For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:13 AM Jun 26, 2024 IST
ਪਾਠਕਾਂ ਦੇ ਖ਼ਤ
Advertisement

ਜਲ ਸੋਮਿਆਂ ਬਾਰੇ ਫ਼ਿਕਰ

25 ਜੂਨ ਦੇ ਨਜ਼ਰੀਆ ਪੰਨੇ ’ਤੇ ਵਿਜੈ ਬੰਬੇਲੀ ਦਾ ਲੇਖ ‘ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ’ ਵਿਚਾਰਨ ਵਾਲਾ ਹੈ। ਲੇਖਕ ਨੇ ਤੱਥਾਂ ਸਹਿਤ ਪਾਣੀ ਦਾ ਵਿਖਿਆਨ ਕੀਤਾ ਹੈ। ਬਿਨਾਂ ਸ਼ੱਕ, ਪਾਣੀ ਮਨੁੱਖ ਜਾਤੀ ਲਈ ਹੀ ਨਹੀਂ, ਸਮੁੱਚੇ ਜੀਵ-ਜਗਤ ਦੀ ਪਹਿਲੀ ਲੋੜ ਹੈ। ਧਰਤੀ ਹੇਠੋਂ ਪਾਣੀ ਖਿੱਚਣ ਲਈ ਨਵੇਂ-ਨਵੇਂ ਯੰਤਰ ਆਉਣ ਕਾਰਨ ਦਿਨ-ਰਾਤ ਬੇਕਿਰਕੀ ਨਾਲ ਪਾਣੀ ਕੱਢਿਆ ਜਾ ਰਿਹਾ ਹੈ। ਕਿਸ ਇਲਾਕੇ ਵਿੱਚ ਕਿੰਨਾ ਪਾਣੀ ਹੈ, ਕਿੰਨੀ ਡੂੰਘਾਈ ’ਤੇ ਹੈ ਅਤੇ ਇੱਕ ਮੌਨਸੂਨ ਵਿੱਚ ਇਸ ਵਿੱਚ ਕਿੰਨਾ ਕੁ ਵਾਧਾ ਹੁੰਦਾ ਹੈ, ਇਸ ਬਾਰੇ ਬਾਰੀਕੀ ਨਾਲ ਹਿਸਾਬ ਲਗਾਏ ਬਿਨਾਂ ਅਸੀਂ ਪਾਣੀ ਖਿੱਚ ਰਹੇ ਹਾਂ। ਅੱਜ ਦੇਸ਼ ਦਾ ਵੱਡਾ ਹਿੱਸਾ ਹੇਠਾਂ ਜਾ ਰਹੇ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਇਹ ਗੱਲ ਨਹੀਂ ਵਿਸਾਰਨੀ ਚਾਹੀਦੀ ਕਿ ਕਣਕ/ਝੋਨੇ ਦੇ ਕੁਚੱਕਰ ਕਾਰਨ ਸਾਨੂੰ ਵੱਡੀ ਸਮਾਜਿਕ ਕੀਮਤ ਤਾਰਨੀ ਪੈ ਰਹੀ ਹੈ। ਇਸ ਕੁਚੱਕਰ ਕਾਰਨ ਵਾਤਾਵਰਨ ਦਾ ਭਾਰੀ ਨੁਕਸਾਨ ਹੋਇਆ ਹੈ। ਜੇ ਅਸੀਂ ਅੱਜ ਇਸ ਬਾਰੇ ਸੁਚੇਤ ਨਾ ਹੋਏ ਤਾਂ ਕੱਲ੍ਹ ਨੂੰ ਬਹੁਤ ਦੇਰ ਹੋ ਜਾਵੇਗੀ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

Advertisement


(2)

ਵਿਜੈ ਬੰਬੇਲੀ ਦੀ ਰਚਨਾ ‘ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ’ (25 ਜੂਨ) ਪੜ੍ਹੀ। ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ। ਇਸ ਦਾ ਇੱਕ ਕਾਰਨ ਮੁਫ਼ਤ ਬਿਜਲੀ ਵੀ ਹੈ ਜਿਸ ਕਾਰਨ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਜਿਹੜੀਆਂ ਫ਼ਸਲਾਂ ਵਿੱਚ ਪਾਣੀ ਜ਼ਿਆਦਾ ਖ਼ਪਤ ਹੁੰਦੀ ਹੈ ਜਿਵੇਂ ਗੰਨਾ, ਕਣਕ, ਝੋਨਾ ਆਦਿ ਦੀ ਜਗ੍ਹਾ ਨਰਮਾ, ਬਾਸਮਤੀ, ਮੱਕੀ, ਦਾਲਾਂ ਆਦਿ ਦਾ ਪ੍ਰਬੰਧ ਕਰ ਕੇ ਸਰਕਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ। ਜਿਸ ਤਰ੍ਹਾਂ ਮੀਂਹ ਦਾ ਪਾਣੀ ਬਾਹਰਲੇ ਮੁਲਕਾਂ ਵਿੱਚ ਭੰਡਾਰ ਕੀਤਾ ਜਾਂਦਾ ਹੈ, ਇਸ ਤਰ੍ਹਾਂ ਦੇ ਉਪਰਾਲੇ ਸਾਡੀ ਸਰਕਾਰ ਨੂੰ ਵੀ ਕਰਨੇ ਚਾਹੀਦੇ ਹਨ। ਹੋਰ ਮਾਮਲਿਆਂ ਵਿੱਚ ਵੀ ਪਾਣੀ ਬਾਰੇ ਬਾਕਾਇਦਾ ਨੀਤੀ ਬਣਨੀ ਚਾਹੀਦੀ ਹੈ। 24 ਜੂਨ ਦੇ ਸੰਪਾਦਕੀ ‘ਨੀਟ ਦਾ ਖਲਾਰਾ’ ਵਿੱਚ ਪੇਪਰ ਲੀਕ ਹੋਣ ਦਾ ਮਾਮਲਾ ਵਿਚਾਰਿਆ ਗਿਆ ਹੈ। ਇਸ ਮੁੱਦੇ ’ਤੇ ਸਰਕਾਰ ਨੂੰ ਸਖ਼ਤੀ ਤੋਂ ਕੰਮ ਲੈਣਾ ਚਾਹੀਦਾ ਹੈ। ਉਂਝ ਵੀ ਇਸ ਮਾਮਲੇ ਦੀ ਮੁਕੰਮਲ ਸਮੀਖਿਆ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਪੇਪਰ ਲੀਕ ਹੋਣ ਦੀ ਨੌਬਤ ਨਾ ਆਵੇ। ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਸਿੱਧੂ ਦੀ ਰਚਨਾ ‘ਚੁੱਲ੍ਹੇ ਬਲਦੇ ਰਹਿਣ’ (13 ਜੂਨ) ਪੜ੍ਹੀ। ਲੇਖਕ ਨੇ ਬੇਰੁਜ਼ਗਾਰੀ ਦਾ ਮਸਲਾ ਵੱਖਰੀ ਤਰ੍ਹਾਂ ਨਾਲ ਉਠਾਇਆ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)

Advertisement


ਭਗਤੀ ਲਹਿਰ ਦੇ ਮੋਢੀ

22 ਜੂਨ ਦੇ ਅੰਕ ਵਿੱਚ ਪੰਜਾਬ ਪੰਨੇ ’ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਨ ’ਤੇ ਦਿੱਤੇ ਇਸ਼ਤਿਹਾਰ ਵਿੱਚ ਉਨ੍ਹਾਂ ਨੂੰ ਭਗਤੀ ਲਹਿਰ ਦਾ ਮੋਢੀ ਲਿਖਿਆ ਹੈ। ਇਸ ਨਾਲ ਸੁਭਾਵਿਕ ਭੁਲੇਖਾ ਪੈਂਦਾ ਕਿ ਕਬੀਰ ਜੀ ਜਿਵੇਂ ਇਕੱਲੇ ਭਗਤੀ ਲਹਿਰ ਦੇ ਮੋਢੀ ਸਨ। ਭਗਤੀ ਲਹਿਰ ਦੇ ਸੁਧਾਰਕਾਂ ਨੇ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਇਲਾਕਿਆਂ ਵਿੱਚ ਜਨਮ ਲਿਆ। ਇਨ੍ਹਾਂ ’ਚੋਂ ਮੋਢੀ ਪ੍ਰਚਾਰਕਾਂ ਵਿੱਚ ਰਾਮਾਨੁਜਾਚਾਰੀਆ, ਵੱਲਭਾਚਾਰੀਆ, ਜੈਦੇਵ, ਨਾਮਦੇਵ, ਚੈਤੰਨਿਆ, ਰਾਮਾਨੰਦ, ਕਬੀਰ, ਰਵਿਦਾਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਰਨਣਯੋਗ ਹਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)


ਸਿੱਖਿਆ ਦਾ ਭਗਵਾਕਰਨ

19 ਜੂਨ ਦੀ ਸੰਪਾਦਕੀ ‘ਐੱਨਸੀਈਆਰਟੀ ਦਾ ਰੇੜਕਾ’ ਵਿੱਚ ਸਿੱਖਿਆ ਦੇ ਕੀਤੇ ਜਾ ਰਹੇ ਭਗਵਾਕਰਨ ਉੱਤੇ ਸਹੀ ਸਵਾਲ ਉਠਾਏ ਹਨ। ਦਰਅਸਲ, ਕੇਂਦਰ ਸਰਕਾਰ ਵਿਦਿਆਰਥੀਆਂ ਉੱਤੇ ਬੋਝ ਘਟਾਉਣ ਦੇ ਬਹਾਨੇ ਕੌਮੀ ਸਿੱਖਿਆ ਨੀਤੀ-2020 ਹੇਠ ਸਿੱਖਿਆ ਦੇ ਭਗਵੇਕਰਨ, ਨਿੱਜੀਕਰਨ ਅਤੇ ਵਪਾਰੀਕਰਨ ਤਹਿਤ ਆਪਣੇ ਫ਼ਿਰਕੂ ਤੇ ਫਾਸ਼ੀਵਾਦੀ ਏਜੰਡੇ ’ਤੇ ਚੱਲ ਰਹੀ ਹੈ। ਇਹ ਵਿਗਿਆਨਕ ਸਿਧਾਂਤਾਂ, ਇਤਿਹਾਸ ਅਤੇ ਸਮਕਾਲੀ ਘਟਨਾਵਾਂ ਨੂੰ ਸਿੱਖਿਆ ਸਿਲੇਬਸ ’ਚੋਂ ਮਨਫ਼ੀ ਕਰ ਕੇ ਅਤੇ ਮਿਥਿਹਾਸਕ ਤੇ ਰੂੜੀਵਾਦੀ ਪਾਠਕ੍ਰਮਾਂ ਨੂੰ ਸ਼ਾਮਿਲ ਕਰ ਕੇ ਵਿਦਿਆਰਥੀਆਂ ਨੂੰ ਅਧਿਆਤਮਵਾਦ ਦੇ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਸੁੱਟਣਾ ਚਾਹੁੰਦੀ ਹੈ ਅਤੇ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਸਮੇਤ ਪਿਛਲੇ ਸਮੇਂ ਵਿੱਚ ਐੱਨਸੀਈਆਰਟੀ ਦੇ ਸਿਲੇਬਸ ’ਚੋਂ ਮਨੁੱਖ ਦੀ ਉਤਪਤੀ, ਜਮਹੂਰੀਅਤ, ਫੈਡਰਲ ਢਾਂਚੇ ਦੀ ਅਹਿਮੀਅਤ, ਧਰਮ ਨਿਰਪੱਖਤਾ, ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’, ਗੁਜਰਾਤ ਕਤਲੇਆਮ, ਬਾਬਰੀ ਮਸਜਿਦ ਦਾ ਢਾਹੁਣਾ, ਆਰਐੱਸਐੱਸ ’ਤੇ ਪਾਬੰਦੀ, ਮੁਗ਼ਲ ਕਾਲ ਅਤੇ ਹੋਰਨਾਂ ਲੋਕ-ਪੱਖੀ ਵਿਗਿਆਨਕ ਅਤੇ ਇਤਿਹਾਸਕ ਪਾਠਕ੍ਰਮਾਂ ਨੂੰ ਸਿਲੇਬਸ ’ਚੋਂ ਬਾਹਰ ਕੱਢਿਆ ਗਿਆ ਹੈ। ਉਪਰੋਕਤ ਵਿਸ਼ਿਆਂ ਨੂੰ ਸਿੱਖਿਆ ਪਾਠਕ੍ਰਮ ਵਿੱਚ ਦੁਬਾਰਾ ਸ਼ਾਮਿਲ ਕਰਵਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਸਮੇਤ ਦੇਸ਼ ਦੀਆਂ ਕਈ ਜਮਹੂਰੀ ਅਤੇ ਵਿਗਿਆਨਕ ਸੰਸਥਾਵਾਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਐੱਨਸੀਈਆਰਟੀ ਨੂੰ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਨੇ ਇਸ ਬਾਰੇ ਤਾਨਾਸ਼ਾਹੀ ਵਤੀਰਾ ਅਪਣਾਇਆ ਹੋਇਆ ਹੈ।
ਸੁਮੀਤ ਸਿੰਘ, ਅੰਮ੍ਰਿਤਸਰ


ਦਿਲ ਦੀ ਗੱਲ

18 ਜੂਨ ਨੂੰ ਛਪਿਆ ਭਗਵੰਤ ਰਸੂਲਪੁਰੀ ਦਾ ਲੇਖ ‘ਮਾਸਟਰ ਜੀ’ ਦਿਲ ਨੂੰ ਛੂੰਹਦਾ ਹੈ। 1953-54 ਦਾ ਵਰਤਾਰਾ ਭਾਵੇਂ ਹੁਣ ਦੇਖਣ ਨੂੰ ਨਹੀਂ ਮਿਲਦਾ ਪਰ ਅੱਜ ਕੱਲ੍ਹ ਦੇ ਹਾਲਾਤ ਉਸ ਤੋਂ ਵੀ ਬਦਤਰ ਹਨ। ਅਮੀਰ ਗ਼ਰੀਬ ਦਾ ਪਾੜਾ ਬਹੁਤ ਵਧ ਗਿਆ ਹੈ। ਗ਼ਰੀਬਾਂ ਪ੍ਰਤੀ ਹਮਦਰਦੀ ਦੇਖਣ ਨੂੰ ਨਹੀਂ ਮਿਲਦੀ, ਬੱਸ ਰਾਜਨੀਤਕ ਨਾਟਕ ਹੋ ਰਹੇ ਹਨ। ਸਮਾਂ ਮੰਗ ਕਰਦਾ ਹੈ ਕਿ ਇਹ ਫ਼ਰਕ ਮਿਟਾਇਆ ਜਾਵੇ, ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਜਿਸ ਜ਼ਿੰਮੇਵਾਰੀ ਉਨ੍ਹਾਂ ਸਭ ਦੀ ਹੋਵੇਗੀ ਜਿਹੜੇ ਇਸ ਨੂੰ ਹੱਲਾਸ਼ੇਰੀ ਦਿੰਦੇ ਹਨ।
ਜਸਬੀਰ ਸਿੰਘ, ਈਮੇਲ


(2)

18 ਜੂਨ ਨੂੰ ਨਜ਼ਰੀਆ ਸਫ਼ੇ ’ਤੇ ਭਗਵੰਤ ਰਸੂਲਪੁਰੀ ਦਾ ਲੇਖ ‘ਮਾਸਟਰ ਜੀ’ ਪੜ੍ਹ ਕੇ ਪ੍ਰੇਮ ਪ੍ਰਕਾਸ਼ ਬਾਰੇ ਜਾਨਣ ਨੂੰ ਮਿਲਿਆ। ਕਈ ਵਾਰ ਸਮਾਂ ਬਦਲਣ ਨਾਲ ਵੀ ਹਾਲਾਤ ਨਹੀਂ ਬਦਲਦੇ। ਪਿੰਡ ਦੇ ਸਕੂਲ ਵਿੱਚ ਅਧਿਆਪਕ ਨੂੰ ਬੱਚਿਆਂ ਤੋਂ ਬਰਤਨ ਸਾਫ਼ ਕਰਵਾਉਂਦੇ ਦੇਖਿਆ ਸੀ; ਬੱਚੇ ਆਪਣੇ ਤੋਂ ਜ਼ਿਆਦਾ ਭਾਰ ਦੇ ਮੇਜ਼-ਕੁਰਸੀਆਂ ਚੁੱਕ ਰਹੇ ਸਨ। ਪ੍ਰੇਮ ਪ੍ਰਕਾਸ਼ ਵਰਗੇ ਲੋਕ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਅਧਿਆਪਕਾਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ। ਸਿੱਖਿਆ ਦੇ ਡਿੱਗ ਰਹੇ ਮਿਆਰ ਲਈ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਗੁਰਵਿੰਦਰ ਕੌਰ, ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ)


ਸਰਕਾਰ ’ਤੇ ਸਵਾਲ

ਨੀਟ ਅਤੇ ਨੈੱਟ ਪੇਪਰ ਵਿੱਚ ਜੋ ਘੁਟਾਲਾ ਹੋਇਆ ਹੈ, ਉਸ ਨੇ ਸਾਡੇ ਦੇਸ਼ ਦੇ ਭਵਿੱਖ ਦੇ ਕਾਬਲ ਅਤੇ ਮਿਹਨਤੀ ਨੌਜਵਾਨਾਂ ਨਾਲ ਖਿਲਵਾੜ ਕੀਤਾ ਹੈ। ਕਿਵੇਂ ਕੁਝ ਲੋਕ ਮੋਟਾ ਪੈਸਾ ਲੈ ਕੇ ਨਾਲਾਇਕ ਬੱਚਿਆਂ ਨੂੰ ਨੀਟ ਅਤੇ ਨੈੱਟ ਦੀ ਪ੍ਰੀਖਿਆ ਵਿੱਚ ਪਾਸ ਕਰਾਉਣ ਲਈ ਯਤਨ ਕਰ ਰਹੇ ਹਨ। ਇਸ ਘੁਟਾਲੇ ਨੇ ਕੇਂਦਰ ਸਰਕਾਰ ਦੀ ਇਮਾਨਦਾਰੀ ਅਤੇ ਨੀਅਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਗੁਰਤੇਜ ਸਿੰਘ ਖੁਡਾਲ, ਬਠਿੰਡਾ


ਭਰੋਸੇਯੋਗਤਾ ਸਵਾਲਾਂ ਦੇ ਘੇਰੇ ’ਚ

22 ਜੂਨ ਦੇ ਇੰਟਰਨੈੱਟ ਪੰਨੇ ਤਬਸਰਾ ਉੱਤੇ ਛਪੇ ਆਪਣੇ ਲੇਖ ‘ਚੋਣ ਅਮਲ ਦੀ ਭਰੋਸੇਯੋਗਤਾ ’ਤੇ ਸਵਾਲ’ ਵਿੱਚ ਡਾ. ਪਿਆਰਾ ਲਾਲ ਗਰਗ ਨੇ ਅੰਕੜਿਆਂ ਦੇ ਆਧਾਰ ’ਤੇ ਗੱਲ ਕੀਤੀ ਹੈ। ਇਹ ਲੇਖ ਭਾਰਤੀ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਅਤੇ ਰਾਜ ਕਰਦੀ ਪਾਰਟੀ ਦੇ ਤੌਰ ਤਰੀਕੇ ਉੱਪਰ ਸਿੱਧੀ ਚੋਟ ਹੈ ਕਿ ਕਿਵੇਂ ਚੋਣ ਕਮਿਸ਼ਨ ਨੇ ਪੋਲ ਹੋਈਆਂ ਵੋਟਾਂ ਦੇ ਅੰਕੜੇ ਕਰੀਬ 5.50 ਕਰੋੜ ਵਧਾ ਕੇ ਪੇਸ਼ ਕੀਤੇ ਹਨ ਜਿਸ ਦਾ ਲਾਭ ਭਾਵੇਂ ਕਿਸੇ ਨੂੰ ਹੋਵੇ ਨਾ ਹੋਵੇ ਪਰ ਰਾਜ ਕਰਦੀ ਪਾਰਟੀ ਦੀ ਵੋਟ ਫ਼ੀਸਦੀ ਵਧਾ ਕੇ ਪੇਸ਼ ਕਰਨੀ ਲੋਕਤੰਤਰੀ ਪ੍ਰਣਾਲੀ ਵਿੱਚ ਜਾਇਜ਼ ਨਹੀਂ ਕਹੀ ਜਾ ਸਕਦੀ। ਸਪੱਸ਼ਟ ਹੈ ਕਿ ਦੇਸ਼ ਦੇ ਸੁਤੰਤਰ ਅਦਾਰੇ ਜਿਵੇਂ ਚੋਣ ਕਮਿਸ਼ਨ, ਈਡੀ ਆਦਿ ਹੁਣ ਆਜ਼ਾਦ ਨਹੀਂ ਰਹੇ। ਇਹ ਕੇਵਲ ਇਕਪਾਸੜ ਅੰਕੜੇ ਪੇਸ਼ ਕਰ ਰਹੇ ਹਨ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)

Advertisement
Author Image

sukhwinder singh

View all posts

Advertisement