For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:47 AM Jun 22, 2024 IST
ਪਾਠਕਾਂ ਦੇ ਖ਼ਤ
Advertisement

ਬਿਜਲੀ ਸਬਸਿਡੀ ਤਰਕਸੰਗਤ ਹੋਵੇ

‘ਮੁਰੱਬਿਆਂ ਵਾਲੇ ਕਿਤੇ ਪੱਤਣਾਂ ਦਾ ਪਾਣੀ ਨਾ ਮੁਕਾ ਦੇਣ’ ਅਨੁਵਾਨ ਤਹਿਤ ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਪੰਨੇ ’ਤੇ ਪ੍ਰਕਾਸ਼ਿਤ ਖ਼ਬਰ ਜਿੱਥੇ ਪਾਣੀ ਦੇ ਹੇਠਾਂ ਨੂੰ ਡਿੱਗਦੇ ਜਾ ਰਹੇ ਪੱਧਰ ਦਾ ਸੰਕੇਤ ਕਰਦੀ ਹੈ ਉੱਥੇ ਮੋਟਰਾਂ ਦੀ ਬਿਜਲੀ ਸਬਸਿਡੀ ਦੇ ਤਰਕਸੰਗਤ ਨਾ ਹੋਣ ਦੀ ਗੱਲ ਕਹਿੰਦੀ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਮੋਟਰਾਂ ਵਾਲੀ ਬਿਜਲੀ ਮੁਫ਼ਤ ਹੋਣ ਕਰ ਕੇ ਇਸ ਨੂੰ ਬੜੀ ਬੇਦਰਦੀ ਨਾਲ ਵਰਤਿਆ ਜਾਂਦਾ ਹੈ। ਇਸ ਨਾਲ ਜਿੱਥੇ ਬਿਜਲੀ ਦੀ ਬੇਮਤਲਬ ਵਰਤੋਂ ਹੁੰਦੀ ਹੈ ਉੱਥੇ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢ ਕੇ ਅਜਾਈਂ ਗੁਆਇਆ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਪਹਿਲੂ ਇਹ ਵੀ ਹੈ ਕਿ ਛੋਟੀ ਕਿਸਾਨੀ (ਢਾਈ ਏਕੜ ਤੱਕ ਦੀ) ਕਰਨ ਵਾਲੇ ਕਿਸਾਨ ਕੋਲ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਹੀ ਨਹੀਂ ਹੈ ਜਦੋਂਕਿ ਵੱਡੀ ਕਿਸਾਨੀ (ਦਸ ਏਕੜ ਤੋਂ ਵੱਧ ਵਾਲੀ) ਕੋਲ ਇੱਕ ਤੋਂ ਜ਼ਿਆਦਾ ਕੁਨੈਕਸ਼ਨ ਹਨ। ਇਸ ਦਾ ਸਪੱਸ਼ਟ ਅਰਥ ਹੈ ਕਿ ਲੋੜ ਵਾਲੇ ਨੂੰ ਬਿਜਲੀ ਸਬਸਿਡੀ ਮਿਲਣ ਦਾ ਵਸੀਲਾ ਹੀ ਨਹੀਂ ਹੈ ਜਦੋਂਕਿ ਬੇਲੋੜਿਆਂ ਨੂੰ ਵਾਧੂ ਸਬਸਿਡੀ ਮਿਲ ਰਹੀ ਹੈ। ਇਹ ਵੀ ਹੈ ਕਿ ਵੱਡੇ ਧਨਾਢ ਕਿਸਾਨ ਸਬਸਿਡੀ ਵਾਲੀ ਬਿਜਲੀ ਵੀ ਵਰਤ ਰਹੇ ਹਨ ਅਤੇ ਪਾਣੀ ਵੀ ਮੁਕਾ ਰਹੇ ਹਨ। ਬਿਜਲੀ ਦੀ ਸਬਸਿਡੀ ਨੂੰ ਤਰਕਸੰਗਤ ਬਣਾਉਣ ਲਈ ਮਜ਼ਬੂਤ ਇੱਛਾ-ਸ਼ਕਤੀ ਦੀ ਲੋੜ ਹੈ ਜਿਹੜੀ ਸਾਡੇ ਹਾਕਮਾਂ ਕੋਲ ਹੋ ਹੀ ਨਹੀਂ ਸਕਦੀ। ਘਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਦੇਣ ਵਾਂਗ ਮੋਟਰਾਂ ’ਤੇ ਮੀਟਰ ਲਾ ਕੇ ਬਿਜਲੀ ਦੀ ਇੱਕ ਸੀਮਾ ਤੋਂ ਜ਼ਿਆਦਾ ਵਰਤੋਂ ਕਰਨ ’ਤੇ ਬਿੱਲ ਵਸੂਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਇੱਕ ਹੀ ਘਰ ਦੀਆਂ ਇੱਕ ਤੋਂ ਜ਼ਿਆਦਾ ਮੋਟਰਾਂ ’ਤੇ ਵੀ ਬਿੱਲ ਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਧਨਾਢਾਂ ਨੂੰ ਮਿਲਣ ਵਾਲੇ ਗੱਫ਼ਿਆਂ ਵਿੱਚ ਕਮੀ ਆਵੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਛੋਟੀ ਕਿਸਾਨੀ ਵਾਲੇ ਨੂੰ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁਰਦੀਪ ਢੁੱਡੀ, ਫ਼ਰੀਦਕੋਟ

Advertisement

ਕਮਾਲ ਦੀ ਲਿਖਤ

ਅਮਰਜੀਤ ਸਿੰਘ ਫ਼ੌਜੀ ਦਾ ਲਿਖਿਆ ਮਿਡਲ ‘ਚੋਗ ਚੁਗੇਂਦੇ ਪੰਛੀਆ’ ਬਹੁਤ ਹੀ ਕਮਾਲ ਲਿਖਤ ਸੀ। ਕੁਦਰਤ ਦਾ ਵਰਤਾਰਾ ਹੈ ਕਿ ਪੂਰੀ ਦੁਨੀਆ ਵਿੱਚ ਬੇਹੱਦ ਗਰਮੀ ਪੈ ਰਹੀ ਹੈ, ਪਰ ਪੰਜਾਬ ਵਿੱਚ ਇਸ ਵਾਰ ਗਰਮੀ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਲੇਖਕ ਨੇ ਸਾਡੇ ਲਈ ਬਹੁਤ ਵਧੀਆ ਉਦਾਹਰਨ ਦਿੱਤੀ ਹੈ ਕਿ ਕਿਵੇਂ ਉਹ ਪੰਛੀਆਂ ਦੇ ਪੀਣ ਲਈ ਪਾਣੀ ਤੇ ਖਾਣ ਲਈ ਦਾਣੇ ਰੱਖਦੇ ਹਨ। ਸਾਡੇ ਲਈ ਬਹੁਤ ਹੀ ਵਿਚਾਰਨ ਵਾਲੀ ਸੇਧ ਹੈ। ਸਹੀ ਮੌਕੇ ’ਤੇ ਸੁੱਤੀ ਜਨਤਾ ਨੂੰ ਜਗਾਉਣ ਲਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਹੁਣੇ ਹੀ ਇੰਟਰਨੈੱਟ ਖੋਲ੍ਹਿਆ ਤਾਂ ਕਰਨੈਲ ਅਟਵਾਲ ਦੀ ਰਚਨਾ ਵੇਖੀ ਤਾਂ ਯਾਦ ਆਇਆ ਕਿ ਇਹ ਕੁਝ ਦਿਨ ਪਹਿਲਾਂ ਫੇਸਬੁੱਕ ਦੇ ਚਾਰ ਪੰਜ ਗਰੁੱਪਾਂ ਵਿੱਚ ਘੁੰਮ ਰਹੀ ਸੀ। ਕੀ ਸਾਡੇ ਕੋਲ ਕਵੀਆਂ ਦੀ ਕਮੀ ਹੈ? ‘ਪੰਜਾਬੀ ਟ੍ਰਿਬਿਊਨ’ ਬਾਰੇ ਧਾਰਨਾ ਹੈ ਕਿ ਇਹ ਅਣਛਪੀਆਂ ਰਚਨਾਵਾਂ ਛਾਪਦਾ ਹੈ। ਦੂਜਾ, ਪਾਠਕਾਂ ਦੀਆਂ ਚਿੱਠੀਆਂ ਵਿਚ ਨਾਮ ਦੇ ਨਾਲ ਰੁਤਬਾ ਕਿਉਂ ਲਗਾਇਆ ਜਾਂਦਾ ਹੈ। ਪਹਿਲਾਂ ਇਹ ਅਹੁਦੇ ਲਾਉਣੇ ਬੰਦ ਕਰ ਦਿੱਤੇ ਗਏ ਸਨ।
ਬਲਜੀਤ ਕੌਰ ਢਿੱਲੋਂ, ਬਾਗੜੀਆਂ
(2)
ਅਮਰਜੀਤ ਸਿੰਘ ਫ਼ੌਜੀ ਦੀ ਰਚਨਾ ‘ਚੋਗ ਚੁਗੇਂਦੇ ਪੰਛੀਆ’ ਪੜ੍ਹੀ। ਪੰਛੀਆਂ ਪ੍ਰਤੀ ਦਿਲਚਸਪੀ, ਮੋਹ ਅਤੇ ਪਿਆਰ ਉਸ ਦੀ ਕਲਮ ਵਿੱਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ। ਲੇਖਕ ਨੇ ਪੰਛੀਆਂ ਨੂੰ ਬਹੁਤ ਹੀ ਮਹੱਤਵ ਨਾਲ ਬਿਆਨਿਆ ਹੈ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪਸ਼ੂ ਪੰਛੀ ਵੀ ਸੰਵੇਦਨਸ਼ੀਲ ਹੁੰਦੇ ਹਨ, ਉਹ ਵੀ ਮਨੁੱਖ ਦੀ ਤਰ੍ਹਾਂ ਸਾਫ਼ ਸੁਥਰਾ ਖਾਣਾ ਚਾਹੁੰਦੇ ਹਨ, ਪਰ ਅੱਜ ਦੀ ਸ਼ਹਿਰੀਕਰਨ ਦੀ ਜ਼ਿੰਦਗੀ ਵਿੱਚ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਕੂੜਾ ਕਰਕਟ ਵੀ ਹੁੰਦਾ ਹੈ। ਇਸ ਨੂੰ ਗਊਆਂ ਮੂੰਹ ਮਾਰਦੀਆਂ ਅਸੀਂ ਆਮ ਦੇਖਦੇ ਹਾਂ। ਪੰਛੀਆਂ ਨੂੰ ਸਾਫ਼ ਖਾਣਾ ਦੇਣਾ ਤੇ ਸਾਫ਼ ਪਾਣੀ ਪਾਉਣਾ ਬਹੁਤ ਹੀ ਅਨਮੋਲ ਸੇਵਾ ਹੈ। ਭਾਵੇਂ ਉਹ ਸਾਡੇ ਨਾਲ ਗੱਲਾਂ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਲੇਖਕ ਨੇ ਪੰਛੀਆਂ ਨਾਲ ਨੇੜਤਾ ਜਤਾਈ ਹੈ, ਭਲੀਭਾਂਤ ਸਮਝ ਲੱਗਦੀ ਹੈ ਕਿ ਮਨੁੱਖ ਤੇ ਪੰਛੀ ਦਾ ਸਬੰਧ ਅਟੁੱਟ ਹੈ। ਸਵੇਰ ਨੂੰ ਦਿਨ ਚੜ੍ਹਨ ਦੀ ਸਭ ਤੋਂ ਵੱਡੀ ਪਛਾਣ ਚਿੜੀਆਂ ਦਾ ਚਹਿਚਹਾਉਣਾ ਤੇ ਮੋਰਾਂ ਤੇ ਹੋਰ ਜਨੌਰਾਂ ਦਾ ਆਪਣੀ ਕਿਸਮ ਦੀਆਂ ਸੁਰੀਲੀਆਂ ਆਵਾਜ਼ਾਂ ਕੱਢ ਕੇ ਨਵੀਂ ਸਵੇਰ ਨੂੰ ‘ਜੀ ਆਇਆਂ’ ਕਹਿਣਾ ਹੈ। ਸੋ ਲੇਖਕ ਦਾ ਇਹ ਸੁਝਾਅ ਬਹੁਤ ਵਡਮੁੱਲਾ ਹੈ ਕਿ ਪੰਛੀਆਂ ਨੂੰ ਸਾਫ਼ ਸੁਥਰਾ ਭੋਜਨ ਹੀ ਪਾਇਆ ਜਾਵੇ। ਪਾਣੀ ਵਾਲੇ ਬਰਤਨ ਵੀ ਸਾਫ਼ ਸੁਥਰੇ ਹੋਣ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ

ਪਾਠਕ ਤੇ ਮੀਡੀਆ

21 ਜੂਨ ਨੂੰ ਨਿਰੰਜਣ ਬੋਹਾ ਦਾ ‘ਲੇਖਕ ਤੇ ਪਾਠਕ ਦਾ ਰਿਸ਼ਤਾ ਅਤੇ ਸੋਸ਼ਲ ਮੀਡੀਆ’ ਮੌਜੂਦਾ ਯਥਾਰਥ ’ਤੇ ਕੇਂਦਰਿਤ ਹੈ ਜਿਸ ਦਾ ਗਵਾਹ ਕੇਵਲ ਸਮਾਂ ਬਣ ਸਕਦਾ ਹੈ। ਨਿਰਸੰਦੇਹ, ਸਮੇਂ ਦੀ ਲੋੜ ਅਨੁਸਾਰ ਢਲਣਾ ਹੀ ਤੁਹਾਨੂੰ ਸਥਿਰਤਾ ਦੇ ਸਕਦਾ ਹੈ। ਲੇਖਕ ਨੇ ਸੋਲ੍ਹਾਂ ਆਨੇ ਸੱਚ ਕਿਹਾ ਹੈ ਕਿ ਸੋਸ਼ਲ ਮੀਡੀਆ ਭਾਵੇਂ ਕੁਦਰਤੀ ਅਸੂਲ ਅਨੁਸਾਰ ਮਾੜੇ ਪੱਖ ਵੀ ਰੱਖਦਾ ਹੈ, ਪਰ ਸਾਨੂੰ ਚੰਗੇ ਪੱਖ ਦੀ ਵਰਤੋਂ ਕਰ ਕੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ। ਟੱਚ ਮੋਬਾਈਲ ਨੇ ਤਾਂ ਹਰ ਬੰਦੇ ਨੂੰ ਪੜ੍ਹਨ ਵੀ ਲਗਾ ਦਿੱਤਾ ਹੈ ਅਤੇ ਵੱਡਾ ਸਰੋਤਾ ਤੇ ਦਰਸ਼ਕ ਵੀ ਬਣਾ ਦਿੱਤਾ ਹੈ।
ਕਿੰਨਾ ਕੁਝ ਪਿੱਛੇ ਰਹਿ ਗਿਆ ਹੈ ਅਤੇ ਕੇਵਲ ਭੂਤ ਕਾਲ ਦੇ ਗੁਣਗਾਣ ਕਰਨ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਬਚਪਨ ਵਿੱਚ ਅਲੀ ਬਾਬਾ ਚਾਲੀ ਚੋਰ ਵਿੱਚ ‘ਖੁੱਲ੍ਹ ਜਾ ਸਿਮ ਸਿਮ’ ਬੋਲ ਕੇ ਖੁੱਲ੍ਹਦੇ ਦਰਵਾਜ਼ਿਆਂ ਨੂੰ ਦੇਖ ਕੇ ਸੋਚ ਵਿੱਚ ਪੈ ਜਾਈਦਾ ਸੀ, ਹੁਣ ਤਾਂ ਇਹ ਸਾਹਮਣੇ ਯਥਾਰਥ ਦੇ ਰੂਪ ਵਿੱਚ ਹੋਰ ਵੀ ਪੱਕੇ ਪੈਰੀਂ ਸਾਡੇ ਸਾਹਮਣੇ ਬਿਰਾਜਮਾਨ ਹੈ। ਮੋਬਾਈਲ ਨੇ ਤਾਂ ਬਟੂਆ ਵੀ ਫ਼ਿੱਕਾ ਪਾ ਦਿੱਤਾ ਹੈ। ਮਨੋਰੰਜਨ, ਸੰਪਰਕ, ਗਿਆਨ ਅਤੇ ਹੋਰ ਅਨੇਕਾਂ ਪੱਖ ਸਾਡੀ ਮੁੱਠੀ ਵਿੱਚ ਇੱਕ ਥਾਂ ਆ ਗਏ ਹਨ। ਭਟਕਣ ਦੀ ਲੋੜ ਨਹੀਂ। ਇਹ ਕਿਹੜਾ ਅੰਤ ਹੈ ਇਸ ਦੇ ਹੋਰ ਬਦਲਵੇਂ ਰੂਪ ਅੱਗੇ ਅੱਗੇ ਆਉਣਗੇ...।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਨਿਰੰਜਣ ਬੋਹਾ ਦਾ ਲੇਖ ‘ਲੇਖਕ ਤੇ ਪਾਠਕ ਦਾ ਰਿਸ਼ਤਾ ਅਤੇ ਸੋਸ਼ਲ ਮੀਡੀਆ’ ਪੜ੍ਹਿਆ। ਸੱਚਮੁੱਚ ਹੀ ਸੋਸ਼ਲ ਮੀਡੀਆ ਅਜੋਕੇ ਦੌਰ ਵਿੱਚ ਸਾਹਿਤ ਦਾ ਅੰਗ ਬਣ ਚੁੱਕਾ ਹੈ। ਢੇਰਾਂ ਦੇ ਢੇਰ ਛਪ ਰਹੀਆਂ ਪੁਸਤਕਾਂ ’ਚੋਂ ਪੜ੍ਹਨਯੋਗ ਪੁਸਤਕ ਦੀ ਚੋਣ ਕਰਨ ਲਈ ਪਾਠਕ ਸੋਸ਼ਲ ਮੀਡੀਆ ਦਾ ਆਸਰਾ ਲੈਣ ਲੱਗਿਆ ਹੈ। ਲੇਖਕ, ਆਲੋਚਕ ਤੇ ਪਾਠਕ, ਨਵੀਆਂ ਪੜ੍ਹੀਆਂ ਪੁਸਤਕਾਂ ਬਾਬਤ ਆਪਣੀ ਰਾਇ ਸੋਸ਼ਲ ਮੀਡੀਆ ’ਤੇ ਪਾਉਂਦੇ ਰਹਿੰਦੇ ਹਨ ਜਿਸ ਨਾਲ ਨਵੇਂ ਸਾਹਿਤ ’ਤੇ ਰੋਜ਼ ਵਾਂਗ ਗੋਸ਼ਟੀ ਹੁੰਦੀ ਰਹਿੰਦੀ ਹੈ।
ਸੁਹਿਰਦ ਪੁਰਖਾਂ ਦੀ ਨਿਰਪੱਖ ਰਾਇ ਪਾਠਕ ਨੂੰ ਪੁਸਤਕ ਚੋਣ ਵਿੱਚ ਮਦਦ ਕਰਦੀ ਹੈ ਪਰ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਕੁਝ ਲੋਕਾਂ ਵੱਲੋਂ ਹੇਠਲੇ ਦਰਜੇ ਦੀਆਂ ਪੁਸਤਕਾਂ ਨੂੰ ਵੀ ਸੋਸ਼ਲ ਮੀਡੀਆ ’ਤੇ ਏਨਾ ਘੁਮਾ ਦਿੱਤਾ ਜਾਂਦਾ ਕਿ ਪਾਠਕ ਆਪਣੀ ਜੇਬ ਨੂੰ ਖੋਰਾ ਲੁਆ ਬੈਠਦਾ ਤੇ ਸਾਹਿਤ ਤੋਂ ਨਿਰਾਸ਼ ਹੋ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਇੱਕ ਦੂਜੇ ਦੀ ਪਿੱਠ ਥਾਪੜਨ ਵਾਲੀ ਕੁਰੀਤੀ, ਪਾਠਕਾਂ ਨੂੰ ਭੰਬਲਭੂਸੇ ਵਿੱਚ ਪਾ ਛੱਡਦੀ ਹੈ। ਜੇਕਰ ਹਵਾ ਇਹੀ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਠਕ ਸਾਹਿਤ ਵੱਲੋਂ ਬਿਲਕੁਲ ਹੀ ਮੂੰਹ ਮੋੜ ਜਾਵੇਗਾ। ਸੋ, ਸਾਨੂੰ ਐਹੋ ਜਿਹੀਆਂ ਬਦਨੀਤੀਆਂ ਤੋਂ ਤੌਬਾ ਕਰਨੀ ਚਾਹੀਦੀ ਹੈ।
ਹਰਵਿੰਦਰ ਸਿੰਘ, ਰੋਡੇ (ਮੋਗਾ)

ਮੋਦੀ ਦੀ ਰਣਨੀਤੀ


ਜੈਯੰਤ ਪ੍ਰਸਾਦ ਦਾ ਲੇਖ ‘ਗੁਆਂਢੀ ਦੇਸ਼ਾਂ ਪ੍ਰਤੀ ਭਾਰਤੀ ਰਣਨੀਤੀ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਨੇਬਰਹੁੱਡ ਫਸਟ’ ਰਣਨੀਤੀ ਦੀ ਵਿਸਥਾਰਪੂਰਵਕ ਵਿਆਖਿਆ ਕਰਦਾ ਹੈ। ਗੁਆਂਢੀ ਦੇਸ਼ਾਂ ਦੀ ਆਪਸੀ ਗੱਲਬਾਤ ਖੇਤਰੀ ਸਹਿਯੋਗ ਅਤੇ ਏਕੀਕਰਨ ਦਾ ਆਧਾਰ ਹੈ। ਭਾਰਤ ਦੀਆਂ ਜ਼ਮੀਨੀ ਤੇ ਸਾਗਰੀ ਸਰਹੱਦਾਂ ਚੀਨ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਥਾਈਲੈਂਡ, ਇੰਡੋਨੇਸ਼ੀਆ ਤੇ ਹੋਰਨਾਂ ਦੇਸ਼ਾਂ ਨਾਲ ਲੱਗਦੀਆਂ ਹਨ। ਗੁਆਂਢੀਆਂ ਨਾਲ ਚੰਗੇ ਰਿਸ਼ਤੇ ਭਾਰਤੀ ਵਿਦੇਸ਼ ਨੀਤੀ ਦਾ ਤਰਜੀਹੀ ਆਧਾਰ ਹਨ। ਮੋਦੀ 3:0 ਗੱਠਜੋੜ ਸਰਕਾਰ ਸ਼ਾਇਦ ਭਾਜਪਾ ਨੂੰ ਹਿੰਦੁਤਵ ਦੇ ਏਜੰਡੇ ਨੂੰ ਨਰਮ ਕਰਨ ਲਈ ਮਜਬੂਰ ਕਰ ਦੇਵੇ, ਜਿਸ ਨੇ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ਜਿਵੇਂ ਬੰਗਲਾਦੇਸ਼, ਮਾਲਦੀਵ, ਪਾਕਿਸਤਾਨ ਤੇ ਨੇਪਾਲ ਵਿੱਚ ਬੇਭਰੋਸਗੀ ਪੈਦਾ ਕੀਤੀ ਹੈ ਕਿਉਂਕਿ ਮੌਜੂਦਾ ਐੱਨਡੀਏ ਦੀ ਸਥਿਰਤਾ ਦੋ ਧਰਮ ਨਿਰਪੱਖ ਆਗੂਆਂ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ’ਤੇ ਨਿਰਭਰ ਕਰਦੀ ਹੈ। ਮੋਦੀ ਦੀ ‘ਨੇਬਰਹੁੱਡ ਨੀਤੀ’ ਵਿੱਚ ਰੱਖੇ ਗਏ ਟੀਚੇ ਉਤਸ਼ਾਹੀ ਹਨ, ਪਰ ਕੁਝ ਰੁਕਾਵਟਾਂ ਵੀ ਹਨ। ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਲਮੀ ਪੱਧਰ ’ਤੇ ਭਾਰਤੀ ਵਿਦੇਸ਼ ਨੀਤੀ ਨੂੰ ਹੋਰ ਪੁਖ਼ਤਾ ਤੇ ਲਾਭਕਾਰੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
ਤਰਸੇਮ ਸਿੰਘ, ਡਕਾਲਾ (ਪਟਿਆਲਾ)

Advertisement
Author Image

Advertisement
Advertisement
×