ਪਾਠਕਾਂ ਦੇ ਖ਼ਤ
ਵਾਤਾਵਰਨ ਦੀ ਸੰਭਾਲ
5 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਸਤਿੰਦਰ ਸਿੰਘ ਦਾ ਲੇਖ ‘ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਮੇਂ ਦੀ ਜ਼ਰੂਰਤ’ ਮਹੱਤਵਪੂਰਨ ਹੈ। ਮਨੁੱਖ ਨੇ ਧਰਤੀ, ਹਵਾ ਅਤੇ ਪਾਣੀ ਇੰਨਾ ਦੂਸ਼ਿਤ ਕਰ ਦਿੱਤੇ ਹਨ ਕਿ ਇਨ੍ਹਾਂ ਸਰੋਤਾਂ ਦੀ ਵਰਤੋਂ ਖ਼ੁਦ ਉਸ ਲਈ ਘਾਤਕ ਸਾਬਿਤ ਹੋ ਰਹੀ ਹੈ। ਇਸ ਵਿੱਚ ਦੋ ਰਾਵਾਂ ਨਹੀਂ ਕਿ ਮਨੁੱਖ ਨੇ ਕੁਦਰਤੀ ਵਸੀਲਿਆਂ ਨੂੰ ਲੋੜ ਤੋਂ ਜ਼ਿਆਦਾ ਇਸਤੇਮਾਲ ਕੀਤਾ ਹੈ। ਅਨੁਮਾਨ ਹੈ ਕਿ ਇੱਕ ਸਦੀ ਬਾਅਦ ਦੁਨੀਆ ਵਿੱਚ ਨਾ ਕੋਇਲਾ, ਨਾ ਪੈਟਰੋਲ ਅਤੇ ਨਾ ਹੀ ਡੀਜ਼ਲ ਉਪਲਬਧ ਹੋਵੇਗਾ। ਇਸ ਨਾਲ ਮਨੁੱਖ ਨੂੰ ਇੰਨੀਆਂ ਔਕੜਾਂ ਆਉਣਗੀਆਂ ਕਿ ਉਸ ਦਾ ਜਿਊਣਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਅਸੀਂ ਸ਼ੁੱਧ ਵਾਤਾਵਰਨ ਅਤੇ ਸਿਹਤਮੰਦ ਜੀਵਨ ਚਾਹੁੰਦੇ ਹਾਂ ਤਾਂ ਕੁਦਰਤੀ ਸੋਮਿਆਂ ਅਤੇ ਵਾਤਾਵਰਨ ਬਚਾਉਣ ਲਈ ਸਖ਼ਤ ਤੇ ਸਾਰਥਿਕ ਕਦਮ ਚੁੱਕਣੇ ਪੈਣਗੇ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਖਡੂਰ ਸਾਹਿਬ ਦੀ ਚੀਸ
ਜਯੋਤੀ ਮਲਹੋਤਰਾ ਨੇ ਆਪਣੇ ਲੇਖ ‘ਖਡੂਰ ਸਾਹਿਬ ਦੀ ਚੀਸ ਅਤੇ ਪੰਜਾਬ ਦੀ ਸਿਆਸਤ’ (3 ਜੂਨ) ’ਚ ਪੰਜਾਬ ਦੀ ਨੈਤਿਕ ਨਾਬਰੀ ਨੂੰ ਮੁੜ ਤਾਜ਼ਾ ਕਰ ਕੇ ਦਰਸਾ ਦਿੱਤਾ ਕਿ ਪੰਜਾਬੀਆਂ ਕੋਲ ਜੱਦੀ ਸਿਆਸੀ ਗਲਿਆਰਿਆਂ ਤੋਂ ਬਿਨਾਂ ਵੱਖਰਾ ਰਾਹ ਅਖ਼ਤਿਆਰ ਕਰਨ ਦਾ ਹੁਨਰ ਵੀ ਹੈ। ਸ਼ਾਇਦ ਇਸੇ ਆਸਰੇ ਪੰਜਾਬੀਅਤ ਜ਼ਿੰਦਾਬਾਦ ਹੈ। ਅੱਜ ਤੱਕ ਹਾਲਾਤ ਦੀਆਂ ਬਰੀਕੀਆਂ ਘੋਖ ਕੇ ਲੇਖਿਕਾ ਨੇ ‘ਸੌ ਹੱਥ ਰੱਸਾ ਸਿਰੇ ’ਤੇ ਗੰਢ’ ਮਾਰ ਕੇ ਫ਼ੈਸਲਾ ਕਰ ਦਿੱਤਾ ਹੈ ਕਿ ਗੱਲਬਾਤ ਨਾਲ ਪੰਜਾਬੀਆਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਹਨ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
ਕੌਣ ਸਮਝਾਏ?
30 ਮਈ ਨੂੰ ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਕੁਦਰਤ ਦੀ ਕਲਿਆਣਕਾਰੀ ਅਤੇ ਖ਼ੂਬਸੂਰਤ ਲੀਲ੍ਹਾ ਦਾ ਕਤਲ’ ਪੜ੍ਹਿਆ। ਲੇਖਕ ਦਾ ਨਿੱਜੀ ਨੁਕਸਾਨ ਅਤੇ ਸਮਾਜਿਕ ਤੌਖ਼ਲਾ ਬੇਚੈਨ ਕਰਦਾ ਹੈ ਪਰ ਢੀਠ ਕਿਸਾਨ ਨੂੰ ਕੌਣ, ਕਿੰਝ ਸਮਝਾਏ! ਅੱਗਜ਼ਨੀ ਦੀ ਅਜਿਹੀ ਖੇਡ ਖੇਡਣ ਵਾਲੇ ਕਿਸਾਨ ਨੂੰ ਸਖ਼ਤ ਸਜ਼ਾ ਬਿਨਾਂ ਹੋਰ ਕੋਈ ਚਾਰਾ ਨਹੀਂ। 29 ਮਈ ਨੂੰ ਛਪਿਆ ਸੁੱਚਾ ਸਿੰਘ ਗਿੱਲ ਦਾ ਲੇਖ ‘ਲੋਕ ਸਭਾ ਚੋਣਾਂ ਅਤੇ ਪੰਜਾਬ ਦੇ ਮੁੱਦੇ’ ਗੌਲਣਯੋਗ ਹੈ। ਪੰਜਾਬ ਦੀ ਚੜ੍ਹਤ ਸਲੀਕੇ ਨਾਲ ਮਧੋਲੀ ਗਈ ਏ; ਹਰ ਸਭਿਆਚਾਰਕ ਵਿਕਾਸ ਨੂੰ ਨੌਜਵਾਨ ਵਰਗ ਤੇਜ਼ੀ ਨਾਲ ਗੇੜਦਾ ਹੈ, ਬਾਕੀ ਹੌਸਲਾ ਵਧਾਉਂਦੇ ਹਨ ਪਰ ਪੰਜਾਬ ਦਾ ਨੌਜਵਾਨ ਭੋਇੰ ਨੂੰ ਹੀ ਛੱਡ ਰਿਹਾ ਹੈ। ਘਰ ਵਿੱਚ ਵਿਚਰਦੇ ਪ੍ਰੋੜ ਵੀ ਨੌਜਵਾਨ ਦੀ ਹਲਚਲ, ਹੌਸਲੇ ਨੂੰ ਨਿਹਾਰ ਕੇ ਹੱਥਲੇ ਕੰਮਕਾਜ ਕਰਦੇ ਹਨ ਪਰ ਸੱਖਣੇ ਬਾਰ ਹੁਣ ਵਡੇਰਿਆਂ ਨੂੰ ਉਤਸ਼ਾਹਿਤ ਨਹੀਂ ਕਰਦੇ। ਮੌਜੂਦਾ ਸਰਕਾਰ ਦਾ ਕੌਲ ਸੀ: ਪਰਵਾਸ ਰੋਕਾਂਗੇ ਪਰ ਕਰਜ਼ ਸੰਗ ਤਾਂ ਘਰ ਨਹੀਂ ਚੱਲਦੇ, ਪੰਜਾਬ ਕਿੰਝ ਚੱਲੇਗਾ? ਨਕੋਰ ਸੋਚ ਢੀਠ ਪੰਜਾਬੀਆਂ ਨੂੰ ਮੇਚ ਨਹੀਂ ਆਈ। ਚੌਗਿਰਦੇ ਵਿੱਚ ਦੇਖੋ: ਪੰਜਾਬ ਅੰਦਰ ਫਰਸ਼ ਦੀਆਂ ਟਾਈਲਾਂ ਲਗਾਉਣ, ਪੀਓਪੀ, ਪਲੰਬਰ, ਰੇਹੜੀਆਂ ਤੇ ਫਲ ਫਰੂਟ ਵੇਚਣ ਵਾਲੇ ਅਤੇ ਮਾਲੀ, ਬਾਗ਼ਬਾਨੀ, ਨਰਸਰੀ ਕਿੱਤੇ ਵਿੱਚ ਪੰਜਾਬੀ ਆਪ ਕਿਉਂ ਨਹੀਂ? ਖੁੱਲ੍ਹੀ ਸੋਚ ਸੂਬੇ ’ਚੋਂ ਬਾਹਰ ਜਾ ਰਹੀ ਏ ਅਤੇ ਸੌੜੀ ਸੋਚ ਬਾਹਰੋਂ ਅੰਦਰ ਆ ਰਹੀ ਹੈ। ਪੰਜਾਬ ਦਾ ਰਿਜ਼ਕ ਹੁਣ ਹਰ ਰੋਜ਼ ਸੂਬੇ ਦੀ ਹੱਦ ਵਿਚੋਂ ਜਾ ਰਿਹਾ ਹੈ। ਰਿਜ਼ਕ ਦੀ ਨਿਕਾਸੀ ਅਮੀਰ ਸੂਬੇ ਨੂੰ ਕੰਗਾਲ ਕਰ ਰਹੀ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਕਿੱਤੇ ਦੀ ਮਜਬੂਰੀ
28 ਮਈ ਦੇ ਅੰਕ ਵਿੱਚ ਡਾ. ਨਿਸ਼ਾਨ ਸਿੰਘ ਰਾਠੌਰ ਦਾ ਲੇਖ ‘ਘੁੰਮਣਘੇਰੀ ਵਿੱਚ ਫਸਿਆ ਮਨੁੱਖ’ ਪੜ੍ਹਿਆ। ਲਿਖਿਆ ਹੈ ਕਿ ਜ਼ਿਆਦਾਤਰ ਲੋਕ ਆਪਣੇ ਕਿੱਤੇ ਤੋਂ ਅੱਕ ਜਾਂਦੇ ਹਨ। ਮੇਰਾ ਜ਼ਾਤੀ ਖਿਆਲ ਹੈ ਕਿ ਜ਼ਿਆਦਾਤਰ ਕੇਸਾਂ ਵਿੱਚ ਇਨਸਾਨ ਆਪਣੇ ਕਿੱਤੇ ਵਿੱਚ ਮਜਬੂਰੀ ਨਾਲ ਹੀ ਲੱਗਿਆ ਹੁੰਦਾ ਹੈ, ਸ਼ੌਕ ਨਾਲ ਨਹੀਂ। ਜਦੋਂ ਕੋਈ ਨੌਜਵਾਨ ਕੋਈ ਵੀ ਡਿਗਰੀ ਪਾਸ ਕਰਦਾ ਹੈ ਤਾਂ ਉਹ ਤੁਰੰਤ ਜਿਹੜੀ ਵੀ ਨੌਕਰੀ ਮਿਲਦੀ ਹੈ, ਭਰਤੀ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਬੇਰੁਜ਼ਗਾਰੀ ਦੇ ਇਸ ਆਲਮ ਵਿੱਚ ਸ਼ੌਕ ਨੂੰ ਫੇਰ ਦੇਖਾਂਗੇ, ਪਹਿਲਾਂ ਰੁਜ਼ਗਾਰ ਲਉ। 22 ਮਈ ਦਾ ਸੰਪਾਦਕੀ ‘ਡੇਰਿਆਂ ਦੀ ਸਿਆਸਤ’ ਅੱਜ ਦੀ ਸਿਆਸਤ ’ਤੇ ਤਿੱਖੀ ਟਿੱਪਣੀ ਹੈ। ਹਰ ਪਾਰਟੀ ਦਾ ਨੇਤਾ ਡੇਰਿਆਂ ਵਿੱਚ ਵੋਟਾਂ ਦੀ ਝਾਕ ਲਈ ਜਾਂਦਾ ਹੈ। 18 ਮਈ ਦਾ ਸੰਪਾਦਕੀ ‘ਭਾਜਪਾ ਦਾ ਵਿਰੋਧ’ ਪੜ੍ਹਿਆ। ਅਸਲ ਵਿੱਚ ਕਿਸਾਨਾਂ ਦੀ ਪਹਿਲੀ ਨਾਰਾਜ਼ਗੀ ਇਹ ਹੈ ਕਿ ਉਨ੍ਹਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ? ਦੂਜੀ, ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕੀਤਾ ਗਿਆ? ਕਿਸਾਨਾਂ ਕੋਲ ਭਾਜਪਾ ਲਈ ਸਵਾਲਾਂ ਦੀ ਲੰਮੀ ਸੂਚੀ ਹੈ ਪਰ ਇਸ ਪਾਰਟੀ ਕੋਲ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ ਕੋਈ ਤਰਕਸੰਗਤ ਜਵਾਬ ਨਹੀਂ। 18 ਮਈ ਨੂੰ ਹੀ ਸਵਾਤੀ ਮਾਲੀਵਾਲ ਦੀ ਕੁੱਟਮਾਰ ਬਾਰੇ ਸੰਪਾਦਕੀ ਪੜ੍ਹਿਆ। ਇਸ ਮਾਮਲੇ ਬਾਰੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਅਵਤਾਰ ਸਿੰਘ, ਮੋਗਾ
(2)
28 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਨਿਸ਼ਾਨ ਸਿੰਘ ਰਾਠੌਰ ਦੀ ਰਚਨਾ ‘ਘੁੰਮਣਘੇਰੀ ’ਚ ਘਿਰਿਆ ਬੰਦਾ’ ਪਸੰਦ ਆਈ। ਲੇਖਕ ਨੇ ਬਿਲਕੁੱਲ ਠੀਕ ਲਿਖਿਆ ਹੈ ਕਿ ਜਿਸ ਕੰਮ ਵਿੱਚੋਂ ਬੰਦੇ ਦੀ ਤੀਬਰ ਦਿਲਚਸਪੀ ਹੋਵੇ ਜਾਂ ਸ਼ੌਕ ਹੋਵੇ, ਉਹ ਕੰਮ ਬੰਦਾ ਛੇਤੀ ਸਿੱਖ ਲੈਦਾ ਹੈ। ਇਸ ਸੰਸਾਰ ਵਿਚੋਂ ਅਜਿਹੇ ਖੁਸ਼ਕਿਸਮਤ ਲੋਕ ਬਹੁਤ ਘੱਟ ਹਨ ਜਿਨ੍ਹਾਂ ਦਾ ਸ਼ੌਕ ਹੀ ਉਨ੍ਹਾਂ ਦਾ ਪੇਸ਼ਾ ਹੈ। 24 ਮਈ ਦੇ ਅੰਕ ਵਿੱਚ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਖੁਸਰੇ’ ਝੰਜੋੜਨ ਵਾਲੀ ਸੀ। ਸਾਡੇ ਸਮਾਜਿਕ ਤਾਣੇ-ਬਾਣੇ ਦੀ ਸਚਾਈ ਇੰਨੀ ਕਰੂਪ ਹੈ ਕਿ ਮਾਸੂਮ ਬੱਚੇ ਨੂੰ ਖੁਸਰਾ ਹੋਣ ਕਾਰਨ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਸਮਾਜ ਦੇ ਤਾਹਨੇ-ਮਿਹਣੇ ਸੁਣਨੇ ਪੈਂਦੇ ਹਨ। ਉਸ ਬੇਕਸੂਰ ਬੱਚੇ ਦੇ ਮਨ ਉੱਤੇ ਕਿੰਨੀ ਗੰਭੀਰ ਸੱਟ ਲੱਗਦੀ ਹੋਵੇਗੀ, ਇਸ ਦਾ ਅੰਦਾਜ਼ਾ ਬਾਲ ਮਾਨਸਕਿਤਾ ਦੀ ਥੋੜ੍ਹੀ-ਬਹੁਤ ਸਮਝ ਰੱਖਣ ਵਾਲਾ ਬੰਦਾ ਭਲੀ-ਭਾਂਤ ਲਾ ਸਕਦਾ ਹੈ। ਅਸਲ ਵਿੱਚ ਮਾਪੇ ਬਣਨਾ ਅਤੇ ਬਤੌਰ ਮਾਪੇ ਬੱਚਿਆਂ ਦੀ ਜ਼ਿੰਮੇਵਾਰੀ ਨੂੰ ਆਰਥਿਕ ਪੱਖ ਦੇ ਨਾਲ-ਨਾਲ ਬਾਲ ਮਨੋਵਿਗਿਆਨੀ ਦੇ ਪੱਖੋਂ ਵੀ ਸਹੀ ਤਰੀਕੇ ਨਾਲ ਨਿਭਾਉਣਾ ਦੋ ਅਲੱਗ-ਅਲੱਗ ਗੱਲਾਂ ਹਨ। ਬਾਲ ਅਵਸਥਾ ਸਮੇਂ ਅਚੇਤ ਮਨ ’ਤੇ ਉਕਰੀਆਂ ਚੰਗੀਆਂ ਜਾਂ ਮਾੜੀਆਂ ਗੱਲਾਂ ਦਾ ਬਹੁਤ ਦੂਰਗਾਮੀ ਪ੍ਰਭਾਵ ਪੈਂਦਾ ਹੈ ਜੋ ਕਿਸੇ ਬੰਦੇ ਦੀ ਸਮੁੱਚੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੀ ਹੈ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)
(3)
28 ਮਈ ਦੇ ਅੰਕ ਵਿੱਚ ਡਾ. ਨਿਸ਼ਾਨ ਸਿੰਘ ਰਾਠੌਰ ਦਾ ਲੇਖ ‘ਘੁੰਮਣਘੇਰੀ ’ਚ ਘਿਰਿਆ ਬੰਦਾ’ ਅਜੋਕੇ ਸਮੇਂ ਵਿੱਚ ਬੰਦੇ ਦੀ ਸਮਾਜ ਵਿੱਚ ਹਾਲਤ ਬਿਆਨ ਕਰਦਾ ਹੈ। ਹਰ ਸ਼ਖ਼ਸ ਨੂੰ ਲੱਗਦਾ ਹੈ ਕਿ ਉਹੀ ਦੁਖੀ ਹੈ ਅਤੇ ਬਾਕੀ ਸਾਰੇ ਸੌਖੇ ਹਨ; ਹਕੀਕਤ ਇਹ ਹੈ ਕਿ ਨਾਨਕ ਦੁਖੀਆ ਸਭੁ ਸੰਸਾਰੁ।। ਕੋਈਵੀ ਸ਼ਖ਼ਸ ਆਪਣੇ ਕੰਮ ਤੋਂ ਜਾਂ ਆਪਣੇ ਆਪ ਤੋਂ ਸੰਤੁਸ਼ਟ ਨਹੀਂ ਕਿਉਂਕਿ ਅਸੀਂ ਸਾਰੇ ਕੰਮ ਨੂੰ ਸ਼ੌਕ ਦੀ ਬਜਾਇ ਮਜਬੂਰੀ ਵਸ ਕਰਦੇ ਹਾਂ। ਆਪਣਾ ਕੰਮ ਲਗਨ ਅਤੇ ਮਿਹਨਤ ਨਾਲ ਕਰਨ ਨਾਲ ਮਨ ਨੂੰ ਸੰਤੁਸ਼ਟੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਧਾਰਮਿਕ ਜਨੂਨ ਪਛਾੜਿਆ
5 ਜੂਨ ਦਾ ਸੰਪਾਦਕੀ ‘ਭਾਰਤ ਦਾ ਸੁਨੇਹਾ’ ਇਤਿਹਾਸਕ ਮਹੱਤਤਾ ਰੱਖਦਾ ਹੈ। ਇਤਿਹਾਸ ਭਾਵੇਂ ਹੂ-ਬ-ਹੂ ਤਾਂ ਨਹੀਂ ਦੁਹਰਾਇਆ ਜਾਂਦਾ ਤਾਂ ਵੀ 4 ਜੂਨ ਵਾਲਾ ਫ਼ਤਵਾ ਸੰਪਾਦਕੀ ਅਨੁਸਾਰ ‘ਹੁਣ ਵਿਰੋਧੀ ਧਿਰ ਮੁਕਤ ਹੋਣ ਦਾ ਖ਼ਦਸ਼ਾ ਨਹੀਂ ਰਿਹਾ’ ਅਹਿਮ ਹੈ ਅਤੇ ਇਹ ਐਮਰਜੈਂਸੀ ਦੇ ਵਿਰੁੱਧ ਫ਼ਤਵੇ ਵਰਗਾ ਹੀ ਹੈ। ਐਤਕੀਂ ਭਾਜਪਾ ਜਿੱਤ ਕੇ ਵੀ ਹਾਰ ਗਈ ਕਿਉਂਕਿ ਉਹ ਹੁਣ ਭਾਈਵਾਲਾਂ ਦੀਆਂ ਬੈਸਾਖੀਆਂ ਬਿਨਾਂ ਨਹੀਂ ਚੱਲੇਗੀ। ਇੰਡੀਆ ਗੱਠਜੋੜ ਬਹੁਮਤ ਤੋਂ ਘੱਟ ਰਹਿ ਕੇ ਵੀ ਜਿੱਤ ਗਿਆ। ਕਾਰਨ, ਭਾਜਪਾ 400 ਪਾਰ ਦੀ ਬਜਾਇ ਵਿਚਕਾਰ ਹੀ ਰਹਿ ਗਈ ਅਤੇ ਇੰਡੀਆ ਗੱਠਜੋੜ ਬਹੁਮਤ ਦੇ ਨੇੜੇ ਜਾ ਢੁਕਿਆ। ਲੋਕਤੰਤਰ ਲਈ ਇਹ ਚੰਗਾ ਸੰਤੁਲਨ ਹੈ। ਪਿਛਲੇ ਦਸ ਸਾਲਾਂ ਦੇ ਧਾਰਮਿਕ ਜਨੂਨ ਦੇ ਬਾਵਜੂਦ ਅਯੁੱਧਿਆ ਦੀ ਸੀਟ ਸਮਾਜਵਾਦੀ ਪਾਰਟੀ ਨੇ ਜਿੱਤ ਕੇ ਭਾਰਤੀ ਲੋਕਾਂ ਦੀ ਧਰਮ ਨਿਰਪੱਖਤਾ ਦੀ ਪੁਸ਼ਟੀ ਕੀਤੀ ਹੈ ਜਿਸ ਦੀ ਗਰੰਟੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕੀਤੀ ਹੋਈ ਹੈ। ਨਰਿੰਦਰ ਮੋਦੀ ਸਹਿਯੋਗ ਕਰਨ ਦੇ ਆਦੀ ਨਹੀਂ, ਮਨਮਰਜ਼ੀ ਦੇ ਮਾਲਕ ਹਨ। ਦੂਜੇ ਦੇ ਸਹਾਰੇ ਹਕੂਮਤ ਚਲਾਉਣੀ, ਨਰਮਾਈ ਅਤੇ ਸਹਿਮਤੀ ਦੀ ਮੰਗ ਕਰਦੀ ਹੈ। ਲੋਕ ਦਿਲਚਸਪੀ ਨਾਲ ਦੇਖਣਗੇ ਕਿ ਜੇ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਦੇ ਹਨ ਤਾਂ ਸਹਿਮਤੀ ਦਾ ਇਹ ਹੁਨਰ ਕਿਵੇਂ ਸਿੱਖਦੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ