For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:45 AM Apr 19, 2024 IST
ਪਾਠਕਾਂ ਦੇ ਖ਼ਤ
Advertisement

ਕੁੜੀਆਂ ਦੇ ਜਜ਼ਬਾਤ

18 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਕੁੜੀਆਂ’ ਵਿੱਚ ਗੁਰਪ੍ਰੀਤ ਕੌਰ ਨੇ ਸਾਡੇ ਸਮਾਜ ਦੇ ਔਰਤਾਂ ਪ੍ਰਤੀ ਉਲਝੇ ਤਾਣੇ-ਬਾਣੇ ਦੀ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਖ ਵਿੱਚ ਸੰਘਰਸ਼ਸ਼ੀਲ ਔਰਤ ਦੇ ਜਜ਼ਬਾਤ ਬਿਆਨ ਕੀਤੇ ਹਨ ਕਿ ਕਿਵੇਂ ਪਤੀ ਦੇ ਨਸ਼ੇ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਬੱਚੇ ਦੇ ਪਾਲਣ ਪੋਸ਼ਣ ਲਈ ਹੱਡ ਭੰਨਵੀਂ ਮਿਹਨਤ ਕਰ ਕੇ ਜੀਵਨ ਨਿਰਬਾਹ ਕਰ ਰਹੀ ਹੈ। ਪਤਾ ਨਹੀਂ ਅਜਿਹੀਆਂ ਕਿੰਨੀਆਂ ਔਰਤਾਂ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਹਾਲਾਤ ਨਾਲ ਦੋ ਚਾਰ ਹੋ ਰਹੀਆਂ ਹਨ। ਕਈ ਵਾਰ ਪੇਕਿਆਂ ਤੋਂ ਵੀ ਢਾਰਸ ਨਾ ਮਿਲਣ ਕਾਰਨ ਕਈ ਆਤਮ-ਹੱਤਿਆ ਵਰਗੇ ਕਦਮ ਵੀ ਉਠਾ ਲੈਂਦੀਆਂ ਹਨ। ਇਸ ਲਈ ਬੜਾ ਜ਼ਰੂਰੀ ਹੈ ਕਿ ਸਾਰੀਆਂ ਔਰਤਾਂ ਸਿੱਖਿਅਤ ਅਤੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋਣ ਤਾਂ ਕਿ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਣ।
ਗੁਰਸ਼ਰਨ ਸਿੰਘ ਨੱਤ, ਸੂਜਾਪੁਰ (ਲੁਧਿਆਣਾ)

Advertisement


(2)

18 ਅਪਰੈਲ ਦੇ ਅੰਕ ਵਿੱਚ ਗੁਰਪ੍ਰੀਤ ਕੌਰ ਦੀ ਵਾਰਤਾ ‘ਕੁੜੀਆਂ’ ਬਹੁਤ ਪਸੰਦ ਆਈ। ਗੁਰਪ੍ਰੀਤ ਕੌਰ ਨੇ ਕੁਝ ਪਲ ਉਸ ਦੀ ਸਕੂਟਰੀ ’ਤੇ ਲਿਫ਼ਟ ਲੈਣ ਵਾਲੀ ਅਜਨਬੀ ਕੁੜੀ ਨਾਲ ਗੱਲਬਾਤ ਕਰ ਕੇ, ਸ਼ਰਾਬੀ ਘਰ ਵਾਲੇ ਹੱਥੋਂ ਦੁਖੀ ਵਿਆਹੁਤਾ ਦੀ ਮਾਨਸਿਕ ਦਸ਼ਾ ਦਾ ਭਲੀ-ਭਾਂਤ ਵਰਨਣ ਕੀਤਾ ਹੈ। ਇਸ ਅਜਨਬੀ ਕੁੜੀ ਵਰਗਾ ਦੁੱਖ ਬਹੁਤ ਸਾਰੀਆਂ ਵਿਆਹੀਆਂ ਕੁੜੀਆਂ ਨੂੰ ਸਾਡੇ ਸਮਾਜ ਵਿੱਚ ਝੱਲਣਾ ਪੈਂਦਾ ਹੈ।
ਇਕਵਿੰਦਰ ਸਿੰਘ, ਅਮਰੀਕਾ

Advertisement


ਕੁੰਜਲ ਕਿਰਿਆ ਬਾਰੇ

16 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਇਸ਼ਟ ਪਾਲ ਵਿੱਕੀ ਦਾ ਲੇਖ ‘ਤੇਜ਼ਾਬ ਅਤੇ ਮਾਈਗ੍ਰੇਨ ਲਈ ਲਾਭਦਾਇਕ ਕੁੰਜਲ ਕਿਰਿਆ’ ਪੜ੍ਹਿਆ। ਲੇਖਕ ਨੇ ਚੰਗੀ ਜਾਣਕਾਰੀ ਸਾਂਝੀ ਕੀਤੀ ਹੈ ਪਰ ਕੁੰਜਲ ਕਿਰਿਆ ਕਰਦੇ ਸਮੇਂ ਕੋਸੇ ਪਾਣੀ ਵਿੱਚ ਨਮਕ ਘੋਲ ਕੇ ਕਿਰਿਆ ਕਰਨ ਦਾ ਸਿਧਾਂਤ ਪਹਿਲੀ ਵਾਰੀ ਪੜ੍ਹਿਆ। ਭਾਰਤੀ ਯੋਗ ਸੰਸਥਾ ਨਵੀਂ ਦਿੱਲੀ ਦੇ ਸਮੇਂ-ਸਮੇਂ ’ਤੇ ਵੱਖ ਵੱਖ ਰੋਗਾਂ ਤੋਂ ਪੀੜਤ ਮਰੀਜ਼ਾਂ ਉੱਤੇ ਕੀਤੇ ਤਜਰਬਿਆਂ ਦੇ ਆਧਾਰ ਉੱਤੇ ਇਹ ਸਿੱਟਾ ਕੱਢਿਆ ਹੈ ਕਿ ਕੁੰਜਲ ਕਿਰਿਆ ਲਈ ਕੇਵਲ ਸਾਫ਼ ਸੁਥਰੇ ਠਰ ਭੰਨਵੇਂ ਕੋਸੇ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ; ਪਾਣੀ ਵਿੱਚ ਨਮਕ ਜਾਂ ਹੋਰ ਕੋਈ ਪਦਾਰਥ ਨਾ ਘੋਲਿਆ ਜਾਵੇ ਕਿਉਂਕਿ ਨਮਕ ਮਿਲੇ ਪਾਣੀ ਨਾਲ ਕੁੰਜਲ ਕਿਰਿਆ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਜਿਹਾ ਰੋਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਦੂਜੀ ਗੱਲ, ਲੇਖਕ ਨੇ ਇਹ ਗੱਲ ਵੀ ਸਪੱਸ਼ਟ ਨਹੀਂ ਕੀਤੀ ਕਿ ਕੁੰਜਲ ਕਿਰਿਆ ਲਗਾਤਾਰ ਕਿੰਨੇ ਦਿਨ ਕਰਨੀ ਚਾਹੀਦੀ ਹੈ। ਯੋਗ ਆਚਾਰੀਆਂ ਦਾ ਸਿਧਾਂਤ ਹੈ ਕਿ ਕਿਸੇ ਵੀ ਗੰਭੀਰ ਰੋਗ ਦੀ ਸਥਿਤੀ ਵਿੱਚ ਕੁੰਜਲ ਕਿਰਿਆ ਕੇਵਲ ਇੱਕ ਹਫ਼ਤੇ ਲਈ ਹੀ ਲਗਾਤਾਰ ਕੀਤੀ ਜਾ ਸਕਦੀ ਹੈ। ਫਿਰ ਹਫ਼ਤੇ ਦਾ ਵਕਫ਼ਾ ਪਾ ਕੇ ਮੁੜ ਇੱਕ ਹਫ਼ਤੇ ਲਈ ਇਹ ਕਿਰਿਆ ਕਰਨੀ ਚਾਹੀਦੀ ਹੈ। ਤੀਜੀ ਗੱਲ, ਕੁੰਜਲ ਕਿਰਿਆ ਕਰਨ ਪਿੱਛੋਂ ਪੰਜ ਮਿੰਟ ਲਈ ਸ਼ਵ ਆਸਣ ਵਿੱਚ ਲੇਟਣਾ ਜ਼ਰੂਰੀ ਹੈ ਤਾਂ ਜੋ ਕੁੰਜਲ ਕਿਰਿਆ ਕਰਦੇ ਸਮੇਂ ਪੇਟ ਦੀਆਂ ਜਿਹੜੀਆਂ ਅੰਤੜੀਆਂ ਵਧੇਰੇ ਖਿੱਚੀਆਂ ਗਈਆਂ ਹਨ, ਉਹ ਮੁੜ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਣ। ਚੌਥੀ ਗੱਲ, ਕੁੰਜਲ ਕਿਰਿਆ ਕਰਨ ਤੋਂ ਘੱਟੋ-ਘੱਟ ਤੀਹ ਮਿੰਟ ਮਗਰੋਂ ਸ਼ਿਕੰਜਵੀ, ਕੋਸਾ ਦੁੱਧ ਜਾਂ ਅੰਮ੍ਰਿਤ ਹੀ ਪੀਣਾ ਚਾਹੀਦਾ ਹੈ; ਚਾਹ ਹਰਗਿਜ਼ ਨਹੀਂ ਪੀਣੀ ਚਾਹੀਦੀ। ਹਾਂ, ਅੱਧੇ ਘੰਟੇ ਬਾਅਦ ਭੋਜਨ ਵੀ ਹਰਗਿਜ਼ ਨਹੀਂ ਕਰਨਾ ਚਾਹੀਦਾ ਸਗੋਂ ਕੁੰਜਲ ਕਿਰਿਆ ਕਰਨ ਤੋਂ ਇੱਕ ਘੰਟੇ ਬਾਅਦ ਹੀ ਨਾਸ਼ਤਾ ਕਰਨਾ ਚਾਹੀਦਾ ਹੈ। 13 ਅਪਰੈਲ ਨੂੰ ਪ੍ਰਿੰ. ਕੁਲਵੰਤ ਸਿੰਘ ਅਣਖੀ ਦਾ ਲੇਖ ‘ਖ਼ਾਲਸਾ ਸਾਜਨਾ ਦਿਵਸ ਦਾ ਚਸ਼ਮਦੀਦ ਬਿਰਤਾਂਤਕਾਰ ਅਬੂ-ਉਲ-ਤੁਰਾਨੀ’ ਬਹੁਤ ਖ਼ੂਬਸੂਰਤ ਰਚਨਾ ਹੈ। 11 ਅਪਰੈਲ ਨੂੰ ਸੁਪਿੰਦਰ ਸਿੰਘ ਰਾਣਾ ਦੀ ਰਚਨਾ ‘ਰਿਸ਼ਤੇ’ ਪੜ੍ਹ ਕੇ ਬਹੁਤ ਖ਼ੁਸ਼ੀ ਮਿਲੀ। ਦਾਜ ਦਹੇਜ ਜਿਹੀ ਅਲਾਮਤ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਪਰ ਅਜੇ ਵੀ ਕੁਝ ਪਰਿਵਾਰ ਹਨ ਜਿਹੜੇ ਸੰਵੇਦਨਸ਼ੀਲ ਹਨ। ਦਾਜ ਦਹੇਜ ਬਾਰੇ ਕਾਨੂੰਨ ਕਾਰਗਰ ਸਿੱਧ ਨਹੀਂ ਹੋ ਰਹੇ; ਦਾਜ ਦਹੇਜ ਵਧਣ ਦਾ ਇਹ ਵੱਡਾ ਕਾਰਨ ਹੈ। ਇਸ ਕੋਹੜ ਅਤੇ ਕੋਹਜ ਕਾਰਨ ਮਾਪੇ ਆਪਣੀਆਂ ਲਾਇਕ ਧੀਆਂ ਲਈ ਸੁਯੋਗ ਅਤੇ ਹਾਣ ਦੇ ਵਰ ਲੱਭਣ ਲਈ ਦਿਨ ਰਾਤ ਚਿੰਤਾ ਵਿੱਚ ਰਹਿੰਦੇ ਹਨ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ


ਅਬੂ-ਉਲ-ਤੁਰਾਨੀ ਉਰਫ਼ ਅਜਮੇਰ ਸਿੰਘ

13 ਅਪਰੈਲ ਨੂੰ ਪ੍ਰਿੰ. ਕੁਲਵੰਤ ਸਿੰਘ ਅਣਖੀ ਦਾ ਲੇਖ ‘ਖ਼ਾਲਸਾ ਸਾਜਨਾ ਦਿਵਸ ਦਾ ਚਸ਼ਮਦੀਦ ਬਿਰਤਾਂਤਕਾਰ ਅਬੂ-ਉਲ-ਤੁਰਾਨੀ’ ਦਿਲਚਸਪ ਹੈ। ਬਾਦਸ਼ਾਹ ਲਈ ਖ਼ਾਲਸਾ ਸਾਜਨਾ ਦਿਵਸ ਦੀ ਰਿਪੋਰਟ ਤਿਆਰ ਕਰਨ ਵਾਲੇ ਅੱਬੂ-ਉਲ-ਤੁਰਾਨੀ ਦਾ ਅਜਮੇਰ ਸਿੰਘ ਬਣਨ ਦਾ ਸਫ਼ਰ ਨਿਵੇਕਲਾ ਹੈ।
ਜਸਵੰਤ ਸਿੰਘ, ਹੁਸ਼ਿਆਰਪੁਰ


ਭਾਈਚਾਰਕ ਸਾਂਝ

5 ਅਪਰੈਲ ਦਾ ਸੰਪਾਦਕੀ ‘ਕੈਥੋਲਿਕ ਸੰਸਥਾਵਾਂ ਦੀ ਪਹਿਲ’ ‘ਮਾਨਵਤਾ ਹੀ ਸਭ ਤੋਂ ਸੱਚਾ ਧਰਮ’ ਦਾ ਪੈਗ਼ਾਮ ਦਿੰਦਾ ਹੈ। ਮੌਜੂਦਾ ਸਿਆਸੀ ਘੜਮੱਸ ਵਿੱਚ ਜਿੱਥੇ ਧਰਮ ਦੇ ਨਾਂ ’ਤੇ ਦੰਗੇ ਕਰਵਾ ਕੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ, ਉੱਥੇ ਕੈਥੋਲਿਕ ਵਿਸ਼ਪਜ਼ ਕਾਨਫਰੰਸ ਆਫ ਇੰਡੀਆ (ਸੀਬੀਸੀਆਈ) ਦੁਆਰਾ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਪ੍ਰਾਰਥਨਾ ਸਭਾਵਾਂ ਲਈ ਨਵੀਆਂ ਸੇਧਾਂ ਜਾਰੀ ਕਰਨਾ ਭਾਈਚਾਰਕ ਸਾਂਝ ਨੂੰ ਪ੍ਰਫੁਲਤ ਕਰਨਾ ਹੈ। ਪ੍ਰਾਰਥਨਾ ਸਭਾ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਨਾ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਕੈਂਪਸ ਅੰਦਰ ਅੰਤਰ-ਧਰਮ ਪ੍ਰਾਰਥਨਾ ਘਰ ਬਣਾਉਣਾ ਸਵਾਗਤਯੋਗ ਫ਼ੈਸਲਾ ਹੈ। ਇਸੇ ਦਿਨ ਸੁੱਚਾ ਸਿੰਘ ਗਿੱਲ ਦਾ ਲੇਖ ‘ਦਲ ਬਦਲੀ ਦਾ ਅਰਥਚਾਰਾ ਅਤੇ ਫੈਡਰਲਿਜ਼ਮ ਨੂੰ ਢਾਹ’ ਭਾਰਤੀ ਨੇਤਾਵਾਂ ਦੇ ਦਲ ਬਦਲੂ ਫ਼ੈਸਲਿਆਂ ’ਤੇ ਕਰਾਰੀ ਚੋਟ ਕਰਦਾ ਹੈ। ਦਲ ਬਦਲੀ ਦੀ ਸਿਆਸਤ ਨੇ ਭਾਰਤੀ ਲੋਕਤੰਤਰ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ। ਸੱਤਾ ’ਤੇ ਕਾਬਜ਼ ਧਿਰਾਂ ਦੁਆਰਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਕੇਂਦਰੀ ਏਜੰਸੀਆਂ ਦਾ ਡਰ ਦਿਖਾ ਕੇ ਆਪਣੇ ਪਾਲ਼ੇ ਵਿੱਚ ਸ਼ਾਮਿਲ ਕਰਨਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਲੀਡਰ ਜਨਤਕ ਸਾਧਨਾਂ ਦੀ ਲੁੱਟ-ਖਸੁੱਟ ਕਰਦੇ ਹਨ। ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)


ਭਾਜਪਾ ਅਤੇ ਵਿਕਸਤ ਭਾਰਤ

16 ਅਪਰੈਲ ਵਾਲੇ ਸੰਪਾਦਕੀ ‘ਭਾਜਪਾ ਦਾ ਚੋਣ ਮੈਨੀਫੈਸਟੋ’ ਵਿੱਚ ਭਾਜਪਾ ਵੱਲੋਂ ਭਾਰਤ ਨੂੰ ਸੰਨ 2047 ਤਕ ਵਿਕਸਤ ਮੁਲਕ ਬਣਾਉਣ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਭਾਜਪਾ ਦੇ ਇਸ ਖ਼ਾਕੇ ’ਤੇ ਪ੍ਰਸ਼ਨ ਚਿੰਨ੍ਹ ਵੀ ਲਾਇਆ ਗਿਆ ਹੈ। ਇਸੇ ਦਿਨ ਇੰਸਟੀਚਿਊਟ ਆਫ ਸੋਸ਼ਲ ਐਂਡ ਇਕੋਨੋਮਿਕ ਚੇਂਜ ਬੰਗਲੂਰੂ ਦੇ ਪ੍ਰੋ. ਕ੍ਰਿਸ਼ਨਾ ਰਾਜ ਨੇ ਆਪਣੇ ਲੇਖ ਵਿੱਚ ‘ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ’ ਵਿੱਚ ਸਚਮੁੱਚ ਹਕੀਕਤ ਬਿਆਨ ਕੀਤੀ ਹੈ। ਲੇਖਕ ਮੁਤਾਬਿਕ ਭਾਰਤ 2047 ਤਕ ਵਿਕਸਤ ਮੁਲਕ ਬਣਨ ਦੀ ਲੋਚਾ ਤਦ ਹੀ ਪੂਰੀ ਕਰ ਸਕਦਾ ਹੈ ਜੇਕਰ ਜੀਡੀਪੀ ਵਿੱਚ ਵਾਧੇ ਦੀ ਦਰ 15 ਫ਼ੀਸਦੀ ਹੋਵੇਗੀ, ਇਸ ਵੇਲੇ ਵਿਕਾਸ ਦਰ 7 ਫ਼ੀਸਦੀ ਦੇ ਆਸ-ਪਾਸ ਹੈ। ਲੇਖਕ ਦੱਸਦਾ ਹੈ ਕਿ ਦੇਸ਼ ਸਿਰ ਕਰਜ਼ੇ ਦਾ ਬੋਝ 625 ਅਰਬ ਡਾਲਰ ਵਧ ਗਿਆ ਹੈ, ਦਰਾਮਦਾਂ ਬਰਾਮਦਾਂ ਨਾਲੋਂ ਘੱਟ ਹਨ, ਬੇਰੁਜ਼ਗਾਰੀ ਵਧ ਗਈ ਹੈ, ਦੁਨੀਆ ਵਿੱਚ ਭਾਰਤ ਦੇ ਮਨੁੱਖੀ ਅਤੇ ਵਾਤਾਵਰਨਕ ਸੂਚਕ ਅੰਕ ਅਤੇ ਦਰਜਾਬੰਦੀਆਂ ਬਦ ਤੋਂ ਬਦਤਰ ਹੋ ਰਹੀਆਂ ਹਨ। ਕਿਸੇ ਵੀ ਵਿਕਸਤ ਦੇਸ਼ ਲਈ ਇਹ ਸਭ ਅਰਥਚਾਰੇ ਅਤੇ ਸਮਾਜਿਕ ਜੀਵਨ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਲੇਖ ਦੀਆਂ ਇਨ੍ਹਾਂ ਟਿੱਪਣੀਆਂ ਦੇ ਮੱਦੇਨਜ਼ਰ ਭਾਜਪਾ ਦਾ ਮੈਨੀਫੈਸਟੋ ਇੱਕ ਹੋਰ ਜੁਮਲਾ ਹੀ ਨਜ਼ਰ ਆ ਰਿਹਾ ਹੈ। 8 ਅਪਰੈਲ ਦੇ ਸੰਪਾਦਕੀ ‘ਕਿਡਨੀ ਰੈਕੇਟ’ ਵਿੱਚ ਇਸ ਅਮਾਨਵੀ ਅੰਤਰ-ਰਾਜੀ ਅਪਰਾਧ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ।
ਜਗਰੂਪ ਸਿੰਘ, ਲੁਧਿਆਣਾ

Advertisement
Author Image

sukhwinder singh

View all posts

Advertisement