For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:50 AM Feb 08, 2024 IST
ਪਾਠਕਾਂ ਦੇ ਖ਼ਤ
Advertisement

ਸਾਦੇ ਵਿਆਹ

5 ਫਰਵਰੀ ਦੇ ਅੰਕ ਵਿਚ ਅਮਰੀਕ ਸਿੰਘ ਦਿਆਲ ਦਾ ਮਿਡਲ ‘ਬਰਾਤ ਦੀ ਸੇਵਾ’ ਦਾਜ ਦੀ ਸਮੱਸਿਆ ਅਤੇ ਅੱਜ ਦੇ ਬਹੁਗਿਣਤੀ ਲੋਕਾਂ ਦੀ ਸੋਚ ਨੂੰ ਉਜਾਗਰ ਕਰਦਾ ਹੈ। ਹੁਣ ਜ਼ਿਆਦਾਤਰ ਵਿਆਹ ਦੋ ਰੂਹਾਂ ਦਾ ਮੇਲ ਨਾ ਹੋ ਕੇ ਸੌਦਾ ਬਣ ਗਏ ਹਨ ਜਿਸ ਵਿਚ ਮੁੰਡੇ ਵਾਲੇ ਆਪਣੇ ਮੁੰਡੇ ਦੀ ਬੋਲੀ ਲਗਾਉਂਦੇ ਹਨ ਅਤੇ ਧੀ ਦੇ ਮਾਪੇ ਮਜਬੂਰੀ ਵੱਸ ਉਸ ਬੋਲੀ ਦੀ ਰਕਮ ਅਦਾ ਕਰਦੇ ਹਨ। ਕੋਹੜ ਬਣ ਚੁੱਕੀ ਦਾਜ ਦੀ ਸਮੱਸਿਆ ਦੇ ਹੱਲ ਲਈ ਸਾਦੇ ਵਿਆਹ ਬਹੁਤ ਜ਼ਰੂਰੀ ਹਨ। ਇਸ ਤੋਂ ਪਹਿਲਾਂ 3 ਫਰਵਰੀ ਨੂੰ ਮੋਹਨ ਸ਼ਰਮਾ ਦਾ ਮਿਡਲ ‘ਸਾਦਗੀ’ ਪੜ੍ਹਿਆ। ਅੱਜ ਦੀ ਸਿਆਸਤ ਇੰਨੀ ਗੰਧਲੀ ਅਤੇ ਲਾਲਚੀ ਹੋ ਚੁੱਕੀ ਹੈ ਕਿ ਉਹ ਆਪਣੀ ਕੁਰਸੀ ਕਾਇਮ ਰੱਖਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਅਜੋਕੇ ਸਮੇਂ ਵਿਚ ਨਾ ਤਾਂ ਗਿਆਨੀ ਕਰਤਾਰ ਸਿੰਘ ਵਰਗੇ ਸਾਦਗੀ ਨਾਲ ਭਰੇ ਮੰਤਰੀ ਰਹੇ ਹਨ ਅਤੇ ਨਾ ਹੀ ਡਾ. ਦਿਲਬਾਗ ਸਿੰਘ ਅਠਵਾਲ ਵਰਗੇ ਮਿਹਨਤੀ ਵਿਗਿਆਨੀ।
ਰਜਵਿੰਦਰ ਪਾਲ ਸ਼ਰਮਾ, ਈਮੇਲ

Advertisement


ਗੋਲ ਧਰਤੀ

ਇਸਰੋ ਵਿਗਿਆਨੀ ਹਰਜੀਤ ਸਿੰਘ ਦਾ ਖੋਜ ਭਰਪੂਰ ਲੇਖ ‘ਧਰਤੀ ਦੇ ਗੋਲ ਹੋਣ ਦਾ ਪਤਾ ਕਿਵੇਂ ਲੱਗਾ’ (ਸਤਰੰਗ, 3 ਫਰਵਰੀ) ਪੜ੍ਹ ਕੇ ਜਾਣਕਾਰੀ ਵਿਚ ਵਾਧਾ ਹੋਇਆ। ਇਹੋ ਜਿਹੇ ਖੋਜ ਭਰਪੂਰ ਲੇਖ ਸਕੂਲ ਸਿੱਖਿਆ ਸਿਲੇਬਸ ਦਾ ਹਿੱਸਾ ਹੋਣੇ ਚਾਹੀਦੇ ਨੇ ਤਾਂ ਕਿ ਵਿਦਿਆਰਥੀਆਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਵਧੇ।
ਨਛੱਤਰ ਸਿੰਘ, ਧੰਮੂ (ਬਠਿੰਡਾ)


ਮਿਹਨਤੀ ਲੋਕਾਂ ਦੇ ਹਾਲ

3 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਲੇਖ ‘ਸਾਦਗੀ’ ਸਮੇਂ ਦਾ ਸੱਚ ਪੇਸ਼ ਕਰਦਾ ਹੈ। ਨਾ ਸਿਰਫ਼ ਸਿਆਸੀ ਖੇਤਰ ਵਿਚ ਬੇਈਮਾਨਾਂ ਦਾ ਬੋਲਬਾਲਾ ਹੈ ਬਲਕਿ ਬਹੁਤੇ ਅਦਾਰਿਆਂ ਵਿਚ ਵੀ ਇਮਾਨਦਾਰ ਤੇ ਮਿਹਨਤੀ ਲੋਕਾਂ ਨੂੰ ਹਰ ਹੀਲੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਕੁਝ ਲੋਕ ਸਿਰਫ਼ ਚਾਪਲੂਸੀ ਦੇ ਸਿਰ ’ਤੇ ਦਫ਼ਤਰਾਂ ਵਿਚ ਆਰਾਮ ਫਰਮਾਉਂਦੇ ਹਨ। ਆਪਣੇ ਕੰਮ ਨੂੰ ਕਰਮ ਸਮਝਣ ਵਾਲਿਆਂ ਨੂੰ ਘਟੀਆ ਸਿਆਸਤ ਅਤੇ ਬਦਲੀਆਂ ਵਰਗੇ ਦੁੱਖ ਸਹਿਣੇ ਪੈਂਦੇ ਹਨ। ਹੈਰਾਨੀ ਅਤੇ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਪੜ੍ਹੇ ਲਿਖੇ ਸਮਝਦਾਰ ਅਧਿਕਾਰੀ ਵੀ ਸੱਚ ਦੀ ਘੋਖ ਕੀਤੇ ਬਿਨਾਂ ਝੂਠ ਦਾ ਸਾਥ ਦੇ ਜਾਂਦੇ ਹਨ।
ਮਨਦੀਪ ਕੌਰ, ਲੁਧਿਆਣਾ


ਭਾਵੁਕ ਲਿਖਤ

ਪਹਿਲੀ ਫਰਵਰੀ ਦੇ ਅਖ਼ਬਾਰ ਦੇ ਮਿਡਲ ‘ਕਬਾੜੀਆ’ ਵਿਚ ਸਰਦਾਰਾ ਸਿੰਘ ਚੀਮਾ ਨੇ ਭਾਵੁਕ ਹੋ ਕੇ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨਾਲ ਜੁੜੀਆਂ ਯਾਦਾਂ ਪੇਸ਼ ਕੀਤੀਆਂ ਹਨ। ਅਫ਼ਸੋਸ ਹੈ ਕਿ ਭਾਅ ਜੀ ਦਾ ਵਿਰਾਸਤੀ ਘਰ ਬਚਾਉਣ ਲਈ ਉਨ੍ਹਾਂ ਦੀਆਂ ਧੀਆਂ ਨੂੰ ਉਨ੍ਹਾਂ ਦੀ ਕਲਾ, ਸਾਹਿਤ ਤੇ ਰਿਹਰਸਲ ਨਾਲ ਜੁੜਿਆ ਚੰਡੀਗੜ੍ਹ ਵਾਲਾ ਘਰ ਵੀ ਵੇਚਣਾ ਪਿਆ। ਸ਼ੁਕਰ ਹੈ ਕਿ ਕਬਾੜੀਏ ਦੀ ਦੇਰੀ ਅਤੇ ਚੀਮਾ ਜੀ ਦੀ ਫੇਰੀ ਨੇ ਉਨ੍ਹਾਂ ਨੂੰ ਭਾਅ ਜੀ ਦੀਆਂ ਆਖ਼ਰੀ ਨਿਸ਼ਾਨੀਆਂ ਦਿਵਾ ਦਿੱਤੀਆਂ।
ਰਾਜਵਿੰਦਰ ਰੌਂਤਾ, ਮੋਗਾ


(2)

ਪਹਿਲੀ ਫਰਵਰੀ ਨੂੰ ਨਜ਼ਰੀਆ ਸਫ਼ੇ ’ਤੇ ਛਪੇ ਸਰਦਾਰਾ ਸਿੰਘ ਚੀਮਾ ਦੇ ਲੇਖ ‘ਕਬਾੜੀਆ’ ਜੋ ਸਿਰਮੌਰ ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਬਾਰੇ ਸੀ, ਵਿਚ ਉਨ੍ਹਾਂ ਆਪਣੀ ਨਿੱਘੀ ਸਾਂਝ ਦਾ ਵਰਨਣ ਕੀਤਾ ਹੈ। ਗੁਰਸ਼ਰਨ ਭਾਅ ਜੀ ਹਮੇਸ਼ਾ ਮਾਨਵੀ ਸਰੋਕਾਰਾਂ ਨੂੰ ਪ੍ਰਨਾਏ ਰਹੇ ਅਤੇ ਜੁਝਾਰੂ ਤੱਤਾਂ ਦੀ ਨਿਸ਼ਾਨਦੇਹੀ ਦਾ ਪ੍ਰਤੀਕ ਹੋ ਨਬਿੜੇ।
ਦਲੀਪ ਮਾਨਵਾਲਾ, ਧੂਰੀ (ਸੰਗਰੂਰ)


ਸਿਆਸੀ ਨੈਤਿਕਤਾ

31 ਜਨਵਰੀ ਦਾ ਸੰਪਾਦਕੀ ‘ਮੇਅਰ ਦੀ ਚੋਣ’ ਪੜ੍ਹਿਆ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰਾਂ ਦੀਆਂ ਚੋਣਾਂ ’ਚ ਅਜਿਹਾ ਵਿਵਾਦ ਹੋਣਾ ਤੇ ਪਟੀਸ਼ਨ ਪੈਣਾ ਸਿਆਸੀ ਨੈਤਿਕਤਾ ਦਾ ਅਪਮਾਨ ਹੀ ਨਹੀਂ ਸਗੋਂ ਚੋਣਾਂ ਦੀ ਪਾਰਦਰਸ਼ਤਾ ਨੂੰ ਵੀ ਧੁੰਦਲਾ ਕਰ ਰਿਹਾ ਹੈ। ਇਸ ਨੇ ਤਾਂ ਸਗੋਂ ਲੋਕਤੰਤਰ ਦੀਆਂ ਜੜ੍ਹਾਂ ਵੀ ਹਿਲਾ ਦਿੱਤੀਆਂ ਹਨ। ਇਨ੍ਹਾਂ ਚੋਣਾਂ ਨੇ ਨੀਵੇਂ ਪੱਧਰ ਦੀ ਰਾਜਨੀਤੀ ਦੀ ਸੱਚਾਈ ਵੀ ਅਵਾਮ ਦੇ ਸਾਹਮਣੇ ਲਿਆਂਦੀ ਹੈ ਜਿੱਥੇ ਸਿਆਸਤਦਾਨ ਕੁਰਸੀ ਹਥਿਆਉਣ ਲਈ ਜਮਹੂਰੀਅਤ ਦੀ ਬਲੀ ਚਾੜ੍ਹਨ ਤੋਂ ਵੀ ਪਿੱਛੇ ਨਹੀਂ ਹਟਦੇ।
ਸੁਖਪਾਲ ਕੌਰ, ਚੰਡੀਗੜ੍ਹ


ਪਾਕਿਸਤਾਨੀ ਜਨਰਲ

29 ਜਨਵਰੀ ਵਾਲੇ ਅੰਕ ਵਿਚ ਸੁਰਿੰਦਰ ਸਿੰਘ ਤੇਜ ਦਾ ਲੇਖ ‘ਜਨਰਲ ਮੁਨੀਰ ਦੇ ਚੁਣਾਵੀ ਉਪਦੇਸ਼’ ਜਾਣਕਾਰੀ ਭਰਪੂਰ ਹੈ। ਲੇਖ ਮੁਤਾਬਿਕ ਪਾਕਿਸਤਾਨੀ ਜਨਰਲ ਸੱਯਦ ਆਸਿਮ ਮੁਨੀਰ ਦਾ ਸਰਹੱਦਾਂ ਦੀ ਰਾਖੀ ਦੇ ਨਾਲ ਨਾਲ ਦੇਸ਼ ਦੇ ਵੋਟਰਾਂ ਨੂੰ ਆਪਣੇ ਫਰਜ਼ਾਂ ਅਤੇ ਵੋਟ ਦੀ ਕੀਮਤ ਬਾਰੇ ਜਾਗਰੂਕ ਕਰਨਾ ਪ੍ਰਸੰਸਾਯੋਗ ਹੈ। ਕਾਸ਼! ਸਾਡੇ ਦੇਸ਼ ਵਿਚ ਵੀ ਕੋਈ ਅਜਿਹੀ
ਜ਼ਿੰਮੇਵਾਰੀ ਨਿਭਾਵੇ ਤੇ ਕੁਝ ਦਮੜਿਆਂ ਬਦਲੇ ਵਿਕਦੇ ਵੋਟਰ ਅਤੇ ਕੁਰਸੀ ਦੇ ਭੁੱਖੇ ਲੀਡਰ ਦਲ ਬਦਲੀ ਦੇ ਕਲੰਕ ਤੋਂ ਮੁਕਤ ਹੋ ਸਕਣ।
ਹਰੀ ਸਿੰਘ ‘ਚਮਕ’, ਫਤਹਿਗੜ੍ਹ ਸਾਹਿਬ

ਸਵਾਲ-ਦਰ-ਸਵਾਲ

23 ਜਨਵਰੀ ਦਾ ਸੰਪਾਦਕੀ ‘ਵੰਨ-ਸਵੰਨਤਾ ਤੇ ਆਪਸੀ ਪਿਆਰ’ ਪੜ੍ਹਿਆ। ਅਯੁੱਧਿਆ ਵਿਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਨੂੰ ਨਵੇਂ ਯੁੱਗ ਦਾ ਆਗਾਜ਼ ਕਿਹਾ ਹੈ ਅਤੇ ਸਭ ਨੂੰ ਹਲੀਮੀ ਦਿਖਾਉਣ ਦਾ ਸੱਦਾ ਵੀ ਦਿੱਤਾ ਹੈ। ਇਸੇ ਤਰ੍ਹਾਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਹੰਕਾਰ ਛੱਡਣ ਲਈ ਕਿਹਾ ਹੈ। ਦਰਅਸਲ ਹਲੀਮੀ ਦਿਖਾਉਣ ਅਤੇ ਹੰਕਾਰ ਛੱਡਣ ਦੀ ਨਸੀਹਤ ਭਾਜਪਾ, ਆਰਐੱਸਐੱਸ ਅਤੇ ਕੇਂਦਰ ਸਰਕਾਰ ਨੂੰ ਆਪਣੇ ਉੱਤੇ ਲਾਗੂ ਕਰਨੀ ਚਾਹੀਦੀ ਹੈ ਕਿਉਂਕਿ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਹੁਣ ਅਦਾਲਤਾਂ ਉੱਤੇ ਦਬਾਅ ਪਾ ਕੇ ਕਾਸ਼ੀ ਅਤੇ ਮਥਰਾ ਦੀਆਂ ਮਸਜਿਦਾਂ ਢਾਹੁਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲਈ ਹੀ ਲੋਕ ਸਵਾਲ ਕਰ ਰਹੇ ਹਨ ਕਿ ਕੀ ਰਾਮ ਮੰਦਿਰ ਬਣਨ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਵੇਗਾ? ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ? ਜਦੋਂ ਤਕ ਹਕੂਮਤਾਂ ਸਾਰੇ ਵਰਗਾਂ, ਧਰਮਾਂ, ਫਿਰਕਿਆਂ ਦੇ ਸਭਿਆਚਾਰ ਅਤੇ ਜਮਹੂਰੀ ਅਧਿਕਾਰਾਂ ਦੀ ਬਰਾਬਰੀ ਦੇ ਆਧਾਰ ’ਤੇ ਰਾਖੀ ਨਹੀਂ ਕਰਦੀਆਂ, ਤਦ ਤਕ ਦੇਸ਼ ਵਿਚ ਸਦਭਾਵਨਾ ਅਤੇ ਆਪਸੀ ਪਿਆਰ ਵਾਲਾ ਮਾਹੌਲ ਪੈਦਾ ਨਹੀਂ ਹੋ ਸਕਦਾ।
ਦਮਨਜੀਤ ਕੌਰ, ਧੂਰੀ (ਸੰਗਰੂਰ)


ਸਿੱਖਿਆ ਦਾ ਮਿਆਰ ਬਨਾਮ ਸਮਾਜ

23 ਜਨਵਰੀ ਦੇ ਲੋਕ ਸੰਵਾਦ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਵੱਡੇ ਸੁਧਾਰ ਮੰਗਦੀ ਸਕੂਲ ਸਿੱਖਿਆ’ ਹਰ ਉਸ ਸ਼ਖ਼ਸ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਜਿਹੜਾ ਸਕੂਲ ਸਿੱਖਿਆ ਦੇ ਮਿਆਰ ਅਤੇ ਭਵਿੱਖ ਵਿਚ ਸਮਾਜ ਉੱਤੇ ਇਸ ਦੇ ਪੈਣ ਵਾਲੇ ਅਸਰ ਲਈ ਫ਼ਿਕਰਮੰਦ ਹੈ। ਦੱਸਿਆ ਗਿਆ ਹੈ ਕਿ ਸੁਧਾਰ ਨਾ ਹੋਣ ਦੀ ਸੂਰਤ ਵਿਚ ਸਮਾਜ ’ਤੇ ਪੈਣ ਵਾਲੇ ਦੁਰਪ੍ਰਭਾਵ ਨੂੰ ਉਹ ਲੋਕ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਨਹੀਂ ਪੜ੍ਹਦੇ। ਉਸਾਰੂ ਵਿਦਿਅਕ ਮਾਹੌਲ ਵਿਚ ਪ੍ਰਵਾਨ ਚੜ੍ਹੀਆਂ ਸ਼ਖ਼ਸੀਅਤਾਂ ਹੀ ਭਵਿੱਖ ਵਿਚ ਚੰਗੇਰੇ ਸਮਾਜ ਦੀ ਉਸਾਰੀ ਕਰ ਸਕਣਗੀਆਂ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)


ਗੀਤਕਾਰ ਚਰਨ ਸਿੰਘ ਸਫ਼ਰੀ

20 ਜਨਵਰੀ ਦੇ ਸਤਰੰਗ ਪੰਨੇ ਉੱਤੇ ਅਸ਼ੋਕ ਬਾਂਸਲ ਮਾਨਸਾ ਦਾ ਗੀਤਕਾਰ ਚਰਨ ਸਿੰਘ ਸਫ਼ਰੀ ਬਾਰੇ ਲੇਖ ‘ਸਭ ਝਗੜਾ ਅੰਦਰ ਦਾ, ਨਾ ਮਸਜਿਦ ਦਾ, ਨਾ ਮੰਦਰ ਦਾ’ ਪੜ੍ਹਿਆ। ਚਰਨ ਸਿੰਘ ਸਫ਼ਰੀ ਨੇ ਧਾਰਮਿਕ ਗੀਤ ਵੀ ਲਿਖੇ ਜੋ ਉੱਘੇ ਗਾਇਕ ਕਲਾਕਾਰਾਂ ਨੇ ਗਾਏ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਗੀਤ ਆਸਾ ਸਿੰਘ ਮਸਤਾਨਾ, ਜਗਮੋਹਨ ਕੌਰ, ਹੰਸ ਰਾਜ ਹੰਸ ਨੇ ਵੀ ਗਾਏ। ਉਹ 5 ਜਨਵਰੀ 2006 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਲਿਖੇ ਗੀਤ ਉਸ ਨੂੰ ਰਹਿੰਦੀ ਦੁਨੀਆ ਤਕ ਲੋਕਾਂ ਦੇ ਦਿਲਾਂ ’ਚ ਜ਼ਿੰਦਾ ਰੱਖਣਗੇ।
ਗੋਵਿੰਦਰ ਜੱਸਲ, ਸੰਗਰੂਰ


ਸੋਧ

‘ਪੜ੍ਹਦਿਆਂ ਲਿਖਦਿਆਂ’ ਕਾਲਮ (6 ਫਰਵਰੀ) ਵਿਚ ਕਿਤਾਬ ‘ਭਾਰਤੀ ਫ਼ੌਜ ਦੀਆਂ ਜੰਗਾਂ’ ਦੇ ਲੇਖਕ ਕਰਨਲ ਬਲਬੀਰ ਸਿੰਘ ਸਰਾਂ ਹਨ, ਬਲਦੇਵ ਸਿੰਘ ਸਰਾਂ ਨਹੀਂ।


ਮਾਪੇ ਅਤੇ ਬਾਲ ਮਨੋਵਿਗਿਆਨ

31 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦੀ ਰਚਨਾ ‘ਗੁਆਚੇ ਹੋਏ ਪਲ’ ਦਿਲ ਨੂੰ ਟੁੰਬਣ ਵਾਲਾ ਹੈ। ਜੇਕਰ ਕੋਈ ਬੱਚਾ ਕਿਸੇ ਉਸਾਰੂ ਪਾਸੇ ਰੁਚੀ ਰੱਖਦਾ ਹੋਵੇ ਤਾਂ ਮਾਤਾ ਪਿਤਾ ਨੂੰ ਜ਼ਰੂਰ ਹੀ ਉਸ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ। ਬਾਲ ਮਨਾਂ ’ਤੇ ਉਕਰੇ ਚੰਗੇ ਜਾਂ ਮਾੜੇ ਪ੍ਰਭਾਵ ਬਹੁਤ ਡੂੰਘੇ ਹੁੰਦੇ ਹਨ ਜੋ ਸਾਰੀ ਉਮਰ ਉਸ ਦੇ ਨਾਲ ਚੱਲਦੇ ਹਨ। ਇਸ ਲਈ ਮਾਪਿਆਂ ਨੂੰ ਬਾਲ ਮਨੋਵਿਗਿਆਨ ਦੀ ਮੁਢਲੀ ਸਮਝ ਹੋਣੀ ਚਾਹੀਦੀ ਹੈ। ਮੇਰੇ ਨਾਲ ਵੀ ਬਚਪਨ ਵਿਚ ਅਜਿਹੀ ਘਟਨਾ ਹੋਈ। ਮੇਰੇ ਪਿੰਡ ਦਾ ਪੜ੍ਹਿਆ ਲਿਖਿਆ ਸਿਆਣਾ ਨੌਜਵਾਨ ਯੂਥ ਕਲੱਬ ਦਾ ਪ੍ਰਧਾਨ ਸੀ। ਉਸ ਨੇ ਭਾਸ਼ਨ ਲਿਖ ਕੇ ਦਿੱਤਾ ਜੋ ਮੈਂ ਸਮਾਗਮ ਦੌਰਾਨ ਪਹਿਲੀ ਵਾਰ ਸਟੇਜ ਤੋਂ ਬੋਲਣਾ ਸੀ। ਮੈਂ ਸਟੇਜ ’ਤੇ ਆਪਣਾ ਭਾਸ਼ਨ ਪੂਰਾ ਕੀਤਾ ਪਰ ਮੇਰੇ ਘਰ ਪਹੁੰਚਣ ਤੋਂ ਪਹਿਨਾਂ ਹੀ ਇਸ ਬਾਰੇ ਕਿਸੇ ਨੇ ਮੇਰੀ ਮਾਂ ਨੂੰ ਦੱਸ ਦਿੱਤਾ। ਜਦੋਂ ਮਾਂ ਨੂੰ ਸਟੇਜ ਤੋਂ ਬੋਲਣ ਬਾਰੇ ਦੱਸਿਆ ਤਾਂ ਉਹਨੇ ਸੁਭਾਵਿਕ ਹੀ ਕਹਿ ਦਿੱਤਾ ਕਿ ਹਾਂ, ਮੈਨੂੰ ਪਤਾ ਹੈ, ਤੇਰੇ ਬੋਲ ਕੰਬਦੇ ਸੀ ਅਤੇ ਹੱਥ ਵੀ ਕੰਬਦੇ ਸੀ। ਹੱਥ ਅਤੇ ਬੋਲ ਕੰਬਣ ਵਾਲੀ ਗੱਲ ਭਾਵੇਂ ਸੀ ਤਾਂ ਸੱਚੀ ਪਰ ਮਾਂ ਦੀ ਆਖੀ ਗੱਲ ਕਾਰਨ ਸਟੇਜ ਤੋਂ ਬੋਲਣ ਦੀ ਜੱਕ ਕਦੀ ਨਾ ਖੁੱਲ੍ਹ ਸਕੀ।

ਬਿਕਰਮਜੀਤ ਸਿੰਘ, ਪਟਿਆਲਾ

Advertisement
Author Image

sukhwinder singh

View all posts

Advertisement
Advertisement
×