For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:16 AM Mar 07, 2024 IST
ਪਾਠਕਾਂ ਦੇ ਖ਼ਤ
Advertisement

ਪੰਜਾਬ ਦਾ ਬਜਟ

Advertisement

6 ਮਾਰਚ ਦੇ ਅੰਕ ’ਚ ਪੰਜਾਬ ਦੇ ਬਜਟ ਬਾਰੇ ਵਿਸਥਾਰ ਵਿਚ ਜਾਣਕਾਰੀ ਸੀ। ‘ਆਪ’ ਸਰਕਾਰ ਵੱਲੋਂ ਦੋ ਸਾਲਾਂ ’ਚ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਵਾਲੀ ਗੱਲ ਨੇ ਹੈਰਾਨ ਤੇ ਨਿਰਾਸ਼ ਕੀਤਾ। ‘ਆਪ’ ਆਗੂਆਂ ਨੇ ਚੋਣਾਂ ਵੇਲੇ ਪੰਜਾਬ ਵਿਚ ਖਣਨ ਤੇ ਹੋਰ ਵਸੀਲਿਆਂ ਤੋਂ ਆਮਦਨ ਵਧਾਉਣ ਦਾ ਵਾਅਦਾ ਕੀਤਾ ਸੀ। ਸਾਲ ਵਿਚ 23900 ਕਰੋੜ ਰੁਪਏ ਵਿਆਜ ਦੇ ਜਾ ਰਹੇ ਹਨ ਤਾਂ ਮੁਫ਼ਤ ਸਹੂਲਤਾਂ ਦੀ ਕੀ ਤੁਕ ਬਣਦੀ ਹੈ। ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਹੀ ਬਿਨਾ ਸੰਕੋਚ ਖਰਚ ਕਰਨ ਦੀ ਸ਼ੁਰੂਆਤ ਹੋ ਗਈ ਜਾਪਦੀ ਸੀ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾਗਾਗਾ ਦਾ ਮਿਡਲ ‘ਮੇਰੀ ਰੁੱਸੇ ਨਾ ਝਾਂਜਰਾਂ ਵਾਲੀ’ ਪੁਰਾਣੇ ਸਮੇਂ ਦੀ ਸੱਚਾਈ ਬਿਆਨ ਕਰਨ ਵਾਲਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ

ਜੱਜ ਦਾ ਫ਼ੈਸਲਾ

6 ਮਾਰਚ ਦੇ ਪੰਨਾ 7 ਉੱਤੇ ਖ਼ਬਰ ਪੜ੍ਹੀ ਕਿ ਕੋਲਕਾਤਾ ਹਾਈ ਕੋਰਟ ਦੇ ਜੱਜ ਅਜੀਤ ਗੰਗੋਪਾਧਿਆਏ ਨੇ ਆਪਣੀ ਸੇਵਾਮੁਕਤੀ ਤੋਂ ਕੁਝ ਘੰਟੇ ਬਾਅਦ ਹੀ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ; ਨਾਲ ਹੀ ਉਨ੍ਹਾਂ ਪੱਛਮੀ ਬੰਗਾਲ ਵਿਚ ਰਾਜ ਕਰਦੀ ਧਿਰ ਟੀਐੱਮਸੀ ਨੂੰ ਭ੍ਰਿਸ਼ਟਾਚਾਰੀ ਗਰਦਾਨਦਿਆਂ ਭਾਜਪਾ ਦਾ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਇਸ ਹਰਕਤ ਨਾਲ ਵਿਰੋਧੀ ਧਿਰਾਂ ਦੇ ਇਸ ਪ੍ਰਚਾਰ ਨੂੰ ਬਲ ਮਿਲਦਾ ਹੈ ਕਿ ਆਰਐੱਸਐੱਸ ਨੇ ਸਰਕਾਰ ਦੇ ਹਰ ਅੰਗ, ਖ਼ਾਸ ਕਰ ਕੇ ਨਿਆਂ ਪਾਲਿਕਾ ਵਿਚ ਘੁਸਪੈਠ ਕਰ ਲਈ ਹੈ। ਸੇਵਾਮੁਕਤੀ ਤੋਂ ਬਾਅਦ ਸਿਆਸਤ ’ਚ ਜਾਣ ਬਾਰੇ ਕੋਈ ਨੇਮ ਬਣਨਾ ਚਾਹੀਦਾ ਹੈ।
ਅਵਤਾਰ ਸਿੰਘ, ਮੋਗਾ

ਮਸਨੂਈ ਬੁੱਧੀ

5 ਮਾਰਚ ਦੇ ਲੋਕ ਸੰਵਾਦ ਪੰਨੇ ’ਤੇ ਵਾਪੱਲਾ ਰਾਮਚੰਦਰਨ ਨੇ ਬਨਾਉਟੀ ਅਕਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇ ਨਾਲ ਨਾਲ ਕੌਮੀ ਸੁਰੱਖਿਆ ਨੂੰ ਅਹਿਮੀਅਤ ਦਿੱਤੀ ਹੈ। ਉਨ੍ਹਾਂ ਉਦਾਹਰਨ ਸਹਿਤ ਸਾਬਿਤ ਕੀਤਾ ਹੈ ਕਿ ਸੂਚਨਾ ਤੇ ਫ਼ੌਰੀ ਕਾਰਵਾਈ ਨਾ ਕਰਨ ਕਰ ਕੇ ਕਿੰਨਾ ਜਾਨੀ, ਮਾਲੀ ਤੇ ਸੁਰੱਖਿਆ ਦਾ ਨੁਕਸਾਨ ਹੋਇਆ ਹੈ। ਇਹ ਵੀ ਸਾਬਤ ਹੁੰਦਾ ਹੈ ਕਿ ਆਮ ਲੋਕਾਂ ਵੱਲੋਂ ਆਪਣੇ ਹੱਕਾਂ ਲਈ ਸਿਹਤ, ਸਿੱਖਿਆ, ਰੁਜ਼ਗਾਰ, ਖੇਤੀ, ਕੁਦਰਤੀ ਸੋਮਿਆਂ ਦੀ ਸੁਰੱਖਿਆ ਲਈ, ਨਸ਼ਿਆਂ ਖਿਲਾਫ਼, ਗੈਂਗਸਟਰਵਾਦ, ਹਾਦਸਿਆਂ ਵਿਰੁੱਧ ਅਤੇ ਸਿਆਸੀ ਗੰਦਗੀ ਖਿਲਾਫ਼ ਜੋ ਹਾਲ ਦੁਹਾਈ ਪਾ ਰਹੀ ਹੈ, ਫਜ਼ੂਲ ਨਹੀਂ ਹੈ।
ਮਾਸਟਰ ਭਗਵਾਨ ਸਿੰਘ, ਨੁਕੇਰੀਆਂ (ਫਾਜ਼ਿਲਕਾ)

ਸੈਲਾਨੀਆਂ ਦੀ ਸੁਰੱਖਿਆ

5 ਮਾਰਚ ਦੀ ਸੰਪਾਦਕੀ ‘ਸੈਲਾਨੀਆਂ ਦੀ ਸੁਰੱਖਿਆ’ ਵਿਚ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਸਪੇਨੀ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਸ਼ਰਮਸਾਰ ਕਰਨ ਵਾਲੀ ਹੈ। ਇਸ ਨਾਲ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਬਦਨਾਮੀ ਹੋਈ ਹੈ। ਜੇਕਰ ਕਿਸੇ ਅਮਰੀਕੀ ਲੇਖਕ ਅਤੇ ਪੱਤਰਕਾਰ ਨੇ ਇਸ ਘਟਨਾ ਬਾਰੇ ਭਾਰਤ ਸਰਕਾਰ ਅਤੇ ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਦੀ ਨੈਤਿਕ ਜ਼ਿੰਮੇਵਾਰੀ ਉੱਤੇ ਸਵਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਚ ਉਸ ਨੇ ਕੋਈ ਗ਼ਲਤ ਨਹੀਂ ਕੀਤਾ; ਭਾਰਤ ਸਰਕਾਰ ਨੂੰ ਤਾਂ ਸਗੋਂ ਇਸ ਅਣਮਨੁੱਖੀ ਘਟਨਾ ਲਈ ਪੀੜਤ ਔਰਤ ਅਤੇ ਉਸ ਦੇ ਪਤੀ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ। ਉਸ ਲੇਖਕ ਨੇ ਮਨੀਪੁਰ ਵਿਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਸਮੂਹਿਕ ਬਲਾਤਕਾਰ ਕਰਨ ਅਤੇ ਭੀੜ ਵੱਲੋਂ ਕੁੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਕਈ ਹਫ਼ਤੇ ਪਹਿਲਾਂ ਇਸ ਸਬੰਧੀ ਮਿਲੀਆਂ ਕਈ ਸ਼ਿਕਾਇਤਾਂ ਉੱਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕਰਨ ਲਈ ਵੀ ਕੌਮੀ ਮਹਿਲਾ ਕਮਿਸ਼ਨ ਮੁਖੀ ਦੀ ਆਲੋਚਨਾ ਕੀਤੀ ਸੀ। ਜੇਕਰ ਮਹਿਲਾ ਕਮਿਸ਼ਨ ਦੀ ਮੁਖੀ ਨੇ ਉਸ ਵਕਤ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਨਾ ਉਸ ਵਕਤ ਮਨੀਪੁਰ ਦੀ ਵਹਿਸ਼ੀ ਘਟਨਾ ਅਤੇ ਫ਼ਿਰਕੂ ਹਿੰਸਾ ਵਾਪਰਦੀ, ਨਾ ਹੀ ਭਾਰਤ ਦੀ ਬਦਨਾਮੀ ਹੁੰਦੀ ਅਤੇ ਨਾ ਹੀ ਖ਼ੁਦ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ।
ਦਮਨਜੀਤ ਕੌਰ, ਧੂਰੀ (ਸੰਗਰੂਰ)

(2)

5 ਮਾਰਚ ਨੂੰ ਸੰਪਾਦਕੀ ‘ਸੈਲਾਨੀਆਂ ਦੀ ਸੁਰੱਖਿਆ’ ਪੜ੍ਹਿਆ। ਝਾਰਖੰਡ ’ਚ ਸਪੇਨ ਦੀ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸ਼ਰਮਨਾਕ ਹੈ ਕਿਉਂਕਿ ਨਾ ਸਿਰਫ਼ ਇਹ ਘਿਨਾਉਣਾ ਕੰਮ ਹੈ, ਇਸ ਦੇ ਨਾਲ ਹੀ ਭਾਰਤ ’ਚ ਘੁੰਮਣ ਆਏ ਸੈਲਾਨੀਆਂ ਦੀ ਸੁਰੱਖਿਆ ਦਾ ਮਾਮਲਾ ਹੈ। ਅਜਿਹੀਆਂ ਵਾਰਦਾਤਾਂ ਦੇਸ਼ ਦੀ ਇੱਜ਼ਤ ਮਿੱਟੀ ’ਚ ਮਿਲਾਉਂਦੀਆਂ ਹਨ।
ਮੋਹਿਤ ਕੁਮਾਰ, ਚੰਡੀਗੜ੍ਹ

ਫ਼ਲਸਤੀਨੀਆਂ ਦਾ ਘਾਣ

4 ਮਾਰਚ ਦਾ ਸੰਪਾਦਕੀ ‘ਗਾਜ਼ਾ ਦੀ ਤ੍ਰਾਸਦੀ’ ਵਿਚਾਰਨ ਵਾਲਾ ਹੈ। ਇਜ਼ਰਾਇਲੀ ਫ਼ੌਜ ਅਤੇ ਹਮਾਸ ਵਿਚਕਾਰ ਪਿਛਲੇ ਪੰਜ ਮਹੀਨਿਆ ਤੋਂ ਚੱਲ ਰਿਹਾ ਖ਼ੂਨੀ ਸੰਘਰਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੰਯੁਕਤ ਰਾਸ਼ਟਰ ਸੰਘ ਵਰਗੀਆਂ ਸੰਸਥਾਵਾਂ ਵੀ ਇਸ ਨੂੰ ਰੋਕਣ ਵਿਚ ਨਾਕਾਮਯਾਬ ਸਾਬਤ ਹੋਈਆਂ ਹਨ। ਇਸ ਦਾ ਦੁਖਾਂਤਕ ਪੱਖ ਇਹ ਹੈ ਕਿ ਇਸ ਲੜਾਈ ਵਿਚ 30 ਹਜ਼ਾਰ ਤੋਂ ਉੱਪਰ ਨਿਰਦੋਸ਼ ਫ਼ਲਸਤੀਨੀ ਲੋਕ ਮਾਰੇ ਗਏ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

ਮੋਹ ਦਾ ਪ੍ਰਤੀਕ

4 ਮਾਰਚ ਨੂੰ ਸਫ਼ਾ ਸੱਤ ’ਤੇ ਛਪੀ ਖ਼ਬਰ ‘ਮਾਊਂਟ ਐਵਰੈਸਟ ਹੁਣ ਭੀੜ ਭੜੱਕੇ ਵਾਲਾ ਅਤੇ ਗੰਦਾ ਹੋ ਗਿਆ’ ਪੜ੍ਹ ਕੇ ਮਹਿਸੂਸ ਹੋਇਆ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਚੈਂਪੀਅਨ ਕਾਂਚਾ ਸ਼ੇਰਪਾ ਵੱਲੋਂ 91 ਸਾਲ ਦੀ ਉਮਰ ਵਿਚ ਵੀ ਉਸ ਇਤਿਹਾਸਕ ਯਾਦਗਾਰ ਦੀ ਸਫ਼ਾਈ ਬਾਰੇ ਫ਼ਿਕਰ ਜ਼ਾਹਿਰ ਕਰਨੀ ਉਨ੍ਹਾਂ ਦੇ ਮੋਹ ਦੀ ਪ੍ਰਤੀਕ ਹੈ। ਇਸ ਵਡੇਰੀ ਉਮਰ ਵਿਚ ਉਹ ਭਾਵੇਂ ਕੋਈ ਉਪਰਾਲਾ ਤਾਂ ਨਹੀਂ ਕਰ ਸਕਦੇ ਪਰ ਉਨ੍ਹਾਂ ਦਾ ਸੁਨੇਹਾ ਸਿਆਸਤਦਾਨਾਂ ਅਤੇ ਪ੍ਰਸ਼ਾਸਨਿਕ ਢਾਂਚੇ ਵੱਲ ਉਂਗਲ ਉਠਾਉਂਦਾ ਹੈ। ਇਸ ਤੋਂ ਪਹਿਲਾਂ 2 ਮਾਰਚ ਦਾ ਮਿਡਲ ‘ਮਾਂ ਅਤੇ ਕਿਤਾਬ’ (ਲੇਖਕ ਨਿੰਦਰ ਘੁਗਿਆਣਵੀ) ਪੜ੍ਹਿਆ। ਲੇਖਕ ਨੇ ਕਿਤਾਬ ਆਪਣੀ ਮਾਂ ਕੋਲੋਂ ਰਿਲੀਜ਼ ਕਰਵਾ ਕੇ ਵਿਲੱਖਣ ਕਾਰਜ ਕੀਤਾ, ਉਹ ਵੀ ਆਪਣੇ ਪਿੰਡ ਦੇ ਵਿਹੜੇ ਵਿਚ। ਜਦੋਂ ਬੱਚਾ ਮਾਂ ਦੀਆਂ ਤੋਤਲੀਆਂ ਦਾ ਹੁੰਗਾਰਾ ਭਰਨ ਲੱਗਦਾ ਹੈ, ਉਹ ਮਾਂ ਲਈ ਕਿਸੇ ਅਜੋਕੇ ਟੌਨਿਕ ਤੋਂ ਘੱਟ ਨਹੀਂ ਹੁੰਦਾ ਤੇ ਉਹਦਾ ਚਾਅ ਵੀ ਲਿਖੀ ਕਿਤਾਬ ਤੋਂ ਘੱਟ ਨਹੀਂ ਹੁੰਦਾ। ਲੇਖਕ ਨੇ ਠੇਠ ਪੰਜਾਬੀ ਸ਼ਬਦ ਭੁਜੀਆ, ਬਦਾਣਾ, ਲਿਖਣ ਜੋਗਰੇ ਵਰਤੇ ਹਨ ਜੋ ਹੁਣ ਲੋਪ ਹੋ ਰਹੇ ਹਨ।
ਗੁਰਮੇਲ ਸਿੱਧੂ, ਚੰਡੀਗੜ੍ਹ

ਪ੍ਰਕਾਸ਼ ਦਾ ਸੁਭਾਅ

2 ਮਾਰਚ ਦੇ ਸਤਰੰਗ ਪੰਨੇ ’ਤੇ ਹਰਜੀਤ ਸਿੰਘ ਦਾ ਲੇਖ ‘ਪ੍ਰਕਾਸ਼ ਦਾ ਦੂਹਰਾ ਸੁਭਾਅ: ਕਣ ਜਾਂ ਤਰੰਗ’ ਦਿਲਚਸਪ ਅਤੇ ਦਰਿਆ ਵਾਂਗ ਵਹਿੰਦੀ ਪੰਜਾਬੀ ਵਿਚ ਲਿਖਿਆ ਹੋਇਆ ਸੀ। ਲੇਖ ਪੜ੍ਹ ਕੇ ਮੈਨੂੰ 1971 ਵਿਚ ਬੀਐੱਸਸੀ ਨਾਨ ਮੈਡੀਕਲ ਦੀ ਪੜ੍ਹਾਈ ਵਿਚ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਦਾ ਲੈਕਚਰ ਯਾਦ ਆ ਗਿਆ। ਜਦੋਂ ਉਨ੍ਹਾਂ ‘ਡਿਊਅਲ ਕਰੈਕਰ ਆਫ ਲਾਈਟ’ ਪੜ੍ਹਾਇਆ ਸੀ। ਰੋਸ਼ਨੀ ਅਤੇ ਇਲੈਕਟ੍ਰੋਨਾਂ ਦੇ ਕਣ ਅਤੇ ਤਰੰਗੀ ਸੁਭਾਅ ਦਾ ਕਿਰਦਾਰ ਕੁਦਰਤ ਦਾ ਅਦਭੁੱਤ ਖੇਲ ਹੈ। ਕਮਾਲ ਦੀ ਗੱਲ, ਮਨੁੱਖ ਨੇ ਰੋਸ਼ਨੀ ਤੇ ਇਲੈਕਟ੍ਰੋਨਾਂ ਦੇ ਦੂਹਰੇ ਸੁਭਾਅ ਦੇ ਬਾਵਜੂਦ ਆਪਣਾ ਲਾਹਾ ਲੋੜ ਅਨੁਸਾਰ ਲੈ ਲਿਆ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਮਨੀਪੁਰ ਦਾ ਮਾਮਲਾ

5 ਮਾਰਚ ਦੇ ਅੰਕ ਵਿਚ ਪ੍ਰਧਾਨ ਮੰਤਰੀ ਦਾ ਪਰਿਵਾਰ ਬਾਰੇ ਬਿਆਨ ਹੈ। ਬਿਹਾਰ ਦੇ ਆਗੂ ਲਾਲੂ ਪ੍ਰਸਾਦ ਨੇ ਜੋ ਟਿੱਪਣੀ ਕੀਤੀ, ਉਸ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਦਾ ਪਲਟਵਾਰ ਹਮੇਸ਼ਾ ਵਾਂਗ ‘ਸਾਰਾ ਭਾਰਤ ਹੀ ਮੇਰਾ ਪਰਿਵਾਰ’ ਵਾਲਾ ਹੀ ਹੋਵੇਗਾ। ਇਹ ਕੋਈ ਨਵੀਂ ਗੱਲ ਨਹੀਂ। ਪ੍ਰਧਾਨ ਮੰਤਰੀ ਜੀ ਪਤਾ ਨਹੀਂ ਕਿੰਨੀ ਵਾਰ, ਇੱਥੇ ਅਤੇ ਮੁਲਕ ਤੋਂ ਬਾਹਰ ਵੀ ਆਪਣੇ ਪਰਿਵਾਰ ਦਾ ਇਕ ਸੌ ਚਾਲੀ ਕਰੋੜ ਦਾ ਅੰਕੜਾ ਪੇਸ਼ ਕਰਦੇ ਹਨ। ਬੋਲਣ ਵਿਚ ਕੀ ਲੱਗਦਾ ਹੈ? ਪਰ ਸਵਾਲ ਇਕ ਸੌ ਚਾਲੀ ਕਰੋੜ ਆਬਾਦੀ ਨੂੰ ਲੈ ਕੇ ਜ਼ਬਰਦਸਤੀ ਦਾ ਹੈ। ਵਿਰੋਧੀ ਦਲਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਗੱਲ ਵੀ ਨਾ ਕਰੀਏ, ਘੱਟ ਗਿਣਤੀ ਆਬਾਦੀ ਨੂੰ ਗਿਣਤੀ ਵਿਚ ਨਾ ਵੀ ਲਈਏ, ਲਾਠੀਆਂ ਦੀ ਮਾਰ ਝੱਲਦੇ ਬੇਕਸੂਰ ਨੌਜਵਾਨਾਂ ਅਤੇ ਆਪਣੇ ਰਸਤੇ ਵਿਚ ਕਿੱਲਾਂ-ਕੰਡੇ ਦੇਖ ਕੇ ਹੈਰਾਨ-ਪਰੇਸ਼ਾਨ ਕਿਸਾਨਾਂ ਨੂੰ ਵੀ ਥੋੜ੍ਹੀ ਦੇਰ ਲਈ ਭੁੱਲ ਜਾਈਏ ਪਰ ਕੀ ਮਨੀਪੁਰ ਦੀ ਅਣਦੇਖੀ ਕਰ ਸਕਾਂਗੇ? ਮੁਲਕ ਦਾ ਇਹ ਸੂਬਾ ਇਕ ਸਾਲ ਤੋਂ ਹਿੰਸਾ ਦੀ ਅੱਗ ਵਿਚ ਸੜ ਰਿਹਾ ਹੈ। ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਉਹ (ਮਨੀਪੁਰ ਵਾਲੇ) ਕੀਹਦੇ ਪਰਿਵਾਰ ਦੇ ਲੋਕ ਹਨ?
ਸ਼ੋਭਨਾ ਵਿਜ, ਪਟਿਆਲਾ

Advertisement
Author Image

joginder kumar

View all posts

Advertisement
Advertisement
×