੀ’ ਅਦਬੀ ਖੇਤਰ ਵਿੱਚ ਪ੍ਰਚੱਲਿਤ ਇਸ ਧਾਰਨਾ ’ਤੇ ਪੂਰਾ ਉੱਤਰਦਾ ਹੈ ਕਿ ਕਿਸੇ ਲੇਖਕ ਦੀ ਉਸੇ ਰਚਨਾ ਨੂੰ ਸਫ਼ਲ ਸਮਝਿਆ ਜਾਂਦਾ ਹੈ ਜਿਹੜੀ ਪਾਠਕ ਨੂੰ ਆਪਣੀ ਹੱਡਬੀਤੀ ਲੱਗੇ। ਅਸਲ ਵਿੱਚ ਸਵਾਰਥਾਂ ਕਾਰਨ ਮਨੁੱਖ ਦੀ ਸੋਚ ਇੰਨੀ ਬੌਣੀ ਹੋ ਗਈ ਹੈ ਕਿ ਉਸ ਅੰਦਰੋਂ ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ਲਗਭੱਗ ਖ਼ਾਰਜ ਹੋ ਚੁੱਕੀ ਹੈ, ਇਹ ਭਾਵੇਂ ਉਹਦੀ ਹਮੇਸ਼ਾ ਲੋੜ ਪੂਰੀ ਕਰਨ ਵਾਲਾ ਗੁਆਂਢੀ ਹੀ ਕਿਉਂ ਨਾ ਹੋਵੇ। ਇਹ ਰਚਨਾ ਪੜ੍ਹ ਕੇ ਮੇਰੇ ਵਾਂਗ ਹੋਰ ਪਾਠਕਾਂ ਦੇ ਮਨਾਂ ਦੇ ਪਰਦਿਆਂ ’ਤੇ ‘ਗੁਆਂਢੀ’ ਵਰਗਿਆਂ ਦੇ ਚਿਹਰੇ ਉੱਭਰ ਆਏ ਹੋਣਗੇ। ਫਿਰ ਵੀ ਲੇਖਕ ਵਾਂਗ ਹਰ ਬੰਦੇ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)
(2)
16 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਵਿੰਦਰ ਫਫੜੇ ਦੀ ਰਚਨਾ ‘ਗੁਆਂਢੀ’ ਪੜ੍ਹਦਿਆਂ ਕਿਤੇ ਪੜ੍ਹਿਆ ਯਾਦ ਆ ਗਿਆ ਕਿ ਮਾੜੇ ਗੁਆਂਢੀ ਨਾਲੋਂ ਤਾਂ ਘਰ ਦੇ ਨਾਲ ਲੱਗਦਾ ਖਾਲੀ ਪਿਆ ਪਲਾਟ ਚੰਗਾ। 15 ਜੁਲਾਈ ਨੂੰ ਪ੍ਰੀਤਮਾ ਦੋਮੇਲ ਦੀ ਰਚਨਾ ‘ਭਰੋਸਾ’ ਪੜ੍ਹੀ। ਕਈ ਵਾਰੀ ਹਾਲਾਤ ਬੰਦੇ ਨੂੰ ਇੰਨਾ ਹੀ ਮਜਬੂਰ ਕਰ ਦਿੰਦੇ ਨੇ। 6 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦਾ ਮਿਡਲ ‘ਮੀਲਾਂ ਦਾ ਸਫ਼ਰ’ ਬੀਤਿਆ ਹੋਇਆ ਔਖਾ ਸਮਾਂ ਚੇਤੇ ਕਰਵਾਉਣ ਵਾਲਾ ਹੈ। 6 ਜੁਲਾਈ ਨੂੰ ਹੀ ਸਤਰੰਗ ਪੰਨੇ ’ਤੇ ਰਜਨੀ ਭਗਾਣੀਆਂ ਦੀ ਰਚਨਾ ‘ਪੰਜਾਬੀ ਰਹਿਤਲ ਨਾਲ ਜੁੜੀ ਅਦਾਕਾਰਾ’ ਗੁਰਪ੍ਰੀਤ ਕੌਰ ਭੰਗੂ ਬਾਰੇ ਨਿਵੇਕਲੀ ਜਾਣਕਾਰੀ ਵਾਲੀ ਹੈ। ਹਰਦਿਆਲ ਸਿੰਘ ਥੂਹੀ ਦੀ ਰਚਨਾ ‘ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਬਾਬਾ ਰਹਿਮਾ’ ਵੀ ਜਾਣਕਾਰੀ ਭਰਪੂਰ ਹੈ। ਇਸ ਪੰਨੇ ਉੱਤੇ ਪੰਛੀਆਂ ਦੀ ਅਰਜੋਈ ਅਤੇ ਬਾਲ ਕਿਆਰੀ ਵੀ ਮਨਭਾਉਂਦੀਆਂ ਹਨ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਜਮਹੂਰੀਅਤ ਬਨਾਮ ਹਿੰਸਾ
15 ਜੁਲਾਈ ਦਾ ਸੰਪਾਦਕੀ ‘ਟਰੰਪ ’ਤੇ ਹਮਲਾ’ ਪੜ੍ਹਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹਮਲਾ ਅਤਿ ਨਿੰਦਣਯੋਗ ਹੈ। ਕਿਸੇ ਜਮਹੂਰੀ ਦੇਸ਼ ਵਿੱਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਅਮਰੀਕਾ ਦਾ ਇਤਿਹਾਸ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉੱਥੇ ਲੰਮੇ ਸਮੇਂ ਤੋਂ ਹਿੰਸਾ ਦਾ ਰੁਝਾਨ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ ਆਪਣੇ ਗੰਨ ਕਲਚਰ ਕਰ ਕੇ ਕਾਫ਼ੀ ਬਦਨਾਮ ਹੋ ਚੁੱਕਿਆ ਹੈ। ਇਸ ਸਬੰਧੀ ਸਮੇਂ-ਸਮੇਂ ਆਵਾਜ਼ ਉੱਠਦੀ ਰਹੀ ਹੈ ਪਰ ਕੋਈ ਵੀ ਸਰਕਾਰ ਇਸ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਸਕੀ। ਅਜਿਹੀ ਹਿੰਸਾ ਰੋਕਣ ਲਈ ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰਨ ਦੇ ਨਾਲ ਨਾਲ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
(2)
ਸੰਪਾਦਕੀ ‘ਟਰੰਪ ’ਤੇ ਹਮਲਾ’ (15 ਜੁਲਾਈ) ਪੜ੍ਹਿਆ। ਅਮਰੀਕਾ ਵਿੱਚ ਅਸਲੇ ਦੀ ਖੁੱਲ੍ਹੀ ਖਰੀਦੋ-ਫਰੋਖ਼ਤ ਕਾਰਨ ਮਾਰਧਾੜ ਵਾਲੀਆਂ ਘਟਨਾਵਾਂ ਅਕਸਰ ਹੁੰਦੀਆਂ ਹਨ। ਉੱਥੇ ਅਸਲਾ ਲੌਬੀ ਇੰਨੀ ਮਜ਼ਬੂਤ ਹੈ ਕਿ ਰਾਜਨੀਤਕ ਪਾਰਟੀਆਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀਆਂ। ਪਾਰਟੀਆਂ ਨੂੰ ਇਹ ਵੱਡੇ ਪੱਧਰ ’ਤੇ ਚੋਣ ਫੰਡ ਦਿੰਦੇ ਹਨ। ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮਸਲੇ ਬਾਰੇ ਸੰਜੀਦਗੀ ਨਾਲ ਵਿਚਾਰ ਕਰ ਕੇ ਅਸਲੇ ਦੀ ਵਿਕਰੀ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਅਸਲੇ ਬਾਰੇ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਬੱਚਿਆਂ ਨੂੰ ਪ੍ਰਾਇਮਰੀ ਪੱਧਰ ’ਤੇ ਅਸਲੇ ਬਾਰੇ ਜਾਗਰੂਕ ਕੀਤਾ ਜਾਵੇ। ਅਜਿਹੇ ਹੋਰ ਕਦਮ ਵੀ ਉਠਾਏ ਜਾਣੇ ਚਾਹੀਦੇ ਹਨ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਬੁਨਿਆਦੀ ਲੋੜਾਂ
9 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਵਿਕਾਸ ਕਪਿਲਾ ਦਾ ਲੇਖ ‘ਧਰਤੀ ਦਾ ਸਵਰਗ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਜਿੱਥੇ ਅੱਜ ਅਸੀਂ 21ਵੀਂ ਸਦੀ ’ਚ ਟੈਕਨਾਲੋਜੀ ਦੀਆਂ ਗੱਲਾਂ ਕਰਦੇ ਹਾਂ, ਦੂਜੇ ਪਾਸੇ ਅੱਜ ਵੀ ਪਹਾੜੀ/ਖੇਤਰੀ ਇਲਾਕਿਆਂ ਦੇ ਲੋਕ ਸਿਹਤ ਸਹੂਲਤਾਂ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਕੋਹਾਂ ਦੂਰ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡ-ਪਿੰਡ ਖ਼ਾਸ ਕਰ ਪਹਾੜੀ ਇਲਾਕਿਆਂ ਵਿੱਚ ਮੁੱਢਲੀਆਂ ਜ਼ਰੂਰਤਾਂ ਦਾ ਪ੍ਰਬੰਧ ਕਰੇ। 8 ਜੁਲਾਈ ਨੂੰ ਸਰਵਪ੍ਰਿਆ ਸਿੰਘ ਅਤੇ ਦਿਲਪ੍ਰੀਤ ਤਲਵਾੜ ਦਾ ਲੇਖ ‘ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਦੀਆਂ ਸਮੱਸਿਆਵਾਂ ਅਤੇ ਹੱਲ’ ਜਾਣਕਾਰੀ ਭਰਪੂਰ ਹੈ। 5 ਜੁਲਾਈ ਨੂੰ ਰਣਜੀਤ ਸਿੰਘ ਘੁੰਮਣ ਦਾ ਲੇਖ ‘ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ’ ਮੌਜੂਦਾ ਸਮੇਂ ਦਾ ਵੱਡਾ ਮਸਲਾ ਵਿਚਾਰਦਾ ਹੈ। ਅਜਿਹੀਆਂ ਖ਼ਬਰਾਂ ਨਿੱਤ ਸੁਣਦੇ ਹਾਂ ਕਿ ਨਸ਼ੇ ਕਾਰਨ ਜਾਨਾਂ ਜਾ ਰਹੀਆਂ ਹਨ। ਹਰ ਉਮਰ ਵਰਗ ਦਾ ਸ਼ਖ਼ਸ ਇਸ ਦੀ ਲਪੇਟ ’ਚ ਹੈ। ਸਾਨੂੰ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਇ ਖ਼ੁਦ ਇਸ ਮੁੱਦੇ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਆਪਣੇ ਘਰ, ਗਲੀ, ਮੁਹੱਲੇ, ਸ਼ਹਿਰ ਭਾਵ ਹਰ ਥਾਂ ਲੋਕਾਂ ਨੂੰ ਜਾਗਰੂਕ ਕਰ ਕੇ ਇਸ ਬੁਰਾਈ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। 3 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਮਨਦੀਪ ਕੌਰ ਬਰਾੜ ਦਾ ਲੇਖ ‘ਬੇਕਸੂਰ ਨੂੰ ਸਜ਼ਾ’ ਪੜ੍ਹਿਆ। ਇਸ ਮਸਲੇ ਵੱਲ ਸਾਨੂੰ ਸਭ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਚੰਡੀਗੜ੍ਹ
ਪੰਜਾਬ ਦੀ ਤ੍ਰਾਸਦੀ ਦੀ ਤਸਵੀਰ
11 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਅਪਮਿੰਦਰ ਬਰਾੜ ਦਾ ਮਿਡਲ ‘ਬਾਜਰੇ ਦਾ ਸਿੱਟਾ’ ਪੜ੍ਹਿਆ। ਲੇਖਕ ਪਾਠਕ ਨੂੰ ਪੁਰਾਣੇ ਸਮਿਆਂ ’ਚ ਪੰਜਾਬ ’ਚ ਹੁੰਦੇ ਰਹੇ ਬਾਜਰੇ ਦੇ ਖੇਤੀਂ ਲੈ ਵੜਦਾ ਹੈ। ਪੰਛੀਆਂ ਵੱਲੋਂ ਠੁੰਗੇ ਬਾਜਰੇ ਦੇ ਸਿੱਟੇ ਦੀ ਤਸ਼ਬੀਹ ਗ਼ਰੀਬੀ ਹੰਢਾਅ ਰਹੇ ਪਾਤਰ ਸੇਮੇ ਨਾਲ ਕੀਤੀ ਹੈ। ਦਸ ਸਾਲਾਂ ਤੋਂ ਪੱਕਾ ਕੀਤੇ ਜਾਣ ਦੇ ਲਾਰੇ ’ਚ ਸੇਮੇ ਦਾ ਹੋ ਰਿਹਾ ਸ਼ੋਸ਼ਣ ਸਾਡੇ ਪੰਜਾਬ ਦੀ ਤ੍ਰਾਸਦੀ ਹੈ। ਇਸੇ ਦਿਨ ਦਾ ਸੰਪਾਦਕੀ ‘ਸ਼ੰਭੂ ਤੋਂ ਅਗਾਂਹ’ ਵਿੱਚ ਕਿਸਾਨਾਂ ਅਤੇ ਹਰਿਆਣਾ ਸਰਕਾਰ ਦੇ ਤਣਾਅ ਦੌਰਾਨ ਅਦਾਲਤਾਂ ਕੋਰਟਾਂ ਦੀ ਭੂਮਿਕਾ ਦਰਸਾਈ ਗਈ ਹੈ। ਹੁਣ ਤੱਕ ਹਾਕਮਾਂ ਵੱਲੋਂ ਗੁਮਰਾਹਕੁਨ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸੜਕ ਕਿਸਾਨਾਂ ਵੱਲੋਂ ਰੋਕੀ ਗਈ ਹੈ। ਸਰਕਾਰ ਅਤੇ ਕਿਸਾਨਾਂ ਨੂੰ ਮਿਲ ਬੈਠ ਕੇ ਇਹ ਮਸਲਾ ਸੁਲਝਾਉਣਾ ਚਾਹੀਦਾ ਹੈ ਤਾਂ ਕਿ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਕੁਲਦੀਪ ਸਿੰਘ ਰੋਮਾਣਾ, ਬਠਿੰਡਾ