ਪਾਠਕਾਂ ਦੇ ਖ਼ਤ
ਰਿਸ਼ਤੇਦਾਰੀਆਂ
11 ਮਾਰਚ ਦੇ ਅੰਕ ਵਿਚ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਮੋਹ ਦੀਆਂ ਤੰਦਾਂ’ ਪੜ੍ਹਿਆ। ਕੋਈ ਸਮਾਂ ਸੀ ਜਦੋਂ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿਚ ਅੰਤਾਂ ਦੇ ਮੋਹ-ਪਿਆਰ ਦੀ ਖ਼ੁਸ਼ਬੂ ਆਉਂਦੀ ਸੀ, ਦੁੱਖ-ਸੁੱਖ ਦੀ ਸਾਂਝ ਹੁੰਦੀ ਸੀ ਅਤੇ ਹਰ ਕੰਮ ਪਰਿਵਾਰ ਦੇ ਜੀਆਂ ਦੀ ਸਲਾਹ ਨਾਲ ਹੁੰਦਾ ਸੀ। ਲੇਖਕ ਦੀ ਮਾਮੀ ਵਾਂਗ ਮੇਰੇ ਚਾਚਾ ਜੀ ਦੀ ਸਲਾਹ ਨਾਲ ਸਾਡੇ ਘਰ ਚੱਲਦੇ ਸੀ। ਅੱਜ ਤਾਂ ਮੋਹ-ਪਿਆਰ ਦੀਆਂ ਤੰਦਾਂ ਢਿੱਲੀਆਂ ਪੈ ਚੁੱਕੀਆਂ ਹਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਫ਼ਸਲਾਂ ਦਾ ਨੁਕਸਾਨ
7 ਮਾਰਚ ਦਾ ਸੰਪਾਦਕੀ ‘ਫ਼ਸਲਾਂ ਦਾ ਨੁਕਸਾਨ’ ਪੜ੍ਹਿਆ। ਉੱਤਰ ਭਾਰਤ ’ਚ ਬਦਲਦੇ ਮੌਸਮ ਕਾਰਨ ਫ਼ਸਲਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਮੀਂਹ ਅਤੇ ਗੜਿਆਂ ਕਾਰਨ ਫ਼ਸਲ ਨੁਕਸਾਨੀ ਗਈ ਹੈ। ਸਰਕਾਰ ਨੂੰ ਅਪੀਲ ਹੈ ਕਿ ਨੁਕਸਾਨੀ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਖੇਤੀ ਖੇਤਰ ਇਸ ਸਮੇਂ ਸੰਕਟ ਵਿਚੋਂ ਲੰਘ ਰਿਹਾ ਹੈ। ਸਰਕਾਰ ਅਤੇ ਕਿਸਾਨਾਂ ਨੂੰ ਇਸ ਸਬੰਧ ਵਿਚ ਗੱਲਬਾਤ ਰਾਹੀਂ ਹੱਲ ਕੱਢਣ ਦੀ ਲੋੜ ਹੈ।
ਹਰਦੇਵ ਸਿੰਘ, ਮੁਹਾਲੀ
ਪ੍ਰੇਰਨਾ ਵਾਲੀ ਰਚਨਾ
7 ਮਾਰਚ ਦੇ ਨਜ਼ਰੀਆ ਪੰਨੇ ’ਤੇ ਛਪਿਆ ਲੇਖ ‘ਨਾਨਕ ਵੇਲਾ’ ਪ੍ਰੇਰਨਾਦਾਇਕ ਸੀ। ਲੇਖਕ ਦੁਆਰਾ ਪੜ੍ਹੀ ਕਿਤਾਬ ਨੇ ਆਪਣੀ ਕਿਤਾਬ ਲਿਖਣ ਦੀ ਪ੍ਰੇਰਨਾ ਦਿੱਤੀ ਜਿਸ ਰਾਹੀਂ ਪਾਠਕਾਂ ਨੂੰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਕਾਲ ਬਾਰੇ ਹੋਰ ਬਾਰੀਕੀ ਨਾਲ ਜਾਣਕਾਰੀ ਮਿਲੀ। ਇਸ ਦੇ ਨਾਲ ਹੀ ਲੇਖਕ ਨੇ ਕਰੋਨਾ ਕਾਲ ਨੂੰ ਸਾਹਿਤ ਸਿਰਜਣਾ ਲਈ ਵਧੀਆ ਵਿਉਂਤਿਆ।
ਹਰਪ੍ਰੀਤ ਕੌਰ ਪਬਰੀ, ਈਮੇਲ
ਕਵਿਤਾਵਾਂ ਰਾਹੀਂ ਬਿਆਨ
7 ਮਾਰਚ ਦੇ ਇੰਟਰਨੈੱਟ ਪੰਨੇ ਉੱਤੇ ਜਸਵੰਤ ਗਿੱਲ ਸਮਾਲਸਰ, ਐੱਸ ਪ੍ਰਸ਼ੋਤਮ ਅਤੇ ਪ੍ਰੋ. ਪਰਮਜੀਤ ਨਿੱਕੇ ਘੁੰਮਣ ਦੀਆਂ ਕਵਿਤਾਵਾਂ ਵਿਚ ਅੱਜ ਦੇ ਹਾਲਾਤ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਗਿਆ ਹੈ। ਅਜਿਹੇ ਸੂਝਵਾਨ ਲੇਖਕ ਹੀ ਲੋਕਾਂ ਵਿਚ ਜਾਗਰੂਕਤਾ ਲਿਆ ਸਕਦੇ ਹਨ। ਕ੍ਰਾਂਤੀ ਹਮੇਸ਼ਾ ਵਿਚਾਰਾਂ ਨਾਲ ਹੀ ਆਉਂਦੀ ਹੈ। ਜਿੱਥੇ ਵਿਚਾਰ ਰੱਖਣ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ, ਉੱਥੇ ਕ੍ਰਾਂਤੀ ਦਾ ਮੁੱਢ ਬੱਝ ਜਾਂਦਾ ਹੈ। ਰੂਸ ਵਿਚ ਲੈਨਿਨ ਵਰਗੇ ਯੋਧੇ ਸਨ ਜਿਨ੍ਹਾਂ ਦੇਸ਼ ਦੀ ਤਕਦੀਰ ਬਦਲ ਦਿੱਤੀ। ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਲੇਖ ‘ਲੋਕਤੰਤਰ ਲਈ ਭਰੋਸਾ ਬਹਾਲੀ ਦਾ ਸਵਾਲ’ (ਪਹਿਲੀ ਮਾਰਚ) ਵਧੀਆ ਸੀ। ਜੇਕਰ ਲੋਕਾਂ ਦਾ ਨਿਆਂ ਪਾਲਿਕਾ ਤੋਂ ਵੀ ਵਿਸ਼ਵਾਸ ਉੱਠ ਗਿਆ ਤਾਂ ਦੇਸ਼ ਖ਼ਤਰਨਾਕ ਹਾਲਤ ਵਿਚ ਪੁੱਜ ਜਾਵੇਗਾ। ਲੋਕਤੰਤਰ ਦੇ ਬਚਾਓ ਲਈ ਹਰ ਨਾਗਰਿਕ ਦਾ ਸੁਚੇਤ, ਜਾਗਰੂਕ ਅਤੇ ਵਿਵੇਕਸ਼ੀਲ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੀ ਵੋਟ ਕਿਸੇ ਗ਼ਲਤ ਅਨਸਰ ਨੂੰ ਚਲੀ ਗਈ ਤਾਂ ਉਹ ਦੇਸ਼ ਲਈ ਘਾਤਕ ਸਾਬਤ ਹੋ ਸਕਦੀ ਹੈ। ਇਸ ਲਈ ਵੋਟ ਪਾਉਣ ਵੇਲੇ ਪੂਰੀ ਸੋਚ ਵਿਚਾਰ ਕਰੋ।
ਬਲਦੇਵ ਸਿੰਘ ਵਿਰਕ, ਪਿੰਡ ਝੁਰੜ ਖੇੜਾ (ਫਾਜ਼ਿਲਕਾ)
ਪੰਜਾਬ ਦਾ ਬਜਟ
6 ਮਾਰਚ ਦਾ ਸੰਪਾਦਕੀ ‘ਪੰਜਾਬ ਦਾ ਬਜਟ’ ਪੜ੍ਹਿਆ। ਬਜਟ ’ਚ ਸਿਹਤ ਅਤੇ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਵਕਤ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ ਜਾ ਰਹੇ ਹਨ। ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਚੁੱਕੇ ਇਸ ਕਦਮ ਦਾ ਕੀ ਅਸਰ ਹੋਵੇਗਾ, ਇਹ ਦੇਖਣਾ ਦਿਲਚਸਪ ਹੋਵੇਗਾ। ‘ਆਮ ਆਦਮੀ ਕਲੀਨਿਕ’ ਜ਼ਰੂਰ ਖੋਲ੍ਹੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਇਹ ਸਹੂਲਤਾਂ ਪਹੁੰਚਾਉਣਾ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉੱਧਰ, ਪੰਜਾਬ ਸਿਰ ਕਰਜ਼ਾ ਵਧ ਕੇ 3.33 ਲੱਖ ਕਰੋੜ ਰੁਪਏ ਹੋ ਗਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਦਾ ਅਸਰ ਪੰਜਾਬ ਦੇ ਲੋਕਾਂ ’ਤੇ ਹੀ ਪਵੇਗਾ।
ਹਰਦੇਵ ਸਿੰਘ, ਰਾਜਪੁਰਾ
ਮੋਹ-ਮੁਹੱਬਤਾਂ
6 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾਗਾਗਾ ਦਾ ਮਿਡਲ ਪੜ੍ਹਿਆ। ਲੇਖਕ ਨੇ ਆਪਣੀ ਇਸ ਲਿਖਤ ‘ਮੇਰੀ ਰੁੱਸੇ ਨਾ ਝਾਂਜਰਾਂ ਵਾਲੀ’ ਵਿਚ ਕਿਰਤੀ ਦੇ ਸਾਈਕਲ ਦੇ ਚੇਨ ਕਵਰ ’ਤੇ ਲਿਖੇ ਇਨ੍ਹਾਂ ਸ਼ਬਦਾਂ ਰਾਹੀਂ ਦਰਸਾਇਆ ਹੈ ਕਿ ਮੁਹੱਬਤ ’ਤੇ ਕਿਸੇ ਵਰਗ ਵਿਸ਼ੇਸ਼ ਦਾ ਏਕਾਧਿਕਾਰ ਨਹੀਂ। ਉਂਝ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਜ਼ਿੰਦਾਦਿਲੀ ਵਿਚ ਲਬਰੇਜ਼ ਨੌਜਵਾਨ ਦੀ ਵਿੱਤੀ ਹਾਲਤ ਕੀ ਹੈ। ਮੋਹ-ਮੁਹੱਬਤਾਂ ਸਾਹਮਣੇ ਦੁਨੀਆ ਦੇ ਐਸ਼ੋ-ਆਰਾਮ ਕਿਸੇ ਭਾਅ ਨਹੀਂ ਤੁਲਦੇ। ਪਿਆਰ ਦਾ ਜਜ਼ਬਾ ਇਨਸਾਨ ਨੂੰ ਆਪਣੇ ਸਾਥੀ ਦੀ ਇਕ ਮੁਸਕਰਾਹਟ ਤੋਂ ਕੁਰਬਾਨ ਜਾਣ ਦਾ ਸਾਹਸ ਦਿੰਦਾ ਹੈ। ਦੂਜੇ ਪਾਸੇ, ਅਖੌਤੀ ਧਨ ਕੁਬੇਰਾਂ ਦੇ ਵਿਆਹ ਸਮਾਗਮਾਂ ਸਬੰਧੀ ਕੀਤੇ ਸਮਾਰੋਹਾਂ ਵਿਚ ਪੈਸੇ ਦੀ ਕੀਤੀ ਕੁਹਜੀ ਨੁਮਾਇਸ਼ ਨਾਲ ਵਿਆਹ ਦੇ ਪਵਿੱਤਰ ਰਿਸ਼ਤੇ ਵਿਚੋਂ ਮੁਹੱਬਤ ਦਾ ਅੰਸ਼ ਮਨਫ਼ੀ ਹੋ ਜਾਂਦਾ ਹੈ। ਗੁੱਟ ’ਤੇ ਲਾਈ ਬੇਸ਼ਕੀਮਤੀ ਘੜੀ ਜਿਸ ਦੀ ਕੀਮਤ ਆਂਕਦਿਆਂ ਸਿਫ਼ਰਾਂ ਦੀ ਗਿਣਤੀ ਦਾ ਭੁਲੇਖਾ ਲੱਗ ਜਾਵੇ, ਦੋ ਦਿਲਾਂ ਵਿਚਾਲੇ ਪ੍ਰੇਮ ਤੰਦਾਂ ਦੀ ਟੁਣਕਾਰ ਪੈਦਾ ਨਹੀਂ ਕਰ ਸਕਦੀ। ਇਸੇ ਕਾਰਨ ਪੈਸੇ ਦੇ ਦਿਖਾਵੇ ਦਰਮਿਆਨ ਹੋਏ ਰਿਸ਼ਤਿਆਂ ਦੇ ਮੇਲ ਦਿਲਾਂ ਦੀਆਂ ਗਹਿਰਾਈਆਂ ਤਕ ਨਹੀਂ ਪਹੁੰਚਦੇ। ਸਿੱਟੇ ਵਜੋਂ ਸਮਾਜ ਵਿਚੋਂ ਤਿਤਲੀਆਂ ਤੇ ਫੁੱਲਾਂ ਦੇ ਪਿਆਰ ਜਿਹਾ ਅਹਿਸਾਸ ਮਨਫ਼ੀ ਹੋ ਰਿਹਾ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਕਿਸਾਨ ਮਸਲੇ
2 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਤਰਲੋਚਨ ਮੁਠੱਡਾ ਦੇ ਲੇਖ ‘ਕਾਰਪੋਰੇਟ ਨੀਤੀਆਂ ਅਤੇ ਸੰਸਾਰ ਦੇ ਕਿਸਾਨ ਅੰਦੋਲਨ’ ਅਤੇ ਲਛਮਣ ਸਿੰਘ ਸੇਵੇਵਾਲਾ ਦੇ ਲੇਖ ‘ਜਨਤਕ ਵੰਡ ਪ੍ਰਣਾਲੀ ਬਿਲਾਂ ਐੱਮਐੱਸਪੀ ਦੀ ਮੰਗ ਅਧੂਰੀ’ ਨਾਲ ਕਿਸਾਨੀ ਮਸਲਿਆਂ ਉੱਤੇ ਉਲਝੇ ਸਿਆਸੀ ਲੋਕ ਅਤੇ ਮੰਗਾਂ ਲਈ ਸੰਘਰਸਸ਼ੀਲ ਕਿਸਾਨ, ਦੋਨਾਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਹਨ। ਪਹਿਲੀ ਧਿਰ ਨੂੰ ਮਸਲੇ ਹੱਲ ਕਰਨ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਅਤੇ ਦੂਜੀ ਧਿਰ, ਕਿਸਾਨਾਂ ਨੂੰ ਲੜਨ ਲਈ ਮੁਢਲੀ ਲੋੜ ਏਕਤਾ ਕਰਨ ਅਤੇ ਇਕੱਲਿਆਂ ਮਾਅਰਕੇਬਾਜ਼ੀ ਨਾ ਕਰਨ ਦੀ ਸਿਆਣਪ ਭਰੀ ਨਸੀਹਤ ਦਿੱਤੀ ਹੈ। ਇਸੇ ਪੰਨੇ ’ਤੇ ਛਪੇ ਨਿੰਦਰ ਘੁਗਿਆਣਵੀ ਦੇ ਮਿਡਲ ‘ਮਾਂ ਅਤੇ ਕਿਤਾਬ’ ਨੇ ਪੜ੍ਹਨ ਵਾਲੇ ਨੂੰ ਮਾਂ ਉੱਤੇ ਕਵੀਆਂ ਦੇ ਲਿਖੇ, ਗਾਇਕਾਂ ਦੇ ਗਾਏ ਸਾਰੇ ਗੀਤ ਸੁਣਾ ਦਿੱਤੇ ਹਨ।
ਸੁੱਚਾ ਸਿੰਘ ਖੱਟੜਾ, ਪਿੰਡ ਮਹੈਣ (ਰੂਪਨਗਰ)
ਇਜ਼ਰਾਈਲ-ਫ਼ਲਸਤੀਨ ਜੰਗ
2 ਮਾਰਚ ਦੇ ਇੰਟਰਨੈੱਟ ਪੰਨੇ ਤਬਸਰਾ ਉੱਤੇ ਗੁਰਪ੍ਰੀਤ ਦਾ ਲੇਖ ‘ਇਜ਼ਰਾਈਲ, ਫ਼ਲਸਤੀਨ ’ਤੇ ਹਮਲੇ ਹੋਰ ਤਿੱਖੇ ਕਰਨ ਦੀ ਤਾਕ ਵਿਚ’ ਪੜ੍ਹਿਆ। ਦੋ ਧਿਰਾਂ ਆਪਸੀ ਰੰਜਸ਼ ਕਾਰਨ ਇਕ ਦੂਜੇ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀਆਂ। ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਇਸ ਜੰਗ ਨੂੰ ਨਬੇੜ ਕੇ ਸ਼ਾਂਤੀ ਸਮਝੌਤਾ ਕਰਾਉਣ ਦੀ ਥਾਂ ਮਸਲੇ ਨੂੰ ਹੋਰ ਭੜਕਾ ਰਹੀਆਂ ਹਨ ਜਿਸ ਦੀ ਭਰਪੂਰ ਨਿੰਦਾ ਕਰਨੀ ਬਣਦੀ ਹੈ।
ਇੰਜ. ਰਾਜ ਭੁਪਿੰਦਰ ਸਿੰਘ, ਕਾਕੋਵਾਲ (ਲੁਧਿਆਣਾ)
ਭਰੋਸਾ ਬਹਾਲੀ
ਪਹਿਲੀ ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਅਸ਼ੋਕ ਲਵਾਸਾ ਦਾ ਲੇਖ ‘ਲੋਕਤੰਤਰ ਲਈ ਭਰੋਸਾ ਬਹਾਲੀ ਦਾ ਸਵਾਲ’ ਪੜ੍ਹਿਆ। ਅਦਾਲਤ ਦੀ ਤੁਰੰਤ ਕਾਰਵਾਈ ਦੀ ਸਿਫ਼ਤ ਕਰਨੀ ਬਣਦੀ ਹੈ। ਇਸ ਕਾਰਵਾਈ ਤੋਂ ਇਹ ਸਿੱਧ ਹੋ ਗਿਆ ਹੈ ਕਿ ਭਾਰਤ ਵਿਚ ਲੋਕਤੰਤਰ ਨੂੰ ਜ਼ਿੰਦਾ ਰੱਖਣ ਵਾਸਤੇ ਅਦਾਲਤਾਂ ਕਿਸ ਕਦਰ ਕੰਮ ਕਰਦੀਆਂ ਹਨ। ਅਨਿਲ ਮਸੀਹ ਦੇ ਮਾਮਲੇ ਬਾਰੇ ਕੋਰਟ ਕੋਈ ਵੀ ਜਾਚ ਕਰਦੀ ਹੈ ਤਾਂ ਉਹ ਜਨਤਕ ਹੋਣੀ ਚਾਹੀਦੀ ਹੈ। ਇਉਂ ਲੋਕਾਂ ਦਾ ਨਿਆਂ ਪਾਲਿਕਾ ’ਤੇ ਵਿਸ਼ਵਾਸ ਵਧੇਗਾ।
ਗੁਰਵਿੰਦਰ ਸਿੰਘ, ਗੀਗੇ ਮਾਜਰਾ (ਐੱਸਏਐੱਸ ਨਗਰ)
ਵਿੱਦਿਅਕ ਢਾਂਚਾ ਅਤੇ ਨਵੀਆਂ ਤਕਨੀਕਾਂ
11 ਮਾਰਚ ਦਾ ਸੰਪਾਦਕੀ ‘ਨਕਲ ਦਾ ਜਾਲ’ ਸਾਡੇ ਨਿੱਤ ਨਿੱਘਰ ਰਹੇ ਵਿੱਦਿਅਕ ਢਾਂਚੇ ’ਤੇ ਤੰਜ਼ ਹੈ। ਅੱਜ ਦੇ ਸੂਚਨਾ ਤਕਨੀਕ ਦੇ ਯੁੱਗ ਵਿਚ ਇਸ ਪੁਰਾਣੇ ਵਿੱਦਿਅਕ ਢਾਂਚੇ ਦੀ ਕੋਈ ਜ਼ਰੂਰਤ ਨਹੀਂ ਰਹਿ ਗਈ। ਬੱਚਿਆਂ ਦੀ ਸਮਝ ਅਤੇ ਗਿਆਨ ਪਰਖਣ ਲਈ ਨਵੀਆਂ ਤਕਨੀਕਾਂ ਲੱਭਣ ਦੀ ਲੋੜ ਹੈ। ਸਾਲਾਨਾ ਪ੍ਰੀਖਿਆ ਦੇ ਬੋਝ ਥੱਲੇ ਬੱਚਿਆਂ ਨੂੰ ਦੱਬ ਕੇ ਸੱਜਰੇ ਸਮਾਜ ਨੂੰ ਸਿਰਜਣ ਦੀ ਆਸ ਕਰਨਾ ਨਿਰਾ ਸੁਫ਼ਨਾ ਹੀ ਹੈ। ਜਿਹੜੀਆਂ ਕਦਰਾਂ-ਕੀਮਤਾਂ ਨੂੰ ਮੁੜ ਸਥਾਪਿਤ ਕਰਨ ਦੀ ਗੱਲ ਲੇਖ ਵਿਚ ਕੀਤੀ ਗਈ ਹੈ, ਉਹ ਅੱਜ ਦੇ ਸਮਾਜ ਵਿਚ ਅਤਿਕਥਨੀ ਹੀ ਮੰਨੀ ਜਾਵੇਗੀ ਕਿਉਂ ਜੋ ਬੱਚੇ ਵੀ ਤਾਂ ਸਮਾਜ ਤੋਂ ਹੀ ਸੇਧ ਲੈਂਦੇ ਨੇ ਤੇ ਸਮਾਜ ਦੀਆਂ ਕਦਰਾਂ-ਕੀਮਤਾਂ ਨਿੱਘਰ ਚੁੱਕੀਆਂ ਹਨ। ਜ਼ਰੂਰਤ ਹੈ ਅਜਿਹਾ ਵਿੱਦਿਅਕ ਢਾਂਚਾ ਸਿਰਜਣ ਦੀ ਜਿਸ ਵਿਚ ਬੱਚਾ ਨਿਡਰ ਹੋ ਕੇ ਗਿਆਨ ਪ੍ਰਾਪਤ ਕਰ ਸਕੇ ਤੇ ਪ੍ਰੀਖਿਆ ਪਾਸ ਕਰਨ ਨਾਲੋਂ ਜ਼ਿਆਦਾ ਉਹ ਆਪਣੀ ਸਿਆਣਪ ਵਧਾਉਣ ਵੱਲ ਕੰਮ ਕਰ ਸਕੇ।
ਵਿਕਾਸ ਕਪਿਲਾ, ਖੰਨਾ