For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:08 AM May 17, 2024 IST
ਪਾਠਕਾਂ ਦੇ ਖ਼ਤ
Advertisement

ਨਿਆਂ ਪ੍ਰਣਾਲੀ ’ਤੇ ਸਹੀ ਸਵਾਲ

16 ਮਈ ਦੀ ਸੰਪਾਦਕੀ ‘ਨਿਆਂ ਦੀ ਜਿੱਤ’ ਵਿੱਚ ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀਆਂ ਵਲੋਂ ਮੋਦੀ ਸਰਕਾਰ ਦੇ ਦਬਾਅ ਹੇਠ ਸਿਆਸੀ ਵਿਰੋਧੀਆਂ ਖ਼ਿਲਾਫ਼ ਯੂਏਪੀਏ ਵਰਗੇ ਬਸਤੀਵਾਦੀ ਕਾਲੇ ਕਾਨੂੰਨ ਹੇਠ ਅਪਣਾਈ ਜਾ ਰਹੀ ਲੋਕ ਵਿਰੋਧੀ ਨਿਆਂ ਪ੍ਰਣਾਲੀ ਉੱਤੇ ਬਿਲਕੁਲ ਸਹੀ ਸਵਾਲ ਉਠਾਏ ਗਏ ਹਨ। ਸੁਪਰੀਮ ਕੋਰਟ ਵੱਲੋਂ ‘ਨਿਊਜ਼ਕਲਿੱਕ’ ਦੇ ਸੰਸਥਾਪਕ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਅਤੇ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਦੀ ਰਿਹਾਈ ਦੇ ਫ਼ੈਸਲੇ ਬੇਸ਼ੱਕ ਸ਼ਲਾਘਾਯੋਗ ਹਨ ਪਰ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਬਿਨਾਂ ਕਿਸੇ ਠੋਸ ਕਾਨੂੰਨੀ ਸਬੂਤ ਦੇ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਇਨ੍ਹਾਂ ਦੋਵਾਂ ਦੇ ਜੇਲ੍ਹ ਵਿੱਚ ਜਿੰਨੇ ਸਾਲ ਬਰਬਾਦ ਹੋਏ ਹਨ, ਉਨ੍ਹਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕੇਸ ਚਲਾਉਣ ਬਾਰੇ ਵੀ ਸੁਪਰੀਮ ਕੋਰਟ ਨੂੰ ਆਪਣਾ ਫ਼ੈਸਲਾ ਦੇਣਾ ਚਾਹੀਦਾ ਸੀ। ਅਜਿਹੇ ਜਾਂਚ ਅਧਿਕਾਰੀਆਂ ਦੀ ਵਜ੍ਹਾ ਕਰਕੇ ਹੀ ਤਿੰਨ ਸਾਲ ਪਹਿਲਾਂ 84 ਸਾਲਾ ਮਨੁੱਖੀ ਅਧਿਕਾਰ ਕਾਰਕੁਨ ਸਟੇਨ ਸਵਾਮੀ ਅਤੇ ਨੌਜਵਾਨ ਪਾਂਡੂ ਨਰੋਟੇ ਦੀ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਅਤੇ ਸਹੀ ਇਲਾਜ ਨਾ ਹੋਣ ਕਰਕੇ ਹੀ ਨਿਆਂਇਕ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀ ਐੱਨ ਸਾਈਬਾਬਾ ਵੱਲੋਂ ਉਮਰ ਕੈਦ ਦੀ ਸਜ਼ਾ ਦੇ ਖ਼ਿਲਾਫ਼ ਕੀਤੀ ਅਪੀਲ ਦੀ ਸੁਣਵਾਈ ਵਿੱਚ ਜਾਣ-ਬੁੱਝ ਕੇ ਦੇਰੀ ਕਰ ਕੇ ਉਸਨੂੰ ਦਸ ਸਾਲ ਨਾਗਪੁਰ ਦੀ ਕੇਂਦਰੀ ਜੇਲ੍ਹ ਦੇ ਅੰਡਾ ਸੈੱਲ ਵਿੱਚ ਨਾਜਾਇਜ਼ ਨਜ਼ਰਬੰਦ ਰੱਖਿਆ ਗਿਆ। ਭਾਰਤੀ ਸੰਵਿਧਾਨ ਦੀ ਧਾਰਾ 21 ਤਹਿਤ ਜਿਊਣ ਅਤੇ ਨਿੱਜੀ ਆਜ਼ਾਦੀ ਦੇ ਸੰਵਿਧਾਨਕ ਹੱਕ ਦੀ ਉਲੰਘਣਾ ਕਰਕੇ ਉਪਰੋਕਤ ਕਾਰਕੁਨਾਂ ਦੀ ਜ਼ਿੰਦਗੀ ਦੇ ਕਈ ਕੀਮਤੀ ਸਾਲ ਬਰਬਾਦ ਕੀਤੇ ਗਏ ਹਨ ਜਿਸ ਲਈ ਪੁਲੀਸ ਅਤੇ ਜਾਂਚ ਏਜੰਸੀਆਂ ਦੇ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਹੈ। ਜ਼ਾਹਿਰ ਹੈ ਕਿ ਦੇਰੀ ਨਾਲ ਦਿੱਤਾ ਗਿਆ ਨਿਆਂ ਦਰਅਸਲ ਨਿਆਂ ਦੇਣ ਤੋਂ ਇਨਕਾਰ ਕਰਨਾ ਹੀ ਹੁੰਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

Advertisement


ਉਰਦੂ ਨਾਲ ਇਨਸਾਫ਼

ਕੁਲਵਿੰਦਰ ਸਿੰਘ ਮਲੋਟ ਦਾ ਮਿਡਲ ‘ਉਰਦੂ ਸਿੱਖਦਿਆਂ’ (16 ਮਈ) ਪਿਆਰੀ ਰਚਨਾ ਹੈ, ਉਰਦੂ ਪ੍ਰੇਮੀ ਤਾਂ ਆਰਟੀਕਲ ਦੇ ਅੰਤ ਵਿੱਚ ਦਿੱਤੀ ਗ਼ਜ਼ਲ ਵਿੱਚੋਂ ਸੁਦਰਸ਼ਨ ਫਾਕਿਰ ਦੇ ਸ਼ੇਅਰ ਪੜ੍ਹ ਕੇ ਵੀ ਚੁੱਪ ਨਹੀਂ ਹੋਣਗੇ ਕਿਉਂਕਿ ਉਰਦੂ ਨਾਲ ਭਾਰਤ ਵਿੱਚ ਜ਼ਿਆਦਤੀ ਹੀ ਇੰਨੀ ਕਰ ਦਿੱਤੀ ਗਈ ਹੈ। ਕਾਸ਼! ਇਹ ਰਚਨਾ ਪੜ੍ਹਨ ਉਪਰੰਤ ਘੱਟੋ-ਘੱਟ ਪੰਜਾਬ ਸਰਕਾਰ ਹੀ ਹਰ ਬਲਾਕ ਵਿੱਚ ਇੱਕ ਉਰਦੂ ਸਿਖਲਾਈ ਕੇਂਦਰ ਖੋਲ੍ਹੇ ਅਤੇ ਇਸ ਸ਼ਾਨਾਂਮੱਤੀ ਭਾਸ਼ਾ ਨਾਲ ਇਨਸਾਫ਼ ਕਰ ਸਕੇ। ਇਹ ਸਕੀਮ ਪਾਇਲਟ ਪ੍ਰਾਜੈਕਟ ਵਜੋ ਹਰ ਬਲਾਕ ਲਈ ਇੱਕ ਸਾਲ ਲਈ ਦਿੱਤੀ ਜਾਵੇ ਪਰ ਦਿੱਤੀ ਜਾਵੇ ਪੂਰੀਆਂ ਸਹੂਲਤਾਂ ਨਾਲ। ਕੇਂਦਰ ਖੋਲ੍ਹਣ ਲਈ ਪੰਦਰਾਂ ਸਿਖਿਆਰਥੀਆਂ ਦੀ ਸ਼ਰਤ ਬੇਸ਼ੱਕ ਲਗਾ ਦਿੱਤੀ ਜਾਵੇ।
ਸੁੱਚਾ ਸਿੰਘ ਖੱਟੜਾ, ਪਿੰਡ ਮਹੈਣ (ਰੂਪਨਗਰ)

Advertisement


(2)

ਅਵਿਜੀਤ ਪਾਠਕ ਦਾ ਲੇਖ ‘ਹਿਮਾਲਿਆ ਦੇ ਇੱਕ ਪਿੰਡ ਦੇ ਸਬਕ’ ਕੁਦਰਤ ਪ੍ਰੇਮੀ ਹੋਣ ਦਾ ਹੋਕਾ ਦਿੰਦਾ ਹੈ। ਲੇਖਕ ਕੁਦਰਤ ਦੀ ਗੋਦ ਵਿੱਚ ਵਸੇ ਉੱਤਰਾਖੰਡ ਦੇ ਕਿਸੇ ਛੋਟੇ ਜਿਹੇ ਪਿੰਡ ਵਿੱਚ ਘੁੰਮਣ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕੁਦਰਤ ਮਨੁੱਖ ਨੂੰ ਬਹੁਤ ਕੁਝ ਸਿਖਾਉਂਦੀ ਹੈ ਜੋ ਵੱਡੀ ਤੋਂ ਵੱਡੀ ਵਿੱਦਿਅਕ ਸੰਸਥਾ ਸ਼ਾਇਦ ਨਾ ਸਿਖਾ ਸਕੇ। ਲੇਖਕ ਨੇ ਕੁਦਰਤ ਤੋਂ ਤਿੰਨ ਸਬਕ ਸਿੱਖੇ ਹਨ। ਪਹਿਲਾਂ ਇਕਾਂਤ ਜਾਂ ਖਾਮੋਸ਼ੀ ਦੀ ਤਾਕਤ ਨੂੰ ਮਹਿਸੂਸ ਕਰਨਾ ਸਿਰਫ਼ ਕੁਦਰਤੀ ਵਾਤਾਵਰਨ ਹੀ ਸਿਖਾ ਸਕਦਾ ਹੈ। ਜੰਗਲ ਦੇ ਜਾਨਵਰ ਨੰਗੇ ਪੈਰਾਂ ਦੀ ਆਹਟ ਵੀ ਦੂਰੋਂ ਸੁਣ ਲੈਂਦੇ ਹਨ ਕਿਉਂਕਿ ਸ਼ਾਂਤ ਦੇ ਇਕਾਂਤ ਵਾਤਾਵਰਨ ਵਿੱਚ ਰਹਿਣ ਕਰ ਕੇ ਉਨ੍ਹਾਂ ਦੀ ਸੁਣਨ ਸ਼ਕਤੀ ਬਹੁਤ ਸੂਖ਼ਮ ਹੋ ਜਾਂਦੀ ਹੈ ਜਦੋਂਕਿ ਅਸੀਂ ਆਧੁਨਿਕ ਕਹਾਉਣ ਵਾਲੇ ਮਨੁੱਖ ਸ਼ੋਰ-ਸ਼ਰਾਬੇ ਦੀ ਦੁਨੀਆ ਵਿੱਚ ਕਿਧਰੇ ਗੁਆਚ ਗਏ ਹਾਂ। ਦੂਜਾ ਸਬਕ ਲੇਖਕ ਨੇ ਅੰਤਰਸਬੰਧਤਾ ਦਾ ਸਿੱਖਿਆ ਹੈ। ਮਨੁੱਖ ਇਸ ਸਮੁੱਚੀ ਕਾਇਨਾਤ ਦਾ ਸਿਰਫ਼ ਇੱਕ ਹਿੱਸਾ ਮਾਤਰ ਹੈ। ਇਸ ਬਾਰੇ ਗੁਰਬਾਣੀ ਦਾ ਕਥਨ ਹੈ ‘ਜੋ ਪਿੰਡੇ ਸੋਈ ਬ੍ਰਹਿਮੰਡੇ।’ ਤੀਜਾ ਸਬਕ ਮੁਕਾਬਲੇ ਦੀ ਨਿਰਾਰਥਕਤਾ ਹੈ। ਦਰਅਸਲ ਕੁਦਰਤ ਦੀ ਹਰ ਚੀਜ਼ ਆਪਣੇ-ਆਪ ਵਿੱਚ ਖ਼ੂਬਸੂਰਤ ਅਤੇ ਮੁਕੰਮਲ ਹੈ ਜਦੋਂਕਿ ਆਧੁਨਿਕ ਕਹਾਉਣ ਵਾਲਾ ਮਨੁੱਖ ਇਨ੍ਹਾਂ ਸਾਰੀਆਂ ਕੁਦਰਤੀ ਚੀਜ਼ਾਂ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਕਰਕੇ ਵਾਤਾਵਰਨ ਦਾ ਸਮਤੋਲ ਗੜਬੜਾ ਗਿਆ ਹੈ। ਸਿੱਟੇ ਵਜੋਂ ਹੜ੍ਹ, ਸੋਕਾ, ਭੁਚਾਲ, ਢਿੱਗਾਂ ਦਾ ਡਿੱਗਣਾ, ਆਲਮੀ ਤਪਸ਼ ਆਦਿ ਸਮੱਸਿਆਵਾਂ ਦਾ ਵਾਧਾ ਹੋ ਰਿਹਾ ਹੈ। ਸੋ, ਮਨੁੱਖ ਨੂੰ ਕੁਦਰਤ ਪ੍ਰੇਮੀ ਹੋਣ ਦੀ ਲੋੜ ਹੈ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ


‘ਠੱਗਾਂ ਦੇ ਕਿਹੜਾ ਹਲ ਚਲਦੇ’

15 ਮਈ ਦੇ ਅੰਕ ਵਿੱਚ ਰਵਨੀਤ ਕੌਰ ਦਾ ਲੇਖ ‘ਠੱਗਾਂ ਦੇ ਕਿਹੜਾ ਹਲ ਚਲਦੇ ਨੇ’…ਪੜ੍ਹਿਆ। ਅੱਜ ਸਾਇੰਸ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਨਿੱਤ ਨਵੀਂ ਤਕਨਾਲੋਜੀ ਨਾਲ ਇੰਡੀਆ ਡਿਜੀਟਲ ਹੋ ਗਿਆ ਹੈ। ਇਸ ਤਕਨੀਕ ਵਿੱਚ ਠੱਗ-ਚੋਰ ਵੀ ਪਿੱਛੇ ਨਹੀਂ ਰਹੇ। ਰੋਜ਼ਾਨਾ ਨਵੀਂ ਤਕਨੀਕ ਰਾਹੀਂ ਲੋਕਾਂ ਨੂੰ ਠੱਗ ਰਹੇ ਹਨ। ਪਰੰਤੂ ਕੁਝ ਲੋਕ ਇਨ੍ਹਾਂ ਦੀਆਂ ਗੱਲਾਂ-ਬਾਤਾਂ ਤੇ ਚਾਲਾਂ ਨੂੰ ਸਮਝ ਜਾਂਦੇ ਹਨ ਪਰ ਕੁਝ ਲੋਕ ਠੱਗੇ ਜਾਂਦੇ ਹਨ। ਦੋ ਮਹੀਨੇ ਪਹਿਲਾਂ ਮੇਰਾ ਵੀ ਇੱਕ ਸਿਆਸੀ ਇਕੱਠ ਵਿੱਚ ਬਟੂਆ ਚੋਰੀ ਹੋ ਗਿਆ। ਪੈਸੇ ਦੇ ਨਾਲ ਸਰਕਾਰੀ ਦਸਤਾਵੇਜ਼ ਸਨ, ਨਹੀਂ ਮਿਲੇ। ਉਸ ਠੱਗ ਦੀ ਹੱਥ ਦੀ ਸਫਾਈ ਏਨੀ ਸੀ ਕਿ ਪਤਾ ਹੀ ਨਹੀਂ ਲੱਗਿਆ। ਸਾਰਿਆਂ ਨੂੰ ਇਨ੍ਹਾਂ ਠੱਗਾਂ-ਚੋਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਬੂਟਾ ਸਿੰਘ ਚਤਾਮਲਾ (ਰੂਪਨਗਰ)


ਕੀ ਦੱਸਣਾ ਚਾਹੁੰਦੇ ਨੇ ਬਿੱਟੂ

ਰਵਨੀਤ ਬਿੱਟੂ ਇਹ ਕਹਿੰਦਿਆਂ ਕਾਂਗਰਸ ਦੀ ਨਿੰਦਾ ਕਰ ਰਹੇ ਹਨ ਕਿ ਭਾਜਪਾ ਨੇ ਜੋ ਦਸ ਸਾਲ ਵਿੱਚ ਕੀਤਾ ਕਾਂਗਰਸ ਨੇ ਪੰਜਾਹ ਸਾਲ ’ਚ ਨਹੀਂ ਕੀਤਾ ਤਾਂ ਆਪਣੇ ਦਾਦੇ ਬੇਅੰਤ ਸਿੰਘ ਜੋ 35 ਸਾਲ ਕਾਂਗਰਸੀ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਰਹੇ, ਦੀ ਕਾਰ ਰਾਹੀਂ ਕੀ ਦੱਸਣਾ ਚਾਹੁੰਦੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਮਨੁੱਖ ਤੇ ਘਰ

4 ਮਈ ਦੇ ਨਜ਼ਰੀਆ ਪੰਨੇ ’ਤੇ ਸਤਵਿੰਦਰ ਸਿੰਘ ਮੜੌਲਵੀ ਦਾ ਮਿਡਲ ‘ਚੇਤਿਆਂ ’ਚ ਵਸਿਆ ਪੁਰਾਣਾ ਘਰ’ ਬਹੁਤ ਖ਼ੂਬਸੂਰਤ ਅਹਿਸਾਸ ਦੀ ਤਰਜਮਾਨੀ ਕਰਦਾ ਹੈ। ਪ੍ਰਸਿੱਧ ਪੰਜਾਬੀ ਵਾਰਤਾਕਾਰ ਪ੍ਰਿੰ. ਤੇਜਾ ਸਿੰਘ ਦੇ ਕਥਨ ਅਨੁਸਾਰ ‘ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸੱਧਰਾਂ ਪਲਦੀਆਂ ਹਨ, ਜਿੱਥੇ ਮਾਂ-ਪਿਉ, ਭੈਣ-ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ, ਜਿੱਥੇ ਸਾਰੇ ਜਹਾਨ ਨੂੰ ਗਾਹ ਕੇ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਦਿਲ ਕਰਦਾ ਹੈ ਤੇ ਜਿੱਥੇ ਬੁਢਾਪੇ ਵਿੱਚ ਜੀਵਨ ਦੇ ਸਾਰੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ।’’ ਅਸਲ ਵਿੱਚ ਘਰ ਮਨੁੱਖ ਦੀ ਸ਼ਖ਼ਸੀਅਤ ਨੂੰ ਘੜਨ/ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਤਾਂ ਇੱਥੋਂ ਤਕ ਕਹਿੰਦਾ ਹੈ ਕਿ ਜੋ ਵਿਅਕਤੀ ਆਪਣੇ ਘਰ ਨੂੰ ਪਿਆਰ ਨਹੀਂ ਕਰਦਾ ਉਹ ਕਦੇ ਵੀ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਨੂੰ ਪਿਆਰ ਨਹੀਂ ਕਰ ਸਕਦਾ। ਅਸਲ ਵਿੱਚ ਮਨੁੱਖ ਦਾ ਚਰਿੱਤਰ ਘੜਿਆ ਹੀ ਘਰ ਵਿੱਚ ਜਾਂਦਾ ਹੈ। ਇਸੇ ਤਰ੍ਹਾਂ ਪ੍ਰਸਿੱਧ ਲੇਖਕ ਤੇ ਫਿਲਮੀ ਅਦਾਕਾਰ ਬਲਰਾਜ ਸਾਹਨੀ ਨੂੰ ਵੀ ਆਪਣੇ ਘਰ ਨਾਲ ਅੰਤਾਂ ਦਾ ਮੋਹ ਸੀ। ਉਹ ਵੰਡ ਮਗਰੋਂ ਪਾਕਿਸਤਾਨ ਦੇ ਪਿੰਡ ਭੇਰਾ ਜਾਂਦਾ ਹੈ ਜਿੱਥੇ ਉਹ ਆਪਣਾ ਜੱਦੀ ਘਰ ਵੇਖ ਕੇ ਆਪਣਾ ਆਪਾ ਖੋ ਬੈਠਦਾ ਹੈ। ਸੱਚਮੁੱਚ ਹੀ ਘਰ ਦੇ ਪਿਆਰ ਦੀ ਹਰ ਮਨੁੱਖੀ ਜੀਵਨ ਵਿੱਚ ਇੱਕ ਨਿਵੇਕਲੀ ਤੇ ਚਿਰੰਜੀਵੀ ਥਾਂ ਹੁੰਦੀ ਹੈ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ


ਵੇਲਾ ਸਾਂਭਣ ਦੀ ਲੋੜ

ਅਵਿਜੀਤ ਪਾਠਕ ਦੇ ਲੇਖ ‘ਹਿਮਾਲਿਆ ਦੇ ਇੱਕ ਪਿੰਡ ਦੇ ਸਬਕ’ (15 ਮਈ) ਵਿਚਲੇ ਸ਼ਬਦ ਸਚਾਈ ਬਿਆਨ ਕਰਦੇ ਹਨ। ਆਧੁਨਿਕਤਾ ਅਤੇ ਵਿਕਾਸ ਦੀ ਹਨੇਰੀ ਸਾਨੂੰ ਕਿਸ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ, ਇਸਦੀ ਝਲਕ ਅਸੀਂ ਪਿਛਲੇ ਸਾਲਾਂ ਦੌਰਾਨ ਉਤਰਾਖੰਡ ਵਿੱਚ ਦੇਖ ਚੁੱਕੇ ਹਾਂ ਪਰ ਫਿਰ ਵੀ ਇਸ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ। ਵਿਕਾਸ ਦੇ ਨਾਂ ’ਤੇ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਆਉਣ ਵਾਲੇ ਸਮੇਂ ਅਤੇ ਨਸਲਾਂ ਲਈ ਸਿਰਫ਼ ਤਬਾਹੀ ਦਾ ਕਾਰਨ ਹੀ ਬਣਦਾ ਨਜ਼ਰ ਆ ਰਿਹਾ ਹੈ। ਹਿਮਾਚਲ ਅਤੇ ਉਤਰਾਖੰਡ ਤੋਂ ਬਾਅਦ ਹੁਣ ਕਸ਼ਮੀਰ ਵਿੱਚ ਇਹ ਹਨੇਰੀ ਤੇਜ਼ੀ ਨਾਲ ਝੁੱਲਣ ਦੀ ਤਿਆਰੀ ਹੈ। ਸੁਰੰਗਾਂ, ਰਾਜਮਾਰਗਾਂ ਨੇ ਕਿੰਨੇ ਰੁੱਖਾਂ ਦੀ ਬਲੀ ਲਈ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਅਤੇ ਇਸ ਦਾ ਬਦਲਾ ਕੁਦਰਤ ਕਿਵੇਂ ਲਵੇਗੀ ਇਹ ਸੋਚ ਤੋਂ ਪਰ੍ਹੇ ਹੈ। ਲੇਖ ਵਿਚਲੇ ਸਬਕ ਸਮੇਂ ਦੀ ਲੋੜ ਹਨ ਅਤੇ ਨਾਲ ਹੀ ਵੱਡੀ ਲੋੜ ਕੁਦਰਤ ਨਾਲ ਹੱਦੋਂ ਵੱਧ ਛੇੜਛਾੜ ਨਾ ਕਰਨਾ ਹੈ। ਨਹੀਂ ਤਾਂ ਆਲਮੀ ਤਪਸ਼ ਨੇ ਸਾਨੂੰ ਸਾਡੇ ਉਹ ਸਾਰੇ ਮੌਸਮ ਭੁਲਾ ਦੇਣੇ ਹਨ ਜਿਨ੍ਹਾਂ ਸਦਕਾ ਇਹ ਵਾਦੀਆਂ ਖ਼ੁਬਸੂਰਤ ਹਨ। ਇਸ ਪੱਖੋਂ ਸਾਨੂੰ ਯੂਰਪੀ ਦੇਸ਼ਾਂ ਤੋਂ ਸਬਕ ਲੈਣ ਦੀ ਲੋੜ ਹੈ ਜੋ ਵਿਕਾਸ ਅਤੇ ਕੁਦਰਤੀ ਖ਼ੂਬਸੂਰਤੀ ਨੂੰ ਨਾਲ ਲੈ ਕੇ ਤੁਰਨ ਵਿੱਚ ਤਾਲਮੇਲ ਬਣਾ ਚੱਲਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਵੇਲਾ ਸੰਭਾਲਣ ਦੀ ਜ਼ਰੂਰਤ ਹੈ ਨਹੀਂ ਤਾਂ ਪੱਲੇ ਪਛਤਾਵਾ ਤਾਂ ਰਹਿ ਹੀ ਜਾਣਾ ਹੈ।
ਡਾ. ਸੁਖਪਾਲ ਕੌਰ, ਸਮਰਾਲਾ (ਲੁਧਿਆਣਾ)

Advertisement
Author Image

sukhwinder singh

View all posts

Advertisement