For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:11 AM May 23, 2024 IST
ਪਾਠਕਾਂ ਦੇ ਖ਼ਤ
Advertisement

ਸਿਆਸੀ ਆਗੂਆਂ ਦੇ ਕਿਰਦਾਰ
22 ਮਈ ਦੇ ਨਜ਼ਰੀਆ ਅੰਕ ਵਿਚ ਸੁੱਚਾ ਸਿੰਘ ਖੱਟੜਾ ਦਾ ਲੇਖ ‘ਦਲ ਬਦਲ ਬੇਦਾਵਾ ਹੈ’ ਜਾਣਕਾਰੀ ਭਰਪੂਰ ਹੋਣ ਦੇ ਨਾਲ-ਨਾਲ ਦਿਲਚਸਪ ਵੀ ਹੈ। ਲੇਖਕ ਨੇ ਮੌਜੂਦਾ ਪਾਰਟੀਆਂ ਦੇ ਆਗੂਆਂ ਦੇ ਕਿਰਦਾਰ ਦੀ ਸਹੀ ਵਿਆਖਿਆ ਕੀਤੀ ਹੈ। ਇਹ ਮੌਕਾਪ੍ਰਸਤ ਆਗੂ ਦਿਨੇ ਕਿਸੇ ਹੋਰ ਪਾਰਟੀ ਦਾ ਭਾਸ਼ਨ ਦੇ ਰਹੇ ਹੁੰਦੇ ਹਨ ਤੇ ਰਾਤ ਨੂੰ ਕਿਸੇ ਹੋਰ ਪਾਰਟੀ ਨਾਲ ਗੰਢ-ਤੁਪ ਕਰ ਰਹੇ ਹੁੰਦੇ ਹਨ। ਵੋਟਰ ਵਿਚਾਰੇ ਨੂੰ ਸਮਝ ਹੀ ਨਹੀਂ ਲੱਗਦੀ ਕਿ ਉਹ ਕੀ ਕਰੇ? ਅਸਲ ਵਿੱਚ ਇਹ ਹੁਣ ਧੰਦਾ ਬਣ ਚੁੱਕਾ ਹੈ ਤੇ ਪੂਰੇ ਜ਼ੋਰਾਂ ’ਤੇ ਹੈ, ਪਰ ਇਸ ਧੰਦੇ ਵਿੱਚ ਆਮ ਲੋਕਾਂ ਦਾ ਘਾਣ ਹੋ ਰਿਹਾ ਹੈ। ਚੋਣ ਕਮਿਸ਼ਨ ਨੂੰ ਦਲ ਬਦਲੂਆਂ ਬਾਰੇ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਅਨੁਸਾਰ ਦਲ ਬਦਲੀ ਵਾਲਾ ਆਗੂ ਘੱਟ ਤੋਂ ਘੱਟ ਛੇ ਸਾਲ ਕੋਈ ਚੋਣ ਨਾ ਲੜ ਸਕੇ। ਇਹ ਸੁਆਰਥੀ ਆਪਣੇ ਨਿੱਜ ਲਈ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਹਨ।
ਸੁਖਦੇਵ ਸਿੰਘ ਭੁੱਲੜ, ਬਠਿੰਡਾ

Advertisement


(2)
22 ਮਈ ਦੇ ਅੰਕ ਵਿੱਚ ਸੁੱਚਾ ਸਿੰਘ ਖੱਟੜਾ ਦੇ ਲੇਖ ‘ਦਲ ਬਦਲ ਬੇਦਾਵਾ ਹੈ…’ ਵਿੱਚ ਬੇਦਾਵਾ ਸ਼ਬਦ ਦੀ ਵਰਤੋਂ ਜਿਸ ਤਰ੍ਹਾਂ ਗਿਰਗਿਟ ਵਾਂਗ ਰੰਗ ਬਦਲਦੇ ਅਤੇ ਸਵੇਰੇ ਸ਼ਾਮ ਦਲ ਬਦਲੀ ਕਰਦੇ ਲੋਕਾਂ ਲਈ ਕੀਤੀ ਗਈ ਹੈ, ਉਹ ਸਹੀ ਨਹੀਂ। ਬੇਦਾਵਾ ਸਿੱਖ ਧਰਮ ਅਤੇ ਇਤਿਹਾਸ ਦਾ ਪਵਿੱਤਰ ਸ਼ਬਦ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ 40 ਸਿੰਘਾਂ ਦਾ ਬੇਦਾਵਾ ਦੇ ਕੇ ਚਲੇ ਜਾਣਾ ਉਨ੍ਹਾਂ ਦੀ ਲਗਾਤਾਰ ਜੰਗ ਅਤੇ ਭੁੱਖ ਤੋਂ ਬਚਣ ਲਈ ਮਜਬੂਰੀ ਸੀ ਪਰ ਮਹਾਨਤਾ ਇਸ ਗੱਲ ਵਿੱਚ ਹੈ ਕਿ ਚਾਲੀ ਦੇ ਚਾਲੀ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਗ਼ਲਤੀ ਨੂੰ ਸੁਧਾਰਿਆ। ਕੀ ਅੱਜ ਦੇ ਸਿਆਸਤਦਾਨਾਂ ਤੋਂ ਤੁਸੀਂ ਇਸ ਆਸ ਕਰ ਸਕਦੇ ਹੋ? 22 ਮਈ ਵਾਲੇ ਦੋਵੇਂ ਸੰਪਾਦਕੀ ‘ਡੇਰਿਆਂ ਦੀ ਸਿਆਸਤ’ ਅਤੇ ‘ਪੁਣੇ ਪੌਸ਼ ਹਾਦਸਾ’ ਦੇ ਦੋਵੇਂ ਵਿਸ਼ੇ ਧਿਆਨ ਦੀ ਮੰਗ ਕਰਦੇ ਹਨ। ਸਿਰਸਾ ਵਰਗੇ ਡੇਰਿਆਂ ਨੇ ਜਿੰਨੀ ਢਾਹ ਸਿੱਖ ਧਰਮ ਨੂੰ ਲਾਈ ਹੈ, ਅਜਿਹੇ ਡੇਰਿਆਂ ਤੋਂ ਬਚਣ ਦੀ ਲੋੜ ਹੈ। ਜਿੱਥੋਂ ਤਕ ਪੁਣੇ ਦੇ ਪੌਸ਼ ਹਾਦਸੇ ਦਾ ਸਵਾਲ ਹੈ, ਉਸ ਲਈ ਮਾਪੇ ਤੇ ਸਰਕਾਰ, ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ।
ਡਾ. ਤਰਲੋਚਨ ਕੌਰ, ਪਟਿਆਲਾ


ਡੇਰਿਆਂ ਦੀ ਸਿਆਸਤ
22 ਮਈ ਦੇ ਸੰਪਾਦਕੀ ‘ਡੇਰਿਆਂ ਦੀ ਸਿਆਸਤ’ ਵਿੱਚ ਸਹੀ ਲਿਖਿਆ ਹੈ ਕਿ ਡੇਰੇ ਗ਼ੈਰ-ਸਿਆਸੀ ਹੋਣ ਦਾ ਦਾਅਵਾ ਕਰਦੇ ਹਨ; ਅਸਲੀਅਤ ਕੁਝ ਹੋਰ ਹੈ। ਚੋਣ ਵੇਲੇ ਡੇਰਿਆਂ ’ਤੇ ਭਲਵਾਨੀ ਗੇੜਾ ਕੱਢਣ ਵਾਲੇ ਸਿਆਸੀ ਆਗੂਆਂ ਉੱਤੇ ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ’ਕੱਲੀ’ ਵਾਲੀ ਕਹਾਵਤ ਲਾਗੂ ਹੁੰਦੀ ਹੈ। 2 ਸਾਲ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣ ਗਏ। ਉਸ ਵੇਲੇ ਉਹ ਕਿਸੇ ਡੇਰੇ ਵਿੱਚ ਨਹੀਂ ਗਏ ਸਨ ਪਰ ਇਸ ਵਾਰ ‘ਆਪ’ ਦੇ ਆਗੂਆਂ ਨੇ ਵੀ ਡੇਰਿਆ ’ਤੇ ਜਾਣ ਦਾ ਰਿਕਾਰਡ ਤੋੜ ਦਿੱਤਾ। ਭਗਵੰਤ ਮਾਨ ਦੀਆਂ ਕੈਸਟਾਂ ਵਿੱਚ ਪਾਖੰਡੀ ਸਾਧਾਂ ’ਤੇ ਕੱਸੇ ਵਿਅੰਗ ਚੰਗੇ ਲੱਗਦੇ ਸਨ ਪਰ ਇਸ ਦੇ ਖ਼ੁਦ ਦੇ ਸਾਥੀ ਆਗੂਆਂ ਦਾ ਡੇਰਿਆਂ ’ਤੇ ਜਾਣ ਦਾ ਬਹੁਤ ਦੁੱਖ ਹੋਇਆ। ਇਸ ਤੋਂ ਪਹਿਲਾਂ 21 ਮਈ ਵਾਲੇ ‘ਚੋਣ ਦੰਗਲ’ ਪੰਨੇ ’ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਬਿਆਨ ਕਿ ਕਿਸਾਨ ਧਰਨਿਆਂ ਵਿੱਚ ‘ਆਪ’ ਦੇ ਵਰਕਰ ਭੇਸ ਬਦਲ ਕੇ ਸ਼ਾਮਿਲ ਹੋ ਰਹੇ ਹਨ, ਬਹੁਤ ਹਾਸੋਹੀਣਾ ਤੇ ਸਚਾਈ ਤੋਂ ਕੋਹਾਂ ਦੂਰ ਹੈ। ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ 33 ਦਿਨ ਧਰਨਾ ਲਾਇਆ। 5500 ਟਰੇਨਾਂ ਦੇ ਰੂਟ ਰੱਦ ਹੋਏ, ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਰੇਲਵੇ ਨੂੰ 163 ਕਰੋੜ ਰੁਪਏ ਦਾ ਘਾਟਾ ਪਿਆ। ਨਾੜ ਨੂੰ ਅੱਗ ਲੱਗਣ ਕਰ ਕੇ ਸੜਕਾਂ ਦੇ ਨੇੜੇ ਦਰਖ਼ਤ ਸੜ ਜਾਂਦੇ ਹਨ, ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਪਰ ਹੁਕਮਰਾਨ ਚੁੱਪ ਹਨ। ਇਸ ਸਭ ਕਾਸੇ ਦੀ ਜ਼ਿੰਮੇਵਾਰੀ ਫਿਰ ਕਿਸ ਦੀ ਹੈ? 17 ਮਈ ਦੇ ਅੰਕ ’ਚ ਚਰਨਜੀਤ ਭੁੱਲਰ ਨੇ ਸਿਆਸੀ ਲੋਭ ਦਾ ਵਧੀਆ ਢੰਗ ਨਾਲ ਪਰਦਾਫਾਸ਼ ਕੀਤਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


ਗੰਭੀਰ ਮੁੱਦਾ
21 ਮਈ ਦਾ ਸੰਪਾਦਕੀ ‘ਮਸਾਲਿਆਂ ’ਚ ਮਿਲਾਵਟ’ ਪੜ੍ਹਿਆ। ਭਾਰਤੀ ਮਸਾਲਿਆਂ ਵਿੱਚ ਮਿਲਾਵਟ ਦਾ ਮੁੱਦਾ ਬਹੁਤ ਗੰਭੀਰ ਹੈ। ਕੁਝ ਗਵਾਂਢੀ ਮੁਲਕਾਂ ਨੇ ਮਸਾਲਿਆਂ ਦੀਆਂ ਦਰਾਮਦਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਮਸਾਲਿਆਂ ਵਿੱਚ ਖ਼ਤਰਨਾਕ ਰਸਾਇਣ ਇਥਾਇਲੀਨ ਆਕਸਾਈਡ ਦੀ ਮਾਤਰਾ ਪ੍ਰਵਾਨਿਤ ਹੱਦ ਤੋਂ ਵੱਧ ਨਿਕਲੀ ਹੈ ਜੋ ਸਿੱਧੇ ਤੌਰ ’ਤੇ ਕੈਂਸਰ ਵਰਗੀਆਂ ਭਿਅੰਕਰ ਬਿਮਾਰੀਆਂ ਨੂੰ ਸੱਦਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ/ਗੁਣਵੱਤਾ ਵਿੱਚ ਕਮੀ ਆਈ ਹੈ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ’ਤੇ ਸਵਾਲ ਉੱਠਦੇ ਰਹੇ ਹਨ। ਇਸ ਮਸਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਵਿਦਿਅਕ ਪ੍ਰਬੰਧ
21 ਮਈ ਨੂੰ ਡਾ. ਗੁਰਤੇਜ ਸਿੰਘ ਦਾ ਲੇਖ ‘ਵਿਦਿਅਕ ਪ੍ਰਬੰਧ ਅਤੇ ਵਿਦਿਆਥੀਆਂ ਦੀਆਂ ਖ਼ੁਦਕੁਸ਼ੀਆਂ’ ਪੜ੍ਹਿਆ ਜਿਸ ਵਿੱਚ ਵਿਦਿਆਰਥੀ ਖ਼ੁਦਕੁਸ਼ੀਆਂ ਬਾਰੇ ਚਰਚਾ ਕੀਤੀ ਹੈ। ਜ਼ਿੰਦਗੀ ਦੀ ਭੱਜ-ਦੌੜ ਦੀ ਮੰਜ਼ਿਲ ਸਫਲਤਾ ਹਾਸਿਲ ਕਰਨਾ ਹੁੰਦਾ ਹੈ ਪਰ ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਔਕੜਾਂ ਆਉਣ ਕਾਰਨ ਉਦਾਸੀ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਅਤੇ ਨਿਰਾਸ਼ਾ ਆਦਮੀ ਨੂੰ ਆਤਮ-ਹੱਤਿਆ ਵੱਲ ਧੱਕਦੀ ਹੈ। ਵਿਦਿਆਰਥੀ ਬਹੁਤ ਸਾਰੇ ਇਮਤਿਹਾਨ ਰੁਜ਼ਗਾਰ ਪ੍ਰਾਪਤ ਕਰਨ ਲਈ ਦਿੰਦੇ ਹਨ ਪਰ ਮਾਪਿਆਂ ਦੁਆਰਾ ਅਕਸਰ ਬੱਚਿਆਂ ਉੱਪਰ ਇਹ ਇਮਤਿਹਾਨ ਪਾਸ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ। ਅਸਫਲ ਰਹਿਣ ’ਤੇ ਵਿਦਿਆਰਥੀ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ। ਲੇਖਕ ਨੇ ਇਹ ਸੱਚ ਵੀ ਸਾਹਮਣੇ ਲਿਆਂਦਾ ਹੈ ਕਿ ਸੰਸਾਰ ਸਿਹਤ ਸੰਗਠਨ ਅਨੁਸਾਰ ਸੰਸਾਰ ਅੰਦਰ ਜੰਗਾਂ ਅਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ-ਹੱਤਿਆ ਨਾਲ ਜ਼ਿਆਦਾ ਲੋਕ ਮਰਦੇ ਹਨ ਜਿਸ ਦਾ ਮੁੱਖ ਕਾਰਨ ਤਣਾਅ ਹੈ। ਖ਼ੁਦਕੁਸ਼ੀਆਂ ਦੀ ਰੋਕਥਾਮ ਇਹ ਹੈ ਕਿ ਜਦੋਂ ਤਕ ਮਨੁੱਖ ਆਪਣੀ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਵਧਾਉਂਦਾ, ਉਦੋਂ ਤੱਕ ਖ਼ੁਦਕੁਸ਼ੀਆਂ ਦੇ ਰਾਹ ਪਿਆ ਰਹੇਗਾ। ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਹਿਜਤਾ ਨਾਲ ਲੈ ਕੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣਾ ਹੀ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਹਨ, ਉਨ੍ਹਾਂ ਦਾ ਆਨੰਦ ਲਿਆ ਜਾਵੇ ਅਤੇ ਚੰਗਾ ਸਾਹਿਤ ਪੜ੍ਹ ਕੇ ਜ਼ਿੰਦਗੀ ਦੀ ਸੋਚ ਦੇ ਘੇਰੇ ਨੂੰ ਵਿਸ਼ਾਲ ਬਣਾਇਆ ਜਾਵੇ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)


(2)
21 ਮਈ ਨੂੰ ਡਾ. ਗੁਰਤੇਜ ਸਿੰਘ ਦਾ ਲੇਖ ‘ਵਿਦਿਅਕ ਪ੍ਰਬੰਧ ਅਤੇ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ’ ਅੱਖਾਂ ਖੋਲ੍ਹਣ ਵਾਲਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦੇ ਮਾਮਲਿਆਂ ਵਿੱਚ ਮਾਪਿਆਂ ਨੂੰ ਬਹੁਤ ਸੋਚ-ਸਮਝ ਕੇ ਚੱਲਣਾ ਚਾਹੀਦਾ ਹੈ।
ਬਲਬੀਰ ਕੌਰ, ਹੁਸ਼ਿਆਰਪੁਰ


ਜਾਪਾਨ ਦਾ ਆਰਥਿਕ ਸੰਕਟ
21 ਮਈ ਨੂੰ ਨਜ਼ਰੀਆ ਪੰਨੇ ਦਾ ਮੁੱਖ ਲੇਖ ‘ਜਾਪਾਨ ਦਾ ਆਰਥਿਕ ਸੰਕਟ ਅਤੇ ਭਾਰਤ’ ਪੜ੍ਹਿਆ। ਲੇਖਕ ਰਾਜੀਵ ਖੋਸਲਾ ਨੇ ਬੜੇ ਵਿਸਥਾਰ ਨਾਲ ਜਾਪਾਨ ਦੀ ਆਰਥਿਕ ਕਹਾਣੀ ਬਿਆਨ ਕੀਤੀ ਹੈ। ਜਾਪਾਨ ਇਸ ਵਕਤ ਸੰਸਾਰ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਹੈ। ਜਾਪਦਾ ਹੈ, ਭਾਰਤ ਇਸ ਤੋਂ ਅੱਗੇ ਲੰਘ ਜਾਵੇਗਾ ਪਰ ਭਾਰਤ ਦੇ ਹੋ ਰਹੇ ਵਿਕਾਸ ਦਾ ਬਹੁਤਾ ਫ਼ਾਇਦਾ ਉਪਰਲੇ ਤਬਕਿਆਂ ਨੂੰ ਹੋ ਰਿਹਾ ਹੈ। ਆਮ ਲੋਕ ਆਰਥਿਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਹੋਰ ਤਾਂ ਹੋਰ, ਇਨ੍ਹਾਂ ਆਰਥਿਕ ਔਕੜਾਂ ਕਾਰਨ ਆਮ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਅਤੇ ਬੱਚੇ ਮਿਆਰੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਭਾਰਤ ਸਰਕਾਰ ਨੂੰ ਨੀਤੀਆਂ ਦਾ ਮੂੰਹ ਆਮ ਲੋਕਾਂ ਵੱਲ ਮੋੜਨਾ ਚਾਹੀਦਾ ਹੈ।
ਜਸਵੰਤ ਸਿੰਘ, ਮਾਨਸਾ

Advertisement
Author Image

joginder kumar

View all posts

Advertisement
Advertisement
×