ਪਾਠਕਾਂ ਦੇ ਖ਼ਤ
ਸਕੂਲ ਸਿੱਖਿਆ ਦੇ ਹਾਲ
ਰਾਜੇਸ਼ ਰਾਮਚੰਦਰਨ ਦਾ 24 ਜਨਵਰੀ ਦਾ ਲੇਖ ‘ਸਿੱਖਿਆ ਅਤੇ ਦੋਇਮ ਦਰਜੇ ਦੀਆਂ ਨਰਸਰੀਆਂ’ ਸਾਡੀ ਸਕੂਲੀ ਸਿੱਖਿਆ ਤੇ ਉਸ ਦੇ ਨਤੀਜਿਆਂ ਬਾਰੇ ਚੰਗਾ ਚਾਨਣਾ ਪਾਉਂਦਾ ਹੈ। ਆਜ਼ਾਦੀ ਤੋਂ ਸਾਢੇ ਸੱਤ ਦਹਾਕਿਆਂ ਤੋਂ ਬਾਅਦ ਵੀ ਅਸੀਂ ਆਪਣੀ ਸਕੂਲੀ ਸਿੱਖਿਆ ਨੂੰ ਸਹੀ ਸੇਧ ਨਹੀਂ ਦੇ ਸਕੇ, ਅਜੇ ਵੀ ਤਜਰਬੇ ਹੀ ਕਰ ਰਹੇ ਹਾਂ। ਸਕੂਲ ਭਾਵੇਂ ਅੱਛੇ ਬਣ ਗਏ ਹਨ ਅਤੇ ਅਧਿਆਪਕਾਂ ਨੂੰ ਮੋਟੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਮਿਲ ਰਹੀਆਂ ਹਨ ਪਰ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਕਿਉਂ ਨਹੀਂ ਹੈ? ਕਿਸੇ ਦੀ ਜਵਾਬਦੇਹੀ ਨਹੀਂ ਹੈ। ਸਾਡੇ ਸਮੇਂ ਅਧਿਆਪਕ ਅੱਠਵੀਂ-ਦਸਵੀਂ ਨੂੰ ਬਿਨਾਂ ਟਿਊਸ਼ਨ ਰਾਤ ਦੇ ਸਮੇਂ ਪੜ੍ਹਾਉਂਦੇ ਹੁੰਦੇ ਸਨ। ਮਾੜਾ ਨਤੀਜਾ ਆਉਣ ’ਤੇ ਚਿਤਾਵਨੀ ਮਿਲਦੀ ਸੀ ਅਤੇ ਇੰਕਰੀਮੈਂਟ ਬੰਦ ਕਰ ਦਿੱਤਾ ਜਾਂਦਾ ਸੀ। ਪਹਿਲਾਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚੇ ਡਾਕਟਰ, ਇੰਜਨੀਅਰ ਬਣਦੇ ਸਨ ਪਰ ਅੱਜ ਕੱਲ੍ਹ ਅਜਿਹਾ ਬਹੁਤ ਘੱਟ ਹੁੰਦਾ ਹੈ। ਜੇ ਸਿਆਸਤਦਾਨਾਂ ਤੇ ਅਫ਼ਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਤਾਂ ਸੁਧਾਰ ਹੋ ਸਕਦਾ ਹੈ। ਅਜਿਹਾ ਨੇਤਾ ਕਿਹੜਾ ਹੋਵੇਗਾ ਤੇ ਕਦ ਹੋਵੇਗਾ ਜੋ ਸਾਡੀ ਸਿੱਖਿਆ ਨੀਤੀ ਵਿਚ ਸੁਧਾਰ ਲਿਆਵੇਗਾ?
ਗੁਰਬਚਨ ਸਿੰਘ, ਮਾਨਸਾ
ਸਹੀ ਜਵਾਬ
ਲੋਕ ਸਭਾ ਚੋਣਾਂ ਦੇ ਐਨ ਨੇੜੇ ਲਏ ਨਿਤੀਸ਼ ਕੁਮਾਰ ਦੇ ਪੈਂਤੜੇ ’ਤੇ 29 ਜਨਵਰੀ ਦਾ ਸੰਪਾਦਕੀ ‘ਨਿਤੀਸ਼ ਦਾ ਪੈਂਤੜਾ’ ਇਸ ਦੇ ਪ੍ਰਭਾਵਾਂ ਦਾ ਅੰਦਾਜ਼ਾ ਲਾਉਂਦਾ ਹੈ। ‘ਇੰਡੀਆ’ ਗੱਠਜੋੜ ਵਿਚੋਂ ਕੁਝ ਮਿਲਦਾ ਨਾ ਦੇਖ ਕੇ ਉਸ ਨੇ ਪਲਟੀ ਮਾਰੀ ਹੈ। ਦੂਜਾ, 2024 ਲੋਕ ਸਭਾ ਚੋਣਾਂ ਭਾਜਪਾ ਦੇ ਜਿੱਤਣ ਦੀ ਆਸ ਹੈ। ਫਿਰ ਵੀ ਆਸ ਕੀਤੀ ਜਾ ਰਹੀ ਹੈ ਕਿ ਭਾਜਪਾ ਨੂੰ ਇਸ ਰੰਗ ਬਦਲਦੀ ਰਾਜਨੀਤੀ ਵਿਚ ਆਪਣੇ ਰੰਗ ਵੀ ਬਦਲਦੇ ਰਹਿਣ ਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ। ਉਂਝ ਇਸ ਦਾ ਸਹੀ ਜਵਾਬ ਤਾਂ ਹੁਣ ਲੋਕ ਸਭਾ ਨਤੀਜਿਆਂ ਤੋਂ ਬਾਅਦ ਹੀ ਮਿਲੇਗਾ। ਪਤਾ ਲੱਗੇਗਾ ਕਿ ਨਿਤੀਸ਼ ਨੇ ਭਾਜਪਾ ਦੀ ਬੇੜੀ ’ਤੇ ਚੜ੍ਹ ਕੇ ਪਾਰ ਕੀਤਾ ਹੈ ਜਾਂ ਭਾਜਪਾ ਨਿਤੀਸ਼ ਦੀ ਬੇੜੀ ’ਤੇ ਚੜ੍ਹ ਕੇ ਪਾਰ ਹੋਈ ਹੈ। ਅਣਹੋਣੀ ਵੀ ਹੋ ਸਕਦੀ ਹੈ, ਜੇ ਦੋਵੇਂ ਹੀ ਡੁੱਬ ਗਏ! ਕਬੀਰ ਜੀ ਦਾ ਸੰਦੇਸ਼ ਹੈ: ਦੁਬਿਧਾ ਮੇਂ ਦੋਨੋ ਗਏ, ਮਾਇਆ ਮਿਲੀ ਨਾ ਰਾਮ। ਇਸ ਤੋਂ ਪਹਿਲਾਂ 23 ਜਨਵਰੀ ਦਾ ਸੰਪਾਦਕੀ ‘ਵੰਨ-ਸਵੰਨਤਾ ਤੇ ਆਪਸੀ ਪਿਆਰ’ ਜਿਹੜਾ ਅਯੁੱਧਿਆ ਵਿਚ ਰਾਮ ਦੀ ਮੂਰਤੀ ਦੀ ‘ਪ੍ਰਾਣ-ਪ੍ਰਤਿਸ਼ਠਾ’ ਨਾਲ ਸਬੰਧਿਤ ਹੈ, ਸਮੁੱਚੇ ਘਟਨਾਕ੍ਰਮ ਦੇ ਮੁਲਾਂਕਣ ਦੀ ਬਜਾਇ ਕੇਵਲ ਵੰਨ-ਸਵੰਨਤਾ ਅਤੇ ਆਪਸੀ ਪਿਆਰ ਦੇ ਸੁਨੇਹੇ ’ਤੇ ਹੀ ਕੇਂਦਰਿਤ ਹੈ। ਜਦੋਂ ਰਾਜਨੀਤੀ ਧਰਮ ਨੂੰ ਹਥਿਆਰ ਬਣਾ ਲੈਂਦੀ ਹੈ, ਫਿਰ ਉਹ ਵੰਨ-ਸਵੰਨਤਾ ਅਤੇ ਆਪਸੀ ਪਿਆਰ ਦੀ ਪ੍ਰਵਾਹ ਨਹੀਂ ਕਰਦੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਜਮਹੂਰੀਅਤ ’ਚ ਨਿਘਾਰ ਜਾਂ ਵਿਕਾਸ
ਸੁਪਰੀਮ ਕੋਰਟ ਦੇ ਡਾਇਮੰਡ ਜੁਬਲੀ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਜਨਵਰੀ ਵਾਲੇ ਸਮਾਗਮ ਦੌਰਾਨ ਸੁਪਰੀਮ ਕੋਰਟ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਕਿ ਇਹ ਆਜ਼ਾਦੀ, ਬਰਾਬਰੀ ਅਤੇ ਨਿਆਂ ਦੇ ਸਿਧਾਂਤਾਂ ਦੀ ਰਾਖੀ ਲਈ ਪਹਿਰਾ ਦੇ ਰਹੀ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਮੁਲਕ ਦੀ ਜਮਹੂਰੀਅਤ ਮਜ਼ਬੂਤ ਹੋਈ ਹੈ ਪਰ ਵੱਖ ਵੱਖ ਕੌਮਾਂਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ ਵਿਚ ਜਮਹੂਰੀਅਤ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਕੁਝ ਸੰਸਥਾਵਾਂ ਨੇ ਇਹ ਤੱਥ ਵੀ ਨੋਟ ਕੀਤਾ ਹੈ ਕਿ ਜਦੋਂ ਤੋਂ (2014) ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ, ਸ਼ਹਿਰੀ ਆਜ਼ਾਦੀਆਂ ਦਾ ਘਾਣ ਹੋਇਆ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ
ਪਹਿਲੀ ਪੌੜੀ
24 ਜਨਵਰੀ ਨੂੰ ਰਮੇਸ਼ ਭਾਰਦਵਾਜ ਦਾ ਲੇਖ ‘ਕਿਸ਼ਤਾਂ ਵਾਲਾ ਸਾਈਕਲ’ ਪੜ੍ਹਿਆ। ਅੱਜ ਦਾ ਵਿਕਸਤ ਸਮਾਜ ਰਾਤੋ-ਰਾਤ ਹੋਂਦ ਵਿਚ ਨਹੀਂ ਆਇਆ। ਕੱਲ੍ਹ ਦਾ ਬੱਚਾ ਜੋ ਕਦੇ ਗੁੱਲੀ ਡੰਡਾ ਜਾਂ ਖਿੱਦੋ ਵਰਗੇ ਖਿਡੌਣੇ ਪ੍ਰਾਪਤ ਕਰਨ ਲਈ ਆਪਣੀ ਮਾਂ-ਦਾਦੀ ਦੇ ਤਰਲੇ ਕਰਦਾ ਹੁੰਦਾ ਸੀ, ਅੱਜ ਰੋਬੋਟ ਅਤੇ ਮਹਿੰਗੇ ਮਹਿੰਗੇ ਕੰਪਿਊਟਰ ਪ੍ਰਾਪਤ ਕਰਨ ਦੀ ਜ਼ਿੱਦ ਕਰਦਾ ਹੈ। ਸਮਾਜ ਦੇ ਲਗਭੱਗ ਹਰ ਬੰਦੇ ਨੂੰ ਵਿਕਾਸ ਦੀ ਪਹਿਲੀ ਪੌੜੀ ਤੋਂ ਲੈ ਕੇ ਸਫ਼ਲਤਾ ਦੇ ਅਖ਼ੀਰਲੇ ਡੰਡੇ ਤਕ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪਰਵਾਸ ਸਮੱਸਿਆ ਤਾਂ ਨਹੀਂ
24 ਜਨਵਰੀ ਦੇ ਇੰਟਰਨੈੱਟ ਐਡੀਸ਼ਨ ‘ਪੰਜਾਬੀ ਪੈੜਾਂ’ ਵਿਚ ਐਡਵੋਕੇਟ ਦਰਸ਼ਨ ਸਿੰਘ ਰਿਆੜ ਦਾ ਲੇਖ ‘ਪਰਵਾਸ ਸਮੱਸਿਆ ਤਾਂ ਨਹੀਂ’ ਪੜ੍ਹਿਆ। ਲੇਖਕ ਨੇ ਪਰਵਾਸ ਦੇ ਬਹੁਤ ਸਾਰੇ ਅਹਿਮ ਪੱਖਾਂ ਉੱਤੇ ਰੋਸ਼ਨੀ ਪਾਈ ਹੈ। ਇਕ ਸੋਧ ਹੈ: ਇਸ ਲੇਖ ਵਿਚ ਆਇਆ ਗੁਰਬਾਣੀ ਦਾ ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੈ; ਬਾਣੀ ਹੈ: ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।। ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ।।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਸੋਹਣੀਆਂ ਰਚਨਾਵਾਂ
18 ਜਨਵਰੀ ਨੂੰ ਨਜ਼ਰੀਆ ਪੰਨੇ ਵਾਲਾ ਲੇਖ ‘ਉਮੀਦ’ (ਲੇਖਕ ਸਤਪਾਲ ਸਿੰਘ ਦਿਓਲ) ਪੜ੍ਹਿਆ। ਲੇਖਕ ਨੇ ਆਪਣੇ ਡਰ ਵਾਲੇ ਭਾਵ ਨੂੰ ਬਹੁਤ ਸੋਹਣੇ ਸ਼ਬਦਾਂ ਵਿਚ ਬੁਣਿਆ ਹੈ। ਗੱਡੀ ਵਿਚ ਬੈਠੀ ਬੀਬੀ ਬਾਰੇ ਉਨ੍ਹਾਂ ਦੀ ਸੋਚ ਵਾਰ ਵਾਰ ਬਦਲਦੀ ਰਹੀ, ਅਜਿਹਾ ਹੋਣਾ ਸੁਭਾਵਿਕ ਹੈ। ਗੱਡੀ ਵਿਚ ਸਵਾਰ ਭੈਣ ਨੂੰ ਆਪਣੇ ਦੁੱਖ ਸੀਮਤ ਸ਼ਬਦਾਂ ਵਿਚ ਦੱਸਦੇ ਹੋਏ ਇਹ ਮਹਿਸੂਸ ਹੋਇਆ ਕਿ ਗੱਡੀ ਚਲਾ ਰਿਹਾ ਬੰਦਾ ਮਸਲੇ ਦਾ ਹੱਲ ਜ਼ਰੂਰ ਕਰੇਗਾ। ਇਸੇ ਦਿਨ ਜਵਾਂ ਤਰੰਗ ਪੰਨੇ ’ਤੇ ‘ਕਿਵੇਂ-ਕਿਵੇਂ ਠੱਗੇ ਜ ਰਹੇ ਨੇ ਲੋਕ’ ਦੇ ਲੇਖਕ ਗੁਰਦੀਪ ਸਿੰਘ ਨੇ ਥੋੜ੍ਹੇ ਸ਼ਬਦਾਂ ਵਿਚ ਠੱਗੀ ਦੇ ਤੌਰ ਤਰੀਕਿਆਂ ਬਾਰੇ ਵਰਨਣ ਕੀਤਾ ਹੈ। ਸੋਸ਼ਲ ਮੀਡੀਆ ’ਤੇ ਵੱਖ ਵੱਖ ਪਲੈਟਫਾਰਮਾਂ ਰਾਹੀਂ ਲੋਕਾਂ ਨੂੰ ਕਿਵੇਂ ਅੰਧਾ-ਧੁੰਦ ਲੁੱਟਿਆ ਜਾ ਰਿਹਾ ਹੈ, ਪੜ੍ਹ ਕੇ ਜਾਣਕਾਰੀ ਹੋਰ ਵਧ ਗਈ।
ਰਮੇਸ਼ਵਰ ਸਿੰਘ, ਪਟਿਆਲਾ
ਗ਼ੈਰ-ਕਾਨੂੰਨੀ ਪਰਵਾਸ
11 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਕੇ ਪੀ ਨਾਇਰ ਦਾ ਲੇਖ ‘ਗ਼ੈਰ-ਕਾਨੂੰਨੀ ਪਰਵਾਸ ਦਾ ਵਧਦਾ ਸੰਕਟ’ ਪੜ੍ਹਿਆ। ਹਰ ਸਾਲ ਹਜ਼ਾਰਾਂ ਨੌਜਵਾਨ ਅਮਰੀਕਾ, ਕੈਨੇਡਾ ਤੇ ਹੋਰ ਅਮੀਰ ਦੇਸ਼ਾਂ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚਣ ਦਾ ਯਤਨ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਨੌਜਵਾਨ ਇਨ੍ਹਾਂ ਦੇਸ਼ਾਂ ਅੰਦਰ ਦਾਖ਼ਲ ਹੋ ਜਾਂਦੇ ਹਨ ਪਰ ਕਈ ਨੌਜਵਾਨਾਂ ਨਾਲ ਰਾਹ ਵਿਚ ਜੋ ਬੀਤਦੀ ਹੈ, ਉਸ ਬਾਰੇ ਸੋਚ ਕੇ ਰੂਹ ਕੰਬ ਉੱਠਦੀ ਹੈ। ਖ਼ਤਰਨਾਕ ਜੰਗਲਾਂ ਅਤੇ ਸਮੁੰਦਰ ਵਿਚੋਂ ਲੰਘਣਾ ਪੈਂਦਾ ਹੈ। ਕਈ ਤਾਂ ਅੱਧ ਵਿਚਾਲੇ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ। ਇਨ੍ਹਾਂ ਨੂੰ ਭੁੱਖੇ ਪਿਆਸੇ ਸੈਂਕੜੇ ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ ਅਜਿਹੇ ਲੋਕਾਂ ਉੱਪਰ ਸ਼ਿਕੰਜਾ ਕਸਿਆ ਜਾਵੇ।
ਮਨਜੀਤ ਸਿੰਘ ‘ਅਰਸ਼ਦ’, ਖੰਨਾ (ਲੁਧਿਆਣਾ)
ਸ਼ਲਾਘਾਯੋਗ ਫ਼ੈਸਲਾ
9 ਜਨਵਰੀ ਦੇ ਸੰਪਾਦਕੀ ‘ਬਿਲਕੀਸ ਬਾਨੋ ਕੇਸ’ ਵਿਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਦਿੱਤੀ ਮੁਆਫ਼ੀ ਰੱਦ ਕਰਨਾ, ਸੁਪਰੀਮ ਕੋਰਟ ਦਾ ਸ਼ਲਾਘਾਯੋਗ ਫ਼ੈਸਲਾ ਹੈ। ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਔਰਤਾਂ ਨਾਲ ਜਬਰ ਜਨਾਹ ਕੀਤੇ ਗਏ। ਜ਼ੁਲਮ
ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਸੁਪਰੀਮ ਕੋਰਟ ਦੇ ਫ਼ੈਸਲੇ ਨੇ ਪੀੜਤ ਪਰਿਵਾਰ ਨੂੰ
ਰਾਹਤ ਦਿੱਤੀ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਮਨ ਦੇ ਵਹਿਮ
6 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਬੂਟਾ ਸਿੰਘ ਵਾਕਫ਼ ਦਾ ਲੇਖ ‘ਦਵਾਤ ਵਿਚਲਾ ਭੂਤ’ ਵਧੀਆ ਲੱਗਿਆ। ਇਹ ਸਹੀ ਹੈ ਕਿ ਭੂਤ ਪ੍ਰੇਤ ਬਸ ਮਨ ਦੇ ਵਹਿਮ ਹੁੰਦੇ ਹਨ। ਅਸੀਂ ਇਨ੍ਹਾਂ ਵਹਿਮਾਂ-ਭਰਮਾਂ ਨੂੰ ਤਰਕ ਦੇ ਆਧਾਰ ’ਤੇ ਕੋਸ਼ਿਸ਼ ਕਰ ਕੇ ਦੂਰ ਕਰ ਸਕਦੇ ਹਾਂ। ਹਰ ਘਟਨਾ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ