ਪਾਠਕਾਂ ਦੇ ਖ਼ਤ
ਬਿਆਨ ’ਤੇ ਹੈਰਾਨੀ
10 ਅਪਰੈਲ ਦੇ ਅੰਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਕਿ ਚੀਨ ਭਾਰਤ ਦੀ ਇਕ ਇੰਚ ਭੂਮੀ ਉੱਪਰ ਵੀ ਸਾਡੇ ਰਾਜ ਦੌਰਾਨ ਕਬਜ਼ਾ ਨਹੀਂ ਕਰ ਸਕਿਆ, ਪੜ੍ਹ ਕੇ ਬੇਹੱਦ ਹੈਰਾਨੀ ਹੋਈ ਕਿ ਇਸ ਪੱਧਰ ਉੱਤੇ ਵੀ ਝੂਠ ਬੋਲਿਆ ਜਾ ਰਿਹਾ ਹੈ। ਗਲਵਾਨ ਘਾਟੀ ਦੀ ਘਟਨਾ ਜਿਸ ਵਿਚ ਚੀਨੀ ਸੈਨਿਕਾਂ ਨੇ 20 ਦੇ ਕਰੀਬ ਭਾਰਤੀ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਸੀ, ਤੋਂ ਬਾਅਦ ਵਿਰੋਧੀ ਧਿਰ ਵੱਲੋਂ ਲਗਾਤਾਰ ਸੰਸਦ ਦਾ ਸੈਸ਼ਨ ਬੁਲਾ ਕੇ ਇਸ ਉੱਪਰ ਚਰਚਾ ਕਰਨ ਲਈ ਮੰਗ ਕੀਤੀ ਗਈ ਪਰ ਸਰਕਾਰ ਨੇ ਇਹ ਮੰਗ ਗੌਲੀ ਹੀ ਨਹੀਂ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਅਰੁਣਾਚਲ ਪ੍ਰਦੇਸ਼ ਦਾ ਭਾਜਪਾ ਦਾ ਲੋਕ ਸਭਾ ਮੈਂਬਰ ਵੀ ਆਖ ਰਿਹਾ ਹੈ ਕਿ ਚੀਨ ਅਰੁਣਾਚਲ ਪ੍ਰਦੇਸ਼ ਵਿਚ ਲਗਾਤਾਰ ਘੁਸਪੈਠ ਕਰ ਰਿਹਾ ਹੈ ਪਰ ਸਰਕਾਰ ਚੁੱਪ ਹੈ। ਚੋਣ ਪ੍ਰਚਾਰ ਦੌਰਾਨ ਅਜਿਹੇ ਬਿਆਨ ਦੇਣ ਨਾਲੋਂ ਚੰਗਾ ਹੈ ਕਿ ਸਰਕਾਰ ਪਾਰਲੀਮੈਂਟ ਸੈਸ਼ਨ ਦੌਰਾਨ ਸਪੱਸ਼ਟੀਕਰਨ ਦੇਵੇ। ਇਸ ਤੋਂ ਪਹਿਲਾਂ 3 ਅਪਰੈਲ ਦੇ ਅੰਕ ਵਿਚ ਪੜ੍ਹਿਆ ਕਿ ਭਾਜਪਾ ਦੇ ਮੇਰਠ ਲੋਕ ਸਭਾ ਹਲਕੇ ਦੇ ਉਮੀਦਵਾਰ ਅਰੁਣ ਗੋਵਿਲ ਜਿਸ ਨੇ ‘ਰਾਮਾਇਣ’ ਸੀਰੀਅਲ ਵਿਚ ਰਾਮ ਦਾ ਰੋਲ ਕੀਤਾ ਸੀ, ਨੂੰ ਦੇਖ ਕੇ ਲੋਕ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੇ ਹਨ ਅਤੇ ਉਸ ਦੇ ਪੈਰੀਂ ਹੱਥ ਵੀ ਲਾਉਂਦੇ ਹਨ। ਅਸਲ ਵਿਚ ਭਾਜਪਾ ਲੋਕਾਂ ਦੇ ਇਸ ਅੰਧ-ਵਿਸ਼ਵਾਸ ਦਾ ਫਾਇਦਾ ਲੈਣ ਦੀ ਤਾਕ ਵਿਚ ਹੈ। ਅਰੁਣ ਗੋਵਿਲ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦੇ ਹੱਕ ਵਿਚ ਪ੍ਰਚਾਰ ਕੀਤਾ ਸੀ ਪਰ ਲੋਕਾਂ ਨੇ ਉਸ ਨੂੰ ਅਣਗੌਲਿਆਂ ਹੀ ਕੀਤਾ ਸੀ। ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਉਸ ਉਮੀਦਵਾਰ ਨੂੰ ਹੀ ਚੁਣਨ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਲੋਕ ਸਭਾ ਵਿਚ ਇਨ੍ਹਾਂ ਸਮੱਸਿਆਵਾਂ ਨੂੰ ਉਠਾਏ; ਨਹੀਂ ਤਾਂ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਨੂੰ ਚੁਣ ਕੇ ਧੋਖਾ ਖਾ ਚੁੱਕੇ ਹਨ।
ਅਵਤਾਰ ਸਿੰਘ, ਮੋਗਾ
ਮਾੜੀ ਸਿੱਖਿਆ
ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਤਬਦੀਲੀ’ (10 ਅਪਰੈਲ) ਰਾਜ ਕਪੂਰ ਦੀ ਫਿਲਮ ‘ਕੱਲ ਆਜ ਔਰ ਕੱਲ’ ਦੀ ਯਾਦ ਦਿਵਾ ਗਿਆ। ਦੋ ਪੀੜ੍ਹੀਆਂ ਦੇ ਵਿਚਾਰਾਂ ਵਿਚਕਾਰ ਮਤਭੇਦ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਸੂਚਨਾ ਤਕਨੀਕ ਨੇ ਜਿਵੇਂ ਪ੍ਰਸਾਰ ਕੀਤਾ ਤੇ ਇੰਟਰਨੈੱਟ ਤੇ ਮੋਬਾਈਲਾਂ ਨੇ ਘਰਾਂ ਵਿਚ ਆਪਣੀ ਪਹੁੰਚ ਬਣਾਈ ਹੈ ਤਾਂ ਦਾਦਾ ਦਾਦੀ ਦੀਆਂ ਕਹਾਣੀਆਂ ਦੇ ਦੌਰ ਮੁੱਕ ਗਏ ਤੇ ਪੱਛਮੀ ਦੇਸ਼ਾਂ ਦੀ ਨਕਲ ਦੀ ਅਜਿਹੀ ਹੋੜ ਲੱਗੀ ਕਿ ਨਵੀਂ ਪਨੀਰੀ ਨੂੰ ਇਸ ਭੇਡਚਾਲ ’ਚ ਅੱਗੇ ਰੱਖਣ ਖਾਤਰ ਚੰਗੇ ਸੰਸਕਾਰ ਦੇਣ ਦੀ ਜ਼ਰੂਰਤ ਵੱਲ ਧਿਆਨ ਦੇਣਾ ਛੱਡ ਹੀ ਦਿੱਤਾ ਗਿਆ। ਫਿਰ ਜਦ ਇਹ ਗਲਤ ਵਰਤਾਰਾ ਤੇ ਮਾੜੀ ਸਿੱਖਿਆ ਸਾਡੇ ਆਪਣੇ ਅੱਗੇ ਆ ਕੇ ਖੜ੍ਹੀ ਹੋ ਗਈ ਤਾਂ ਹੁਣ ਮੋੜ ਪੈਣਾ ਨਾਮੁਮਕਿਨ ਹੋ ਗਿਆ। ਇਸੇ ਲਈ ਬੱਚਿਆਂ ਨੂੰ ਆਪਣੇ ਪਿਛੋਕੜ ਦੇ ਰੂ-ਬ-ਰੂ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਵਿਕਾਸ ਕਪਿਲਾ, ਖੰਨਾ
ਦਲ ਬਦਲੀ
5 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਦੀ ਰਚਨਾ ‘ਦਲ ਬਦਲੀ ਦਾ ਅਰਥਚਾਰਾ ਅਤੇ ਫੈਡਰਲਿਜ਼ਮ ਨੂੰ ਢਾਹ’ ਪੜ੍ਹੀ। ਲੇਖਕ ਨੇ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਨੇਤਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਬਾਰੇ ਲਿਖ ਕੇ ਚਿੰਤਾ ਜਤਾਈ ਹੈ। ਅਸਲ ਵਿਚ ਜਿਹੜੀ ਵੀ ਪਾਰਟੀ ਸੱਤਾ ਵਿਚ ਹੁੰਦੀ ਹੈ, ਉਹ ਕੇਂਦਰੀ ਏਜੰਸੀਆਂ ਦਾ ਫਾਇਦਾ ਉਠਾ ਕੇ ਸੱਤਾ ਵਿਚ ਮੁੜ ਆਉਣਾ ਚਾਹੁੰਦੀ ਹੈ। ਰਾਜਨੀਤਕ ਪਾਰਟੀਆਂ ਇਕ ਦੂਸਰੇ ’ਤੇ ਦੂਸ਼ਣ ਲਗਾਉਂਦੀਆਂ ਹਨ ਪਰ ਸੱਤਾ ਵਿਚ ਆ ਉਹ ਵੀ ਉਹੀ ਵਿਹਾਰ ਕਰਦੀਆਂ ਹਨ। ਇਸ ਕਰ ਕੇ ਹੁਣ ਵੋਟਰ ਨੂੰ ਹੀ ਦਲ ਬਦਲੂ ਨੇਤਾਵਾਂ ਨੂੰ ਨਕਾਰਨਾ ਪਵੇਗਾ।
ਗੁਰਮੀਤ ਸਿੰਘ, ਵੇਰਕਾ
ਤਪਸ਼ ਦੀ ਮਾਰ
4 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਆਲਮੀ ਤਪਸ਼ ਅਤੇ ਮਨੁੱਖ ਦਾ ਭਵਿੱਖ’ ਵਿਚਾਰਨ ਵਾਲਾ ਹੈ। ਬਿਨਾਂ ਸ਼ੱਕ ਦੁਨੀਆ ਭਰ ਵਿਚ ਵਧ ਰਹੀ ਤਪਸ਼ ਅੱਜ ਗੰਭੀਰ ਮੁੱਦਾ ਬਣ ਗਈ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਾਡੇ ਵਾਯੂ ਮੰਡਲ ਵਿਚ ਕਾਰਬਨ ਡਾਈਅਕਸਾਈਡ ਦੇ ਨਾਲ-ਨਾਲ ਮੀਥੇਨ ਨਾਈਟਸ ਆਕਸਾਈਡ, ਕਲੋਰੀਨ ਆਦਿ ਕਈ ਅਜਿਹੀਆਂ ਗੈਸਾਂ ਇਕੱਤਰ ਹੋ ਰਹੀਆਂ ਹਨ ਜੋ ਤਪਸ਼ ਵਿਚ ਲਗਾਤਾਰ ਵਾਧਾ ਕਰ ਰਹੀਆਂ ਹਨ। ਇਹ ਉਦਯੋਗ ਖੇਤੀ ਅਤੇ ਘਰੇਲੂ ਕਾਰਗੁਜ਼ਾਰੀਆਂ ਦੀ ਹੀ ਉਪਜ ਹਨ। ਇਨ੍ਹਾਂ ਕਰਕੇ ਹੀ ਭੂਗੋਲਿਕ ਤਾਪਮਾਨ ਵਧ ਰਿਹਾ ਹੈ। ਹੁਣ ਤੱਕ ਇਹ ਵਾਧਾ ਮਾਮੂਲੀ ਸੀ, ਇਕ ਸੈਲਸੀਅਸ ਤੋਂ ਵੀ ਘੱਟ ਪਰ ਅਨੁਮਾਨ ਹੈ ਕਿ ਸੰਨ 2100 ਤੱਕ ਇਹ 5 ਡਿਗਰੀ ਸੈਲਸੀਅਸ ਤੱਕ ਪੁੱਜ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤਪਸ਼ ਮਨੁੱਖ ਜਾਤੀ, ਹੋਰ ਜੀਵਾਂ ਅਤੇ ਖੇਤੀ ਖੇਤਰ ਲਈ ਉੱਕਾ ਹੀ ਅਨੁਕੂਲ ਨਹੀਂ। ਇਹ ਮਨੁੱਖ ਜਾਤੀ ਲਈ ਵੱਡੀ ਤਰਾਸਦੀ ਹੋਵੇਗੀ। ਵਾਤਾਵਰਨ ਵਿਚ ਪਏ ਵਿਗਾੜ ਦਾ ਮੂਲ ਕਾਰਨ ਲੱਭ ਕੇ ਹੀ ਇਸ ਭਿਆਨਕ ਤ੍ਰਾਸਦੀ ਤੋਂ ਬਚਿਆ ਜਾ ਸਕਦਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਕੋਈ ਸੱਚਾਈ ਨਹੀਂ
4 ਅਪਰੈਲ ਦੇ ਅੰਕ ’ਚ 3 ਸਫੇ ’ਤੇ ‘ਪਟਿਆਲਾ ਹਲਕੇ ਨੂੰ ਲੋਕਾਂ ਦੀ ਬਾਂਹ ਫੜਨ ਵਾਲੇ ਆਗੂ ਦੀ ਭਾਲ’ ਵਿਚ ਕੀਤਾ ਗਿਆ ਵਿਸ਼ਲੇਸ਼ਣ ਚੰਗਾ ਸੀ ਪਰ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਲੋਕਾਂ ’ਚ ਰੁੱਖੇ ਸੁਭਾਅ ਦੀ ਸ਼ਾਖ ਬਣਾਉਣ ਵਾਲੀ ਲਿਖੀ ਗੱਲ ਵਿਚ ਕੋਈ ਸੱਚਾਈ ਨਹੀਂ। ਇਸ ਤੋਂ ਪਹਿਲਾਂ 3 ਅਪਰੈਲ ਦੇ ਅੰਕ ’ਚ ਚੋਣ ਦੰਗਲ ਪੰਨੇ ’ਤੇ ਰਵਨੀਤ ਬਿੱਟੂ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ; ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਨੇ 1984 ’ਚ ਦੰਗੇ ਕਰਵਾਏ। ਜੇ ਮਨ ਵਿਚ ਅਜਿਹੀ ਸੋਚ ਸੀ ਤਾਂ ਰਵਨੀਤ ਬਿੱਟੂ ਨੂੰ ਲੰਮਾ ਸਮਾਂ ਕਾਂਗਰਸ ਪਾਰਟੀ ਵਿਚ ਰਹਿਣ ਦੀ ਥਾਂ ਪਹਿਲਾਂ ਹੀ ਇਸ ਪਾਰਟੀ ਨੂੰ ਛੱਡ ਦੇਣਾ ਬਣਦਾ ਸੀ। 19 ਮਾਰਚ ਦੇ ਅੰਕ ’ਚ ਡਾ. ਪ੍ਰਵੀਨ ਬੇਗਮ ਦਾ ਮਿਡਲ ‘ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ’ ਪੜ੍ਹਾਈ ਦਾ ਮਹੱਤਵ ਸਮਝਾਉਣ ਵਾਲਾ ਸੀ। ਸਿੱਖਿਆ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਹ ਮਨੁੱਖ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਨ ਵਿਚ ਹੀ ਸਹਾਈ ਸਿੱਧ ਨਹੀਂ ਹੁੰਦੀ ਸਗੋਂ ਜ਼ਿੰਦਗੀ ਸੁਚੱਜੇ ਢੰਗ ਲਾਲ ਜਿਊਣ ਦੀ ਜਾਚ ਸਿਖਾਉਂਦੀ ਹੋਈ ਆਖ਼ਿਰੀ ਸਾਹਾਂ ਤਕ ਮਦਦਗਾਰ ਸਾਬਤ ਹੁੰਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਰਿਸ਼ਤੇ ਨਾਤਿਆਂ ’ਚ ਨਿਘਾਰ
28 ਮਾਰਚ ਦੇ ਇੰਟਰਨੈੱਟ ਪੰਨੇ ‘ਅਦਬੀ ਰੰਗ’ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦੀ ਕਹਾਣੀ ‘ਸਫ਼ੇਦ ਖੂਨ’ ਪੜ੍ਹੀ। ਕਹਾਣੀ ਵਿਚ ਲੇਖਕ ਨੇ ਰਿਸ਼ਤੇ ਨਾਤਿਆਂ ਵਿਚ ਆ ਰਹੇ ਨਿਘਾਰ ਦੀ ਸਥਿਤੀ ਬਿਆਨ ਕੀਤੀ ਹੈ। ਕਹਾਣੀ ਰਾਹੀਂ ਲੇਖਕ ਇਹ ਸੁਨੇਹਾ ਦਿੰਦਾ ਹੈ ਕਿ ਜੇਕਰ ਅਸੀਂ ਸੁੱਖ ਸ਼ਾਂਤੀ ਅਤੇ ਸਹਿਜ ਭਰਿਆ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਸੀ ਸਦਭਾਵਨਾ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਹਰ ਹੀਲੇ ਕਾਇਮ ਰੱਖਣਾ ਪੈਣਾ ਹੈ।
ਅਰੁਣਾ ਨਾਦਰ ਭੱਟੀ, ਧੂਰੀ (ਸੰਗਰੂਰ)
ਪੁਰਾਣੀ ਪੈਨਸ਼ਨ ਸਕੀਮ
ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿਚ ਪੁਰਾਣੀ ਪੈਨਸ਼ਨ ਸਕੀਮ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਪਾਰਟੀ ਜਦੋਂ ਰਾਜਸਥਾਨ ਅਤੇ ਛਤੀਸਗੜ੍ਹ ਵਿਚ ਸੱਤਾ ਵਿਚ ਸੀ, ਉਦੋਂ ਮੁਲਾਜ਼ਮਾਂ ਦੀ ਇਹ ਖਾਸ ਮੰਗ ਮੰਨ ਲਈ ਗਈ ਸੀ। ਇਹ ਤੱਥ ਜੱਗ-ਜ਼ਾਹਿਰ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਾ ਵੱਡਾ ਕਾਰਕ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਵਾਅਦਾ ਸੀ। ਹੁਣ ਪਾਰਟੀ ਇਸ ਮਸਲੇ ’ਤੇ ਖਾਮੋਸ਼ ਹੋ ਗਈ ਹੈ। ਕੀ ਹੁਣ ਇਹ ਮੰਨ ਲਿਆ ਜਾਵੇ ਕਿ ਕਾਂਗਰਸ ਵੀ ਇਸ ਮਸਲੇ ’ਤੇ ਬਹੁਤੀ ਸੰਜੀਦਾ ਨਹੀਂ।
ਐੱਸ ਕੇ ਖੋਸਲਾ, ਚੰਡੀਗੜ੍ਹ
ਪੰਜਾਬ ਦੀ ਜ਼ਮੀਨ ਅਤੇ ਰਸਾਇਣ
9 ਅਪਰੈਲ ਦੇ ਅੰਕ ਵਿਚ ਪ੍ਰੋ. ਕੇ ਸੀ ਸ਼ਰਮਾ ਦਾ ਮਿਡਲ ‘ਪੱਕੀ ਖੇਤੀ ਵੇਖ ਕੇ...’ ਪੜ੍ਹਿਆ। ਲੇਖਕ ਨੇ ਵਧੀਆ ਢੰਗ ਨਾਲ ਸਮੱਸਿਆ ਉਭਾਰੀ ਹੈ। ਇਕ ਹੋਰ ਮੁਸੀਬਤ ਬਾਰੇ ਕੋਈ ਮਾਹਿਰ ਗੱਲ ਨਹੀਂ ਕਰ ਰਿਹਾ, ਉਹ ਇਹ ਹੈ ਕਿ ਰਸਾਇਣਾਂ ਦੀ ਲਗਾਤਾਰ ਵਰਤੋਂ ਨੇ ਪੰਜਾਬ ਦੀ ਮਿੱਟੀ ਦੀ ਉਪਰਲੀ ਪਰਤ ਨੂੰ ਬੇਜਾਨ ਕਰ ਦਿੱਤਾ ਹੈ ਤੇ ਇਸ ਪਰਤ ਵਿਚ ਬੀਜੀਆਂ ਜਾਣ ਵਾਲੀ ਫਸਲਾਂ ਵਿਚ ਕੁਦਰਤੀ ਤੌਰ ’ਤੇ ਹੋਣ ਵਾਲੇ ਤੱਤਾਂ ਦੀ ਮਾਤਰਾ ਬਹੁਤ ਘਟ ਗਈ ਹੈ। ਕਈ ਪੋਸ਼ਕ ਤੱਤ ਨਾ-ਮਾਤਰ ਹੀ ਹੁੰਦੇ ਹਨ। ਇਸ ਮੁਸ਼ਕਲ ਨੂੰ ਜ਼ਮੀਨ ਵਿਚ ਹਰੀ ਖਾਦ, ਰੂੜੀ ਤੇ ਹੋਰ ਜੈਵਿਕ ਤੇ ਕੁਦਰਤੀ ਢੰਗ ਨਾਲ ਸਿਹਤ ਸੁਧਾਰ ਕਰ ਕੇ ਹੀ ਨਜਿੱਠਿਆ ਜਾ ਸਕਦਾ ਹੈ। ਇਸ ਪਾਸੇ ਖੇਤੀਬਾੜੀ ਮਾਹਿਰਾਂ, ਚੇਤੰਨ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਨੂੰ ਫੌਰੀ ਤੌਰ ’ਤੇ ਯਤਨ ਕਰਨ ਦੀ ਲੋੜ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ