ਪਾਠਕਾਂ ਦੇ ਖ਼ਤ
ਮੋਦੀ ਦਾ ਰੂਸ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਬਾਰੇ ਸੰਪਾਦਕੀ ‘ਮੋਦੀ ਦਾ ਮਾਸਕੋ ਦੌਰਾ’ (11 ਜੁਲਾਈ) ਪੜ੍ਹਿਆ। ਉੱਥੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਭਾਰਤੀ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਦੇ, ਫਿਰ ਭਾਵੇਂ ਉਹ ਉਸ ਦਾ ਸਦਾਬਹਾਰ ਮਿੱਤਰ ਹੀ ਕਿਉਂ ਨਾ ਹੋਵੇ। ਦੂਜਾ, ਰੂਸ ਵੱਲੋਂ ਕੀਵ ਵਿੱਚ ਬੱਚਿਆਂ ’ਤੇ ਕੀਤਾ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਕਿਉਂਕਿ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਕਦੀ ਕੋਈ ਵੀ ਜੰਗ ਨਹੀਂ ਜਿੱਤੀ ਜਾ ਸਕਦੀ।
ਹਰਪ੍ਰੀਤ ਕੌਰ ਪਬਰੀ, ਬਲਸੂਆਂ
ਧਰਮ ਰਾਜ ਦੀ ਕਹਾਣੀ
10 ਜੁਲਾਈ ਨੂੰ ਸੰਪਾਦਕੀ ਪੰਨੇ ’ਤੇ ਛਪੇ ਮਿਡਲ ‘ਪੀਸੀਐੱਸ ਅਫਸਰ’ ਵਿੱਚ ਲੇਖਕਾ ਸਰੋਜ ਨੇ ਪੰਜਾਬ ਦੀ ਅੱਲ੍ਹੜ ਉਮਰ ਵਾਲੀ ਪੀੜ੍ਹੀ ਦੀ ਸੋਚ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਸਾਡੇ ਨੌਜਵਾਨ ਮੁੰਡੇ-ਕੁੜੀਆਂ ਸਭ ਵਿਦੇਸ਼ ਜਾਣ ਲਈ ਤਾਹੂ ਹਨ। ਉਹ ਸਭ ਅੱਜ ਦੇ ਗਾਣਿਆਂ ਵਿੱਚ ਦਿਖਾਈ ਜਾਣ ਵਾਲੀ ਦੁਨੀਆ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਹਨ: ਇਸ ਪਿੱਛੇ ਸਚਾਈ ਕੀ ਹੈ, ਉਸ ਬਾਰੇ ਉਹ ਨਹੀਂ ਜਾਣਦੇ। ਲੇਖ ਵਿੱਚ ਦੱਸਿਆ ਗਿਆ ਹੈ ਕਿ ਪਰਵਾਸੀ ਮਜ਼ਦੂਰ ਦਾ ਬੱਚਾ ਇੱਥੇ ਰਹਿ ਕੇ ਚੰਗੀ ਪੜ੍ਹਾਈ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਪੀਸੀਐੱਸ ਅਫਸਰ ਬਣਨ ਦੀ ਇੱਛਾ ਜ਼ਾਹਿਰ ਕਰ ਰਿਹਾ ਹੈ। ਸਾਡੇ ਬੱਚਿਆਂ ਨੂੰ ਲੋੜ ਹੈ ਚੰਗੀ ਸੇਧ ਦੀ ਤਾਂ ਕਿ ਉਹ ਵੀ ਆਪਣੇ ਮਾਂ-ਬਾਪ ਦਾ ਮਿਹਨਤ ਨਾਲ ਕਮਾਇਆ ਪੈਸਾ ਖਰਾਬ ਹੋਣ ਤੋਂ ਬਚਾ ਸਕਣ ਅਤੇ ਇੱਥੇ ਰਹਿ ਕੇ ਹੀ ਚੰਗੀ ਪੜ੍ਹਾਈ ਕਰ ਕੇ ਧਰਮਰਾਜ ਵਾਂਗ ਅਫਸਰ ਬਣਨ ਦੀ ਇੱਛਾ ਪ੍ਰਗਟ ਕਰਨ।
ਮੇਜਰ ਸਿੰਘ, ਲੁਧਿਆਣਾ
(2)
ਨਜ਼ਰੀਆ ਪੰਨੇ ’ਤੇ ਛਪੀ ਰਚਨਾ ‘ਪੀਸੀਐੱਸ ਅਫਸਰ’ (10 ਜੁਲਾਈ, ਲੇਖਕਾ ਸਰੋਜ) ਸੋਚਣ ਲਈ ਮਜਬੂਰ ਕਰਦੀ ਹੈ। ਇਸ ਅੰਦਰ ਬਹੁਤ ਵੱਡਾ ਸੁਨੇਹਾ ਵੀ ਲੁਕਿਆ ਹੋਇਆ ਹੈ। ਇਸ ਤੋਂ ਸਾਡੇ ਬੱਚਿਆਂ ਦੀ ਸੋਚ ਬਾਰੇ ਪਤਾ ਲੱਗਦਾ ਹੈ ਕਿ ਇਹ ਕਿਹੜੇ ਪਾਸੇ ਤਿਲਕ ਰਹੀ ਹੈ। ਅਸਲ ਵਿੱਚ ਪੰਜਾਬ ਅੱਜ ਕੱਲ੍ਹ ਹਰ ਮਾਮਲੇ ਵਿੱਚ ਲੀਹ ਤੋਂ ਲਹਿ ਰਿਹਾ ਹੈ। ਪੰਜਾਬ ਦੇ ਸਿਆਸਤਦਾਨਾਂ ਨੇ ਲਾਲਚਵੱਸ ਇਸ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਦਲਬੀਰ ਸਿੰਘ, ਹੁਸ਼ਿਆਰਪੁਰ
ਨਸ਼ਿਆਂ ਖ਼ਿਲਾਫ਼ ਜੰਗ
ਰਣਜੀਤ ਸਿੰਘ ਘੁੰਮਣ ਦਾ ਲੇਖ ‘ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ’ (5 ਜੁਲਾਈ) ਪੰਜਾਬ ਦੀ ਨਸ਼ਿਆਂ ਕਾਰਨ ਹੋ ਰਹੀ ਮੰਦਹਾਲੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਨਸ਼ਾ ਸਮਾਜਿਕ ਕੁਰੀਤੀ ਹੈ ਜਿਸ ਦੇ ਜਾਲ ਵਿੱਚ ਨੌਜਵਾਨੀ ਬੁਰੀ ਤਰ੍ਹਾਂ ਧਸ ਰਹੀ ਹੈ। ਇਸ ਵਿੱਚ ਸਰਕਾਰਾਂ ਦੀ ਨਾਲਾਇਕੀ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਵੀ ਸ਼ਾਮਿਲ ਹੈ। ਨੌਜਵਾਨ ਡਿਗਰੀਆਂ ਲੈ ਕੇ ਉੱਚੀ ਪੜ੍ਹਾਈ ਕਰ ਕੇ ਵੀ ਜਦੋਂ ਬੇਰੁਜ਼ਗਾਰ ਘੁੰਮਦੇ ਹਨ ਤਾਂ ਨਿਰਾਸ਼ਤਾ ਜਾਗਣੀ ਲਾਜ਼ਮੀ ਹੈ। ਸਰਕਾਰ ਭਾਵੇਂ ਕੇਂਦਰ ਦੀ ਹੋਵੇ, ਭਾਵੇਂ ਰਾਜ ਦੀ, ਨੇ ਰੁਜ਼ਗਾਰ ਦੇ ਮੌਕੇ ਤਾਂ ਕੀ ਪੈਦਾ ਕਰਨੇ ਸਨ, ਜੋ ਪਹਿਲਾਂ ਹੀ ਮੌਜੂਦ ਸਨ, ਉਹ ਵੀ ਖ਼ਤਮ ਕਰ ਕੇ ਸਰਮਾਏਦਾਰਾਂ ਦੇ ਹਵਾਲੇ ਕਰ ਦਿੱਤੇ। 4 ਜੁਲਾਈ ਵਾਲੇ ‘ਅਦਬੀ ਰੰਗ’ ਦਾ ਗੁਲਦਸਤਾ ਵਧੀਆ ਹੈ। ਅਮਰਪ੍ਰੀਤ ਸਿੰਘ ਝੀਤਾ ਦੀ ਕਵਿਤਾ ‘ਰੁੱਖ ਧਰਤੀ ਨੂੰ ਸਵਰਗ ਬਣਾਉਂਦੇ’ ਦੱਸਦੀ ਹੈ ਕਿ ਰੁੱਖ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਰੱਖਦੇ ਹਨ ਤੇ ਹਰ ਬੰਦੇ ਨੂੰ ਰੁੱਖ ਲਾਉਣੇ ਚਾਹੀਦੇ ਹਨ। ਇਹ ਵਾਤਾਵਰਨ ਸ਼ੁੱਧ ਤਾਂ ਕਰਦੇ ਹੀ ਹਨ, ਹਰ ਵੇਲੇ ਸਾਡੇ ਕੰਮ ਵੀ ਆਉਂਦੇ ਹਨ। ਗੁਰਤੇਜ ਖੁਡਾਲ ਨੇ ਆਪਣੀ ਕਵਿਤਾ ‘ਅੱਜ ਦੇ ਲੀਡਰ’ ਵਿੱਚ ਲੀਡਰਾਂ ਦੀ ਪੋਲ ਖੋਲ੍ਹੀ ਹੈ ਕਿ ਕਿਵੇਂ ਲੀਡਰ ਲੋਕਾਂ ਨੂੰ ਲਾਰੇ ਲਾ ਕੇ ਦਿਨਾਂ ਵਿੱਚ ਹੀ ਕਰੋੜਾਂ ਦੇ ਮਾਲਕ ਬਣ ਜਾਂਦੇ ਹਨ। ਕਰਮਜੀਤ ਕੌਰ ਦੀ ਕਵਿਤਾ ‘ਨਸ਼ਿਆਂ ਦਾ ਕਹਿਰ’ ਹਿਰਦੇ ਨੂੰ ਹਲੂਣਾ ਦੇਣ ਵਾਲੀ ਹੈ ਕਿ ਕਿਵੇਂ ਮਾਵਾਂ ਦੇ ਪੁੱਤ ਨਸ਼ੇ ਦੀ ਮਾਰ ਹੇਠ ਆ ਕੇ ਨਿੱਤ ਕਰ ਰਹੇ ਹਨ ਪਰ ਸਰਕਾਰਾਂ ਕੋਈ ਵੀ ਉਪਰਾਲਾ ਨਹੀਂ ਕਰਦੀਆਂ। ਜੇ ਸਰਕਾਰ ਚਾਹਵੇ ਤਾਂ ਨਸ਼ਾ ਕਿਤੇ ਨਹੀਂ ਵਿਕ ਸਕਦਾ। ਗਗਨ ਢਿੱਲੋਂ ਦੀ ਕਵਿਤਾ ‘ਪਿੰਡ ਦੀ ਸਵੇਰ’ ਵੀ ਪਿੰਡਾਂ ਦੀ ਯਾਦ ਨਾਲ ਸਬੰਧਿਤ ਹੈ ਕਿ ਕਿਵੇਂ ਪਿੰਡਾਂ ਦਾ ਜੀਵਨ ਸਾਫ਼ ਸੁਥਰਾ ਤੇ ਨਿਰੋਗ ਹੁੰਦਾ ਹੈ। ਕਵਿਤਾ ਵਿੱਚ ਸਵੇਰ ਦੀ ਸੋਹਣੀ ਤਸਵੀਰ ਪੇਸ਼ ਕੀਤੀ ਗਈ ਹੈ। ਮੁਹੰਮਦ ਉਮਰ ਦੀ ਮਿੰਨੀ ਕਹਾਣੀ ‘ਔਨਲਾਈਟ ਪੇਮੈਂਟ’ ਸਿੱਖਿਆਦਾਇਕ ਹੈ ਕਿ ਕਿਵੇਂ ਫੇਸਬੁੱਕ ’ਤੇ ਲੋਕਾਂ ਨਾਲ ਠੱਗੀ ਕੀਤੀ ਜਾਂਦੀ ਹੈ।
ਬਲਦੇਵ ਵਿਰਕ, ਝੂਰੜ ਖੇੜਾ (ਅਬੋਹਰ)
ਸ਼ਾਂਤੀ ਬਹਾਲੀ
ਜੰਮੂ ਕਸ਼ਮੀਰ ਇੱਕ ਵਾਰ ਫਿਰ ਹਿੰਸਕ ਹਮਲਿਆਂ ਦੀ ਮਾਰ ਹੇਠ ਹੈ। 9 ਜੁਲਾਈ ਨੂੰ ਦਹਿਸ਼ਤਪਸੰਦਾਂ ਦੇ ਹਮਲੇ ਵਿੱਚ ਪੰਜ ਫ਼ੌਜੀ ਫੌਤ ਹੋ ਗਏ। ਅਕਤੂਬਰ 2021 ਤੋਂ ਹੁਣ ਤੱਕ ਦਹਿਸ਼ਤੀ ਹਮਲਿਆਂ ਵਿੱਚ 43 ਬਹਾਦਰ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਹਾਲਾਤ ਨਾਲ ਨਜਿੱਠਣ ਲਈ ਬਹੁ-ਪਰਤੀ ਰਣਨੀਤੀ ਦਰਕਾਰ ਹੈ। ਸਾਰੀਆਂ ਧਿਰਾਂ ਨਾਲ ਸੰਪਰਕ ਕਰ ਕੇ ਸਰਕਾਰ ਨੂੰ ਉੱਚ ਪੱਧਰੀ ਅਤੇ ਤੁਰੰਤ ਫ਼ੈਸਲੇ ਕਰਨ ਦੀ ਜ਼ਰੂਰਤ ਹੈ। ਇਹ ਜ਼ਰੂਰੀ ਹੈ ਕਿ ਸਰਕਾਰ ਨੂੰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬੇਗਾਨੇਪਣ ਦੀ ਭਾਵਨਾ ਖ਼ਤਮ ਕਰਨ ਲਈ ਕਦਮ ਉਠਾਏ ਜਾਣ। ਵਧੀਆ ਰਾਹ ਇਹੀ ਹੈ ਕਿ ਲੋਕਾਂ ਨੂੰ ਨਾਲ ਲਿਆ ਜਾਵੇ, ਉਨ੍ਹਾਂ ਨੂੰ ਨੁਮਾਇੰਦਗੀ ਕਰਨ ਅਤੇ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ ਜਾਵੇ।
ਐੱਸਕੇ ਖੋਸਲਾ, ਚੰਡੀਗੜ੍ਹ
ਪਰਿਵਾਰ ਦੀ ਮਦਦ
ਸੰਸਾਰ ਭਰ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ, ਉਨ੍ਹਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਆਰਥਿਕ ਹਾਲਾਤ ਜ਼ਿਆਦਾ ਠੀਕ ਨਹੀਂ। ਉਨ੍ਹਾਂ ਦੀ ਧੀ ਗਲੋਰੀ ਬਾਵਾ ਨੇ ਆਪਣੇ ਪਰਿਵਾਰ ਦੇ ਹਾਲਾਤ ਦੱਸ ਕੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਮਦਦ ਲਈ ਬੇਨਤੀ ਕੀਤੀ ਸੀ। ਗਲੋਰੀ ਬਾਵਾ ਦੀ ਬੇਨਤੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ-ਇੱਕ ਲੱਖ ਰੁਪਏ ਦੀ ਮਦਦ ਕੀਤੀ। ਉਦੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਗਲੋਰੀ ਬਾਵਾ ਦੀ ਮਦਦ ਲਈ ਪੱਚੀ ਲੱਖ ਰੁਪਏ ਭੇਜੇ। ਅਕਸ਼ੈ ਕੁਮਾਰ ਨੇ ਇਨਸਾਨੀਅਤ ਦੇ ਤੌਰ ’ਤੇ ਇਹ ਮਿਸਾਲ ਕਾਇਮ ਕੀਤੀ ਹੈ। ਮਾੜੇ ਵਕਤ ਵਿੱਚ ਬਹੁਤ ਘੱਟ ਲੋਕ ਨੇ ਜੋ ਮਦਦ ਕਰਦੇ ਹਨ। ਇਸ ਲਈ ਲੋਕਾਂ, ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਹੈ ਕਿ ਲੋੜਵੰਦ ਦੀ ਮਦਦ ਕਰਨੀ ਹੈ ਤਾਂ ਸਮੇਂ ਸਿਰ ਕੀਤੀ ਜਾਵੇ।
ਗੁਰਤੇਜ ਸਿੰਘ ਖੁਡਾਲ, ਬਠਿੰਡਾ
ਮੁਫ਼ਤ ਬੱਸ ਸਫ਼ਰ ਸਹੂਲਤ
4 ਜੁਲਾਈ ਦੇ ਸੰਪਾਦਕੀ ‘ਮੁਫ਼ਤ ਬੱਸ ਸਫ਼ਰ ਸਹੂਲਤ’ ਬਾਰੇ ਪਾਠਕਾਂ ਦੇ ਖ਼ਤ ਪੜ੍ਹ ਕੇ ਮਹਿਸੂਸ ਹੋਇਆ ਕਿ ਪੰਜਾਬ ਸਰਕਾਰ ਨੂੰ ਵੀ ਸਫ਼ਰ ਦੀ ਸਹੂਲਤ ਲਈ ਹਿਮਾਚਲ ਸਰਕਾਰ ਵਾਲਾ ਢੰਗ ਅਪਣਾਉਣਾ ਚਾਹੀਦਾ ਹੈ। ਹਿਮਾਚਲ ਰੋਡਵੇਜ਼ ਕਾਰਪੋਰੇਸ਼ਨ ਵੱਲੋਂ ਤਿੰਨ ਤਰ੍ਹਾਂ ਦੇ ਕਾਰਡ, 50 ਰੁਪਏ ਪ੍ਰਤੀ ਕਾਰਡ ਦੇ ਹਿਸਾਬ ਨਾਲ ਇੱਕ ਸਾਲ ਲਈ ਹਰ ਸ਼ਹਿਰੀ ਬੱਸ ਸਟੈਂਡ ਉੱਤੇ ਬਣਾਏ ਜਾਂਦੇ ਹਨ। ਪਹਿਲਾ ਸਮਾਰਟ ਕਾਰਡ ਹੈ ਜਿਸ ਵਿੱਚ ਕਿਰਾਏ ਵਿੱਚ 10 ਫ਼ੀਸਦੀ ਛੋਟ ਮਿਲਦੀ ਹੈ। ਇਸ ਕਾਰਡ ਨਾਲ ਹਿਮਾਚਲ ਵਿੱਚ ਨਿਸ਼ਚਤ ਪੜਾਅ ਲਈ 20 ਫ਼ੀਸਦੀ ਦੀ ਛੋਟ ਮਿਲਦੀ ਹੈ। ਇਸ ਕਾਰਡ ਦਾ ਲਾਭ ਜ਼ਿਆਦਾਤਰ ਨੌਕਰੀ ਪੇਸ਼ੇ ਵਾਲੇ ਲੋਕ ਲੈਂਦੇ ਹਨ। ਤੀਜਾ ਸਨਮਾਨ ਕਾਰਡ ਹੈ ਜੋ 60 ਸਾਲ ਤੋਂ ਉੱਪਰ ਉਮਰ ਵਾਲੇ ਬਣਾ ਸਕਦੇ ਹਨ। ਸਨਮਾਨ ਕਾਰਡ ਨਾਲ ਕਿਰਾਏ ਵਿੱਚ 30 ਫ਼ੀਸਦੀ ਛੋਟ ਹੈ। ਸਮਾਰਟ ਅਤੇ ਸਨਮਾਨ ਕਾਰਡ ਬਾਹਰਲੇ ਰਾਜਾਂ ਦੇ ਲੋਕ ਆਪਣੀ ਸਹੂਲਤ ਅਨੁਸਾਰ ਬਣਾ ਸਕਦੇ ਹਨ। ਇਸਤਰੀਆਂ ਲਈ ਹਿਮਾਚਲ ਪ੍ਰਦੇਸ਼ ਅੰਦਰ ਬਿਨਾ ਕਾਰਡ ਤੋਂ 50 ਫ਼ੀਸਦੀ ਛੋਟ ਹੈ। ਦੂਜੇ ਰਾਜਾਂ ਵਿੱਚ ਸਫ਼ਰ ਕਰਨ ਲਈ ਇਸਤਰੀਆਂ ਨੂੰ ਵੀ ਕਾਰਡ ਨਾਲ ਹੀ ਸਹੂਲਤ ਮਿਲਦੀ ਹੈ। ਇਹ ਢੰਗ ਅਪਣਾਉਣ ਨਾਲ ਸਰਕਾਰੀ ਟਰਾਂਸਪੋਰਟ ਦੀ ਆਮਦਨ ਵੀ ਵਧੇਗੀ ਅਤੇ ਆਮ ਸਵਾਰੀ ਨੂੰ ਵੀ ਲਾਭ ਮਿਲੇਗਾ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)