For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:09 AM Jun 20, 2024 IST
ਪਾਠਕਾਂ ਦੇ ਖ਼ਤ
Advertisement

ਪਾਣੀ ਦੀ ਬਰਬਾਦੀ
17 ਜੂਨ ਦੇ ਨਜ਼ਰੀਆ ਅੰਕ ਵਿੱਚ ‘ਪਾਣੀ ਦਾ ਸੰਕਟ ਤੇ ਫ਼ਸਲੀ ਚੱਕਰ’ ਜਾਣਕਾਰੀ ਭਰਪੂਰ ਸੀ। ਜਿਸ ਰਫ਼ਤਾਰ ਨਾਲ ਅਸੀਂ ਪਾਣੀ ਬਰਬਾਦ ਕਰ ਰਹੇ ਹਾਂ ਉਹ ਚਿੰਤਾ ਵਾਲੀ ਗੱਲ ਹੈ। ਪਾਣੀ ਦੀ ਦੁਰਵਰਤੋਂ ਦਾ ਖਮਿਆਜਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਬਾਕੀ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ। ਸਭ ਤੋਂ ਜ਼ਿਆਦਾ ਪਾਣੀ ਪੀਣ ਵਾਲੀ ਫ਼ਸਲ ਝੋਨੇ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਆਮ ਦੇਖਦੇ ਹਾਂ ਕਿ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਮੋਟਰਾਂ ਚੱਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਘਰ-ਘਰ ਲੱਗੀਆਂ ਮੱਛੀ ਮੋਟਰਾਂ ਵੀ ਬੇਲੋੜੀਆਂ ਚੱਲਦੀਆਂ ਹਨ। ਇਸ ਫਾਲਤੂ ਵਗਦੇ ਪਾਣੀ ਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਾਣੀ ਦੇ ਸੰਕਟ ਨੂੰ ਕੁਝ ਹੱਦ ਤਕ ਘਟਾਇਆ ਜਾ ਸਕੇ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ, ਬਠਿੰਡਾ

Advertisement


ਪਾਣੀ ਦਾ ਸੰਕਟ
ਸ਼ਿਮਲਾ ਵਿੱਚ ਪਾਣੀ ਦਾ ਸੰਕਟ 2018 ਵਾਂਗ ਫਿਰ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਵੀ ਇਸ ਵਾਰ ਜ਼ਿਆਦਾ ਸੰਕਟ ਦਿਖ ਰਿਹਾ ਹੈ। ਬੋਰਾਂ ਦਾ ਪਾਣੀ ਹੋਰ ਵੀ ਥੱਲੇ ਗਿਆ ਹੈ। ਕੁਦਰਤ ਨਾਲ ਖਿਲਵਾੜ ਦਾ ਖ਼ਤਰਨਾਕ ਰੁਝਾਨ ਜਾਰੀ ਹੈ। ਮੌਸਮ, ਵਾਤਾਵਰਨ ਅਤੇ ਪਾਣੀ ਨਾਲ ਧ੍ਰੋਹ ਕਮਾਉਣ ਦੇ ਸੰਕੇਤ ਮਿਲਣ ਲੱਗ ਪਏ ਹਨ। ਸੰਪਾਦਕੀਆਂ ਮਨੁੱਖਤਾ ਦੇ ਭਲੇ ਲਈ ਲਿਖ ਲਿਖ ਕੇ ਹੰਭ ਚੁੱਕੀਆਂ ਹਨ ਪਰ ਅਸੀਂ ਨਹੀਂ ਬਦਲੇ। ਰੱਬ ਖ਼ੈਰ ਕਰੇ!
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ


ਗੰਭੀਰ ਜਲ ਸੰਕਟ
ਅੱਜ ਭਾਰਤ ਦੇ ਕਈ ਹਿੱਸਿਆਂ ਵਿੱਚ ਜਲ ਸੰਕਟ ਹੈ, ਜਿਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਹੈ। ਵਰਤਮਾਨ ਵਿੱਚ ਪਾਣੀ ਦੀ ਅਜਾਈਂ ਵਰਤੋਂ ਭਵਿੱਖ ਵਿੱਚ ਘਾਤਕ ਸਾਬਿਤ ਹੋਵੇਗੀ। ਪਾਣੀ ਦੀ ਕਿੱਲਤ ਏਨੀ ਵਧ ਗਈ ਹੈ ਕਿ ਮਾਨਵ ਜਾਤ ਸਣੇ ਸਮੂਹ ਪ੍ਰਾਣੀ ਬੂੰਦ-ਬੂੰਦ ਪਾਣੀ ਨੂੰ ਤਰਸੇ ਪਏ ਹਨ। ਸਾਡੇ ਪੁਰਖਿਆਂ ਨੇ ਪਾਣੀ ਨੂੰ ਖੂਹਾਂ ਦੇ ਰੂਪ ਵਿੱਚ ਵੇਖਿਆ ਸੀ ਤੇ ਸਾਡੇ ਬੱਚੇ ਪਾਣੀ ਨੂੰ ਬੋਤਲਾਂ ਵਿੱਚ ਵੇਖ ਰਹੇ ਹਨ। ਆਓ, ਪਾਣੀ ਦੀ ਸੰਭਾਲ ਲਈ ਹੰਭਲਾ ਮਾਰੀਏ।
ਦਵਿੰਦਰਪਾਲ ਚੰਦ, ਬੋਹੜ ਵਡਾਲਾ (ਗੁਰਦਾਸਪੁਰ)


ਲਾਊਡ ਸਪੀਕਰ
17 ਜੂਨ ਦੇ ਅੰਕ ਵਿੱਚ ਸੁਮੀਤ ਸਿੰਘ ਵੱਲੋਂ ਦੇਰ ਰਾਤ ਤਕ ਵੱਜ ਰਹੇ ਲਾਊਡ ਸਪੀਕਰ ਨੂੰ ਬੰਦ ਕਰਵਾਉਣ ਵਾਸਤੇ ਕੀਤੇ ਗਏ ਸੰਘਰਸ਼ ਬਾਰੇ ਪੜ੍ਹ ਕੇ ਦੁੱਖ ਹੋਇਆ। ਪਤਾ ਨਹੀਂ ਕੀ ਹੋ ਗਿਆ ਹੈ ਕਿ ਪਿੰਡਾਂ ਵਿੱਚ ਤਿੰਨ ਵਜੇ, ਸਾਢੇ ਤਿੰਨ ਵਜੇ, ਪੌਣੇ ਚਾਰ ਵਜੇ ਸਪੀਕਰ ਚਲਾ ਦਿੱਤੇ ਜਾਂਦੇ ਹਨ। ਅੱਜ ਜਦੋਂ ਕੋਈ ਵੀ ਆਪਣੀ ਸ਼ਰਧਾ ਅਨੁਸਾਰ ਆਪਣੇ ਧਰਮ ਦੀ ਕਥਾ/ਕੀਰਤਨ ਜਾਂ ਪ੍ਰਵਚਨ ਆਪਣੀ ਮਰਜ਼ੀ ਅਨੁਸਾਰ 24 ਘੰਟੇ ਸੁਣ ਸਕਦਾ ਹੈ ਤਾਂ ਫਿਰ ਵੀ ਇਹ ਰੁਕਦੇ ਕਿਉਂ ਨਹੀਂ।
ਈਸ਼ਰ ਸਿੰਘ, ਥਲੀ ਕਲਾਂ (ਰੂਪਨਗਰ)


ਈਵੀਐੱਮ ’ਤੇ ਸਵਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਵਿੱਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਵਿਰੋਧੀ ਧਿਰਾਂ ਵੱਲੋਂ ਈਵੀਐੱਮ ਮਸ਼ੀਨਾਂ ਦੀ ਭਰੋਸੇਯੋਗਤਾ ਉੱਪਰ ਸਵਾਲ ਉਠਾਏ ਜਾਣ ਲੱਗ ਪਏ ਸਨ। ਹੁਣ ਟੈਸਲਾ ਕੰਪਨੀ ਦੇ ਸੰਸਥਾਪਕ ਐਲਨ ਮਸਕ ਵੱਲੋਂ ਵੀ ਈਵੀਐੱਮ ਬਾਰੇ ਸ਼ੰਕਾ ਪ੍ਰਗਟਾਇਆ ਗਿਆ ਹੈ ਤਾਂ ਸਰਕਾਰ ਤੇ ਚੋਣ ਕਮਿਸ਼ਨ ਵੱਲੋਂ ਉਸ ਦੀ ਗੱਲ ਦਾ ਕੋਈ ਠੋਸ ਜਵਾਬ ਦੇਣ ਦੀ ਥਾਂ ਉਸ ਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਮਸਕ ਦੇ ਸਟਾਫ਼ ਨੂੰ ਟਿਊਸ਼ਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਵੀ ਸ਼ੱਕ ਪ੍ਰਗਟ ਕੀਤਾ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਵੇ।
ਅਵਤਾਰ ਸਿੰਘ, ਮੋਗਾ


ਮਾਸਟਰ ਜੀ
ਭਗਵੰਤ ਰਸੂਲਪੁਰੀ ਦੀ ਰਚਨਾ ‘ਮਾਸਟਰ ਜੀ’ ਬਹੁਤ ਵਧੀਆ ਲੱਗੀ। ਪ੍ਰੇਮ ਪ੍ਰਕਾਸ਼ ਪੰਜਾਬੀ ਦੇ ਪ੍ਰਤੀਨਿਧ ਕਹਾਣੀਕਾਰ ਹਨ ਪਰ ਇਸ ਰਚਨਾ ਤੋਂ ਹੀ ਪਤਾ ਲੱਗਾ ਹੈ ਕਿ ਉਹ ਕਿਸੇ ਸਮੇਂ ਅਧਿਆਪਕ ਵੀ ਰਹੇ ਹਨ। ਇਹ ਕਿੰਨੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਸਦੀਆਂ ਤੋਂ ਭਾਰਤੀ ਲੋਕ ਜਾਤ ਪਾਤ, ਊਚ-ਨੀਚ ਦੇ ਭੇਦ-ਭਾਵ ਵਿੱਚ ਹੀ ਫਸੇ ਰਹੇ ਹਨ। ਫਿਰ ਵੀ ਇਹ ਰਚਨਾ ਜਾਤੀ ਭਿੰਨਤਾ ਨੂੰ ਵਧੀਆ ਢੰਗ ਨਾਲ ਚਿੱਤਰਦੀ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ


ਅਧਿਆਪਕ ਅਤੇ ਬੱਚੇ
ਮਿਡਲ ‘ਮਾਸਟਰ ਜੀ’ ਪੜ੍ਹਿਆ ਜੋ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਜ਼ਿੰਦਗੀ ਦੇ ਅਹਿਮ ਹਿੱਸੇ ਦੀ ਬਾਤ ਪਾਉਂਦਾ ਹੈ। ਅਜੋਕੇ ਸਮੇਂ ਵਿੱਚ ਵੀ ਸਕੂਲੀ ਬੱਚਿਆਂ ਦੀ ਦਸ਼ਾ ਕੋਈ ਬਹੁਤੀ ਚੰਗੀ ਨਹੀਂ। ਸਰਕਾਰੀ ਸਕੂਲਾਂ ਦੇ ਨਾਲ ਹੁਣ ਪ੍ਰਾਈਵੇਟ ਸਕੂਲਾਂ ਵਿੱਚ ਵੀ ਨਿਮਨ ਵਰਗ ਦੇ ਬੱਚਿਆਂ ਦੀ ਗਿਣਤੀ ਵਧਣ ਲੱਗੀ ਹੈ। ਬੱਚਿਆਂ ਦਾ ਮਾਰਗ ਦਰਸ਼ਕ ਹੋਣ ਨਾਤੇ ਅਧਿਆਪਕ ਦਾ ਫਰਜ਼ ਹੈ ਕਿ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਿਆਂ ਅਨੇਕਤਾ ਵਿੱਚ ਏਕਤਾ ਦਾ ਪਾਠ ਪੜ੍ਹਾਏ। ਅਧਿਆਪਕ ਨੂੰ ਇਸ ਪੱਖਪਾਤ ਤੋਂ ਉੱਪਰ ਉੱਠਦਿਆਂ ਵਿਦਿਆਰਥੀ ਨੂੰ ਆਪਣਾ ਬੱਚਾ ਸਮਝਦਿਆਂ ਵਿਕਾਸ ਦੇ ਰਾਹ ਤੋਰਨਾ ਚਾਹੀਦਾ ਹੈ। ਮਿਡਲ ਵਿਚਲੇ ਅਧਿਆਪਕ ਵਰਗੇ ਮੀਰੀ ਗੁਣਾਂ ਨਾਲ ਲੱਦੇ ਅਧਿਆਪਕ ਵੀ ਅੱਜ ਮੌਜੂਦ ਹਨ ਜੋ ਸਕੂਲ ਨੂੰ ਆਪਣੇ ਘਰ ਤੋਂ ਤੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨਾਲੋਂ ਵੱਧ ਮਹੱਤਤਾ ਦਿੰਦੇ ਹਨ, ਉਨ੍ਹਾਂ ਦੇ ਸਿਰੜ ਅੱਗੇ ਸਿਰ ਝੁਕਦਾ ਹੈ।
ਹਰਵਿੰਦਰ ਸਿੰਘ ਰੋਡੇ (ਮੋਗਾ)


ਇਤਿਹਾਸ ਜ਼ਰੂਰੀ
19 ਜੂਨ ਦਾ ਸੰਪਾਦਕੀ ਅੰਕ ਐੱਨਸੀਈਆਰਟੀ ਦਾ ਰੇੜਕਾ ’ਚ ਕਿਤਾਬਾਂ ਵਿੱਚ ਕੀਤੇ ਜਾ ਰਹੇ ਬਦਲਾਅ ਚੰਗੇ ਨਹੀਂ ਹਨ। ਇਨ੍ਹਾਂ ਸੋਧਾਂ ਨਾਲ ਜੋ ਮਾਹੌਲ ਖ਼ਰਾਬ ਦਾ ਤਰਕ ਦਿੱਤਾ ਗਿਆ ਹੈ, ਬੇਬੁਨਿਆਦ ਹੈ। ਜੇਕਰ ਬੱਚੇ ਸਹੀ ਇਤਿਹਾਸ ਨਹੀਂ ਪੜ੍ਹਨਗੇ ਤਾਂ ਵਰਤਮਾਨ ਬਾਰੇ ਕਿਵੇਂ ਜਾਣਨਗੇ। ਸਿੱਖਿਆ ਸੰਸਥਾਵਾਂ ਨੂੰ ਬਿਨਾ ਕਿਸੇ ਦਬਾਅ ਤਰਕ ਦੇ ਆਧਾਰ ’ਤੇ ਹੀ ਸੋਧ ਕਰਨੀ ਬਣਦੀ ਹੈ। ਕੇਂਦਰੀ ਸਿੱਖਿਆ ਮੰਤਰੀ ਨੂੰ ਵੀ ਇਨ੍ਹਾਂ ਗੱਲਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ; ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਕੰਮ ਨਹੀਂ ਕੀਤਾ। ਸਾਰੇ ਭਾਈਚਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਪਾਠਕ੍ਰਮ ਸਬੰਧੀ ਕੰਮ ਕਰਨੇ ਚਾਹੀਦੇ ਨੇ ਬਿਨਾਂ ਕਿਸੇ ਪੱਖਪਾਤ ਦੇ। ਐੱਨਸੀਈਆਰਟੀ ਅੱਠਵੀਂ ਜਮਾਤ ਦੀ ਕਿਤਾਬ ’ਚੋਂ ਮੁਗ਼ਲਾਂ ਸਬੰਧੀ ਜਾਣਕਾਰੀ ਨੂੰ ਘੱਟ ਕਰਨਾ, ਡਾਰਵਿਨ ਦੀਆਂ ਧਾਰਨਾਵਾਂ ਨੂੰ ਵਿਗਿਆਨ ਦੀ ਕਿਤਾਬ ਵਿੱਚੋਂ ਕੱਢਣਾ ਬੱਚਿਆਂ ਨੂੰ ਨਿਘਾਰ ਵੱਲ ਲਿਜਾਣ ਦਾ ਇਸ਼ਾਰਾ ਹੈ; ਸਿੱਖਿਆ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਜ਼ਰੂਰੀ ਹੈ। ਅਖ਼ਬਾਰ ਵਿੱਚ ਅੱਜ ਦਾ ਵਿਚਾਰ ‘ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨੂੰ ਵਰਤ ਕੇ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ।’ ਦੀ ਪੂਰੀ ਉਲੰਘਣਾ ਹੈ। ਅਧਿਆਪਕਾਂ ਨੂੰ ਬੱਚਿਆਂ ਨੂੰ ਸਹੀ ਜਾਣਕਾਰੀ ਦੇਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੈ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)


ਨੀਤੀਆਂ ਅਤੇ ਜਾਗਰੂਕਤਾ ਲਾਜ਼ਮੀ
ਪੰਜਾਬ ਦੇ ਆਰਥਿਕ ਵਿਕਾਸ ਦੀਆਂ ਔਕੜਾਂ ਸਬੰਧੀ ਲਖਵਿੰਦਰ ਸਿੰਘ ਦੇ ਲੇਖ ਵਿੱਚ ਉਠਾਏ ਗਏ ਮੁੱਦੇ ਸਭ ਦੇ ਧਿਆਨ ਦੀ ਮੰਗ ਕਰਦੇ ਹਨ। ਸਰਕਾਰਾਂ ਦੀ ਉਦਾਸੀਨਤਾ, ਸਰਮਾਏ ਦੀ ਘਾਟ, ਵੋਟਾਂ ਪ੍ਰਾਪਤ ਕਰਨ ਤੱਕ ਸੀਮਤ ਸਿਆਸਤ ਆਧਾਰਿਤ ਨੀਤੀਆਂ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਆਦਿ ਕੁਝ ਅਜਿਹੇ ਮਸਲੇ ਹਨ ਜੋ ਪੰਜਾਬ ਦੀ ਆਰਥਿਕਤਾ ਦੇ ਰਾਹ ਵਿੱਚ ਅੜਿੱਕਾ ਹਨ। ਖੇਤੀ ਖੇਤਰ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਸਰਕਾਰੀ ਖ਼ਜ਼ਾਨੇ ’ਤੇ ਵੱਡਾ ਬੋਝ ਹੈ। ਇਸ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ। ਚਾਹੀਦਾ ਇਹ ਹੈ ਕਿ ਮੁਫ਼ਤ ਬਿਜਲੀ ਛੋਟੇ ਕਿਸਾਨਾਂ, ਜਿਨ੍ਹਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ, ਨੂੰ ਹੀ ਦਿੱਤੀ ਜਾਵੇ। ਇਸ ਤੋਂ ਵੱਧ ਜ਼ਮੀਨ ਵਾਲਿਆਂ ਲਈ ਜ਼ਮੀਨ ਦੀ ਮਾਲਕੀ ਅਨੁਸਾਰ ਦਰਾਂ ਤੈਅ ਕੀਤੀਆਂ ਜਾਣ। ਇਸ ਤਰ੍ਹਾਂ ਸਰਕਾਰੀ ਖ਼ਜ਼ਾਨੇ ’ਤੇ ਬੋਝ ਘਟੇਗਾ ਤੇ ਉਸ ਤੋਂ ਵੀ ਵੱਧ ਬਿਜਲੀ ਦੀ ਫਜ਼ੂਲ ਵਰਤੋਂ ’ਤੇ ਰੋਕ ਲੱਗੇਗੀ। 19 ਜੂਨ ਦੇ ਅੰਕ ਵਿੱਚ ਪਹਿਲੇ ਸਫ਼ੇ ’ਤੇ ਲੱਗੀ ਖ਼ਬਰ ਬਿਜਲੀ ਦੀ ਘੋਰ ਦੁਰਵਰਤੋਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਵੱਡੇ ਟੱਕਾਂ ਨੂੰ ਖੁੱਲ੍ਹਾ ਪਾਣੀ ਛੱਡਣ ਦੀ ਥਾਂ ਜੇ ਕਿਆਰੇ ਬਣਾ ਕੇ ਭਰਿਆ ਜਾਵੇ ਤਾਂ ਓਨੇ ਹੀ ਰਕਬੇ ਲਈ ਅੱਧੀ ਬਿਜਲੀ ਬਚਾਈ ਜਾ ਸਕਦੀ ਹੈ ਤੇ ਸਮਾਂ ਵੀ ਘੱਟ ਲੱਗਦਾ ਹੈ। ਸਾਰੇ ਵਰਗਾਂ, ਜਥੇਬੰਦੀਆਂ, ਪਾਰਟੀਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸਮੁੱਚੇ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਲਈ ਕੰਮ ਕਰਨ ਦੀ ਲੋੜ ਹੈ।
ਅਮਰਜੀਤ ਸਿੰਘ ਜੰਜੂਆ, ਆਸਟਰੇਲੀਆ


ਉੱਚ ਸਿੱਖਿਆ ਵਿੱਚ ਸੁਧਾਰ ਜ਼ਰੂਰੀ
18 ਜੂਨ ਦੇ ਅੰਕ ਵਿੱਚ ਡਾ. ਅਰੁਣ ਮਿੱਤਰਾ ਦੇ ਛਪੇ ਉੱਚ ਸਿੱਖਿਆ ਕੋਰਸਾਂ ਚ ਦਾਖ਼ਲਾ ਪ੍ਰਕਿਰਿਆ ਦੀ ਸਮੀਖਿਆ ਕਰਨ ਦੀ ਲੋੜ ਉੱਚ ਸਿੱਖਿਆ ਦੀ ਅਜੋਕੀ ਸਥਿਤੀ ਬਿਆਨ ਕਰਦੀ ਹੈ। ਤਾਜ਼ਾ ਘਟਨਾ ਨੀਟ ਦੀ ਹੈ ਜਿਸ ਵਿੱਚ ਹੋਈ ਧਾਂਦਲੀ ਕਰ ਕੇ ਹਜ਼ਾਰਾਂ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। ਨੀਟ ਕੋਈ ਇਕੱਲੀ ਪ੍ਰੀਖਿਆ ਨਹੀਂ, ਇਸ ਤੋਂ ਪਹਿਲਾਂ ਹੋਰ ਵੀ ਕਈ ਪ੍ਰੀਖਿਆਵਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦੀਆਂ ਰਹੀਆਂ ਹਨ। ਦੁਖਾਂਤ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਦਿਨੋ-ਦਿਨ ਇਸ ਕਦਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਚੁੱਕਿਆ ਹੈ ਕਿ ਕੋਈ ਕੰਮ ਰਿਸ਼ਵਤ ਅਤੇ ਸਿਫਾਰਸ਼ ਤੋਂ ਬਿਨਾਂ ਹੋਣਾ ਮੁਸ਼ਕਿਲ ਜਾਪਦਾ ਹੈ। ਰਿਸ਼ਵਤ ਅਤੇ ਨਕਲ ਸਾਡੇ ਸਿੱਖਿਆ ਸਿਸਟਮ ਨੂੰ ਖ਼ੋਰਾ ਲਾ ਰਹੇ ਹਨ। ਸਰਕਾਰ ਅਤੇ ਪ੍ਰੀਖਿਆ ਏਜੰਸੀਆਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦੇ ਹੋਏ ਪੇਸ਼ ਆ ਰਹੀਆਂ ਖ਼ਾਮੀਆਂ ਨੂੰ ਦੂਰ ਕਰ ਕੇ ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਪ੍ਰੀਖਿਆਵਾਂ ਨਕਲ ਅਤੇ ਭ੍ਰਿਸ਼ਟਾਚਾਰ ਰਹਿਤ ਹੋਣਗੀਆਂ। ਇਸ ਲਈ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਮਸਲਾ ਵਿਦਿਆਰਥੀਆਂ ਦੇ ਨਾਲ-ਨਾਲ ਉਚੇਰੀ ਸਿੱਖਿਆ ਦੇ ਭਵਿੱਖ ਦਾ ਵੀ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

Advertisement
Author Image

joginder kumar

View all posts

Advertisement
Advertisement
×