For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:16 AM May 04, 2024 IST
ਪਾਠਕਾਂ ਦੇ ਖ਼ਤ
Advertisement

ਕਿਤਾਬਾਂ ਦੀ ਅਹਿਮੀਅਤ
2 ਮਈ ਦੇ ਅੰਕ ਵਿੱਚ ਡਾ. ਪ੍ਰਵੀਨ ਬੇਗ਼ਮ ਦਾ ਲੇਖ ‘ਕੂੜਾ ਕਬਾੜਾ’ ਪੜ੍ਹਿਆ। ਸਾਡੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ ਬਾਰੇ ਲੇਖਿਕਾ ਨੇ ਬੜੇ ਹੀ ਸੂਖ਼ਮ ਢੰਗ ਨਾਲ ਆਪਣੀ ਹੱਡਬੀਤੀ ਬਿਆਨ ਕੀਤੀ ਹੈ। ਕਿਤਾਬਾਂ ਨਾਲ ਸਾਡੀ ਜ਼ਿੰਦਗੀ ਫੁੱਲਾਂ ਵਾਂਗ ਮਹਿਕਦੀ ਰਹਿੰਦੀ ਹੈ। ਕਿਤਾਬਾਂ ਸਾਨੂੰ ਬਹੁਤ ਕੁਝ ਕਹਿਣਾ ਚਾਹੁੰਦੀਆਂ ਹਨ ਪਰ ਅਫ਼ਸੋਸ ਲੇਖਿਕਾ ਦੇ ਕਹਿਣ ਵਾਂਗੂ ਅੱਜਕੱਲ੍ਹ ਦੇ ਬੱਚੇ ਕਿਤਾਬਾਂ ਤੋਂ ਬੇਮੁੱਖ ਹੋ ਕੇ ਸਾਰਾ ਦਿਨ ਮੋਬਾਈਲ ਫੋਨ ਨਾਲ ਚਿੰਬੜੇ ਰਹਿੰਦੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਦੇ ਮਾਰੂ ਅਸਰ ਆਉਣ ਵਾਲੇ ਕੁਝ ਸਾਲਾਂ ਵਿੱਚ ਪਤਾ ਲੱਗਣਗੇ। ਅੱਜ ਲੋੜ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਪੁਸਤਕ ਸੱਭਿਆਚਾਰ ਨਾਲ ਜੋੜਿਆ ਜਾਵੇ। ਸਰਕਾਰ ਨੂੰ ਵੀ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਚਰਨਜੀਤ ਸਿੰਘ ਮੁਕਤਸਰ, ਸ੍ਰੀ ਮੁਕਤਸਰ ਸਾਹਿਬ

Advertisement


(2)
2 ਮਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਡਾ. ਪ੍ਰਵੀਨ ਬੇਗ਼ਮ ਦਾ ਲੇਖ ‘ਕੂੜਾ ਕਬਾੜਾ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਗ਼ਰੀਬ ਜਾਂ ਬੇਸਹਾਰਾ ਬੱਚੇ ਨੂੰ ਵੀ ਆਪਣੇ ਭਵਿੱਖ ਬਾਰੇ ਸੁਫ਼ਨੇ ਲੈਣ ਦਾ ਪੂਰਾ ਹੱਕ ਹੈ। ਅਜਿਹੇ ਬੱਚਿਆਂ ਦੀ ਸੋਚ ਦੂਜੇ ਬੱਚਿਆਂ ਨਾਲੋਂ ਵਿਲੱਖਣ ਹੁੰਦੀ ਹੈ। ਉਹ ਇੱਕ ਮੌਕੇ ਦੀ ਭਾਲ ਵਿੱਚ ਹੁੰਦੇ ਹਨ। ਉਨ੍ਹਾਂ ਕੋਲ ਕਾਬਲੀਅਤ ਵੀ ਹੁੰਦੀ ਹੈ ਤੇ ਚਾਹਤ ਵੀ ਹੁੰਦੀ ਹੈ ਤੇ ਅਜਿਹੇ ਲੋਕ ਮੌਕਾ ਮਿਲਣ ’ਤੇ ਕੁਝ ਵੀ ਵੱਡਾ ਕਰ ਸਕਣ ਦੀ ਉਮੀਦ ਰੱਖਦੇ ਹਨ। ਅਜਿਹੇ ਲੋਕਾਂ ਦੀਆਂ ਅੱਖਾਂ ਵਿੱਚ ਸੁਨਹਿਰੇ ਭਵਿੱਖ ਦੇ ਸੁਫ਼ਨੇ ਹੁੰਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

Advertisement


ਆਪਣਿਆਂ ਤੋਂ ਦੂਰ
3 ਮਈ ਦੇ ਨਜ਼ਰੀਆ ਪੰਨੇ ’ਤੇ ਰਾਵਿੰਦਰ ਫਫੜੇ ਦੀ ‘ਮਾਂ ਦੀਆਂ ਗੱਲਾਂ’ ਰਚਨਾ ਪੜ੍ਹਦਿਆਂ ਸੋਚਦਾ ਹਾਂ ਕਿ ਰਚਨਾ ਵਿਚਲਾ ਪਾਤਰ ਚੰਨਣ ਸਿੰਘ ਮਰ ਗਿਆ, ਜੀਹਦੇ ਧੀ-ਪੁੱਤਰ ਕੈਨੇਡਾ ਨੇ…ਅਤੇ ਛੁੱਟੀ ਨਾ ਮਿਲਣ ਕਰ ਕੇ ਪਿਉ ਦੇ ਸਸਕਾਰ ’ਤੇ ਵੀ ਨਹੀਂ ਪਹੁੰਚ ਸਕੇ।…ਸਸਕਾਰ ਤੋਂ ਅੰਤਿਮ ਅਰਦਾਸ ਤੱਕ ਸਾਰਾ ਕੁਝ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਨਿਬੇੜਿਆ, ਪੈਸਾ ਧੇਲਾ ਜਵਾਕਾਂ ਨੇ ਭੇਜ ਦਿੱਤਾ।…ਅੱਜ ਸਾਡੀ ਕਿੱਡੀ ਤਰਾਸਦੀ ਹੈ ਕਿ ਸਾਡੀਆਂ ਤਰੱਕੀਆਂ ਅਤੇ ਖੁਸ਼ੀਆਂ ਨੇ ਨਾ ਚਾਹੁੰਦਿਆਂ ਹੋਇਆਂ ਵੀ ਸਾਡਾ ਆਪਣਾਪਨ ਖ਼ਤਮ ਕਰ ਦਿੱਤਾ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਜ਼ਿਲ੍ਹਾ ਸੰਗਰੂਰ)


ਸਿਆਸਤੀ ਦਾਅ-ਪੇਚ
ਇੱਕ ਮਈ ਦੇ ਅੰਕ ਵਿੱਚ ਭਾਈ ਅੰਤਿਦਰਪਾਲ ਸਿੰਘ ਦੇ 1992 ਦੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਸਬੰਧੀ ਕੀਤੇ ਖੁਲਾਸੇ, ਜਿਸ ਵਿੱਚ ਕਿ ਉਨ੍ਹਾਂ ਨੇ ਉਸ ਵੇਲੇ ਦੇ ਖੁਫ਼ੀਆ ਵਿਭਾਗ ਦੇ ਉੱਚ ਅਧਕਾਰੀ ਐਮ ਕੇ ਧਰ ਵੱਲੋਂ ਨਿਭਾਏ ਗਏ ਰੋਲ ਦਾ ਵੀ ਜ਼ਿਕਰ ਕੀਤਾ ਹੈ, ਪੜ੍ਹ ਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਸਿਆਸਤਦਾਨਾਂ ਵੱਲੋਂ ਆਪਣੀ ਗੱਦੀ ਲਈ ਕੋਈ ਵੀ ਖ਼ਤਰਨਾਕ ਖੇਡ ਖੇਡੀ ਜਾ ਸਕਦੀ ਹੈ, ਜੋ ਅੱਜ ਵੀ ਜਾਰੀ ਹੈ। ਖੁਫ਼ੀਆ ਪੁਲੀਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਸੇਵਾਮੁਕਤੀ ਤੋਂ ਬਾਅਦ ਕਈ ਵਾਰ ਆਪਣੀ ਨੌਕਰੀ ਦੌਰਾਨ ਵਾਪਰੀਆਂ ਘਟਨਾਵਾਂ ਬਾਬਤ ਲਿਖਿਆ ਜਾਂਦਾ ਹੈ। ਐਮ ਕੇ ਧਰ ਦੀ ਕਿਤਾਬ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਜੇ ਐਫ ਰਿਬੈਰੋ ਵੱਲੋਂ ਲਿਖੀ ਗਈ ਕਿਤਾਬ ‘ਬੁਲੇਟ ਫਾਰ ਬੁਲੇਟ’ ਵਿੱਚ ਉਸ ਵੇਲੇ ਦੇ ਅਕਾਲੀ ਲੀਡਰਾਂ ਬਾਰੇ ਦਿਲਚਸਪ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਕਿ ਅਕਾਲੀ ਆਗੂਆਂ ਨੂੰ ਡਰਪੋਕ ਕਿਸਮ ਦੇ ਇਨਸਾਨ ਦੱਸਿਆ ਗਿਆ ਹੈ। ਇਸ ਪੁਸਤਕ ਵਿੱਚ ਲੇਖਕ ਲਿਖਦਾ ਹੈ ਕਿ ਉਸ ਨੇ ਕਦੇ ਵੀ ਗੋਲੀ ਬਦਲੇ ਗੋਲੀ ਨੀਤੀ ਸਬੰਧੀ ਕਦੇ ਨਹੀਂ ਕਿਹਾ ਪਰ ਮੀਡੀਆ ਦੇ ਇੱਕ ਹਿੱਸੇ ਨੇ ਮੱਲੋਮੱਲੀ ਇਹ ਗੱਲ ਉਸ ਨਾਲ ਜੋੜ ਦਿੱਤੀ। ਇਸੇ ਤਰ੍ਹਾਂ ਓਪਰੇਸ਼ਨ ਬਲੈਕ ਥੰਡਰ ਵਕਤ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਬਜੀਤ ਸਿੰਘ ਵੱਲੋਂ ਲਿਖੀ ਕਿਤਾਬ ਵਿੱਚ ਤਤਕਾਲੀ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਹੋਰ ਕੇਂਦਰੀ ਨੇਤਾਵਾਂ ਬਾਬਤ ਕਾਫ਼ੀ ਹੈਰਾਨੀਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਓਪਰੇਸ਼ਨ ਬਲਿਊ ਸਟਾਰ ਵੇਲੇ ਤਤਕਾਲੀ ਰਾਜਪਾਲ ਸ੍ਰੀ ਬੀਡੀ ਪਾਂਡੇ ਦੁਆਰਾ ਲਿਖੀ ਕਿਤਾਬ ਵਿੱਚ ਉਸ ਵੇਲੇ ਦੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਵੱਲੋਂ ਓਪਰੇਸ਼ਨ ਬਲਿਊ ਸਟਾਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਦਿਲਚਸਪੀ ਲੈਣ ਅਤੇ ਓਪਰੇਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਬਾਬਤ ਵੀ ਜ਼ਿਕਰ ਕੀਤਾ ਗਿਆ ਹੈ।
ਅਵਤਾਰ ਸਿੰਘ, ਮੋਗਾ


45 ਫ਼ੀਸਦੀ ਮੈਂਬਰ ਦਲਬਦਲੂ
ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਲੋਕ ਸਭਾ ਚੋਣਾਂ ’ਚ 45 ਫ਼ੀਸਦੀ ਮੈਂਬਰ ਦਲ ਬਦਲੂ ਹਨ। ਇਨ੍ਹਾਂ ਵਿੱਚੋਂ ਕਾਂਗਰਸੀ, ਭਾਜਪਾ ਅਤੇ ਅਕਾਲੀ ਦਲ ਵੱਲੋਂ ਦਲ ਬਦਲਣਾ ਕੋਈ ਖ਼ਾਸ ਗੱਲ ਨਹੀਂ ਕਿਉਂਕਿ ਇਨ੍ਹਾਂ ਦੀਆਂ ਨੀਤੀਆਂ ਇੱਕੋ ਜਿਹੀਆਂ ਹਨ ਅਤੇ ਆਮ ਤੌਰ ’ਤੇ ਇਹ ਬਦਲਦੇ ਵੀ ਰਹਿੰਦੇ ਹਨ ਲੇਕਿਨ ਇਨ੍ਹਾਂ ਵਿਚੋਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਆਉਣ ਵਾਲਿਆਂ ਨੂੰ ਟਕਸਾਲੀ ਮੈਂਬਰਾਂ ਨੂੰ ਕੁਚਲ ਕੇ ਟਿਕਟ ਦੇਣੀ ਇਨਸਾਫ਼ ਦੀ ਗੱਲ ਨਹੀਂ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਵਿਕਾਸ ਦੇ ਰਾਹ ਦਾ ਰੋੜਾ
19 ਅਪਰੈਲ ਦੇ ਸੰਪਾਦਕੀ ਵਿੱਚ ‘ਆਮਦਨ ਨਾਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ’ ਡਾ. ਛੀਨਾ ਦੁਆਰਾ ਲਿਖਿਆ ਲੇਖ ਪੜ੍ਹਿਆ। ਉਨ੍ਹਾਂ ਲਿਖਿਆ ਕਿ ਆਰਥਿਕ ਨਾਬਰਾਬਰੀ ਇਸ ਹੱਦ ਤੱਕ ਵਧ ਗਈ ਕਿ ਦੇਸ਼ ਦੀ ਇੱਕ ਫ਼ੀਸਦੀ ਆਬਾਦੀ ਕੋਲ ਦੇਸ਼ ਦੀ ਕੁਲ ਆਮਦਨ ਦੇ 40.1 ’ਤੇ ਕਬਜ਼ਾ ਹੈ। ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਭਾਰਤ ਦੇਸ਼ ਨੂੰ ਸਮਾਜਵਾਦੀ ਬਣਾਉਣ ਦੀ ਗੱਲ ਲਿਖੀ ਗਈ ਹੈ ਪਰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸੰਵਿਧਾਨ ਦੀ ਧਾਰਨਾ ਦੇ ਉਲਟ ਜਾ ਕੇ ਦੇਸ਼ ਦੀ ਆਰਥਿਕਤਾ ਨੂੰ ਪੂੰਜੀਵਾਦੀ ਇਜਾਰੇਦਾਰੀ ਆਰਥਿਕਤਾ ਬਣਾਉਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹਾ ਵਰਤਾਰਾ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਜਾ ਰਿਹਾ ਹੈ। ਲੇਖਕ ਨੇ ਅਜੋਕੇ ਸਮੇਂ ਵਿੱਚ ਆ ਰਹੀਆਂ ਆਰਥਿਕ ਸਮੱਸਿਆਵਾਂ ਜਿਵੇਂ ਕਿ ਬਾਲ ਮਜ਼ਦੂਰੀ, ਅਰਧ ਬੇਰੁਜ਼ਗਾਰੀ, ਖੇਤੀਬਾੜੀ ਖੇਤਰ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਉੱਪਰ ਵੀ ਚਾਨਣਾ ਪਾਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਦੇ ਆਰਥਿਕ ਨੀਤੀਘਾੜੇ ਸਾਡੇ ਦੇਸ਼ ਦੀ ਨਵੀਂ ਚੁਣੀ ਸਰਕਾਰ ਨੂੰ ਸਮੁੱਚੇ ਲੋਕਾਂ ਦੀ ਭਲਾਈ ਲਈ ਨਵੀਆਂ ਨੀਤੀਆਂ ਬਣਾ ਕੇ ਦੇਣ।
ਲਾਲ ਸਿੰਘ, ਬਰਨਾਲਾ


ਇੱਕ ਦਿਨ ਦਾ ਅਫ਼ਸਰ
20 ਅਪਰੈਲ ਦੇ ਅੰਕ ਮਿਡਲ ਵਿੱਚ ਪ੍ਰਿੰ. ਨਰਿੰਦਰ ਸਿੰਘ ਦੇ ਛਪੇ ‘ਇੱਕ ਦਿਨ ਦਾ ਅਫ਼ਸਰ’ ਵਿੱਚ ਜਿੱਥੇ ਮੁਲਾਜ਼ਮਾਂ ਨੂੰ ਤਰੱਕੀ ਲੈਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਉਜਾਗਰ ਕੀਤਾ ਗਿਆ ਹੈ, ਉਥੇ ਮੁਲਾਜ਼ਮਾਂ ਖ਼ਾਸ ਕਰਕੇ ਅਧਿਆਪਕ ਵਰਗ ਤੋਂ ਪੜ੍ਹਾਈ ਦੇ ਨਾਲ ਨਾਲ ਹੋਰ ਕੰਮਾਂ ਵਿੱਚ ਲਗਾਈ ਗਈ ਡਿਊਟੀ ਬਾਰੇ ਵੀ ਚਰਚਾ ਕੀਤੀ ਗਈ ਹੈ। ਅਧਿਆਪਕ ਸਮਾਜ ਦਾ ਨਿਰਮਾਤਾ ਜੋ ਬੱਚੇ ਰੂਪੀ ਕੱਚੀ ਮਿੱਟੀ ਨੂੰ ਨਵਾਂ ਰੂਪ ਦੇ ਕੇ ਸਮਾਜ ਦਾ ਹਾਣੀ ਬਣਾਉਂਦਾ ਹੈ। ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਜਿੱਥੇ ਅਧਿਆਪਕਾਂ ਦੀ ਲੋੜੀਂਦੀ ਭਰਤੀ ਕਰਨੀ ਬਹੁਤ ਜ਼ਰੂਰੀ ਹੈ, ਉੱਥੇ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਧਿਆਪਕਾਂ ਤੋਂ ਕੇਵਲ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਹੀ ਲੈਣ।
ਰਜਵਿੰਦਰਪਾਲ ਸ਼ਰਮਾ, ਈਮੇਲ


ਕਾਮਯਾਬ ਮਨੁੱਖ ਦੀ ਪਰਿਭਾਸ਼ਾ
3 ਮਈ ਦੇ ਅੰਕ ਵਿੱਚ ਅਵਿਜੀਤ ਪਾਠਕ ਦਾ ਲੇਖ ‘ਨਾਕਾਮੀ ਦਾ ਬਦਨੁਮਾ ਦਾਗ਼’ ਪੜ੍ਹਿਆ। ਉੱਨੀ ਸੌ ਪੰਜਾਹਵਿਆਂ ਵਿੱਚ ਦਸਵੀਂ ਜਮਾਤ ਪਾਸ ਕਰਨ ਦੀ ਨਾਕਾਮੀ ਦੇ ਬਦਨੁਮਾ ਦਾਗ਼ ਡਰੋਂ ਰੇਲ ਹੇਠ ਆ ਕੇ ਮਰਦੇ ਵਿਦਿਆਰਥੀ ਮੇਰੀ ਚੇਤਨਾ ਵਿੱਚ ਹਾਲੇ ਵੀ ਹਨ। ਯੂਪੀਐੱਸਸੀ ਦੇ ਮੁਕਾਬਲੇ ਦੇ ਇਮਤਿਹਾਨ ਵਿੱਚ ਨਾ ਕਾਮਯਾਬ ਮਨੁੱਖ ਨੂੰ ਅਜਿਹੇ ਸ਼ਖ਼ਸ ਠਿੱਠ ਕਰਨ ਲੱਗ ਜਾਂਦੇ ਹਨ ਜਿਹੜੇ ਇਸ ਇਮਤਿਹਾਨ ਵਿੱਚ ਬੈਠਣ ਦੀ ਯੋਗਤਾ ਹੀ ਨਹੀਂ ਰੱਖਦੇ ਅਤੇ ਉਹ ਇਨਸਾਨ ਸਮਾਜਿਕ ਨਮੋਸ਼ੀ ਦੀ ਹਾਲਤ ਕਿੰਝ ਝੱਲਦਾ ਹੈ, ਇਹ ਮੇਰਾ ਨਿੱਜੀ ਤਜਰਬਾ ਹੈ। ਤਾਕਤ ਦੇ ਪੁਜਾਰੀ ਬਿਮਾਰ ਸਮਾਜ ਦੀ ਮਾਨਸਿਕਤਾ ਦਰਸਾਉਂਦਾ ਇਹ ਲੇਖ ਸਾਡੇ ਸਿਆਸੀ ਨੇਤਾਵਾਂ, ਬੁੱਧੀਜੀਵੀਆਂ, ਸਮਾਜਿਕ ਰਹਿਬਰਾਂ ਦੀ ਸੋਚ, ਕਥਨੀ ਅਤੇ ਕਰਨੀ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਅਜਿਹਾ ਸਮਾਜ ਸਿਰਜਣ ਵੱਲ ਕੋਈ ਕਦਮ ਨਹੀਂ ਉਠਾਏ ਜਾ ਰਹੇ ਜਿਸ ਵਿੱਚ ਇੱਕ ਡਾਕਟਰ ਡਾਕਟਰੀ, ਇੰਜਨੀਅਰ ਇੰਜਨੀਅਰੀ ਕਰਨ ਲਈ ਕਿਉਂ ਰਾਜ਼ੀ ਨਹੀਂ ਹੁੰਦਾ।
ਜਗਰੂਪ ਸਿੰਘ, ਆਈਆਰਐੱਸ (ਰਿਟਾ.), ਲੁਧਿਆਣਾ

Advertisement
Author Image

joginder kumar

View all posts

Advertisement