ਪਾਠਕਾਂ ਦੇ ਖ਼ਤ
ਫ਼ਕੀਰਾਨਾ ਅੰਦਾਜ਼
4 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਮੇਘਾ ਸਿੰਘ ਦਾ ਲੇਖ ‘ਫ਼ਕੀਰਾਨਾ ਅੰਦਾਜ਼ ਵਾਲਾ ਲੋਕ ਪੱਖੀ ਪੱਤਰਕਾਰ ਜਗੀਰ ਸਿੰਘ ਜਗਤਾਰ’ ਪੜ੍ਹਿਆ ਜਿਸ ਵਿਚ ਉਨ੍ਹਾਂ ਦੇ ਜੀਵਨ ਬਾਰੇ ਜ਼ਿਕਰ ਕੀਤਾ ਗਿਆ ਸੀ। ਪੱਤਰਕਾਰ ਜਗੀਰ ਸਿੰਘ ਜਗਤਾਰ ਇਮਾਨਦਾਰ, ਨੇਕ ਦਿਲ, ਸਾਦਾ ਜੀਵਨ ਜਾਚ ਵਾਲੇ ਅਤੇ ਹੋਰ ਬੇਅੰਤ ਗੁਣਾਂ ਦੇ ਧਾਰਨੀ ਸਨ। ਅੱਜ ਦੇ ਸਮੇਂ ਵਿੱਚ ਇਨ੍ਹਾਂ ਵਰਗੇ ਲੋਕਾਂ ਦੀ ਸਾਡੇ ਸਮਾਜ ਵਿਚ ਬਹੁਤ ਲੋੜ ਹੈ।
ਅਕਾਸ਼ਦੀਪ ਸਿੰਘ, ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)
(2)
ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਬਾਰੇ ਡਾ. ਮੇਘਾ ਸਿੰਘ ਦਾ ਲੇਖ ਪੜ੍ਹਿਆ। ਉਹ ਪੱਤਰਕਾਰ ਹੋਣ ਦੇ ਨਾਲ-ਨਾਲ ਕਾਰਕੁਨ ਵੀ ਸਨ। ਉਨ੍ਹਾਂ ਸਾਰੀ ਉਮਰ ਸੰਘਰਸ਼ ਦੇ ਲੇਖੇ ਲਾਈ ਅਤੇ ਆਖ਼ਰੀ ਦਿਨਾਂ ਦੌਰਾਨ ਵੀ ਸਮਾਜ ਬਾਰੇ ਚਿੰਤਾ ਉਨ੍ਹਾਂ ਦੀਆਂ ਗੱਲਾਂ ਵਿਚੋਂ ਝਲਕਦੀ ਸੀ।
ਰੇਸ਼ਮ ਸਿੰਘ, ਜਲੰਧਰ
ਹਕੀਕਤ ਦੇ ਰੂ-ਬ-ਰੂ
ਪਹਿਲੀ ਅਪਰੈਲ ਦੇ ਮਿਡਲ ‘ਮੌਤੋਂ ਭੁੱਖ ਬੁਰੀ’ ਵਿੱਚ ਮੋਹਨ ਸ਼ਰਮਾ ਨੇ ਸਾਨੂੰ ਜ਼ਿੰਦਗੀ ਦੀ ਹਕੀਕਤ ਦੇ ਰੂ-ਬ-ਰੂ ਕਰਵਾਇਆ ਹੈ। ਰਚਨਾ ਜ਼ਿੰਦਗੀ ਦਾ ਸੰਘਰਸ਼ ਬਿਆਨ ਕਰਦੀ ਹੋਈ ਸਾਡੇ ਲਈ ਪ੍ਰੇਰਨਾ ਸਰੋਤ ਬਣਦੀ ਹੈ। ਜ਼ਿੰਦਗੀ ਦਾ ਸੰਘਰਸ਼ ਖ਼ੁਦ ਹੀ ਲੜਨਾ ਪੈਂਦਾ ਹੈ। ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਤਾਂ ਕੇਵਲ ਦਿਲਾਸੇ ਹੁੰਦੇ ਹਨ। ਇਸ ਲਈ ਸਬਰ ਸੰਤੋਖ, ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਔਖੇ ਦਿਨਾਂ ਵਿਚੋਂ ਨਿਕਲਿਆ ਜਾ ਸਕਦਾ ਹੈ। 29 ਮਾਰਚ ਦਾ ਸੰਪਾਦਕੀ ‘ਖੁਰਾਕ ਦੀ ਬਰਬਾਦੀ’ ਪੜ੍ਹ ਕੇ ਦੁੱਖ ਹੋਇਆ ਹੈ ਕਿ ਇੱਕ ਪਾਸੇ ਤਾਂ ਸਾਡੀ ਸਰਕਾਰ ਅੱਸੀ ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀਆਂ ਯੋਜਨਾਵਾਂ ਬਣਾ ਰਹੀ ਹੈ, ਦੂਜੇ ਪਾਸੇ ਸੰਯੁਕਤ ਰਾਸ਼ਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਿਕ, ਸਾਡੇ ਭੋਜਨ ਦਾ ਉੱਨੀ ਫ਼ੀਸਦੀ ਹਿੱਸਾ ਬਰਬਾਦ ਹੋ ਰਿਹਾ ਹੈ। ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਕੇ ਕੁਦਰਤ ਦਾ ਵਿਨਾਸ਼ ਕਰ ਕੇ ਅਖੌਤੀ ਵਿਕਾਸ ਅਤੇ ਤਰੱਕੀ ਤਾਂ ਬਹੁਤ ਕਰ ਲਈ ਪਰ ਉਸ ਨੂੰ ਰਹਿਣ-ਸਹਿਣ ਦਾ ਤਰੀਕਾ ਅਤੇ ਸਲੀਕਾ ਅਜੇ ਵੀ ਨਹੀਂ ਆਇਆ। ਸਾਨੂੰ ਭੋਜਨ ਦੀ ਬਰਬਾਦੀ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਰਜਵਿੰਦਰਪਾਲ ਸ਼ਰਮਾ, ਈਮੇਲ
ਸ਼ਹੀਦ ਦੀ ਟਿੱਪਣੀ
23 ਮਾਰਚ ਨੂੰ ਗੁਰਦੇਵ ਸਿੰਘ ਸਿੱਧੂ ਦੀ ਲਿਖਤ ‘ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ’ ਪੜ੍ਹੀ ਜਿਸ ਵਿਚ ਲਿਖਿਆ ਹੈ, ‘‘ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਵਿਰੋਧੀ ਭਾਵਨਾ ਉਪਜਾਉਣ ਵਾਲੀ ਇਸ ਕਾਵਿ ਟੂਕ ਨੂੰ ਪਹਿਲ ਦਿੱਤੀ: ‘ਓ ਰਾਹੀਆ ਰਾਹੇ ਜਾਂਦਿਆ ਗੱਲ ਮੇਰੀ ਸੁਣ ਜਾ, ਸਿਰ ’ਤੇ ਪੱਗ ਤੇਰੇ ਵਲੈਤ ਦੀ ਇਹਨੂੰ ਫੂਕ ਮੁਆਤੜਾ ਲਾ।’ ਸਿਰ ਉੱਪਰ ਦਸਤਾਰ ਤਾਂ ਇਹ ਸਮਝਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਹੈ, ਵਲੈਤ ਦੀ ਕਿਵੇਂ ਹੋਈ? ਵਲੈਤ ਦਾ ਪਹਿਰਾਵਾ ਤਾਂ ਸਗੋਂ ਉਲਟਾ ਹੈਟ ਹੈ ਜੋ ਭਗਤ ਸਿੰਘ ਨੇ ਪਹਿਨਿਆ ਤੇ ਹੈਟ ਨਾਲ ਬਣੀਆਂ ਤਸਵੀਰਾਂ ਸਭ ਤੋਂ ਵਧੇਰੇ ਮਕਬੂਲ ਹਨ। ਅਜੋਕੀ ਜੁਆਨੀ ਭਗਤ ਸਿੰਘ ਦੀ ਦਸਤਾਰ ਬੰਨ੍ਹ ਕੇ ਉਸ ਨਾਲ ਸਬੰਧਿਤ ਵਾਕੇ, ਪ੍ਰਸੰਗ, ਸਟੇਜ ਉੱਪਰ ਪ੍ਰਦਰਸ਼ਿਤ ਕਰਦੇ ਹਨ। ਇਸ ਉਕਤ ਟੂਕ ਦੀ ਸਮਝ ਨਹੀਂ ਆਈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਪੰਜਾਬ ਸਿਰ ਕਰਜ਼ਾ
21 ਮਾਰਚ ਵਾਲੇ ਅੰਕ ਵਿਚ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਕਰਜ਼ੇ ਦਾ ਮੱਕੜਜਾਲ: ਕੁਝ ਖ਼ਾਸ ਪਹਿਲੂ’ ਪੰਜਾਬ ਦੀ ਨਿਘਰਦੀ ਹਾਲਤ ਦਾ ਬਿਆਨ ਕਰਦਾ ਹੈ। 1980ਵਿਆਂ ਦੌਰਾਨ ਸੁਰੱਖਿਆ ਦਸਤਿਆਂ ਦਾ ਸਾਰਾ ਖ਼ਰਚ ਕੇਂਦਰ ਨੇ ਪੰਜਾਬ ਸਰਕਾਰ ਸਿਰ ਮੜ੍ਹ ਦਿੱਤਾ ਜਿਸ ਦਾ ਕਿਸੇ ਵੀ ਮੁੱਖ ਮੰਤਰੀ, ਸੰਤਰੀ ਜਾਂ ਰਾਜਨੀਤਕ ਪਾਰਟੀ ਨੇ ਅੱਜ ਤਕ ਖੰਡਨ ਨਹੀਂ ਕੀਤਾ ਹੈ। ਇਹੀ ਖਰਚਾ ਹੁਣ ਸਾਡੇ ਗਲੇ ਦੀ ਹੱਡੀ ਬਣ ਚੁੱਕਾ ਹੈ। ਪੰਜਾਬ ਨੇ ਉਹ ਹਾਲਾਤ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚੇ ਸਨ। ਉਸ ਕਤਲੋ-ਗਾਰਤ ਦੌਰਾਨ ਪੰਜਾਬ ਦਾ ਜਾਨੀ-ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਹੁਣ ਪੰਜਾਬ ਦਾ ਕਰਜ਼ਾ ਗ਼ਲਤ ਨੀਤੀਆਂ ਕਾਰਨ ਹੀ ਵਧ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਫਜ਼ੂਲ ਖ਼ਰਚੀ ਬੰਦ ਹੋਣੀ ਚਾਹੀਦੀ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਅਬੋਹਰ)
ਪੜ੍ਹਾਈ ਦਾ ਮਹੱਤਵ
19 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦੀ ਰਚਨਾ ‘ਤੇਰਾ ਪੜ੍ਹੇ ਬਿਨਾ ਨਹੀਂ ਸਰਨਾ’ ਪੜ੍ਹਦਿਆਂ ਸੋਚਦਾ ਹਾਂ ਕਿ ਸਖ਼ਤ ਮਿਹਨਤ, ਦੂਰ ਦ੍ਰਿਸ਼ਟੀ ਤੇ ਦ੍ਰਿੜ੍ਹ ਇਰਾਦਾ, ਬੰਦੇ ਦੀ ਲਿਆਕਤ ਅੱਗੇ ਰੰਗ-ਰੂਪ ਗੋਰਾ-ਕਾਲਾ ਰੰਗ ਕੋਈ ਮਾਇਨੇ ਨਹੀਂ ਰੱਖਦੇ। ਰਚਨਾ ਵਿਚਲੀ ਲੇਖਕ ਪਾਤਰ ਸਉਲੇ ਰੰਗ ਦੀ ਹੋਣ ਦੇ ਬਾਵਜੂਦ ਉਚੇਰੀ ਪੜ੍ਹਾਈ ਕਰ ਕੇ ਚੰਗੇ ਅਹੁਦੇ ’ਤੇ ਲੱਗ ਗਈ, ਵਿਆਹੀ ਵੀ ਚੰਗੇ ਘਰ ਗਈ। ਇਸ ਤੋਂ ਪਹਿਲਾਂ 18 ਮਾਰਚ ਦੇ ਨਜ਼ਰੀਆ ਪੰਨੇ ’ਤੇ ਬਚਨ ਬੇਦਿਲ ਦੀ ਰਚਨਾ ‘ਨੱਚਦੀ ਹਵਾਈ ਅੱਡੇ ਜਾਵਾਂ’ ਵਿੱਚ ਆਈਆਂ ਸਤਰਾਂ- ‘ਸਾਰੇ ਫੁੱਲ ਤੇ ਕਲੀਆਂ ਤੁਰ ਪਰਦੇਸ ਗਏ, ਯਾਦਾਂ ਦੇ ਵਿੱਚ ਰਹਿ ਗਏ ਜ਼ਿਕਰ ਬਹਾਰਾਂ ਦੇ, ਘਰ ਦੇ ਮਾਲਕ ਮਾਲੀ ਆਪਣੇ ਬਾਗਾਂ ਦੇ, ਰਾਖੇ ਬਣਗੇ ਉੱਜੜੀਆਂ ਗੁਲਜ਼ਾਰਾਂ ਦੇ’, ਹਰ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਦੇਖਾ-ਦੇਖੀ ਜਾਂ ਇੱਥੋਂ ਨਾਲੋਂ ਬਿਹਤਰ ਰੁਜ਼ਗਾਰ ਦੀ ਤਲਾਸ਼ ਵਿਚ ਦੇਸ਼ ਦੀ ਜਵਾਨੀ ਵਿਦੇਸ਼ਾਂ ਵਿਚ ਜਾ ਰਹੀ ਹੈ ਤੇ ਪਿੱਛੇ ਬੁੱਢੇ ਮਾਪੇ ਵੱਡੀਆਂ-ਵੱਡੀਆਂ ਕੋਠੀਆਂ/ਘਰਾਂ ਵਿਚ ਹੌਕੇ-ਹਾਵਿਆਂ ਵਾਲੀ ਜ਼ਿੰਦਗੀ ਬਸਰ ਕਰਦੇ ਹਨ। ਇਹ ਸਾਡੇ ਸਮਿਆਂ ਦੀ ਤਰਾਸਦੀ ਹੈ। ਇਸ ਬਾਰੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਬੱਚਿਆਂ ਦਾ ਰੁਝਾਨ
ਅੱਜ ਕੱਲ੍ਹ ਬੱਚਿਆਂ ਦਾ ਰੁਝਾਨ ਵਿਦੇਸ਼ ਵੱਲ ਵਧ ਗਿਆ ਹੈ। ਥਾਂ ਥਾਂ ਆਈਲੈੱਟਸ ਸੈਂਟਰ ਖੁੱਲ੍ਹੇ ਹੋਏ ਹਨ। ਬੱਚੇ ਆਪਣੇ ਮਾਪਿਆਂ ਉੱਤੇ ਵਿਦੇਸ਼ ਭੇਜਣ ਲਈ ਜ਼ੋਰ ਪਾ ਰਹੇ ਹਨ। ਮਾਪੇ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਕਰਜ਼ਾ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇੱਥੇ ਆਪਣੇ ਦੇਸ਼ ’ਚ ਹੀ ਰੁਜ਼ਗਾਰ ਲੱਭਣ ਦੀ ਕੋਸ਼ਿਸ਼ ਕਰਨ, ਵਿਦੇਸ਼ ਦੇ ਐਸ਼ੋ-ਆਰਾਮ ਨਾ ਦੇਖਣ। ਵਿਦੇਸ਼ ’ਚ ਜਾ ਕੇ ਉਹ ਸੋਲਾਂ-ਸੋਲਾਂ ਘੰਟੇ ਕੰਮ ਕਰਦੇ ਹਨ ਅਤੇ ਇੱਥੇ ਉਹ ਕੰਮ ਹੀ ਨਹੀਂ ਕਰਨਾ ਚਾਹੁੰਦੇ।
ਗੁਰਿੰਦਰ, ਰਾਜਪੁਰਾ
ਮੰਡੀ ਵਾਲੇ ਯੁੱਗ ਵਿੱਚ
5 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਦਾ ਲੇਖ ‘ਦੋ ਕੁ ਪਲ’ ਪੜ੍ਹ ਕੇ ਮਹਿਸੂਸ ਹੋਇਆ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਖੁਸ਼ੀਆਂ ਦੀ ਪ੍ਰਾਪਤੀ ਲਈ ਮੰਡੀ ਨੂੰ ਹੀ ਸਾਧਨ ਸਮਝਿਆ ਜਾਂਦਾ ਹੈ ਪਰ ਅਜਿਹੀ ਖੁਸ਼ੀ ਛਿਣ-ਭੰਗਰ ਹੁੰਦੀ ਹੈ। ਸੋਸ਼ਲ ਮੀਡੀਆ ਖੋਲ੍ਹਦਿਆਂ ਹੀ ਅਜਿਹੇ ਕਈ ਇਸ਼ਤਿਹਾਰ ਅਤੇ ਸਾਈਟਾਂ ਦੀ ਭਰਮਾਰ ਸਾਡੇ ਸਾਹਮਣੇ ਖਰੀਦਦਾਰੀ ਦੇ ਅਣਗਿਣਤ ਬਦਲ ਪੇਸ਼ ਕਰਦੇ ਹਨ। ਆਨਲਾਈਨ ਸ਼ਾਪਿੰਗ ਦੇ ਇਸ ਯੁੱਗ ਵਿਚ ਆਪਣੀ ਕਮਾਈ ਨੂੰ ਅਜਿਹੀਆਂ ਲੁਭਾਊ ਮਸ਼ਹੂਰੀਆਂ ਦੇ ਲਾਲਚ ਤੋਂ ਬਚਾ ਕੇ ਰੱਖਣਾ ਵੀ ਕਿਸੇ ਤਪੱਸਿਆ ਤੋਂ ਘੱਟ ਨਹੀਂ। ਦੂਸਰੇ ਪਾਸੇ ਘਰ ਦੀ ਬਗੀਚੀ ਵਿੱਚ ਲਗਾਏ ਕਿਸੇ ਪੌਦੇ ’ਤੇ ਨਿਕਲੀਆਂ ਡੋਡੀਆਂ ਜਾਂ ਛੋਟੇ ਬੱਚੇ ਦੀ ਕਿਸੇ ਗੱਲ ’ਤੇ ਪੈਦਾ ਹੋਈ ਕਿਲਕਾਰੀ ਤੁਹਾਡੇ ਧੁਰ ਅੰਦਰ ਤਕ ਖੁਸ਼ੀਆਂ ਦੀ ਲਹਿਰ ਪੈਦਾ ਕਰ ਦਿੰਦੀ ਹੈ। ਘਰ ਪਰਤਦਿਆਂ ਹੀ ਜੀਵਨ ਸਾਥੀ ਵੱਲੋਂ ਮੁਸਕਰਾ ਕੇ ਕੀਤਾ ਸਵਾਗਤ ਸਾਰੇ ਦਿਨ ਦੇ ਕੰਮਾਂ ਕਾਰਾਂ ਤੋਂ ਪੈਦਾ ਹੋਈ ਥਕਾਵਟ ਪਲਾਂ ਵਿਚ ਦੂਰ ਕਰ ਕੇ ਨਵੀਂ ਊਰਜਾ ਭਰ ਦਿੰਦਾ ਹੈ। ਇਨਸਾਨ ਲਈ ਸਭ ਤੋਂ ਵੱਡਾ ਪ੍ਰਸ਼ਨ ਅੱਜ ਮੰਡੀ ਅਤੇ ਕੁਦਰਤੀ ਖੁਸ਼ੀ ਦੇ ਸੋਮਿਆਂ ਦਰਮਿਆਨ ਸੰਤੁਲਨ ਬਣਾ ਕੇ ਰੱਖਣ ਦਾ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ