ਪਾਠਕਾਂ ਦੇ ਖ਼ਤ
ਮੁਫ਼ਤ ਸਹੂਲਤਾਂ ਦੇ ਉਲਟ ਅਸਰ
10 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਮੁਫ਼ਤ ਸਹੂਲਤਾਂ ਅਤੇ ਪੰਜਾਬ ਦਾ ਅਰਥਚਾਰਾ’ ਪੜ੍ਹਿਆ ਜਿਸ ਵਿੱਚ ਲੇਖਕ ਨੇ ਪੰਜਾਬ ਵਿੱਚ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦੇ ਪੰਜਾਬ ਦੀ ਆਰਥਿਕਤਾ ਉੱਪਰ ਪੈ ਰਹੇ ਉਲਟ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬ ਉੱਪਰ ਰਾਜ ਕਰ ਰਹੀਆਂ ਰਾਜਨੀਤਕ ਪਾਰਟੀਆਂ ਨੇ ਆਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਤੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਬਿਨਾਂ ਕੋਈ ਪ੍ਰਵਾਹ ਕੀਤੇ ਅਜਿਹੇ ਫ਼ੈਸਲੇ ਲਾਗੂ ਕੀਤੇ ਜਿਨ੍ਹਾਂ ਦੇ ਨਤੀਜੇ ਅੱਜ ਪੰਜਾਬ ਅਤੇ ਪੰਜਾਬ ਦੇ ਸ਼ੁਭ ਚਿੰਤਕ ਭੁਗਤ ਰਹੇ ਹਨ। ਕੋਈ ਸਮਾਂ ਸੀ ਪੰਜਾਬ ਤਰੱਕੀ ਪੱਖੋਂ ਸਭ ਤੋਂ ਅੱਗੇ ਸੀ। ਪੰਜਾਬ ਦੀ ਪ੍ਰਤੀ ਜੀਅ ਆਮਦਨ ਸਮੁੱਚੇ ਭਾਰਤ ਵਿੱਚੋਂ ਪਹਿਲੇ ਨੰਬਰ ’ਤੇ ਸੀ। ਪੰਜਾਬ ਦੇ ਗ਼ੈਰ-ਜ਼ਿੰਮੇਵਾਰ ਸਿਆਸਤਦਾਨਾਂ ਨੇ ਸਿਰਫ਼ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦਿੱਤੀ। ਜੇ ਸਿਆਸਤਦਾਨਾਂ ਨੇ ਖੇਤੀ ਲਈ ਬਿਜਲੀ ਸਬਸਿਡੀ ਦੇਣੀ ਸੀ ਤਾਂ ਕੋਈ ਨਾ ਕੋਈ ਆਰਥਿਕ ਪੈਰਾਮੀਟਰ ਤਾਂ ਅਪਨਾਉਣਾ ਚਾਹੀਦਾ ਸੀ। ਕਿਸੇ ਗ਼ਰੀਬ ਕਿਸਾਨ ਨੂੰ ਸਬਸਿਡੀ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ। ਕਾਸ਼ਤ ਦੀ ਸੀਮਾ 5 ਏਕੜ ਹੋਣੀ ਚਾਹੀਦੀ ਸੀ ਪਰ ਇਨ੍ਹਾਂ ਨਾ-ਸਮਝ ਨੇਤਾਵਾਂ ਨੇ ਸਿਰਫ਼ ਆਪਣੇ ਹਿੱਤਾਂ ਨੂੰ ਅੱਗੇ ਰੱਖਿਆ। ਅੱਜ ਲੋੜ ਹੈ ਕਿ ਪੰਜਾਬ ਦੇ ਚੰਗੇਰੇ ਭਵਿੱਖ ਅਤੇ ਬਿਹਤਰੀ ਲਈ ਕੁਝ ਕਠੋਰ ਫ਼ੈਸਲੇ ਕੀਤੇ ਜਾਣ ਤਾਂ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈ।
ਲਾਲ ਸਿੰਘ, ਬਰਨਾਲਾ
(2)
10 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਮੁਫ਼ਤ ਸਹੂਲਤਾਂ ਅਤੇ ਪੰਜਾਬ ਦਾ ਅਰਥਚਾਰਾ’ ਵਿਚਾਰਨ ਯੋਗ ਹੈ। ਸਰਕਾਰ ਵੱਲੋਂ ਮਿਲਦੀਆਂ ਮੁਫ਼ਤ ਸਹੂਲਤਾਂ ਦਰਅਸਲ ਸਾਡੇ ਰੁਜ਼ਗਾਰ ਅਤੇ ਹੱਕਾਂ ’ਤੇ ਡਾਕਾ ਹੈ। ਅਸੀਂ ਇਹ ਸੋਚਣ ਲੱਗਦੇ ਹਾਂ ਕਿ ਜੇਕਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਵੱਟੇ ਖਾਤੇ ਪਾ ਸਕਦੀ ਹੈ ਜਾਂ ਮੁਆਫ਼ ਕਰ ਸਕਦੀ ਹੈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਪਾਸਾ ਵੱਟਦੀ ਹੈ; ਇਸ ਲਈ ਸਾਨੂੰ ਮੁਫ਼ਤ ਦੀਆਂ ਸਹੂਲਤਾਂ ਮਾਣਦੇ ਰਹਿਣਾ ਚਾਹੀਦਾ ਹੈ। ਦੂਸਰਾ, ਰੁਜ਼ਗਾਰ ਦੇ ਵੀ ਸਰਕਾਰਾਂ ਲਾਰੇ ਲਾਉਂਦੀਆਂ ਹਨ, ਸੰਘਰਸ਼ ਦੇ ਬਾਵਜੂਦ ਉਸ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਅਜਿਹੀ ਸਰਕਾਰੀ ਵਿਵਸਥਾ ਕਾਰਨ ਅਸੀਂ ਸੋਚਣ ਲੱਗਦੇ ਹਾਂ, ਜੋ ਮੁਫ਼ਤ ਮਿਲਦਾ ਲੈ ਲਓ; ਸਾਡੇ ਬੁਨਿਆਦੀ ਹੱਕ ਅਤੇ ਰੁਜ਼ਗਾਰ ਤਾਂ ਮਿਲਣੇ ਨਹੀਂ।
ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)
ਮਨੁੱਖੀ ਸਾਂਝ ਦਾ ਸੁਨੇਹਾ
5 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਮਾਨਵਤਾ ਦੀ ਧੜਕਣ ਬਣਿਆ ਭਾਰਤੀ ਦਿਲ’ ਵਧੀਆ ਲੱਗਾ। ਇਹ ਲੇਖ ਮਨੁੱਖੀ ਸਾਂਝ ਤੇ ਭਾਈਚਾਰੇ ਦਾ ਵੱਡਾ ਸੁਨੇਹਾ ਦਿੰਦਾ ਹੈ। ਅੱਜ ਦੇ ਸਮੇਂ ਵਿੱਚ ਧਰਮ, ਨਸਲ ਤੇ ਜਾਤ-ਪਾਤ ਦੀ ਮਾੜੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਜਾ ਰਹੀ ਹੈ। ਆਪਸੀ ਭਾਈਚਾਰਕ ਸਾਂਝ ਨੂੰ ਵੱਖ-ਵੱਖ ਫ਼ਿਰਕਿਆਂ ਵਿੱਚ ਵੰਡਿਆ ਜਾ ਰਿਹਾ ਹੈ। ਹੁਣ ਭਾਰਤੀ ਬਾਪ ਦਾ ਦਿਲ ਪਾਕਿਸਤਾਨੀ ਬੱਚੀ ਵਿੱਚ ਧੜਕ ਰਿਹਾ ਹੈ। ਇਹ ਮਨੁੱਖਤਾ ਦੇ ਭਲੇ ਦੀ ਬਹੁਤ ਵੱਡੀ ਉਦਾਹਰਨ ਹੈ। ਦੂਸਰਾ, ਇਹ ਵਿਗਿਆਨ ਦਾ ਬਹੁਤ ਵੱਡਾ ਚਮਤਕਾਰ ਵੀ ਹੈ ਜਿਨ੍ਹਾਂ ਨੂੰ ਕੁਸ਼ਲ ਡਾਕਟਰਾਂ ਦੀ ਮਿਹਨਤ ਨੇ ਕਰ ਦਿਖਾਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਅੰਧਵਿਸ਼ਵਾਸ ਤੋਂ ਕੋਈ ਚਮਤਕਾਰ ਨਾ ਅੱਜ ਤਕ ਹੋਇਆ ਹੈ ਤੇ ਨਾ ਹੀ ਕਦੇ ਹੋਵੇਗਾ। ਇਹ ਕ੍ਰਾਂਤੀਕਾਰੀ ਤਬਦੀਲੀ ਜੇਕਰ ਹੋਈ ਹੈ ਤਾਂ ਇਸ ਦਾ ਸਿਹਰਾ ਵਿਗਿਆਨ ਅਤੇ ਮਹਾਨ ਵਿਗਿਆਨੀਆਂ ਦੇ ਸਿਰ ਬੱਝਦਾ ਹੈ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਮਾਨਵਤਾ ਦੀ ਧੜਕਣ ਬਣਿਆ ਭਾਰਤੀ ਦਿਲ’ (5 ਜੁਲਾਈ) ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿ ਅਜੋਕੇ ਜੰਗਲ ਰਾਜ ਵਿੱਚ ਮਾਨਵਤਾ ਅਜੇ ਵੀ ਜਿੰਦਾ ਹੈ। ਚੇਨਈ ਦੇ ਡਾਕਟਰਾਂ ਨੇ ਗੁਆਂਢੀ ਦੇਸ਼ ਦੀ ਧੀ ਦੀ ਮਦਦ ਕਰ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ। ਅਪਰੇਸ਼ਨ ਤਾਂ ਹਰ ਰੋਜ਼ ਹਜ਼ਾਰਾਂ ਲੱਖਾਂ ਹੁੰਦੇ ਹਨ ਪਰ ਡਾਕਟਰਾਂ ਨੇ ਜਿਸ ਤਰੀਕੇ ਨਾਲ ਪੈਸੇ ਇਕੱਠੇ ਕਰ ਕੇ ਉਸਦੀ ਜਾਨ ਬਚਾਈ, ਵਿਲੱਖਣ ਗੱਲ ਹੈ। ਜਿਸ ਸ਼ਖ਼ਸ ਦਾ ਦਿਲ ਉਸ ਬੱਚੀ ਦੇ ਅੰਦਰ ਧੜਕ ਰਿਹਾ ਹੈ, ਉਹ ਵੀ ਮਾਣ ਸਤਿਕਾਰ ਦਾ ਹੱਕਦਾਰ ਹੈ। ਕਾਸ਼! ਸਾਰੇ ਹਸਪਤਾਲਾਂ ਅਤੇ ਡਾਕਟਰਾਂ ਦੇ ਦਿਲ ਇਸੇ ਤਰ੍ਹਾਂ ਮਨੁੱਖਤਾ ਲਈ ਧੜਕਦੇ ਰਹਿਣ ਤਾਂ ਦੁੱਖਾਂ ਦਰਦਾਂ ਨਾਲ ਭਰੀ ਦੁਨੀਆ ਨੂੰ ਭਗਤ ਰਵੀਦਾਸ ਜੀ ਦਾ ‘ਬੇਗਮਪੁਰਾ ਸ਼ਹਿਰ’ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਡਾ. ਤਰਲੋਚਨ ਕੌਰ, ਪਟਿਆਲਾ
ਪ੍ਰਸ਼ਾਸਕੀ ਨਾਕਾਮੀ
ਹਾਥਰਸ (ਉੱਤਰ ਪ੍ਰਦੇਸ਼) ’ਚ ਧਾਰਮਿਕ ਇਕੱਠ ਦੌਰਾਨ ਮਚੀ ਭਗਦੜ ਕਾਰਨ 121 ਜਾਨਾਂ ਅਜਾਈਂ ਚਲੀਆਂ ਗਈਆਂ। ਉੱਥੇ ਸੁਰੱਖਿਆ ਨੇਮਾਂ ਨੂੰ ਅੱਖੋਂ ਓਹਲੇ ਕੀਤਾ ਗਿਆ। ਮੌਕੇ ’ਤੇ ਲੋੜੀਂਦੇ ਪ੍ਰਬੰਧ ਹੁੰਦੇ ਤਾਂ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਦਰਅਸਲ, ਸੁਰੱਖਿਆ ਦੇ ਦਾਅਵੇ ਥੋਥੇ ਨਿੱਕਲੇ ਹਨ। ਇਸ ਤਰਾਸਦੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਪੂਰੀ ਤਿਆਰੀ ਨਹੀਂ ਸੀ। ਹੋਰ ਤਾਂ ਹੋਰ, ਮੁੱਖ ਮੰਤਰੀ ਨੇ ਘਟਨਾ ਸਥਾਨ ਦਾ ਦੌਰਾ ਅਗਲੇ ਦਿਨ ਕੀਤਾ। ਅਜਿਹੇ ਗੰਭੀਰ ਮਸਲਿਆਂ ਲਈ ਤਾਂ ਮੁੱਖ ਮੰਤਰੀ ਉੱਥੇ ਤੁਰੰਤ ਮੌਜੂਦ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਜਦੋਂ ਸੰਸਦ ਵਿੱਚ ਧੰਨਵਾਦੀ ਮਤੇ ’ਤੇ ਬੋਲ ਰਹੇ ਸਨ ਤਾਂ ਉਨ੍ਹਾਂ ਵੀ ਇਸ ਖ਼ਬਰ ਨੂੰ ਬਹੁਤ ਸਾਧਾਰਨ ਤਰੀਕੇ ਨਾਲ ਹੀ ਲਿਆ ਅਤੇ ਫ਼ੌਤ ਹੋਏ ਲੋਕਾਂ ਲਈ ਸ਼ਰਧਾਂਜਲੀ ਮਤਾ ਵੀ ਪਾਸ ਨਾ ਕੀਤਾ।
ਪੂਜਾ, ਚੰਡੀਗੜ੍ਹ
ਰਾਹੁਲ ਦੀ ਰਾਜਨੀਤੀ
ਤਰਸੇਮ ਸਿੰਘ, ਡਕਾਲਾ (ਪਟਿਆਲਾ)