ਪਾਠਕਾਂ ਦੇ ਖ਼ਤ
ਸੱਚੇ ਆਦਮੀ ਦੀ ਕਦਰ
2 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦਾ ਛਪਿਆ ਲੇਖ ‘ਸਰਪੰਚ ਦੀ ਤਾਕਤ’ ਸਬਕ ਆਮੋਜ਼ ਹੈ। ਚੰਗੇ ਅਤੇ ਸੱਚੇ ਆਦਮੀ ਦੀ ਕਦਰ ਹਰ ਥਾਂ ਹੁੰਦੀ ਹੈ। ਜੇਕਰ ਹਰ ਸ਼ਖ਼ਸ ਆਪਣੇ ਪਿੰਡ ਦੇ ਸੁਧਾਰ ਲਈ ਇਮਾਨਦਾਰੀ ਨਾਲ ਕੰਮ ਕਰੇਗਾ ਤਾਂ ਸਾਡੇ ਪਿੰਡ ਕਿਸੇ ਤੋਂ ਪਿਛਾਂਹ ਨਹੀਂ ਰਹਿਣਗੇ। ਇਸ ਲਈ ਸਰਪੰਚਾਂ ਨੂੰ ਆਪਣੇ ਨਿੱਜੀ ਲਾਭਾਂ ਤੋਂ ਉੱਪਰ ਉੱਠ ਕੇ ਹਰ ਸਮੇਂ ਆਪਣੇ ਇਲਾਕੇ ਦੀ ਤਰੱਕੀ ਲਈ ਸੋਚਣਾ ਚਾਹੀਦਾ ਹੈ ਤਾਂ ਕਿ ਮਿਸਾਲ ਕਾਇਮ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਕੀਤੇ ਕੰਮਾਂ ਦੀ ਸ਼ਲਾਘਾ ਕਰਨ।
ਡਾ. ਮੁਹੰਮਦ ਇਰਫ਼ਾਨ ਮਲਿਕ, ਚੰਡੀਗੜ੍ਹ
ਪਾਠ ਦਾ ਅਸਰ
ਪਹਿਲੀ ਜੁਲਾਈ ਦੇ ਅੰਕ ’ਚ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਪਾਠ ਦਾ ਅਸਰ’ ਸਾਰੇ ਅਧਿਆਪਕਾਂ ਲਈ ਧਿਆਨ ਦੇਣ ਵਾਲਾ ਹੈ। ਅਧਿਆਪਕ ਸਿਰਫ਼ ਇਮਤਿਹਾਨ ਪਾਸ ਕਰਨ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਹੀ ਪਾਠ ਨਾ ਪੜ੍ਹਾਉਣ ਸਗੋਂ ਜਮਾਤ ਵਿੱਚ ਵਿਦਿਆਰਥੀਆਂ ਤੋਂ ਇਹ ਜ਼ਰੂਰ ਪੁੱਛਣ ਕਿ ਇਸ ਤੋਂ ਕੀ ਸਿੱਖਿਆ ਮਿਲੀ ਅਤੇ ਇਸ ਸਿੱਖਿਆ ਤੇ ਜ਼ਿੰਦਗੀ ਵਿੱਚ ਅਮਲ ਕਰਨ ਦੀ ਗੱਲ ਵੀ ਕਹਿਣੀ ਚਾਹੀਦੀ ਹੈ। ਇਉਂ ਲੋਕਾਂ ਅੰਦਰ ਰਿਸ਼ਵਤਖੋਰੀ ਲਾਲਚ, ਬੇਈਮਾਨੀ, ਅੰਧਵਿਸ਼ਵਾਸ ਆਦਿ ਬੁਰਾਈਆਂ ਕਾਫ਼ੀ ਹੱਦ ਤੱਕ ਰੁਕ ਸਕਦੀਆਂ ਹਨ। ਇਸ ਤੋਂ ਪਹਿਲਾਂ 28 ਜੂਨ ਦੇ ਅੰਕ ਵਿੱਚ ਪ੍ਰੋ. ਕੇ ਸੀ ਸ਼ਰਮਾ ਦਾ ਲਿਖਿਆ ਮਿਡਲ ‘ਤਰ-ਅੱਖੇ ਲੋਕ’ ਭਾਵੁਕ ਕਰਨ ਵਾਲਾ ਸੀ। ਸਾਇੰਸ ਦੀਆਂ ਕਾਢਾਂ ਮੋਬਾਈਲ, ਵੀਡੀਓ ਕਾਲ ਆਦਿ ਦਾ ਸ਼ੁਕਰ ਹੈ ਕਿ ਦੂਰ ਦੁਰਾਡੇ ਬੈਠੇ ਧੀਆਂ-ਪੁੱਤਰਾਂ, ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ। ਜਿਹੜੇ ਪਰਿਵਾਰਾਂ ’ਚ ਸਾਰੇ ਜੀਅ ਇਕੱਠੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਖੁਸ਼ਨਸੀਬ ਸਮਝਣਾ ਚਾਹੀਦਾ।
ਸੋਹਣ ਲਾਲ ਗੁਪਤਾ, ਪਟਿਆਲਾ
ਪੰਜਾਬੀਆਂ ਦੀ ਕਹਾਣੀ
28 ਮਈ ਨੂੰ ਨਜ਼ਰੀਆ ਪੰਨੇ ’ਤੇ ਪ੍ਰੋ. ਕੇ ਸੀ ਸ਼ਰਮਾ ਦਾ ਲੇਖ ‘ਤਰ-ਅੱਖੇ ਲੋਕ’ ਪੜ੍ਹ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇਹ ਮੇਰੀ ਅਤੇ ਹੋਰ ਹਜ਼ਾਰਾਂ ਪੰਜਾਬੀਆਂ ਦੀ ਕਹਾਣੀ ਹੋਵੇ। ਲੇਖ ਪੜ੍ਹਦਿਆਂ ਸੱਚਮੁੱਚ ਅੱਖਾਂ ਭਰ ਆਈਆਂ…ਇਹ ਤਾਂ ਆਪਣੇ ਬਾਹਰਲੇ ਮੁਲਕ ਭੇਜੇ ਜਿਗਰ ਦੇ ਟੋਟੇ ਦੀ ਗੱਲ ਹੋ ਰਹੀ ਹੈ। ਪੰਜਾਬ ਖਾਲੀ ਹੋ ਰਿਹਾ ਹੈ ਅਤੇ ਸਾਂਝੇ ਪਰਿਵਾਰ ਇਕੱਲਤਾ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਣਗੇ ਜੋ ਜ਼ਿੰਦਗੀ ਦੇ ਅਖ਼ੀਰਲੇ ਪੜਾਅ ’ਤੇ ਹਨ। ਇਸ ਤੋਂ ਵੱਡਾ ਕੋਈ ਹੋਰ ਦੁਖਾਂਤ ਨਹੀਂ ਹੋ ਸਕਦਾ। ਕਾਸ਼ ! ਕੋਈ ਆਵੇ ਜੋ ਇਸ ਪਰਵਾਸ ਨੂੰ ਪੁੱਠਾ ਗੇੜਾ ਦੇਵੇ ਅਤੇ ਅਸੀਂ ਆਪਣਿਆਂ ਸੰਗ ਖੁਸ਼ੀਆਂ ਮਾਣ ਸਕੀਏ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
ਸਕੂਲਾਂ ਦੇ ਨਤੀਜੇ
27 ਜੂਨ ਦੇ ਸੰਪਾਦਕੀ ‘ਹਿਮਾਚਲ ਦੇ ਮਾੜੇ ਨਤੀਜੇ’ ਵਿੱਚ ਹਿਮਾਚਲ ਪ੍ਰਦੇਸ਼ ਦੇ ਦਸਵੀਂ ਜਮਾਤ ਦੇ 16 ਸਕੂਲਾਂ ਦੇ ਜ਼ੀਰੋ ਫ਼ੀਸਦੀ ਅਤੇ 116 ਸਕੂਲਾਂ ਦੇ ਨਤੀਜੇ 25 ਫ਼ੀਸਦੀ ਤੋਂ ਵੀ ਘੱਟ ਆਉਣ ਬਾਰੇ ਚਿੰਤਾ ਪ੍ਰਗਟਾਈ ਗਈ ਹੈ। ਮਾੜੇ ਨਤੀਜਿਆਂ ਵਿੱਚੋਂ ਮੁੱਖ ਕਾਰਨ 2010 ਵਿੱਚ ਅੱਠਵੀਂ ਜਮਾਤ ਤੱਕ ਕਿਸੇ ਨੂੰ ਫੇਲ੍ਹ ਨਾ ਕਰਨਾ ਹੈ। ਨਤੀਜੇ ਵਜੋਂ ਇੱਕ ਕੇਂਦਰੀ ਵਿਦਿਆਲਿਆ ਦਾ ਦਸਵੀਂ ਜਮਾਤ ਦਾ ਨਤੀਜਾ ਸਿਰਫ਼ ਪੰਜ ਫ਼ੀਸਦੀ ਹੀ ਰਿਹਾ। 1969 ਤੱਕ ਦਸਵੀਂ ਜਮਾਤ ਦਾ ਇਮਤਿਹਾਨ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਹੀ ਲੈਂਦੀ ਸੀ। ਉਦੋਂ ਦੇ ਤੀਸਰੇ ਦਰਜੇ ਵਿੱਚ ਪਾਸ ਹੋਏ ਹੁਣ ਬੋਰਡ ਦੇ ਫਸਟ ਡਵੀਜ਼ਨਰਾਂ ਨਾਲੋਂ ਕਿਤੇ ਵੱਧ ਗਿਆਨ ਰੱਖਦੇ ਹਨ। ਇਸੇ ਕਾਰਨ ਨੌਵੀਂ ਦੇ ਵਿਦਿਆਰਥੀਆਂ ਨੂੰ ਗੋ (go) ਅਤੇ ਗੋਜ (goes) ਵਿੱਚ ਫ਼ਰਕ ਨਹੀਂ ਪਤਾ, ਫਿਰ ਉਹ ਪਾਸ ਕਿਵੇਂ ਹੋਣਗੇ? ਪਹਿਲਾਂ ਦੇ ਮੁਕਾਬਲੇ 21ਵੀਂ ਸਦੀ ਦੇ ਟੈੱਟ ਪਾਸ ਅਧਿਆਪਕ ਹੋਣ ਦਾ ਕੀ ਫ਼ਾਇਦਾ ਹੋਇਆ? ਵਿਦਿਆਰਥੀ ਆਪ ਦਿਮਾਗ ਤੋਂ ਕੰਮ ਨਹੀਂ ਲੈਂਦੇ ਤਾਂ ਹੀ ਸਮਾਜਵਾਦ, ਸਾਮਰਾਜਵਾਦ ਅਤੇ ਸਾਮਵਾਦ ਵਿੱਚ ਫ਼ਰਕ ਨਹੀਂ ਸਮਝਦੇ, ਜਿੰਨਾ ਮਰਜ਼ੀ ਸਮਝਾਈ ਜਾਵੋ। ਪਾਸ ਹੋਣ ਲਈ ਅਧਿਆਪਕਾਂ ਤੋਂ ਇਲਾਵਾ 20 ਫ਼ੀਸਦੀ ਵਿਦਿਆਰਥੀ ਆਪ ਅਤੇ 20 ਫ਼ੀਸਦੀ ਮਾਪੇ ਵੀ ਜ਼ਿੰਮੇਵਾਰ ਹੁੰਦੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਤੌਖ਼ਲੇ ਬਨਾਮ ਸਵਾਲ
ਗੁਰਬਚਨ ਜਗਤ ਰਚਿਤ ਲੇਖ ‘ਪੰਜਾਬ : ਸਤਹਿ ਹੇਠ ਖ਼ੌਲ ਰਹੇ ਤੌਖ਼ਲੇ ਤੇ ਸਵਾਲ’ (26 ਜੂਨ) ਵਿੱਚ ਤੌਖ਼ਲਿਆਂ ਦੀ ਗੱਲ ਕਰਦਿਆਂ ਭਾਵੇਂ ਅਸਲ ਗੱਲਾਂ ਨੂੰ ਵੀ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ਤੋਂ ਜਿੱਤੇ ਦੋ ਉਮੀਦਵਾਰਾਂ ਦੀ ਗੱਲ ਕਰਦਿਆਂ ਅਤਿਵਾਦ ਦੇ ਮੁੜ ਖੰਭ ਫੈਲਾਉਣ ਦੇ ਤੌਖ਼ਲੇ ਦਾ ਜ਼ਿਆਦਾ ਜ਼ਿਕਰ ਕੀਤਾ ਗਿਆ ਹੈ। ਫਰੀਦਕੋਟ ਅਤੇ ਖਡੂਰ ਸਾਹਿਬ ਤੋਂ ਕ੍ਰਮਵਾਰ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਅਤਿਵਾਦ ਦੇ ਫੈਲਣ ਦਾ ਸੰਕੇਤ ਦਰਸਾਇਆ ਗਿਆ ਹੈ। ਅਸਲ ਵਿੱਚ ਪੰਜਾਬ ਦੇ ਸੱਭਿਆਚਾਰ ਜਾਂ ਕਹੀਏ ਪੰਜਾਬੀਆਂ ਦੀ ਜੀਵਨ ਜਾਚ ਨੂੰ ਬਰੀਕੀ ਨਾਲ ਨਿਹਾਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਅਜਿਹੇ ਸਮੇਂ ਜ਼ੁਲਮ ਦੇ ਵਿਰੋਧ ਵਿੱਚ ਖੜ੍ਹੇ ਹੋ ਜਾਂਦੇ ਹਨ ਜਦੋਂ ਰਾਜੇ ਦੇ ਬੋਲੇ ਬੋਲ ਹੀ ਕਾਨੂੰਨ ਸਨ। ਪਿੱਛੇ ਜਿਹੇ ਅਸੀਂ ਕਿਸਾਨ ਸੰਘਰਸ਼ ਦੇਖਿਆ ਹੈ ਜਿਸ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵਰਗੀ ਜੋੜੀ ਨੂੰ ਖੇਤੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਦਿੱਤਾ ਸੀ। ਪੰਜਾਬ ਦੀ ਇੱਕ ਖ਼ਾਸ ਖੇਤਰੀ ਪਾਰਟੀ ਸਮਾਪਤੀ ਦੇ ਕੰਢੇ ਵੱਲ ਵਧ ਰਹੀ ਹੈ। ‘ਆਪ’ ਸਰਕਾਰ ਨੂੰ ਲੋਕਾਂ ਨੇ 2022 ਦੀ ਸੰਗਰੂਰ ਜ਼ਿਮਨੀ ਚੋਣ ਵਿੱਚ ਅਤੇ ਹੁਣ ਲੋਕ ਸਭਾ ਦੀਆਂ ਚੋਣਾਂ ਵਿੱਚ ਦੱਸ ਦਿੱਤਾ ਹੈ ਕਿ ਜੇਕਰ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉਤਰੇਗੀ ਤਾਂ ਹਸ਼ਰ ਉਸ ਦਾ ਵੀ ਉਹੀ ਹੋਵੇਗਾ। ਮੈਂ ਫਰੀਦਕੋਟ ਵਿੱਚ ਹੀ ਰਹਿੰਦਾ ਹਾਂ, ਮੈਂ ਨਹੀਂ ਦੇਖਦਾ ਕਿ ਲੋਕ ਅਤਿਵਾਦ ਵੱਲ ਉਲਾਰ ਹੋਏ ਹੋਣ। ਹਕੀਕਤ ਵਿੱਚ ਲੋਕ ਸਥਾਨਕ ਨੇਤਾਵਾਂ ਸਮੇਤ ਸਰਕਾਰ ਦੀ ਕਾਰਜਸ਼ੈਲੀ ਤੋਂ ਨਿਰਾਸ਼ ਹਨ। ਲੋਕ ਆਪਣਾ ਗੁੱਸਾ, ਮਿਲੇ ਹੋਏ ਆਪਣੇ ਸੰਵਿਧਾਨਕ ਵੋਟ ਦੇ ਹੱਕ ਦਾ ਇਸਤੇਮਾਲ ਕਰ ਕੇ ਕੱਢਦੇ ਹਨ। ਇਸ ਲਈ ਅਤਿਵਾਦ ਵਧਣ ਦੇ ਕੋਈ ਸੰਕੇਤ ਨਹੀਂ ਮਿਲਦੇ। ਉਂਝ ਮਜਬੂਰੀ ਵਿੱਚ ਕੁਝ ਵੀ ਹੋ ਸਕਦਾ ਹੈ।
ਗੁਰਦੀਪ ਢੁੱਡੀ, ਫਰੀਦਕੋਟ
ਸਮਾਜਿਕ ਹਾਲਾਤ
26 ਜੂਨ ਨੂੰ ਛਪਿਆ ਗੁਰਦੀਪ ਢੁੱਡੀ ਦਾ ਲੇਖ ‘ਆਲੂ ਆਲੂ ਆਪ ਖਾ ਗਈ’ ਸਮਾਜਿਕ ਹਾਲਾਤ ਬਿਆਨ ਕਰਦਾ ਹੈ। ਇਹ ਲੇਖ ਤਕਰੀਬਨ ਅੱਧੀ ਸਦੀ ਪਹਿਲਾਂ ਦੇ ਹਾਲਾਤ ਵਿੱਚ ਆਈ ਵੱਡੀ ਤਬਦੀਲੀ ਨੂੰ ਉਘਾੜਦਾ ਹੈ। ਆਧੁਨਿਕ ਯੁੱਗ ਵਿੱਚ ਰਿਸ਼ਤਿਆਂ ਅਤੇ ਸਿਹਤ ਵਿੱਚ ਪੈ ਰਹੇ ਵਿਗਾੜਾਂ ਬਾਰੇ ਸਪੱਸ਼ਟ ਕਰਦਾ ਹੈ। ਪੁਰਾਣੇ ਸਮਿਆਂ ਵਿੱਚ ਜਿਨ੍ਹਾਂ ਚੀਜ਼ਾਂ ਦੀ ਅਹਿਮੀਅਤ ਸੀ, ਅੱਜ ਕੱਲ੍ਹ ਹੋ ਰਹੀ ਤਬਦੀਲੀ ਨੇ ਇਹ ਅਹਿਮੀਅਤ ਘਟਾ ਦਿੱਤੀ ਹੈ।
ਰਾਜਵੀਰ ਕੌਰ, ਬਠਿੰਡਾ
ਛਲਕਦਾ ਦਰਦ
8 ਜੂਨ ਦੇ ਅੰਕ ਵਿੱਚ ਦਰਸ਼ਨ ਸਿੰਘ ਦਾ ਮਿਡਲ ‘ਹੁਣ ਮੈਂ ਚੁੱਪ ਰਹਾਂਗਾ…’ ਪੜ੍ਹ ਕੇ ਪਿਉ ਕੋਲੋਂ ਵਿਛੜੇ ਪੁੱਤਰ ਦਾ ਅੰਦਰ ਲੁਕੋਇਆ ਦਰਦ ਉਜਾਗਰ ਹੋਇਆ। ਲੇਖਕ ਅਤੇ ਉਸ ਦੇ ਮਿੱਤਰ ਨਾਲ ਸੂਬੇਦਾਰ ਗੱਲਾਂ ਕਰ ਕੇ ਆਪਣੇ ਮਨ ਦਾ ਬੋਝ ਹਲਕਾ ਕਰਦਾ ਹੈ ਪਰ ਇਸ ਗੱਲ ਤੋਂ ਅਣਜਾਣ ਲੇਖਕ ਅਤੇ ਉਸ ਦਾ ਮਿੱਤਰ ਗੱਲਾਂ ਤੋਂ ਪਾਸਾ ਵੱਟਣਾ ਚਾਹੁੰਦੇ ਹਨ। ਜਦੋਂ ਸੂਬੇਦਾਰ ਅੰਦਰ ਛੁਪਿਆ ਦਰਦ ਹੰਝੂਆਂ ਦੇ ਰੂਪ ਵਿੱਚ ਬਾਹਰ ਛਲਕਦਾ ਹੈ, ਉਦੋਂ ਲੇਖਕ ਅਤੇ ਉਸ ਦੇ ਮਿੱਤਰ ਨੂੰ ਸੂਬੇਦਾਰ ਦੀਆਂ ਬਹੁਤੀਆਂ ਗੱਲਾਂ ਕਰਨ ਦੇ ਪਿੱਛੇ ਛੁਪੇ ਹੋਏ ਕਾਰਨ ਦਾ ਪਤਾ ਲੱਗਦਾ ਹੈ। ਅਸਲ ਵਿੱਚ ਸੂਬੇਦਾਰ ਲੇਖਕ ਅਤੇ ਉਸ ਦੇ ਮਿੱਤਰ ਵਿੱਚੋਂ ਆਪਣੇ ਪੁੱਤਰ ਨੂੰ ਦੇਖਦਾ ਹੈ। ਮਨੁੱਖ ਹੀ ਮਨੁੱਖ ਦਾ ਦਾਰੂ ਹੈ। ਦਰਦ ਵੰਡਾਉਣ ਨਾਲ ਘਟਦਾ ਹੈ। ਇਸ ਦੁਨੀਆ ਵਿੱਚ ਦੁੱਖ ਅਤੇ ਦਰਦ ਬਹੁਤ ਹੈ ਪਰ ਇਹ ਦਰਦ ਵੰਡਾਉਣ ਵਾਲਾ ਕੋਈ ਨਹੀਂ। ਭੌਤਿਕ ਵਸਤੂਆਂ ਦੀ ਭਾਲ ਵਿੱਚ ਭਟਕਿਆ ਮਨੁੱਖ ਆਪਸੀ ਪਿਆਰ ਅਤੇ ਸਾਂਝ ਨੂੰ ਭੁਲਾ ਕੇ ਜ਼ਿੰਦਗੀ ਵਿੱਚ ਇੰਨਾ ਉਲਝ ਚੁੱਕਿਆ ਹੈ ਕਿ ਉਸ ਕੋਲ ਕਿਸੇ ਲਈ ਸਮਾਂ ਹੀ ਨਹੀਂ ਹੈ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
(2)
ਦਰਸ਼ਨ ਸਿੰਘ ਦੇ ਮਿਡਲ ‘ਹੁਣ ਮੈਂ ਚੁੱਪ ਰਹਾਂਗਾ...’ (8 ਜੂਨ) ਦਾ ਕਿੱਸਾ ਬੜਾ ਮਾਰਮਿਕ ਹੈ। ਲਿਖਤ ਦਾ ਕਲਾਈਮੈਕਸ ਆਉਣ ’ਤੇ ਗੱਲ ਸਿੱਧੀ ਦਿਲ ’ਤੇ ਵੱਜਦੀ ਹੈ। ਹਰ ਦਿਲ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮਜਬੂਰੀਆਂ ਦਾ ਕਬਰਸਤਾਨ ਬਣਿਆ ਹੁੰਦਾ ਹੈ।
ਕੁਲਵੰਤ ਸਿੰਘ, ਹੁਸਿ਼ਆਰਪੁਰ
ਘੱਟਗਿਣਤੀਆਂ ਨਾਲ ਨਿਆਂ
28 ਜੂਨ ਦਾ ਸੰਪਾਦਕੀ ‘ਘੱਟਗਿਣਤੀਆਂ ਤੇ ਅਮਰੀਕੀ ਰਿਪੋਰਟ’ ਅਤੇ ਨੀਰਾ ਚੰਢੋਕ ਦਾ ਲੇਖ ‘ਬੇਇਨਸਾਫ਼ੀ ਪੂਰ ਕਰਨ ਦਾ ਸਹੀ ਰਾਹ’ ਕਰੀਬ-ਕਰੀਬ ਇੱਕ ਹੀ ਵਿਸ਼ੇ ਨਾਲ ਸਬੰਧਿਤ ਸਨ। ਅਮਰੀਕੀ ਰਿਪੋਰਟ ਵਿੱਚ ਭਾਰਤ ਨੂੰ ਸਾਫ਼ ਸ਼ਬਦਾਂ ਵਿੱਚ ਘੱਟਗਿਣਤੀਆਂ ’ਤੇ ਹੋ ਰਹੇ ਜਬਰ ਅਤੇ ਬੇਇਨਸਾਫ਼ੀ ਲਈ ਦੋਸ਼ੀ ਠਹਿਰਾਇਆ ਹੈ। ਇਹ ਤਲਖ਼ ਹਕੀਕਤ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਘੱਟਗਿਣਤੀਆਂ ਨਾਲ ਸਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ ਜਿਨ੍ਹਾਂ ਦੇ ਆਪੋ-ਆਪਣੇ ਰੀਤੀ ਰਿਵਾਜ ਹਨ, ਆਪੋ-ਆਪਣੀ ਧਾਰਮਿਕ ਆਸਥਾ ਤੇ ਧਰਮ ਅਸਥਾਨ ਹਨ। ਹਰ ਬੰਦਾ ਆਪਣੀ ਆਜ਼ਾਦੀ ਨਾਲ ਜੀਵਨ ਜਿਊਣਾ ਚਾਹੁੰਦਾ ਹੈ। ਉਸ ਨੂੰ ਆਪਣੇ ਢੰਗ ਨਾਲ ਜਿਊਣ ਦਿਓ। ਫ਼ਿਰਕੂ ਤੰਗਦਿਲੀ, ਨਫ਼ਰਤ ਅਤੇ ਆਪਸੀ ਤਕਰਾਰ ਭਾਈਚਾਰਕ ਸਾਂਝ ਨੂੰ ਤੋੜਦੀ ਹੈ, ਜੋੜਦੀ ਨਹੀਂ। ਸਾਨੂੰ ਕੱਟੜਤਾ ਤੋਂ ਉੱਪਰ ਉੱਠ ਕੇ, ਸਭ ਦਾ ਸਤਿਕਾਰ ਕਰਨਾ ਬਣਦਾ ਹੈ। ਇਸ ਵਿੱਚ ਹੀ ਸਭ ਦੀ ਭਲਾਈ ਅਤੇ ਦੇਸ਼ ਦੀ ਖੁਸ਼ਹਾਲੀ ਦਾ ਰਾਹ ਛੁਪਿਆ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)