ਪਾਠਕਾਂ ਦੇ ਖ਼ਤ
ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਅਰਥ
27 ਮਾਰਚ ਦੇ ਅੰਕ ’ਚ ਰਾਜੇਸ਼ ਰਾਮਚੰਦਰਨ ਦਾ ਲੇਖ ‘ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਮਾਮਲਾ’ ਤੱਥਾਂ ’ਤੇ ਆਧਾਰਿਤ ਹੈ। ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ 2013 ਵਾਲਾ ਅੰਨਾ-ਕੇਜਰੀਵਾਲ ਅੰਦੋਲਨ ਆਰਐੱਸਐੱਸ ਵੱਲੋਂ ਯੂਪੀਏ ਦੀ ਕੇਂਦਰ ਸਰਕਾਰ ਗਿਰਾਉਣ ਦੇ ਮਕਸਦ ਨਾਲ ਖੜ੍ਹਾ ਕੀਤਾ ਗਿਆ ਸੀ। ਅੰਨਾ ਹਜ਼ਾਰੇ ਨੇ ਪਿਛਲੇ ਦਸ ਸਾਲਾਂ ਦੇ ਭਾਜਪਾ ਦੇ ਫ਼ਿਰਕੂ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਖਿਲਾਫ਼ ਕੋਈ ਅੰਦੋਲਨ ਜਾਂ ਬਿਆਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਅੱਜ ਤਕ ਲੋਕਪਾਲ ਲਾਗੂ ਕੀਤਾ ਹੈ। ਜ਼ਾਹਿਰ ਹੈ ਕਿ ਕੇਜਰੀਵਾਲ ਨੂੰ ਉਸ ਅੰਦੋਲਨ ਵਿਚ ਆਰਐੱਸਐੱਸ ਦਾ ਮੋਹਰਾ ਬਣਾ ਕੇ ਉਭਾਰਿਆ ਗਿਆ ਸੀ। ਕੇਜਰੀਵਾਲ ਅਤੇ ਭਾਜਪਾ ਸਾਮਰਾਜੀ ਅਤੇ ਹਿੰਦੂਤਵੀ ਪੱਖੀ ਨੀਤੀਆਂ ਲਾਗੂ ਕਰਨ ਲਈ ਇਕ ਦੂਜੇ ਤੋਂ ਵੱਧ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਲੋਕ ਸਭਾ ਚੋਣਾਂ ਮੌਕੇ ਕੇਜਰੀਵਾਲ ਦੀ ਗ਼ੈਰ-ਜ਼ਰੂਰੀ ਗ੍ਰਿਫ਼ਤਾਰੀ ਕਰ ਕੇ ਦਰਅਸਲ ਭਾਜਪਾ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਥਾਂ ਮੁੱਖ ਵਿਰੋਧੀ ਸਿਆਸੀ ਧਿਰ ਵਜੋਂ ਉਭਾਰਨਾ ਚਾਹੁੰਦੀ ਹੈ ਤਾਂ ਕਿ ਭਾਜਪਾ ਤੋਂ ਨਾਰਾਜ਼ ਵੋਟਰ ਕਾਂਗਰਸ ਦੀ ਬਜਾਇ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤ ਜਾਣ। ਕੇਂਦਰ ਸਰਕਾਰ ਈਡੀ ਰਾਹੀਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਕੇ ਅਤੇ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਜਾਮ ਕਰ ਕੇ ਸਮੂਹ ਵਿਰੋਧੀ ਸਿਆਸੀ ਪਾਰਟੀਆਂ ਅਤੇ ਵੋਟਰਾਂ ਨੂੰ ਖੌਫ਼ਜ਼ਦਾ ਕਰ ਰਹੀ ਹੈ। ਹੁਣ ਪਾਰਦਰਸ਼ਤਾ ਦੀ ਥਾਂ ਧੱਕੇਸ਼ਾਹੀ ਨਾਲ ਸੱਤਾ ਹਾਸਿਲ ਕਰਨ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜੋ ਦੇਸ਼ ਦੀ ਜਮਹੂਰੀਅਤ ਅਤੇ ਸੰਵਿਧਾਨਕ ਸਿਧਾਂਤਾਂ ਅਨੁਸਾਰ ਗ਼ੈਰ-ਕਾਨੂੰਨੀ ਹੈ। ਕੀ ਭਾਜਪਾ ਸ਼ਾਸਿਤ ਸੂਬਿਆਂ ਦੇ ਸਾਰੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਦੁੱਧ ਧੋਤੇ ਹਨ? ਸਿਆਸੀ ਵਿਰੋਧੀਆਂ ਉੱਤੇ ਈਡੀ, ਆਮਦਨ ਕਰ ਵਿਭਾਗ ਅਤੇ ਸੀਬੀਆਈ ਦੇ ਛਾਪੇ ਮਰਵਾਉਣੇ ਐਮਰਜੈਂਸੀ ਨਹੀਂ ਤਾਂ ਹੋਰ ਕੀ ਹੈ?
ਸੁਮੀਤ ਸਿੰਘ, ਅੰਮ੍ਰਿਤਸਰ
‘ਚੱਕ ਨਾਨਕੀ’ ਬੰਨ੍ਹਣ ਦਾ ਕਾਰਨ
27 ਮਾਰਚ ਦੇ ‘ਵਿਰਾਸਤ’ ਪੰਨੇ ’ਤੇ ਬਹਾਦਰ ਸਿੰਘ ਗੋਸਲ ਦਾ ਲੇਖ ‘ਆਨੰਦਾਂ ਅਤੇ ਜੰਗਾਂ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ’ ਪੜ੍ਹਿਆ। ਕੀਰਤਪੁਰ ਸਾਹਿਬ ਉੱਤੇ ਵਿਰਾਸਤ ਦੇ ਨਿਯਮਾਂ ਅਨੁਸਾਰ ਬਾਬਾ ਰਾਮ ਰਾਇ ਸ੍ਰੀ ਗੁਰੂ ਹਰਿ ਰਾਇ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਕਦੇ ਵੀ ਅਧਿਕਾਰ ਦਾ ਦਾਅਵਾ ਜਤਾ ਸਕਦਾ ਸੀ। ਔਰੰਗਜ਼ੇਬ ਨਾਲ ਰਾਮ ਰਾਇ ਦੇ ਸਬੰਧ ਵੀ ਬੜੇ ਖ਼ੁਸ਼ਗਵਾਰ ਸਨ ਜਿਸ ਦੀ ਬਦੌਲਤ ਉਸ ਨੂੰ ਕੀਰਤਪੁਰ ਸਾਹਿਬ ’ਤੇ ਕਬਜ਼ਾ ਕਰਨਾ ਵੀ ਅਤਿ ਆਸਾਨ ਸੀ। ਇਉਂ ਭਵਿੱਖ ਵਿਚ ਜੇ ਗੁਰੂ ਤੇਗ਼ ਬਹਾਦਰ ਜੀ ਕੀਰਤਪੁਰ ਸਾਹਿਬ ਨੂੰ ਮੁਕਾਮ ਬਣਾ ਕੇ ਧਰਮ ਪ੍ਰਚਾਰ ਕਰਦੇ ਤਾਂ ਕਿਸੇ ਵੇਲੇ ਵੀ ਬਾਹਰੀ ਦਖ਼ਲਅੰਦਾਜ਼ੀ ਦੀ ਸੰਭਾਵਨਾ ਬਣੀ ਰਹਿਣੀ ਸੀ। ਇਨ੍ਹਾਂ ਕਾਰਨਾਂ ਕਰ ਕੇ ਨਿਰਵਿਘਨ ਤੇ ਸੁਤੰਤਰਤਾ ਸਹਿਤ ਪੰਥ ਦੀ ਅਗਵਾਈ ਲਈ ਗੁਰੂ ਤੇਗ਼ ਬਹਾਦਰ ਜੀ ਨੇ ਨਵੇਂ ਸਿਰਿਓਂ ‘ਚੱਕ ਨਾਨਕੀ’ (ਆਨੰਦਪੁਰ ਸਾਹਿਬ) ਦੀ ਸਥਾਪਨਾ ਕੀਤੀ ਸੀ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਉਲਝਿਆ ਸਿਆਸੀ ਤੰਤਰ
21 ਮਾਰਚ ਨੂੰ ਮੁੱਖ ਪੰਨੇ ’ਤੇ ਛਪੀ ‘ਦਿ ਵਰਲਡ ਇਨਇਕੁਐਲਿਟੀ ਲੈਬ’ ਦੀ ਰਿਪੋਰਟ ਭਾਰਤ ਵਿਚ ਵਧ ਰਹੇ ਪੂੰਜੀਵਾਦ ਦੀ ਤਸਦੀਕ ਕਰਦੀ ਹੈ। ਭਾਰਤ ਦਾ ਸਿਆਸੀ ਤੰਤਰ ਇਸ ਤਰ੍ਹਾਂ ਉਲਝ ਚੁੱਕਿਆ ਹੈ ਕਿ ਪਾਰਟੀਆਂ ਦਾ ਪੂੰਜੀਪਤੀਆਂ ਬਿਨਾਂ ਕੋਈ ਗੁਜ਼ਾਰਾ ਨਹੀਂ। ਚੋਣ ਬਾਂਡ ਵੀ ਇਸ ਸੋਚ ਤੋਂ ਹੀ ਉੱਭਰ ਕੇ ਆਏ ਹਨ। ਇਕ ਵਾਰ ਪੂੰਜੀਪਤੀਆਂ ਦੇ ਚੰਦੇ ਨਾਲ ਜਦੋਂ ਇਹ ਪਾਰਟੀਆਂ ਚੋਣਾਂ ਜਿੱਤ ਕੇ ਸਰਕਾਰ ਵਿਚ ਆਉਂਦੀਆਂ ਹਨ ਤਾਂ ਫਿਰ ਇਨ੍ਹਾਂ ਦੇ ਫ਼ਾਇਦੇ ਲਈ ਹੀ ਕੰਮ ਕਰਦੀਆਂ ਹਨ। ਦੂਜੇ ਪਾਸੇ ਸਬਸਿਡੀਆਂ ਤੇ ਮੁਫ਼ਤ ਸਹੂਲਤਾਂ ਨੇ ਆਮ ਜਨਤਾ ਨੂੰ ਅਪਾਹਿਜ ਬਣਾ ਦਿੱਤਾ ਹੈ। ਸੱਤਾ ਵਿਚ ਰਹਿਣ ਦੀ ਲਲਕ ਇਨ੍ਹਾਂ ਪਾਰਟੀਆਂ ਨੂੰ ਲੋਕ ਪੱਖੀ ਫ਼ੈਸਲੇ ਲੈਣ ਤੋਂ ਵਰਜਦੀ ਹੈ। ਅੱਜ ਭਾਵੇਂ ਕੋਈ ਵੀ ਪਾਰਟੀ ਹੋਵੇ, ਉਹ ਜਨਤਾ ਨੂੰ ਮੁਫ਼ਤ ਸਹੂਲਤਾਂ ਦਾ ਸੁਫਨਾ ਦਿਖਾ ਕੇ ਵੋਟ ਤਾਂ ਲੈ ਲੈਂਦੀ ਹੈ ਪਰ ਇਹੀ ਸਹੂਲਤਾਂ ਦੇਸ਼ ਵਿਚ ਪੂੰਜੀ ਪਾੜੇ ਨੂੰ ਹੋਰ ਵਧਾ ਰਹੀਆਂ ਹਨ। ਅੱਜ ਜ਼ਰੂਰਤ ਹੈ ਆਮ ਜਨਤਾ ਨੂੰ ਇਨ੍ਹਾਂ ਬਾਰੇ ਜਾਗਰੂਕ ਹੋਣ ਦੀ ਅਤੇ ਆਤਮ-ਚਿੰਤਨ ਕਰਨ ਦੀ। ਲੋਕਾਂ ਨੂੰ ਮੁਫ਼ਤ ਗੱਫਿਆਂ ਦੇ ਮੱਕੜਜਾਲ ਵਿਚੋਂ ਨਿਕਲ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਵਿਕਾਸ ਕਪਿਲਾ, ਖੰਨਾ
ਵਿਦਿਆ ਦੀ ਸਹੀ ਪਛਾਣ
21 ਮਾਰਚ ਦੇ ਨਜ਼ਰੀਆ ਪੰਨੇ ’ਤੇ ਹਰਦੀਪ ਚਿੱਤਰਕਾਰ ਦਾ ਲੇਖ ‘ਵਿਦਿਆ ਵੀਚਾਰੀ…’ ਸਹੀ ਸੋਚ ਵੱਲ ਇਸ਼ਾਰਾ ਕਰਦਾ ਹੈ। ਲੇਖਕ ਨੇ ਵਿਦੇਸ਼ ਗਏ ਪੜ੍ਹੇ ਲਿਖੇ ਪਰਿਵਾਰ ਦਾ ਜ਼ਿਕਰ ਛੇੜਿਆ ਹੈ ਜਿਸ ਨੇ ਆਪਣੇ ਪਿੰਡ ਵਿਚ ਕਮਿਊਨਿਟੀ ਹਾਲ ਬਣਵਾਇਆ। ਇਹ ਵਿਦਿਆ ਹਾਸਿਲ ਕਰਨ ਦਾ ਹੀ ਕ੍ਰਿਸ਼ਮਾ ਹੈ। ਮੇਰੇ ਹਲਕੇ ਦੇ ਪਿੰਡ ਮੰਡੋਲੀ ਵਿਚ ਪ੍ਰੋ. ਦਰਬਾਰਾ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਛੋਟੇ ਭਰਾ ਕਿਸਾਨ ਆਗੂ ਪਰੇਮ ਸਿੰਘ ਭੰਗੂ ਨੇ ਪਿੰਡ ਵਿਚ ਲੰਗਰ ਹਾਲ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਪ੍ਰੋ. ਦਰਬਾਰਾ ਸਿੰਘ ਨੂੰ ਗੈਰ-ਸਮਾਜਿਕ ਤੱਤਾਂ ਨੇ 16 ਮਈ 1991 ਨੂੰ ਕਤਲ ਕਰ ਦਿੱਤਾ ਸੀ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਵਿਦੇਸ਼ ਜਾਣ ਦਾ ਭੂਤ
18 ਮਾਰਚ ਦੇ ਅੰਕ ਵਿਚ ਬਚਨ ਬੇਦਿਲ ਦਾ ਲੇਖ ‘ਨੱਚਦੀ ਹਵਾਈ ਅੱਡੇ ਜਾਵਾਂ’ ਪੜ੍ਹਿਆ। ਅੱਜ ਦੀ ਨੌਜਵਾਨੀ ਨੂੰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਪਿੰਡ ਵਿਚ ਹਰ ਤੀਜੇ ਘਰ ਦਾ ਬੱਚੇ +2 ਤੋਂ ਬਾਅਦ ਸਿੱਖਿਆ ਦੇ ਬਹਾਨੇ ਵਿਦੇਸ਼ ਜਾ ਰਿਹਾ ਹੈ। ਰੋਜ਼ਾਨਾ ਹੀ ਦਿੱਲੀ ਹਵਾਈ ਅੱਡੇ ਜਹਾਜ਼ ਭਰ-ਭਰ ਕੇ ਵਿਦੇਸ਼ ਜਾ ਰਹੇ ਹਨ। ਜੇਕਰ ਇਹੋ ਹਾਲ ਰਿਹਾ ਤਾਂ ਪੰਜਾਬ ਦੇ ਕਾਲਜ, ਯੂਨੀਵਰਸਿਟੀਆਂ ਬੰਦ ਹੋ ਜਾਣਗੇ। ਨੌਜਵਾਨਾਂ ਤੋਂ ਬਿਨਾਂ ਹੋਰ ਵੀ ਕਈ ਅਦਾਰੇ ਜੋ ਇਨ੍ਹਾਂ ਨਾਲ ਸਬੰਧਿਤ ਹਨ, ਡਾਵਾਂਡੋਲ ਹੋ ਜਾਣਗੇ। ਪਿੰਡਾਂ ਵਿਚ ਯੂਥ ਕਲੱਬਾਂ ਦਾ ਖ਼ਤਮ ਹੋਣਾ ਵੀ ਵਿਦੇਸ਼ ਜਾਣ ਕਾਰਨ ਹੀ ਹੈ। ਸਰਕਾਰਾਂ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਪਹਿਲਾਂ 14 ਮਾਰਚ ਦੇ ਅੰਕ ਵਿਚ ਡਾ. ਪ੍ਰਵੀਨ ਬੇਗਮ ਦਾ ਲੇਖ ‘ਪਵਨ ਦਿਸ ਪਈ’ ਪੜ੍ਹਿਆ। ਕੁਝ ਅਰਸੇ ਪਹਿਲਾਂ ਸਾਡੇ ਸਮਾਜ ਵਿਚ ਕੁੜੀਆਂ ਨੂੰ ਉੱਚ ਵਿੱਦਿਆ ਤਾਂ ਕੀ, ਮੁੱਢਲੀ ਪੜ੍ਹਾਈ ਬਹੁਤ ਮੁਸ਼ਕਿਲ ਨਾਲ ਕਰਾਉਂਦੇ ਸੀ। ਸਿਰਫ਼ ਚਿੱਠੀ ਪੱਤਰ ਤਕ ਹੀ ਸੀਮਤ ਰੱਖਦੇ ਸਨ। ਮਾਪੇ ਕੁੜੀਆਂ ਨੂੰ ਕਾਲਜ ਤਕ ਭੇਜਣ ਲਈ ਬਹੁਤ ਕੁਝ ਸੋਚਦੇ ਸਨ। ਸਮਾਂ ਅੱਜ ਵੀ ਉਹੀ ਹੈ ਪਰ ਮਾਂ-ਬਾਪ ਦੀ ਸੋਚ ਕਾਫ਼ੀ ਬਦਲ ਚੁੱਕੀ ਹੈ। ਹਰ ਕੋੲ ਆਪਣੀ ਧੀ ਨੂੰ ਉੱਚ ਵਿੱਦਿਆ ਹਾਸਲ ਕਰਵਾਉਣ ਲਈ ਆਪਣੀ ਵਾਹ ਲਾਉਂਦਾ ਹੈ ਤਾਂ ਜੋ ਉਹ ਜ਼ਿੰਦਗੀ ਵਿਚ ਕੁਝ ਬਣ ਸਕੇ।
ਬੂਟਾ ਸਿੰਘ, ਚਤਾਮਲਾ (ਰੋਪੜ)
ਵਿਕਾਸ ਬਾਰੇ ਹਕੀਕਤ
ਖੁਸ਼ੀ ਸੂਚਕ ਅੰਕ ਵਿਚ ਕੁੱਲ 143 ਮੁਲਕਾਂ ਵਿਚੋਂ ਭਾਰਤ ਦਾ 126ਵਾਂ ਸਥਾਨ ਆਇਆ ਹੈ। ਪਿਛਲੇ ਸਾਲ ਵੀ ਭਾਰਤ ਦਾ ਇਹੀ ਦਰਜਾ ਸੀ ਹਾਲਾਂਕਿ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਮੁਲਕ ਦਾ ਅਰਥਚਾਰਾ ਹੁਣ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ਹੈ। ਸੰਯੁਕਤ ਰਾਸ਼ਟਰ ਦੀ 20 ਮਾਰਚ ਨੂੰ ਜਾਰੀ ਇਸ ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਖੁਸ਼ੀ ਦਾ ਪੈਮਾਨਾ ਕੀ ਰੱਖਿਆ ਗਿਆ ਹੈ। ਇਸ ਵਿਚ ਪ੍ਰਤੀ ਜੀਅ ਆਮਦਨ, ਸਮਾਜਿਕ ਸਮਰਥਨ, ਔਸਤ ਉਮਰ, ਆਜ਼ਾਦੀ ਆਦਿ ਕਾਰਕ ਅਹਿਮ ਹਨ। ਹੁਣ ਭਾਰਤ ਵਿਚ ਆਮਦਨ ਤੇ ਦੌਲਤ ਬਾਰੇ ਨਾ-ਬਰਾਬਰੀ ਦੇ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਹ ਦੱਸ ਰਹੇ ਹਨ ਕਿ ਮੁਲਕ ਦੇ ਅਖੌਤੀ ਵਿਕਾਸ ਦਾ ਲਾਹਾ ਕੌਣ ਲੈ ਰਿਹਾ ਹੈ।
ਐੱਸਕੇ ਖੋਸਲਾ, ਚੰਡੀਗੜ੍ਹ
ਜ਼ਹਿਰੀਲੀ ਸ਼ਰਾਬ ਅਤੇ ਸਿਆਸਤ
25 ਮਾਰਚ ਦਾ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਕਹਿਰ’ ਵਿਚਾਰਨ ਵਾਲਾ ਹੈ। ਸੰਗਰੂਰ ਜ਼ਿਲ੍ਹੇ ਦੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 21 ਮੌਤਾਂ ਸੱਚਮੁੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇਸ ਤੋਂ ਪਹਿਲਾਂ ਅਗਸਤ 2020 ਵਿਚ ਮਾਝੇ ਦੇ ਕੁਝ ਖੇਤਰਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 112 ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੀਆਂ ਭਿਆਨਕ ਘਟਨਾਵਾਂ ਵਾਰ-ਵਾਰ ਵਾਪਰਨਾ ਸਾਡੇ ਨਕਾਰਾ ਹੋ ਚੁੱਕੇ ਪ੍ਰਸ਼ਾਸਨਿਕ ਢਾਂਚੇ ਵੱਲ ਇਸ਼ਾਰਾ ਕਰਦੀਆਂ ਹਨ। ਦੁਖਾਂਤਕ ਪੱਖ ਇਹ ਹੈ ਕਿ ਇਸ ਕਾਂਡ ਵਿਚ ਮਰਨ ਵਾਲੇ ਸਾਰੇ ਲੋਕ ਅਤਿ ਗ਼ਰੀਬ ਘਰਾਂ ਦੇ ਸਨ। ਕਈ ਘਰਾਂ ਵਿਚ ਤਾਂ ਹੁਣ ਕੋਈ ਕਮਾਉਣ ਵਾਲਾ ਵੀ ਨਹੀਂ ਬਚਿਆ। ਦੂਜੇ ਬੰਨੇ ਇਸ ਕਾਂਡ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਿਆਸੀ ਲਾਹਾ ਲੈਣ ਲਈ ਪੀੜਤ ਪਰਿਵਾਰਾਂ ਕੋਲ ਵਹੀਰਾਂ ਘੱਤ ਰਹੇ ਹਨ। ਹਾਲ ਇਹ ਹੈ ਕਿ ਪੁਲੀਸ, ਸਿਵਲ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਥਾਨਕ ਸਿਆਸੀ ਨੇਤਾ ਅਕਸਰ ਜ਼ਿੰਮੇਵਾਰ ਧਿਰਾਂ ਖਿਲਾਫ਼ ਕਾਰਵਾਈ ਨਹੀਂ ਹੋਣ ਦਿੰਦੇ। ਦੋਸ਼ੀਆਂ ਖਿਲਾਫ਼ ਹਰ ਹੀਲੇ ਕਾਰਵਾਈ ਹੀ ਅਜਿਹੇ ਭਿਆਨਕ ਦੁਖਾਂਤਕ ਵਰਤਾਰਿਆਂ ਨੂੰ ਰੋਕ ਸਕਦੀ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)