ਪਾਠਕਾਂ ਦੇ ਖ਼ਤ
ਸੱਚੇ ਰਿਸ਼ਤਿਆਂ ਨੂੰ ਅਹਿਮੀਅਤ
11 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਰਿਸ਼ਤੇ’ ਪੜ੍ਹਿਆ। ਲੇਖ ਪੜ੍ਹ ਕੇ ਲੱਗਿਆ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹਨ, ਨਿਮਾਣੇ ਲੋਕ ਵੀ ਹਨ ਜੋ ਧਨ-ਦੌਲਤ ਦੀ ਥਾਂ ਸੱਚੇ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੇ ਹਨ। ਲੇਖਕ ਨੇ ਮਿਸਾਲ ਦੇ ਕੇ ਦੱਸਿਆ ਹੈ ਕਿ ਸਾਨੂੰ ਜ਼ਿੰਦਗੀ ’ਚ ਫਾਲਤੂ ਦੇ ਦਿਖਾਵੇ ਅਤੇ ਖਰਚੇ ਤੋਂ ਬਚਣਾ ਚਾਹੀਦਾ ਹੈ। ਲੇਖ ਦੇ ਅਖ਼ੀਰ ਵਿਚ ਜੋ ਕਿਹਾ ਹੈ ਕਿ ‘ਉਨ੍ਹਾਂ ਵਰਗਾ ਰਿਸ਼ਤੇਦਾਰ
ਲੱਭਣ ਲਈ ਉਹੋ ਜਿਹਾ ਬਣਨਾ ਵੀ ਤਾਂ ਪੈਣਾ ਹੈ’ ਵਿਚਾਰ ਕਰਨਯੋਗ ਹੈ, ਸਾਨੂੰ ਵੀ ਇਸ ਪੱਖ ’ਚ ਤਬਦੀਲੀ ਦੀ ਲੋੜ ਹੈ।
ਪਰਵਿੰਦਰ ਸਿੰਘ, ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ)
(2)
ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਰਿਸ਼ਤੇ’ (11 ਅਪਰੈਲ) ਪ੍ਰੇਰਨਾ ਦੇਣ ਵਾਲਾ ਹੈ। ਜੇ ਪੰਜਾਬੀ ਸਮਾਜ ਵਿਆਹਾਂ ਅਤੇ ਅਜਿਹੇ ਹੋਰ ਮੌਕਿਆਂ ’ਤੇ ਦਿਖਾਵਾ ਤਿਆਗ ਦੇਵੇ ਤਾਂ ਬਹੁਤਿਆਂ ਦਾ ਭਲਾ ਹੋ ਸਕਦਾ ਹੈ। ਤਿਆਗ ਦੀ ਭਾਵਨਾ ਨਾਲ ਰਿਸ਼ਤਿਆਂ ਵਿੱਚ ਸੁੱਚਮ ਆਪਣੇ ਆਪ ਆ ਜਾਂਦੀ ਹੈ। ਮਿਡਲ ਵਿੱਚ ਜ਼ਿਕਰ ਕੀਤੇ ਮਿਸਾਲੀ ਲੋਕ ਅਜਿਹੀਆਂ ਪਿਰਤਾਂ ਪਾ ਸਕਦੇ ਹਨ। ਇਹ ਪੰਜਾਬ ਲਈ ਸ਼ੁਭ ਸ਼ਗਨ ਹੋਵੇਗਾ।
ਕਸ਼ਮੀਰ ਕੌਰ, ਜਲੰਧਰ
ਸਾਡਾ ਵਿਰਸਾ
10 ਅਪਰੈਲ ਬੁੱਧਵਾਰ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਤਬਦੀਲੀ’ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ। ਸਮੇਂ ਦੇ ਅਨੁਸਾਰ ਅਸੀਂ ਭਾਵੇਂ ਬਦਲ ਗਏ ਹਾਂ ਪਰ ਸਾਨੂੰ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ। ਜੇਕਰ ਅਸੀਂ ਬੱਚੇ ਨੂੰ ਉਸ ਦੀ ਮਾਤ-ਭਾਸ਼ਾ ਤੋਂ ਬਿਨਾਂ ਕੋਈ ਹੋਰ ਭਾਸ਼ਾ ਵਿਚ ਲੋਰੀਆਂ ਦੇਵਾਂਗੇ ਤਾਂ ਬੱਚਾ ਕੁਝ ਵੀ ਸਮਝ ਨਹੀਂ ਸਕੇਗਾ ਅਤੇ ਉਸ ਦੀਆਂ ਹਰਕਤਾਂ ਆਮ ਬੱਚਿਆਂ ਨਾਲੋਂ ਵੱਖਰੀਆਂ ਹੋਣਗੀਆਂ। ਸੋ ਲੋੜ ਹੈ, ਹਰ ਇਕ ਬੱਚੇ ਨੂੰ ਆਪਣੇ ਪਿਛੋਕੜ ਅਤੇ ਵਰਤਮਾਨ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਤਾਂ ਜੋ ਉਹ ਆਪਣੇ ਬਜ਼ੁਰਗਾਂ ਦੇ ਸਤਿਕਾਰ ਦੇ ਨਾਲ ਨਾਲ ਉਨ੍ਹਾਂ ਦੇ ਤਜਰਬਿਆਂ ਤੋਂ ਕੁਝ ਨਵਾਂ ਸਿੱਖ ਸਕਣ।
ਨਵਜੋਤ ਕੌਰ, ਈਮੇਲ
ਨਿਆਂ ਪ੍ਰਣਾਲੀ ’ਚ ਭਰੋਸਾ
11 ਅਤੇ 10 ਅਪਰੈਲ ਦੇ ਪਹਿਲੇ ਸਫ਼ੇ ’ਤੇ ਬਾਬਾ ਰਾਮ ਦੇਵ ਅਤੇ ਉਨ੍ਹਾਂ ਦੀ ਕੰਪਨੀ ਬਾਰੇ ਛਪੀਆਂ ਖ਼ਬਰਾਂ ਪੜ੍ਹ ਕੇ ਨਿਆਂ ਪ੍ਰਣਾਲੀ ਵਿਚ ਭਰੋਸਾ ਜਾਗਿਆ। ਰਾਮਦੇਵ ਆਪਣੀਆਂ ਗ਼ੈਰ-ਪ੍ਰਮਾਣਿਤ ਤੇ ਮਹਿੰਗੀਆਂ ਦਵਾਈਆਂ ਅਤੇ ਹੋਰ ਸਮਾਨ ਵੇਚ ਕੇ ਨਾ ਸਿਰਫ਼ ਕਰੋੜਾਂ ਰੁਪਏ ਮੁਨਾਫ਼ਾ ਕਮਾ ਰਿਹਾ ਹੈ ਬਲਕਿ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ, ਸੰਸਥਾ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਐਲੋਪੈਥੀ ਖਿਲਾਫ਼ ਲਗਾਤਾਰ ਝੂਠੀ ਅਤੇ ਗ਼ੈਰ-ਕਾਨੂੰਨੀ ਇਸ਼ਤਿਹਾਬਾਜ਼ੀ ਵੀ ਕਰ ਰਿਹਾ ਹੈ ਜੋ ਡਰੱਗਜ਼ ਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ-1954 ਦੀ ਸਿੱਧੀ ਉਲੰਘਣਾ ਹੈ। ਉਸ ਨੇ ਸੁਪਰੀਮ ਕੋਰਟ ਨੂੰ ਦਿੱਤੇ ਲਿਖਤੀ ਭਰੋਸੇ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਿਸ ਦਾ ਖਮਿਆਜ਼ਾ ਉਸ ਨੂੰ 16 ਅਪਰੈਲ ਦੀ ਸੁਣਵਾਈ ਵੇਲੇ ਭੁਗਤਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਉਸ ਦਾ ਮੁਆਫ਼ੀਨਾਮਾ ਰੱਦ ਕਰ ਕੇ ਚੰਗਾ ਹੀ ਕੀਤਾ ਹੈ। ਹੁਣ ਸੁਪਰੀਮ ਕੋਰਟ ਨੂੰ ਉਸ ਪ੍ਰਿੰਟ ਅਤੇ ਬਿਜਲਈ ਮੀਡੀਏ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਤੱਥਾਂ ਦੀ ਪੜਤਾਲ ਕਰਨ ਤੋਂ ਬਗ਼ੈਰ ਹੀ ਉਸ ਦੀ ਝੂਠੀ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਰਾਮਦੇਵ ਇਸ ਤੋਂ ਪਹਿਲਾਂ ਕਰੋਨਾ ਸਮੇਂ ਦੌਰਾਨ ਇਕ ਵੀਡੀਓ ਰਾਹੀਂ ਐਲੋਪੈਥੀ ਇਲਾਜ ਪ੍ਰਣਾਲੀ ਬਾਰੇ ਬੇਹੱਦ ਮਾੜੀ ਟਿੱਪਣੀ ਕਰ ਚੁੱਕਾ ਹੈ। ਰਾਮਦੇਵ ਅਤੇ ਉਸ ਦੇ ਜੋਟੀਦਾਰ ਬਾਲਕ੍ਰਿਸ਼ਨ ਨੂੰ ਐਲੋਪੈਥੀ ਖਿਲਾਫ਼ ਬੋਲਣ ਤੋਂ ਪਹਿਲਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਬਿਮਾਰ ਹੋਣ ਦੀ ਸੂਰਤ ਵਿਚ ਯੋਗ ਜਾਂ ਆਯੁਰਵੈਦਿਕ ਦਵਾਈ ਦੀ ਬਜਾਇ ਉਹ ਹਮੇਸ਼ਾ ਐਲੋਪੈਥੀ ਦਵਾਈਆਂ, ਐਲੋਪੈਥੀ ਡਾਕਟਰਾਂ ਅਤੇ ਲੈਬ ਟੈਸਟਾਂ ਦਾ ਆਸਰਾ ਲੈ ਕੇ ਹੀ ਸਿਹਤਯਾਬ ਹੁੰਦੇ ਆਏ ਹਨ।
ਸੁਮੀਤ ਸਿੰਘ, ਅੰਮ੍ਰਿਤਸਰ
(2)
ਬਾਬਾ ਰਾਮਦੇਵ ਅਤੇ ਉਸ ਦੇ ਸਾਥੀ ਬਾਲਕ੍ਰਿਸ਼ਨ ਬਾਰੇ ਜੋ ਰੁਖ਼ ਸੁਪਰੀਮ ਕੋਰਟ ਨੇ ਅਖ਼ਿਤਆਰ ਕੀਤਾ ਹੈ, ਉਸ ਤੋਂ ਆਸ ਬੱਝਦੀ ਹੈ ਕਿ ਅਜਿਹੇ ਲੋਕਾਂ ਦੇ ਝੂਠੇ ਪ੍ਰਚਾਰ ਨੂੰ ਹੁਣ ਠੱਲ੍ਹ ਪੈ ਸਕੇਗੀ। ਆਪਣੇ ਇਲਾਜ ਲਈ ਇਹ ਲੋਕ ਐਲੋਪੈਥੀ ਦਾ ਸਹਾਰਾ ਲੈਂਦੇ ਹਨ ਪਰ ਆਪਣੇ ਸਮਾਨ ਦੇ ਪ੍ਰਚਾਰ ਲਈ ਐਲੋਪੈਥੀ ਬਾਰੇ ਝੂਠ ਫੈਲਾਇਆ ਜਾਂਦਾ ਹੈ। ਅਜਿਹਾ ਅਨਰਥ ਹਰ ਹਾਲ ਬੰਦ ਹੋਣਾ ਚਾਹੀਦਾ ਹੈ।
ਹੀਰਾ ਸਿੰਘ, ਹੁਸ਼ਿਆਰਪੁਰ
ਬੌਧਿਕ ਬੇਈਮਾਨੀ
30 ਮਾਰਚ ਦੇ ਨਜ਼ਰੀਆ ਪੰਨੇ ’ਤੇ ਨੀਰਾ ਚੰਢੋਕ ਦਾ ਲੇਖ ‘ਮਜ਼ਹਬੀ ਤੰਗਨਜ਼ਰੀ ਤੋਂ ਮੁਕਤੀ ਦੀ ਲੋੜ’ ਧਰਮ ਬਾਰੇ ਸੰਤੁਲਿਤ ਸੋਚ ’ਤੇ ਪਹੁੰਚ ਦੀ ਵਕਾਲਤ ਕਰਦਾ ਹੈ। ਲੇਖਿਕਾ ਨੇ ਸਹੀ ਕਿਹਾ ਹੈ ਕਿ ਕਿਸੇ ਸੱਭਿਆਚਾਰ ਨੂੰ ਬੇਗ਼ਾਨਾ ਬਣਾ ਕੇ ਪੇਸ਼ ਕਰਨ ਦੀ ਕੋਈ ਵੀ ਕੋਸ਼ਿਸ਼ ਇਤਿਹਾਸਕ ਤੇ ਬੌਧਿਕ ਬੇਈਮਾਨੀ ਹੈ ਪਰ ਮੈਂ ਤਾਂ ਕਹਾਂਗੀ, ਇਹ ਸਭ ਤੋਂ ਵੱਡੀ ਸੱਭਿਆਚਾਰਕ ਬੇਈਮਾਨੀ ਵੀ ਹੈ। ਅਸਲ ਵਿੱਚ ਸਦੀਆਂ ਪੁਰਾਣੀਆਂ ਸਾਡੀਆਂ ਸੱਭਿਆਚਾਰਕ ਸਾਂਝਾਂ ਦਾ ਇੰਨਾ ਨੁਕਸਾਨ ਤਾਂ 47 ਦੀ ਵੰਡ ਅਤੇ 84 ਦੇ ਕਤਲੇਆਮ ਨੇ ਵੀ ਨਹੀਂ ਕੀਤਾ ਜਿੰਨਾ ਧਰਮ ਬਾਰੇ ਅੱਜ ਵਾਲੀ ਸੌੜੀ ਸੋਚ ਨੇ ਕੀਤਾ ਹੈ। ਅਜਿਹੀ ਸੰਪਰਦਾਇਕ ਸੋਚ ਕਾਰਨ ਹੀ ਅਸੀਂ ਇਸਲਾਮੀ ਸਭਿਆਚਾਰ ਦੀ ਦੇਣ ਨੂੰ ਭੁਲਾ ਦਿੱਤਾ ਹੈ। ਕੀ ਅਸੀਂ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਵਰਗੇ ਲੇਖਕਾਂ ਦੇ ਸ਼ਾਹਕਾਰਾਂ ਨੂੰ ਆਪਣੇ ਸਾਹਿਤ ਅਤੇ ਸੱਭਿਆਚਾਰ ਵਿਚੋਂ ਮਨਫ਼ੀ ਕਰ ਸਕਾਂਗੇ? ਜੇ ਨਹੀਂ ਤਾਂ ਆਉ ਹਿੰਦੂ, ਸਿੱਖ ਜਾਂ ਮੁਸਲਮਾਨ ਬਣਨ ਤੋਂ ਪਹਿਲਾਂ ਸਹੀ ਮਾਇਨਿਆਂ ਵਿਚ ਇਨਸਾਨ ਬਣੀਏ। ਭਾਰਤੀ ਹੋਣ ’ਤੇ ਮਾਣ ਕਰੀਏ ਅਤੇ ਧਰਮ ਤੇ ਜਾਤ-ਪਾਤ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਸਭ ਨੂੰ ਗਲ ਨਾਲ ਲਾਈਏ। ਇਸੇ ਦਿਨ ਰਸ਼ਪਾਲ ਸਿੰਘ ਦਾ ਲੇਖ ‘ਜ਼ਮੀਨ ਨਹੀਂ ਤਾਂ ਜੀਵਨ ਨਹੀਂ’ ਕਾਰਪੋਰੇਟ ਜਗਤ ਵੱਲੋਂ ਜ਼ਮੀਨਾਂ ’ਤੇ ਕਬਜ਼ਿਆਂ ਬਾਰੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਭਾਰਤ ਖ਼ਾਸ ਕਰ ਪੰਜਾਬ ਵਿਚ ਬਹੁਗਿਣਤੀ ਲੋਕਾਂ ਦਾ ਜੀਵਨ ਨਿਰਬਾਹ ਖੇਤੀ ’ਤੇ ਆਧਾਰਿਤ ਹੈ। ਇਸ ਤਰ੍ਹਾਂ ਮੁੱਠੀ ਭਰ ਲੋਕਾਂ ਦਾ ਜੰਗਲਾਂ ਤੇ ਜ਼ਮੀਨਾਂ ’ਤੇ ਕਬਜ਼ਾ ਖ਼ਤਰਨਾਕ ਰੁਝਾਨ ਹੈ। ਇਸ ਬਾਰੇ ਲੋਕਾਂ ਨੂੰ ਚੇਤੰਨ ਕਰਨਾ ਚਾਹੀਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਕੋਈ ਰੀਸ ਨਹੀਂ
30 ਮਾਰਚ ਦੇ ਸਤਰੰਗ ਪੰਨੇ ਉੱਤੇ ਰਾਣਾ ਰਣਬੀਰ ਬਾਰੇ ਫੀਚਰ ‘ਉੱਚੇ ਕੱਦ ਦਾ ਮਾਲਕ ਰਾਣਾ ਰਣਬੀਰ’ ਪੜ੍ਹਿਆ। ਵਾਕਈ ਰਾਣਾ ਰਣਬੀਰ ਦਾ ਸਰੀਰਕ ਕੱਦ ਭਾਵੇਂ ਬਹੁਤ ਵੱਡਾ ਨਾ ਹੋਵੇ ਪਰ ਉਹ ਸਚਮੁੱਚ ਵੱਡੇ ਕੱਦ ਵਾਲਾ ਕਲਾਕਾਰ ਹੈ। ਉਸ ਨੇ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਲਈ ਲਿਆਂਦੀਆਂ ਹਨ ਜਿਹੜੀਆਂ ਮਨੁੱਖਤਾ ਦਾ ਸੁਨੇਹਾ ਦਿੰਦੀਆਂ ਹਨ। ਸਭ ਤੋਂ ਵੱਡੀ ਗੱਲ, ਬਤੌਰ ਕਲਾਕਾਰ ਉਸ ਦਾ ਮੁੱਖ ਮਕਸਦ ਪੈਸਾ ਕਮਾਉਣਾ ਨਹੀਂ ਹੈ। ਇਸੇ ਕਰ ਕੇ ਰਾਣਾ ਰਣਬੀਰ ਦੀ ਕੋਈ ਰੀਸ ਨਹੀਂ ਹੈ।
ਸਰਦੂਲ ਸਿੰਘ, ਨਵੀਂ ਦਿੱਲੀ
ਸਾਈਲੋਜ ਬਨਾਮ ਮੰਡੀ ਬੋਰਡ
ਸਾਈਲੋਜ ਅਨਾਜ ਨੂੰ ਬਰਬਾਦ ਹੋਣ ਤੋਂ ਰੋਕਦੇ ਹਨ, ਇੱਥੋਂ ਤੱਕ ਕਿ ਕਈ ਕਿਸਮ ਦੇ ਸਾਈਲੋਜ ਤਾਂ ਦਸ ਸਾਲ ਤੱਕ ਇਹ ਬਰਬਾਦੀ ਰੋਕ ਸਕਦੇ ਹਨ। ਇਹੀ ਨਹੀਂ ਸੁੱਸਰੀ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਸਾਈਲੋਜ ਨੂੰ ਨਿੰਦਣ ਦੀ ਬਜਾਇ ਇਨ੍ਹਾਂ ਨੂੰ ਮੰਡੀ ਬੋਰਡ ਨੂੰ ਰੱਖਣ ਅਤੇ ਬੋਰਡ ਨੂੰ ਹੀ ਖਰੀਦਣ ਦੇ ਅਧਿਕਾਰ ਹੋਣ ਵਾਲੇ ਕਾਨੂੰਨ ਬਣਾਏ ਜਾਣ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸੰਵਾਦ ਵਾਲਾ ਕਦਮ
11 ਅਪਰੈਲ ਦਾ ਸੰਪਾਦਕੀ ‘ਕਿਸਾਨਾਂ ਦੇ ਸਵਾਲ’ ਸਰਕਾਰ ਲਈ ਦਿਸ਼ਾ ਤੈਅ ਕਰਦਾ ਹੈ। ਸਰਕਾਰਾਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ’ਤੇ ਲਾਮਬੰਦ ਹੋਣ ਵਾਲਿਆਂ ਦੀਆਂ ਕਾਰਵਾਈਆਂ ’ਤੇ ਘੇਸਲ ਮਾਰ ਕੇ ਆਪਣੇ ਹੱਠ ਦਾ ਪ੍ਰਗਟਾਵਾ ਕਰਦੀਆਂ ਹਨ, ਗੱਲਬਾਤ ਦਾ ਰਸਤਾ ਨਹੀਂ ਆਪਣਾਉਂਦੀਆਂ। ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਉਨ੍ਹਾਂ ਦੇ ਕਿਸੇ ਵੀ ਕੰਮ ਦਾ ਵਿਰੋਧ ਨਾ ਕਰਨ, ਭਾਵੇਂ ਅਜਿਹੇ ਕੰਮ ਲੋਕਾਂ ਦੀ ਰੋਟੀ ਰੋਜ਼ੀ ’ਤੇ ਮਾਰੂ ਅਸਰ ਵੀ ਪਾਉਂਦੇ ਹੋਣ। ਹੁਣ ਚੋਣਾਂ ਸਮੇਂ ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਨਿਰਾ ਵਿਰੋਧ ਕਰਨ ਦੀ ਥਾਂ, ਸਿਆਸੀ ਪਾਰਟੀਆਂ/ਸਰਕਾਰਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਵਿਰੁੱਧ ਕੀਤੀਆਂ ਗ਼ੈਰ-ਸੰਵਿਧਾਨਕ ਕਾਰਵਾਈਆਂ ਨੂੰ ਨਜ਼ਰਅੰਦਾਜ਼ ਕਰ ਕੇ ਸੰਵਾਦ ਦਾ ਤਰੀਕਾ ਅਪਨਾਉਣਾ ਸ਼ਲਾਘਾਯੋਗ ਕਦਮ ਹੈ। ਸਰਕਾਰਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਮ ਲੋਕਾਂ ਤੋਂ ਤਾਂ ਕੀ, ਆਪਣੇ ਵਿਧਾਨਕਾਰਾਂ ਜਾਂ ਪਾਰਲੀਮੈਂਟ ਮੈਂਬਰਾਂ ਤੋਂ ਵੀ ਸਹਿਮਤੀ ਨਹੀਂ ਲੈਂਦੀਆਂ ਸਗੋਂ ਉਨ੍ਹਾਂ ਨੂੰ ਅੱਖਾਂ ਮੀਚ ਕੇ ਮੰਨਣ ਦਾ ਇਸ਼ਾਰਾ ਹੁੰਦਾ ਹੈ। ਕਿਸੇ ਲੋਕਤੰਤਰੀ ਦੇਸ਼ ਵਿਚ ਅਜਿਹੇ ਵਰਤਾਰੇ ਬਹੁਤ ਮਾਰੂ ਅਤੇ ਘਾਤਕ ਹਨ। ਲੋਕਾਂ ਦੇ ਹੱਕਾਂ ਦੇ ਮਸਲੇ ਜਲਦ ਹੱਲ ਕਰਨੇ ਚਾਹੀਦੇ ਹਨ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ