ਪਾਠਕਾਂ ਦੇ ਖ਼ਤ
ਕੁਦਰਤ ਦੀ ਲੀਲ੍ਹਾ
30 ਮਈ ਦੇ ਨਜ਼ਰੀਆ ਵਿੱਚ ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਕੁਦਰਤ ਦੀ ਕਲਿਆਣਕਾਰੀ ਅਤੇ ਖ਼ੂਬਸੂਰਤ ਲੀਲ੍ਹਾ ਦਾ ਕਤਲ’ ਝੰਜੋੜਨ ਵਾਲਾ ਹੈ। ਜਾਗਦੀ ਜ਼ਮੀਰ ਵਾਲਾ ਹਰ ਇਨਸਾਨ ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਨ ਵਾਲੇ ਮਾਰੂ ਰੁਝਾਨ ਦੀ ਨਿੰਦਿਆ ਕੀਤੇ ਬਿਨਾਂ ਨਹੀਂ ਰਹਿ ਸਕਦਾ। ਸਰਕਾਰੀ, ਗ਼ੈਰ-ਸਰਕਾਰੀ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਕੁਦਰਤ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ। ਕਿਸਾਨ ਜਥੇਬੰਦੀਆਂ ਦੇ ਸੂਝਵਾਨ ਆਗੂਆਂ ਨੂੰ ਵੀ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।
ਬਲਵਿੰਦਰ ਗਿੱਲ, ਈਮੇਲ
(2)
ਮਹਿੰਦਰ ਸਿੰਘ ਦੋਸਾਂਝ ਦਾ ਲੇਖ ‘ਕੁਦਰਤ ਦੀ ਕਲਿਆਣਕਾਰੀ ਅਤੇ ਖ਼ੂਬਸੂਰਤ ਲੀਲ੍ਹਾ’ ਮਨੁੱਖ ਲਈ ਵੰਗਾਰ ਸੁੱਟ ਰਿਹਾ ਹੈ। ਮਨੁੱਖ ਨੂੰ ਕੁਦਰਤ ਨਾਲ ਵਧੀਕੀ ਬੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਦੋਖੀ ਸਾਬਿਤ ਹੋ ਜਾਵਾਂਗੇ। ਕੁਦਰਤ ਦਾ ਨੁਕਸਾਨ ਸਾਡਾ ਆਪਣਾ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਨੁਕਸਾਨ ਹੈ।
ਕੁਲਬੀਰ ਕੌਰ, ਹੁਸ਼ਿਆਰਪੁਰ
ਤਿਹਾਏ ਲੋਕ
29 ਮਈ ਦੇ ‘ਚੋਣ ਦੰਗਲ’ ਸਫ਼ੇ ’ਤੇ ‘ਲੋਕ ਪਾਣੀਓਂ ਤਿਹਾਏ, ਵੋਟ ਪਾਉਣ ਕੌਣ ਜਾਏ’ ਰਿਪੋਰਟ ਪੜ੍ਹੀ। ਦੁੱਖ ਹੋਇਆ ਕਿ ਸਾਡਾ ਸਿਸਟਮ ਆਮ ਜਨਤਾ ਬਾਰੇ ਕਿੰਨਾ ਫ਼ਿਕਰਮੰਦ ਹੈ। ਅੱਤ ਦੀ ਗਰਮੀ ਦਾ ਮੌਸਮ ਹੈ, ਲੋਕ ਗਰਮੀ ਦਾ ਸੰਤਾਪ ਭੋਗ ਰਹੇ ਹਨ, ਉਪਰੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਇਸ ਬਾਰੇ ਮਹਿਕਮੇ ਦਾ ਪ੍ਰਤੀਕਰਮ ਵੀ ਪੜ੍ਹਿਆ। ਇੱਕ-ਇੱਕ ਅਧਿਕਾਰੀ ਦੋ-ਦੋ, ਤਿੰਨ-ਤਿੰਨ ਅਧਿਕਾਰੀਆਂ ਦਾ ਕੰਮ ਕਰ ਰਿਹਾ ਹੈ, ਉਪਰੋਂ ਚੋਣ ਡਿਊਟੀਆਂ ਨੇ ਹਾਲਾਤ ਵਿਗਾੜ ਦਿੱਤੇ ਹਨ। ਜਲ ਸਪਲਾਈ ਸੇਵਾ ਜ਼ਰੂਰੀ ਸੇਵਾਵਾਂ ਅਧੀਨ ਆਉਂਦੀ ਹੈ ਪਰ ਸਾਡਾ ਪ੍ਰਸ਼ਾਸਨ ਅਜਿਹੀਆਂ ਸੇਵਾਵਾਂ ਅਤੇ ਆਮ ਜਨਤਾ ਦੀ ਕੋਈ ਪ੍ਰਵਾਹ ਨਹੀਂ ਕਰਦਾ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਸਿਆਸਤ ਦਾ ਨਿਘਾਰ
29 ਮਈ ਨੂੰ ਨਜ਼ਰੀਆ ਪੰਨੇ ’ਤੇ ਹਰਭਜਨ ਸਿੰਘ ਭੋਤਨਾ ਦੀ ਲਿਖਤ ‘ਸਾਦਗੀ ਤੇ ਚੋਣਾਂ’ ਅਤੇ ਸੰਪਾਦਕੀ ‘ਬੀਆਰਐੱਸ ਜਾਸੂਸੀ ਕਾਂਡ’ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਰਾਜਨੀਤੀ ਵਿੱਚ ਕਿੰਨਾ ਨਿਘਾਰ ਆ ਚੁੱਕਾ ਹੈ। ਅੱਜ ਦੀ ਰਾਜਨੀਤੀ ਲੋਕਮਾਰੂ ਅਤੇ ਕੋਰੀ ਲੁੱਟ ਹੋ ਕੇ ਰਹਿ ਗਈ ਹੈ। ਉਂਝ ਇਹ ਵੀ ਮੰਨਣਾ ਪਵੇਗਾ ਕਿ ਰਾਜਨੀਤੀ ਵੀ ਸਮਾਜ ਦਾ ਹੀ ਅਕਸ ਹੁੰਦੀ ਹੈ। ਪਹਿਲਾਂ ਲੋਕਾਂ ਅਤੇ ਲੀਡਰਾਂ ਵਿੱਚ ਅਜਿਹੀ ਸਾਂਝ ਹੁੰਦੀ ਸੀ ਕਿ ਲੋਕ ਉਨ੍ਹਾਂ ਦੀਆਂ ਤਕਰੀਰਾਂ ’ਤੇ ਵਿਸ਼ਵਾਸ ਕਰਦੇ ਸੀ ਤੇ ਵੋਟ ਦੇ ਕੇ ਸਹੀ ਲੋਕਾਂ ਨੂੰ ਅੱਗੇ ਲਿਆਉਂਦੇ ਸੀ। ਲੀਡਰ ਵੀ ਲੋਕ ਹਿੱਤ ਵਿੱਚ ਕੰਮ ਕਰਦੇ ਸਨ। ਪ੍ਰਤਾਪ ਸਿੰਘ ਕੈਰੋਂ ਵਰਗੇ ਸਿਆਸਤਦਾਨ ਜਿੱਡੇ ਵੱਡੇ ਲੀਡਰ ਸੀ, ਓਨੇ ਹੀ ਵੱਡੇ ਦਿਆਨਤਦਾਰ ਸਨ। ਅੱਜ ਦਾ ਵੋਟਰ ਵੀ ਮੌਕਾਪ੍ਰਸਤ ਤੇ ਲਾਲਚੀ ਹੋ ਗਿਆ ਹੈ। ਇਸ ਲਈ ਸੁਧਾਰ ਦੀ ਲੋੜ ਹਰ ਪਾਸੇ ਹੈ।
ਵਿਕਾਸ ਕਪਿਲਾ, ਖੰਨਾ
ਸਿਆਸੀ ਪਾਰਟੀਆਂ
28 ਮਈ ਦੇ ਅੰਕ ਵਿੱਚ ਪ੍ਰੋ. ਸੁਖਦੇਵ ਸਿੰਘ ਦਾ ਲੇਖ ‘ਪੰਜਾਬ ਚੋਣਾਂ ਅਤੇ ਵੋਟਰਾਂ ਦੀ ਦੁਚਿਤੀ’ ਵੋਟਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਲੇਖਕ ਨੇ ਸਿਆਸੀ ਪਾਰਟੀਆਂ ਬਾਰੇ ਜੋ ਵਿਸ਼ਲੇਸ਼ਣ ਕੀਤਾ ਹੈ, ਉਸ ਬਾਰੇ ਸਿਆਸੀ ਪਾਰਟੀਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਵੋਟਰਾਂ ਦਾ ਭੰਬਲਭੂਸੇ ਵਿੱਚ ਹੋਣਾ ਵੀ ਅਸਲੀਅਤ ਉਜਾਗਰ ਕਰਦਾ ਹੈ।
ਜਸਬੀਰ ਸਿੰਘ, ਸੰਗਰੂਰ
ਲੁੱਟ ਵੱਲ ਇਸ਼ਾਰਾ
24 ਮਈ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਖੁਸਰੇ’ ਪੜ੍ਹਿਆ। ਉਨ੍ਹਾਂ ਦਫ਼ਤਰਾਂ ਵਿੱਚ ਹੁੰਦੀ ਲੁੱਟ ਵੱਲ ਇਸ਼ਾਰਾ ਕੀਤਾ ਹੈ। ਜਿੱਥੇ ਪੁਲੀਸ ਅਫ਼ਸਰ, ਦਫ਼ਤਰਾਂ ਦੇ ਬਾਬੂ ਕਥਿਤ ਵੱਢੀ ਲੈਂਦੇ ਹਨ, ਉੱਥੇ ਪੱਤਰਕਾਰੀ ਵਰਗਾ ਖੇਤਰ ਵੀ ਹੁਣ ਇਸ ਬੁਰਾਈ ਤੋਂ ਸੱਖਣਾ ਨਹੀਂ ਰਿਹਾ। ਵੱਡੇ ਟੈਲੀਵਿਜ਼ਨ ਚੈਨਲ ਅਤੇ ਵੱਡੇ ਅਦਾਰੇ ਮਿੱਥ ਕੇ ਖ਼ਬਰਾਂ ਚਲਾਉਂਦੇ ਜਾਂ ਰੋਕਦੇ ਹਨ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ (ਹਰਿਆਣਾ)
ਟਿਕਾ ਕੇ ਕੀਤੀ ਗੱਲ
ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ਦਲ ਬਦਲ ਬੇਦਾਵਾ ਹੈ…’ (22 ਮਈ) ਵਿੱਚ ਸਿਆਸੀ ਆਗੂਆਂ ਬਾਰੇ ਬਹੁਤ ਟਿਕਾ ਕੇ ਗੱਲ ਕੀਤੀ ਹੈ। ਅੱਜ ਦੇ ਦੌਰ ਵਾਲਾ ਸਿਆਸੀ ਨਿਘਾਰ ਨੀਵਾਣਾਂ ਛੋਹ ਰਿਹਾ ਹੈ। ਸਿਆਸਤ ਵਿੱਚ ਹੁਣ ਨੈਤਿਕਤਾ ਨਾਂ ਦੀ ਕੋਈ ਸ਼ੈਅ ਨਜ਼ਰੀਂ ਨਹੀਂ ਪੈਂਦੀ। ਸੌੜੀ ਅਤੇ ਸੱਤਾ ਦੀ ਸਿਆਸਤ ਨੇ ਸਭ ਕੁਝ ਨਕਾਰਾ ਕਰ ਕੇ ਰੱਖ ਦਿੱਤਾ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਲਈ ਹੁਣ ਆਮ ਲੋਕਾਂ ਨੂੰ ਹੀ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਲੀਡਰਾਂ ਨੂੰ ਲੀਹ ’ਤੇ ਲਿਆਉਣ ਲਈ ਕਮਰ ਕੱਸ ਲੈਣੀ ਚਾਹੀਦੀ ਹੈ।
ਕਰਮ ਸਿੰਘ ਸੇਖਾ, ਪਠਾਨਕੋਟ
ਮਾਸੀ ਦੇ ਬਹਾਨੇ
18 ਮਈ ਦੇ ਨਜ਼ਰੀਆ ਪੰਨੇ ’ਤੇ ਜਸਵਿੰਦਰ ਸੁਰਗੀਤ ਦੀ ਰਚਨਾ ‘ਮਾਸੀ ਤੇ ਮਸ਼ੀਨ’ ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਰਚਨਾ ਦੀ ਪਾਤਰ ਮਾਸੀ ਵਰਗਿਆਂ ਨੂੰ ਦੇਖ ਕੇ ਹੀ ਤਾਂ ਲੋਕ ਅਕਸਰ ਕਹਿੰਦੇ ਹਨ: ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ। ਇਸੇ ਦਿਨ ਸਤਰੰਗ ਪੰਨੇ ’ਤੇ ਅਸ਼ੋਕ ਬਾਂਸਲ ਮਾਨਸਾ ਦਾ ਉੱਘੇ ਸ਼ਾਇਰ ਨੰਦ ਲਾਲ ਨੂਰਪੁਰੀ ਬਾਰੇ ਲੇਖ ਉਨ੍ਹਾਂ ਦੇ ਜ਼ਮਾਨੇ ਦੀਆਂ ਕਈ ਪਰਤਾਂ ਫਰੋਲਦਾ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਕੁਦਰਤ ਨਾਲ ਖਿਲਵਾੜ
30 ਮਈ ਦੇ ਅੰਕ ਵਿੱਚ ਡਾ. ਪ੍ਰਵੀਨ ਬੇਗਮ ਨੇ ਆਪਣੇ ਮਿਡਲ ‘ਸਾਡੇ ਹਿੱਸੇ ਦੀ ਛਾਂ’ ਵਿੱਚ ਅਜੋਕੇ ਸਮੇਂ ਵਿੱਚ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਸਰਕਾਰਾਂ ਦਰੱਖ਼ਤਾਂ ਦੀ ਕਟਾਈ ਕਰ ਰਹੀਆਂ ਹਨ। ਭਾਰਤ ਮਾਲਾ ਵਰਗੇ ਸੜਕੀ ਪ੍ਰਾਜੈਕਟ ਅਧੀਨ ਛੇ ਅਤੇ ਅੱਠ ਮਾਰਗੀ ਸੜਕਾਂ ਨਾਲ ਅਣਗਿਣਤ ਰੁੱਖ ਵੱਢ ਕੇ ਵਾਹੀਯੋਗ ਜ਼ਮੀਨ ਵੀ ਘਟਾਈ ਜਾ ਰਹੀ ਹੈ। ਇਹੀ ਉਹ ਕਾਰਨ ਹਨ ਜਿਸ ਕਰ ਕੇ ਗਰਮੀ ਵਧ ਰਹੀ ਹੈ ਅਤੇ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਗਏ ਹਨ। 25 ਮਈ ਨੂੰ ਨਜ਼ਰੀਆ ਪੰਨੇ ’ਤੇ ਡਾ. ਕੇ ਕੇ ਤਲਵਾਰ ਨੇ ਕਰੋਨਾ ਵੈਕਸੀਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਵੈਕਸੀਨ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ। ਨਾਲ ਹੀ ਉਨ੍ਹਾਂ ਸੁਚੇਤ ਵੀ ਕੀਤਾ ਹੈ। ਜਗਦੀਪ ਸਿੱਧੂ ਨੇ ਆਪਣੇ ਮਿਡਲ ‘ਤੂੰ ਵੀ ਮਿਲ ਜਾਵੇ’ ਵਿੱਚ ਖੇਤਾਂ ਤੇ ਘਰਾਂ ਦੀ ਗਿਣਤੀ ਮਿਣਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਹੈ। ਇਸੇ ਦਿਨ ਰਣਜੀਤ ਲਹਿਰਾ ਦੇ ਲੇਖ ‘ਕਿਸਾਨਾਂ ਦੇ ਭਾਜਪਾ ਵਿਰੋਧ ਦੀ ਵਾਜਬੀਅਤ’ ਵਿੱਚ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜ਼ਿਕਰ ਹੈ। ਸਤਰੰਗ ਪੰਨੇ ਉੱਤੇ ਸਹਿਦੇਵ ਕਲੇਰ ਨੇ ਆਸਾ ਸਿੰਘ ਮਸਤਾਨਾ ਦੀ ਗਾਇਕੀ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਪ੍ਰਕਾਸ਼ ਸਿੰਘ ਗਿੱਲ ਨੇ ‘ਨਵੀਂ ਪੀੜ੍ਹੀ ਦਾ ਬੁਢਾਪਾ ਕਿਵੇਂ ਹੋਵੇਗਾ’ ਵਿੱਚ ਦੱਸਿਆ ਕਿ ਕਿਵੇਂ ਲੋਕ ਰਿਸ਼ਤੇਦਾਰੀ ਨੂੰ ਵਿਸਾਰ ਕੇ ਕੇਵਲ ਮੋਬਾਇਲਾਂ ਵਿੱਚ ਹੀ ਰੁੱਝੇ ਹਨ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)