For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:11 AM Jun 12, 2024 IST
ਪਾਠਕਾਂ ਦੇ ਖ਼ਤ
Advertisement

ਕਦੋਂ ਤੱਕ ਨਿਰਭਰ ਰਹਾਂਗੇ?
11 ਜੂਨ ਵਾਲੇ ਅੰਕ ਵਿੱਚ ਪੰਜਾਬ ਪੰਨਾ ਨੰਬਰ 2 ’ਤੇ ਬੱਲ੍ਹੋ ਮਾਡਲ ਵਾਲੀ ਖ਼ਬਰ ਪੜ੍ਹੀ। ਖ਼ੁਸ਼ੀ ਹੋਈ ਕਿ ਪਿੰਡ ਵਾਲਿਆਂ ਨੇ ਆਖ਼ਿਰਕਾਰ ਆਪਣੀਆਂ ਸਮੱਸਿਆਵਾਂ ਬਾਰੇ ਆਪ ਸੋਚਣਾ ਅਤੇ ਉਨ੍ਹਾਂ ਦੇ ਹੱਲ ਕੱਢਣੇ ਸ਼ੁਰੂ ਕਰ ਦਿੱਤੇ ਹਨ। ਇਹੀ ਹੋਣਾ ਚਾਹੀਦਾ ਹੈ, ਕਦੋਂ ਤੱਕ ਅਸੀਂ ਸਰਕਾਰਾਂ ਜਾਂ ਹੋਰ ਸੰਸਥਾਵਾਂ ’ਤੇ ਨਿਰਭਰ ਰਹਾਂਗੇ? ਇਸ ਪਿੰਡ ਵਾਲਿਆਂ ਨੇ ਜਿਸ ਤਰ੍ਹਾਂ ਪਾਣੀ ਬਚਾਉਣ ਲਈ ਨਗਦ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। 11 ਜੂਨ ਨੂੰ ਹੀ ਲੋਕ ਸੰਵਾਦ ਪੰਨੇ ’ਤੇ ‘ਵਾਹਗਿਓਂ ਪਾਰ’ ਕਾਲਮ ਵਿੱਚ ਸੁਰਿੰਦਰ ਸਿੰਘ ਤੇਜ ਨੇ ਬਿਲਕੁਲ ਸਹੀ ਕਿਹਾ ਹੈ ਕਿ ਇਹ ਕਿਸੇ ਪਾਰਟੀ ਦੀ ਜਿੱਤ ਨਹੀਂ, ਵੋਟਰਾਂ ਦੀ ਜਿੱਤ ਹੈ। ਅਸਲ ਵਿੱਚ ਇਹ ਮਜ਼ਬੂਤ ਵਿਰੋਧੀ ਧਿਰ, ਜਮਹੂਰੀਅਤ ਅਤੇ ਸਿਹਤਮੰਦ ਤਵਾਜ਼ਨ ਦੀ ਜਿੱਤ ਹੈ। ਇਸੇ ਦਿਨ ਸ਼ਿਵੰਦਰ ਕੌਰ ਦਾ ਲੇਖ ‘ਜ਼ਮਾਨਾ ਬਦਲ ਗਿਆ’ ਬਦਲਦੇ ਰਿਸ਼ਤੇ ਅਤੇ ਰਿਸ਼ਤਿਆਂ ਵਿਚਲੀ ਟੁੱਟ-ਭੱਜ ਬਿਆਨ ਕਰਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ

Advertisement


ਜਜ਼ਬਾਤ ਅਤੇ ਜ਼ਬਾਨ
10 ਜੂਨ ਦਾ ਸੰਪਾਦਕੀ ‘ਕੰਗਨਾ ਥੱਪੜ ਕਾਂਡ’ ਵਧੀਆ ਲੱਗਾ। ਵਰਦੀ ਸਾਧਾਰਨ ਬੰਦੇ ਨੂੰ ਅਸਾਧਾਰਨ ਸੇਵਕ ਦੀ ਜ਼ਿੰਮੇਵਾਰੀ ਸੌਂਪਦੀ ਹੈ। ਵਰਦੀ ਧਾਰਕ ਦਾ ਮੁੱਢਲਾ ਕਰਤੱਵ ਹਰ ਹਾਲਤ ’ਚ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੁੰਦਾ ਹੈ। ਨਾ ਸਿਰਫ਼ ਕੁਲਵਿੰਦਰ ਕੌਰ ਦੇ ਮਾਤਾ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸਨ, ਸੈਂਕੜੇ ਹੋਰ ਕਿਸਾਨ ਪਰਿਵਾਰਾਂ ਦੇ ਜੀਅ ਵੀ ਸਰਕਾਰੀ ਸੇਵਕ ਹਨ। ਇਸ ਲਈ ਜਜ਼ਬਾਤ ਦੀ ਬਜਾਇ ਵਿਵੇਕ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਭਾਜਪਾ ਦੀ ਹੁਣੇ-ਹੁਣੇ ਚੁਣੀ ਗਈ ਲੋਕ ਸਭਾ ਮੈਂਬਰ ਕੰਗਨਾ ਰਣੌਤ ਜ਼ਬਾਨ ਦਾ ਸਮਤੋਲ ਬਣਾ ਕੇ ਰੱਖੇ। ਪ੍ਰਮੁੱਖ ਹਸਤੀ ਹੋਣ ਦੇ ਮਾਇਨੇ ਅਤੇ ਦਾਇਰੇ ਕੀ ਹੁੰਦੇ ਹਨ, ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਕਿਸੇ ਵਰਗ ਜਾਂ ਵਿਅਕਤੀ ਵਿਸ਼ੇਸ਼ ਬਾਰੇ ਬੇਤੁਕੀ ਬਿਆਨਬਾਜ਼ੀ/ਟਿੱਪਣੀ ’ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣਾ ਸੁਭਾਵਿਕ ਹੈ। ਜ਼ਬਾਨ ਅਸਲ ਵਿੱਚ ਬੰਦੇ ਦੇ ਪਾਲਣ-ਪੋਸ਼ਣ, ਸਿੱਖਿਆ ਅਤੇ ਖ਼ੁਦ ਦੇ ਕਿਰਦਾਰ ਦੀ ਤਸਵੀਰ ਸਮਾਜ ਸਾਹਮਣੇ ਲਿਆਉਂਦੀ ਹੈ। 7 ਜੂਨ ਦਾ ਲੇਖ ‘ਮੋਦੀ ਦੀ ਸਿਆਸਤ ਅਤੇ ਕਾਂਗਰਸ ਦੀ ਪੁਨਰ-ਸੁਰਜੀਤੀ’ (ਲੇਖਕ ਸੰਜੇ ਬਾਰੂ) ਵਧੀਆ ਲੱਗਾ। ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਣਾ ਇਸ ਦੀ ਤਾਨਾਸ਼ਾਹੀ ਸੋਚ ’ਤੇ ਨਕੇਲ ਕੱਸ ਕੇ ਰੱਖੇਗਾ ਜੋ ਅਵਾਮ ਦੇ ਹਿੱਤ ਵਿੱਚ ਹੋਵੇਗਾ। ਹੁਣ ਜੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਵੀਆਂ ਨੀਤੀਆਂ ਨਾਲ ਨਵੀਆਂ ਤਦਬੀਰਾਂ ਉਲੀਕੇ ਤਾਂ ਪਾਰਟੀ ਦੀ ਸੱਤਾ ਵਿੱਚ ਮੁੜ ਵਾਪਸੀ ਹੋ ਸਕਦੀ ਹੈ।
ਸੁਖਪਾਲ ਕੌਰ, ਚੰਡੀਗੜ੍ਹ


(2)
ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐੱਸਐੱਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਕੇ ਆਪਣੇ ਮਨ ਦਾ ਗੁੱਸਾ ਤਾਂ ਭਾਵੇਂ ਕੱਢ ਲਿਆ ਹੈ ਪਰ ਉਹ ਨਹੀਂ ਜਾਣਦੀ ਕਿ ਉਨ੍ਹਾਂ ਹਜ਼ਾਰਾਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਜੋ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਹੋਣਾ ਚਾਹੁੰਦੇ ਹਨ। ਹੁਣ ਵਾਲੀ ਘਟਨਾ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਪੰਜਾਬੀਆਂ ਦਾ ਕੋਟਾ ਘਟਾ ਦਿੱਤਾ ਜਾਵੇ। 1984 ਤੋਂ ਬਾਅਦ ਫ਼ੌਜ ਵਿੱਚ ਪੰਜਾਬੀਆਂ ਦੀ ਭਰਤੀ ਘਟਾ ਦਿੱਤੀ ਗਈ ਸੀ। ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੇਂਦਰੀ ਵਜ਼ੀਰਾਂ ਦੀ ਗਾਰਦ ਵਿੱਚੋਂ ਪਗੜੀਧਾਰੀ ਲੋਪ ਹੋ ਗਏ ਹਨ। ਇਸ ਲਈ ਜੇ ਕੋਈ ਡਿਊਟੀ ਵਿੱਚ ਕੋਤਾਹੀ ਕਰਦਾ ਹੈ ਤਾਂ ਉਸ ਨੂੰ ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ।
ਬਨਾਰਸੀ ਦਾਸ, ਅੰਮ੍ਰਿਤਸਰ


(3)
ਸੁਰੱਖਿਆ ਕਰਮੀ ਵੱਲੋਂ ਥੱਪੜ ਮਾਰਨ ਨੂੰ ਹੱਲਾਸ਼ੇਰੀ ਦੇਣਾ ਗ਼ਲਤ ਹੈ ਭਾਵੇਂ ਕੰਗਨਾ ਰਣੌਤ ਦੀ ਕਿਸਾਨਾਂ ਬਾਰੇ ਮਾੜੀ ਬੋਲਬਾਣੀ ਵੀ ਗ਼ਲਤ ਹੀ ਹੈ। ਇਸ ਦਾ ਘਾਟਾ ਪੰਜਾਬੀਆਂ ਨੂੰ ਹੀ ਪੈਂਦਾ ਹੈ। ਕੋਈ ਪੰਜਾਬੀਆਂ ਉੱਤੇ ਭਰੋਸਾ ਨਹੀਂ ਕਰੇਗਾ।
ਵਿਕਾਸ ਸ਼ਰਮਾ, ਪਟਿਆਲਾ


ਹਾਰੇ ਆਗੂਆਂ ਨੂੰ ਇਨਾਮ !
10 ਜੂਨ ਵਾਲਾ ਮੁੱਖ ਪੰਨਾ ਨਰਿੰਦਰ ਮੋਦੀ ਜੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਦੇ ਸਹੁੰ ਚੁੱਕਣ ਦੇ ਨਾਲ-ਨਾਲ ਨਵੇਂ ਬਣੇ ਮੰਤਰੀਆਂ ਦੀ ਜਾਣਕਾਰੀ ਨਾਲ ਭਰਪੂਰ ਸੀ। ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਨੇ ਤਾਂ ਮੰਤਰੀ ਬਣਨਾ ਹੀ ਸੀ ਪਰ ਕਈ ਹਾਰੇ ਹੋਏ ਅਤੇ ਬਿਨਾਂ ਚੋਣ ਲੜੇ ਵੀ ਮੰਤਰੀ ਦੀ ਕੁਰਸੀ ਨਾਲ ਨਿਵਾਜੇ ਗਏ। ਭਾਰਤੀ ਸੰਵਿਧਾਨ ਦੀ ਧਾਰਾ 75 (5) ਮੁਤਾਬਿਕ, ਪ੍ਰਧਾਨ ਮੰਤਰੀ 6 ਮਹੀਨੇ ਲਈ ਕਿਸੇ ਵੀ ਸ਼ਖ਼ਸ ਨੂੰ ਮੰਤਰੀ ਬਣਾ ਸਕਦੇ ਹਨ ਅਤੇ 6 ਮਹੀਨੇ ਦੇ ਅੰਦਰ-ਅੰਦਰ ਉਸ ਸ਼ਖ਼ਸ ਨੂੰ ਚੋਣ ਜਿੱਤ ਕੇ ਆਉਣਾ ਪਵੇਗਾ ਵਰਨਾ ਮੰਤਰੀ ਪਦ ਤੋਂ ਛੁੱਟੀ। ਇਸ ਅਧਿਕਾਰ ਦੀ ਵਰਤੋਂ ਤਾਜ਼ਾ ਚੋਣ ਹਾਰਨ ਵਾਲਿਆਂ ਲਈ ਕਰਨਾ ਉਨ੍ਹਾਂ ਨੂੰ ਲੋਕਤੰਤਰੀ ਢੰਗ ਨਾਲ ਹਰਾਉਣ ਵਾਲੇ ਮਤਦਾਤਾਵਾਂ ਦੀ ਬੇਇਜ਼ਤੀ ਕਰਨ ਦੇ ਤੁੱਲ ਹੈ। ਸਰਕਾਰਾਂ ਨੂੰ ਅਜਿਹੇ ਅਧਿਕਾਰਾਂ ਦੀ ਵਰਤੋਂ ਸੰਜਮ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ ਅਤੇ ਲੋਕਾਂ ਵੱਲੋਂ ਹਰਾਏ ਆਗੂ ਨੂੰ ਕੋਈ ਸੰਵਿਧਾਨਕ ਪਦ ਨਹੀਂ ਦਿੱਤਾ ਜਾਣਾ ਚਾਹੀਦਾ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ


ਦੁਖਾਂਤ ਦਾ ਬਿਆਨ
8 ਜੂਨ ਨੂੰ ਦਰਸ਼ਨ ਸਿੰਘ ਦਾ ਮਿਡਲ ‘ਹੁਣ ਮੈਂ ਚੁੱਪ ਰਹਾਂਗਾ’ ਪੜ੍ਹਿਆ। ਲੇਖਕ ਨੇ ਪਰਿਵਾਰ ਦੇ ਦੁਖਾਂਤ ਨੂੰ ਸਾਰਥਿਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਇਹ ਸਾਡੇ ਸਮਿਆਂ ਦੀ ਤ੍ਰਾਸਦੀ ਹੈ ਕਿ ਹੁਣ ਬਹੁਤੇ ਲੋਕਾਂ ਕੋਲ ਇਕੱਲੇ ਬੈਠ ਕੇ ਗੱਲਾਂ ਕਰਨ ਅਤੇ ਸੁਣਨ ਦਾ ਵਕਤ ਨਹੀਂ ਹੈ। ਹਰ ਬੰਦਾ ਆਪਣੇ ਕੰਮ ਵਿੱਚ ਮਸਰੂਫ਼ ਹੈ। ਅੱਜ ਦਾ ਮਨੁੱਖ ਭੱਜ-ਦੌੜ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ; ਖ਼ਾਸ ਕਰ ਕੇ ਬਜ਼ੁਰਗਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਇਸ ਰਚਨਾ ਵਿੱਚ ਵੀ ਫ਼ੌਜੀ ਪਰਿਵਾਰ ਦਾ ਇਹੋ ਹਾਲ ਬਿਆਨ ਕੀਤਾ ਗਿਆ ਹੈ। ਖ਼ੈਰ, ਇਹ ਅੱਜ ਦੇ ਸਮੇਂ ਦਾ ਸੱਚ ਹੈ ਅਤੇ ਇਸ ਸੱਚ ਦਾ ਸਾਹਮਣਾ ਕਰਨਾ ਪੈਣਾ ਹੈ। ਨਾਲ ਹੀ ਮਾਨਸਿਕ ਰੂਪ ਵਿੱਚ ਮਜ਼ਬੂਤ ਹੋਣਾ ਪੈਣਾ ਹੈ ਤਾਂ ਕਿ ਮਨੁੱਖ ਦਾ ਭਵਿੱਖ ਵਧੀਆ ਢੰਗ ਨਾਲ ਬਤੀਤ ਹੋ ਸਕੇ। ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ ਤਰਲੋਚਨ ਸਿੰਘ ਦੁਪਾਲਪੁਰ ਦਾ ਮਿਡਲ ‘ਇਉਂ ਮਿਲੀ ਬਾਂਗਿ-ਦਰਾ’ ਪੜ੍ਹਿਆ। ਕਿਤਾਬਾਂ ਪੜ੍ਹਨ ਦਾ ਅਜਿਹਾ ਜਨੂਨ ਅੱਜ ਕੱਲ੍ਹ ਲੋਪ ਹੋ ਰਿਹਾ ਹੈ। ਅੱਜ ਸਾਡੇ ਘਰਾਂ, ਕਾਲਜਾਂ, ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਪਈਆਂ ਰਹਿੰਦੀਆਂ ਹਨ। ਨਵੀਂ ਪੀੜ੍ਹੀ ਪੜ੍ਹਨ ਨੂੰ ਤਿਆਰ ਨਹੀਂ। ਮੋਬਾਈਲ ਫੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਆਮ ਪਾਠਕਾਂ ਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ (ਹਰਿਆਣਾ)


(2)
8 ਜੂਨ ਦੇ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦੀ ਰਚਨਾ ‘ਹੁਣ ਮੈਂ ਚੁੱਪ ਰਹਾਂਗਾ’ ਪੜ੍ਹਦਿਆਂ ਸੋਚਦਾ ਹਾਂ ਕਿ ਘਰ-ਪਰਿਵਾਰ ਅਤੇ ਸਮਾਜ ਵਿੱਚ ਵਿਚਰਦਿਆਂ ਹਰ ਬੰਦਾ ਖੁਸ਼ੀ-ਖੁਸ਼ੀ ਸਕੂਨ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪਰ ਇਸ ਰਚਨਾ ਦਾ ਸੂਬੇਦਾਰ ਆਪਣੇ ਪੁੱਤਰ ਦੀ ਮੌਤ ਕਾਰਨ ਅੰਤਾਂ ਦਾ ਦੁਖੀ ਹੈ। ਉਹ ਆਪਣੀਆਂ ਸਾਧਾਰਨ ਗੱਲਾਂ ਨਾਲ ਕਿਰਾਏਦਾਰ ਲੇਖਕ ਨੂੰ ਅਕਾ ਤਾਂ ਦਿੰਦਾ ਹੈ ਪਰ ਜਦੋਂ ਪੁੱਤਰ ਦੀ ਯਾਦ ਵਿੱਚ ਉਸ ਦੇ ਜਜ਼ਬਾਤ ਵਹਿ ਤੁਰਦੇ ਹਨ ਤਾਂ ਲੇਖਕ ਵੀ ਪਸੀਜ ਜਾਂਦਾ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)


ਤੇਲ ਕੀਮਤਾਂ ਹੁਣ ਘਟਣੀਆਂ ਚਾਹੀਦੀਆਂ
ਕੌਮਾਂਤਰੀ ਬਾਜ਼ਾਰ ਵਿੱਚ ਤੇਲ ਕੀਮਤਾਂ ਕਾਫ਼ੀ ਘਟੀਆਂ ਹਨ। ਭਾਰਤ ਨੂੰ ਹੁਣ ਤੇਲ 80 ਡਾਲਰ ਫੀ ਬੈਰਲ ਦੇ ਹਿਸਾਬ ਮਿਲ ਰਿਹਾ ਹੈ। ਰੂਸ ਤੋਂ ਤੇਲ ਖਰੀਦਣ ਕਰ ਕੇ ਇਹ ਹੋਰ ਵੀ ਸਸਤਾ ਪੈ ਰਿਹਾ ਹੈ। ਇਸ ਨਾਲ ਭਾਰਤ ਦੀ ਵਿਦੇਸ਼ੀ ਮੁਦਰਾ ਦੀ ਚੋਖੀ ਬੱਚਤ ਹੋਈ ਹੈ ਪਰ ਭਾਰਤ ਸਰਕਾਰ ਨੇ ਇਸ ਬੱਚਤ ਦਾ ਫਾਇਦਾ ਆਮ ਲੋਕਾਂ ਤੱਕ ਨਹੀਂ ਪੁੱਜਣ ਦਿੱਤਾ। ਸਰਕਾਰ ਨੇ ਸਿਰਫ਼ ਜਹਾਜ਼ਾਂ ਵਾਲੇ ਈਂਧਨ ਦੀ ਕੀਮਤ ਹੀ ਘਟਾਈ ਹੈ। ਇਹੀ ਨਹੀਂ, ਸਰਕਾਰ ਡੀਜ਼ਲ ਅਤੇ ਪੈਟਰੋਲ ਦੇ ਹਰ ਲਿਟਰ ਦੀ ਵਿਕਰੀ ਤੋਂ 8 ਰੁਪਏ ਸੈੱਸ ਵੀ ਹਾਸਿਲ ਕਰਦੀ ਹੈ। ਉੱਧਰ, ਨੈਸ਼ਨਲ ਹਾਈਵੇਜ਼ ਅਥਾਰਟੀ ਨੇ ਟੌਲ ਰੇਟ ਵਿੱਚ 5 ਫ਼ੀਸਦੀ ਵਾਧਾ ਕਰ ਦਿੱਤਾ ਹੈ। ਜ਼ਾਹਿਰ ਹੈ ਕਿ ਲੋਕਾਂ ਉੱਤੇ ਬੋਝ ਵਧ ਰਿਹਾ ਹੈ। ਤੇਲ ਕੀਮਤਾਂ ਵਿੱਚ ਕਟੌਤੀ ਦਾ ਲਾਭ ਅਵਾਮ ਤੱਕ ਪੁੱਜਣਾ ਚਾਹੀਦਾ ਹੈ।
ਐੱਸਕੇ ਖੋਸਲਾ, ਚੰਡੀਗੜ੍ਹ

Advertisement
Author Image

joginder kumar

View all posts

Advertisement
Advertisement
×