ਪਾਠਕਾਂ ਦੇ ਖ਼ਤ
ਭੀੜ-ਭੜੱਕਾ ਬਨਾਮ ਮਾੜੇ ਪ੍ਰਬੰਧ
ਸ਼ਹਿਰਾਂ ਵਿਚਲਾ ਭੀੜ-ਭੜੱਕਾ ਸਿਰਦਰਦੀ ਬਣ ਗਿਆ ਹੈ। ਇਹ ਵੱਡੇ ਸ਼ਹਿਰਾਂ ਦੀ ਹੀ ਸਮੱਸਿਆ ਨਹੀਂ, ਛੋਟੇ ਕਸਬਿਆਂ ਵਿਚ ਵੀ ਆਵਾਜਾਈ ਦਾ ਘੜਮੱਸ ਹੈ। ਇਸ ਦਾ ਕਾਰਨ ਸ਼ਹਿਰਾਂ ਤੇ ਕਸਬਿਆਂ ਦਾ ਯੋਜਨਾ ਰਹਿਤ ਆਪ ਮੁਹਾਰਾ ਬੇਰੋਕ ‘ਵਿਕਾਸ’, ਆਵਾਜਾਈ ਦੀਆਂ ਸਹੂਲਤਾਂ ਦੀ ਬੇਲੋੜੀ ਵਰਤੋਂ ਦੇ ਨਾਲ ਨਾਲ ਵਾਹਨ ਚਲਾਉਣ ਦੀਆਂ ਮਾੜੀਆਂ ਆਦਤਾਂ ਵੀ ਬਹੁਤ ਹੱਦ ਤੱਕ ਜ਼ਿੰਮੇਵਾਰ ਹਨ। ਪ੍ਰਬੰਧਕ ਪਹਿਲਾਂ ਲੰਮੀ ਸੋਚਦੇ ਨਹੀਂ, ਜਦੋਂ ਸਮੱਸਿਆ ਗਲ ਗਲ ਆ ਜਾਂਦੀ ਹੈ, ਫਿਰ ਇਸ ਨੂੰ ਗਲੋਂ ਲਾਹੁਣ ਦੀ ਕਰਦੇ ਹਨ। ਇਸ ਪ੍ਰਕਿਰਿਆਂ ਵਿਚ ਪੁਰਾਣੀ ਸਮੱਸਿਆ ਤਾਂ ਹੱਲ ਹੁੰਦੀ ਨਹੀਂ, ਨਵੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਰਜਨੀਸ਼ ਵੱਤਸ ਨੇ ‘ਚੰਡੀਗੜ੍ਹ ਲਈ ਮੈਟਰੋ ਕਿੰਨੀ ਕੁ ਸਾਜ਼ਗਾਰ?’ (4 ਜਨਵਰੀ) ਲੇਖ ਵਿਚ ਦਰੁਸਤ ਫਰਮਾਇਆ ਹੈ ਕਿ ਇਸ ਨਾਲ ਚੰਡੀਗੜ੍ਹ ਦੀ ‘ਸਰਬਵਿਆਪੀ ਕੀਮਤ’ ਗੁਆਚ ਜਾਵੇਗੀ। ਆਵਾਜਾਈ ਦਾ ਘੜਮੱਸ ਰੋਕਣ ਲਈ ਹੋਰ ਤਰੀਕੇ ਵੀ ਵਰਤਣੇ ਚਾਹੀਦੇ ਹਨ। 10 ਕਿਲੋਮੀਟਰ ਦੇ ਘੇਰੇ ਵਿਚ ਦਫਤਰ ਆਉਣ ਲਈ ਮੁਲਾਜ਼ਮਾਂ ਨੂੰ ਸਾਇਕਲ ਅਤੇ ਦਫਤਰਾਂ ਦੇ ਨੇੜੇ ਰਹਿਣ ਵਾਲਿਆਂ ਨੂੰ ਪੈਦਲ ਆਉਣ ਲਈ ਪ੍ਰੇਰਿਆ ਜਾਵੇ। ਲੋਕਾਂ ਨੂੰ ਊਰਜਾ ਅਤੇ ਗੱਡੀਆਂ ਦੀ ਯੋਗ ਵਰਤੋਂ ਦੀ ਮੱਤ ਦਿੱਤੀ ਜਾਵੇ, ਵਾਰ ਵਾਰ ਬਾਜ਼ਾਰ ਚੱਕਰ ਮਾਰਨ ਦੀ ਬਜਾਇ ਦਿਨ ਜਾਂ ਹਫਤੇ ਦੇ ਕੰਮ ਇਕੱਠੇ ਕਰਨ ਦੀ ਯੋਜਨਾ ਬਣਾਉਣ। ਬਾਜ਼ਾਰਾਂ ’ਚ ਭੀੜ ਘਟਾਉਣ ਲਈ ਪਬਲਿਕ ਟਰਾਂਸਪੋਰਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਆ ਜਾਵੇ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ
ਜਪਾਨ ਤੋਂ ਸਬਕ
3 ਜਨਵਰੀ ਦਾ ਸੰਪਾਦਕੀ ‘ਜਪਾਨ ਭੂਚਾਲ ਦੇ ਸਬਕ’ ਪੜ੍ਹਿਆ। ਕੁਦਰਤੀ ਆਫਤਾਂ ਤੋਂ ਸਬਕ ਸਿਖ ਕੇ ਸੁਚੇਤ ਰਹਿਣਾ ਸਮੇਂ ਦੀ ਲੋੜ ਹੈ। ਸਭ ਸੋਚਣ ਕਿ ਜ਼ਮੀਨ ’ਚੋਂ ਪਾਣੀ, ਕੋਇਲਾ, ਤੇਲ, ਖਣਿਜ ਮਨੁੱਖ ਹਰ ਰੋਜ਼ ਖਿੱਚ ਰਿਹਾ ਹੈ ਅਤੇ ਬਾਰੂਦ ਨਾਲ ਪਹਾੜ ਪਾੜ ਰਿਹਾ ਹੈ। ਇਸ ਦਾ ਅਸਰ ਧਰਤੀ ਹੇਠਾਂ ਬੇਤਰਤੀਬ ਟਿਕੀਆਂ ਪਲੇਟਾਂ ਉੱਤੇ ਪੈਂਦਾ ਹੈ; ਅਰਥਾਤ, ਉਹੀ ਸਭਿਆਚਾਰ ਸੁਖੀਆ ਜੋ ਜੀਵਨ ਜੁਗਤ ਸੰਗ ਬਸਰ ਕਰੇਗਾ।... ਭਾਰਤੀ ਕੁਸ਼ਤੀ ਫੈਡਰੇਸ਼ਨ ’ਚ ਜੋ ਹੋਇਆ, ਰੋਕਿਆ ਜਾ ਸਕਦਾ ਸੀ, ਅਗਰ ‘ਖੇਲੋ ਇੰਡੀਆ’ ਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਕੰਧ-ਲਿਖਤਾਂ ’ਚ ਨੈਤਿਕਤਾ ਦਾ ਨਿਵਾਸ ਹੁੰਦਾ। ਕਦੀਮ ਤੋਂ ਵਿਸ਼ਵ ਵਿਚ ਖੇਡਾਂ ਅਤੇ ਰਾਜਨੀਤੀ ਰੱਲਗੱਡ ਨੇ; ਖੇਡ ਨਤੀਜੇ ਦੇਸ਼ ਲਈ ਤੰਦਰੁਸਤ ਹੋਣ ਦੀ ਮਿਸਾਲ ਹਨ। ਬਿਨਾ ਪ੍ਰਬਲ ਰਾਜਨੀਤਕ ਇੱਛਾ ਸ਼ਕਤੀ ਦੇ ਅਜੋਕੇ ਖੇਡ ਨਤੀਜੇ ਨਾਮੁਮਕਿਨ ਹਨ ਕਿਉਂਕਿ ਖਿਡਾਰੀਆਂ ਨੂੰ ਨਵੀਨਤਮ ਖੇਡ ਸਾਜ਼ੋ-ਸਮਾਨ, ਮਾਨ-ਸਨਮਾਨ ਪ੍ਰੇਰਨਾ, ਮਨੋਰੰਜਨ, ਵੀਜ਼ਾ ਅਤੇ ਰੁਜ਼ਗਾਰ ਦੀ ਲੋੜ ਹੈ।
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਗੋਦੜੀ ਦੇ ਲਾਲ?
ਦੋ ਜਨਵਰੀ ਦੇ ਨਜ਼ਰੀਆ ਪੰਨੇ ’ਤੇ ਰਾਜਕੁਮਾਰ ਸ਼ਰਮਾ ਦਾ ਮਿਡਲ ‘ਰੁਤਬੇ ਨੂੰ ਸਲਾਮਾਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਦਰ ਇਨਸਾਨ ਦੀ ਨਹੀਂ, ਉਸ ਦੇ ਰੁਤਬੇ ਦੀ ਹੈ। ਪੁਰਾਣੇ ਸਮਿਆਂ ਵਿਚ ਲੋਕ ਕਿਹਾ ਕਰਦੇ ਸਨ ਕਿ ਲਾਲ ਗੋਦੜੀਆਂ ਵਿਚ ਵੀ ਪਛਾਣ ਲਏ ਜਾਂਦੇ ਹਨ ਪਰ ਨਹੀਂ; ਅੱਜ ਦੀ ਤੜਕ-ਭੜਕ ਦੀ ਇਸ ਦੁਨੀਆ ’ਚ ਬੰਦੇ ਦਾ ਪਹਿਰਾਵਾ ਹੀ ਉਸ ਦੇ ਰੁਤਬੇ ਨੂੰ ਦਰਸਾਉਂਦਾ ਹੈ ਤੇ ਮਾਨ-ਸਨਮਾਨ ਵੀ ਰੁਤਬੇ ਨੂੰ ਹੀ ਮਿਲਦਾ ਹੈ। ਗਰੀਬ ਦੀ ਤਾਂ ਗੱਲ ਹੀ ਛੱਡੋ, ਜੇ ਕੋਈ ਸ਼ਖ਼ਸੀਅਤ ਵੀ ਸਾਦੇ ਕੱਪੜਿਆਂ ਵਿਚ ਹੈ ਤਾਂ ਲੋਕ ਉਸ ਨੂੰ ਵੀ ਪਛਾਨਣ ਤੋਂ ਇਨਕਾਰ ਕਰ ਦਿੰਦੇ ਹਨ। 28 ਦਸੰਬਰ ਨੂੰ ਡਾ. ਹਰਪ੍ਰੀਤ ਕੌਰ ਘੜੂੰਆਂ ਦੀ ਰਚਨਾ ‘ਛਲਕਦੀਆਂ ਅੱਖਾਂ’ ਦਰਸਾਉਂਦੀ ਹੈ ਕਿ ਮਾਪੇ ਆਪਣੀ ਔਲਾਦ ਨਾਲ ਕਿੰਨਾ ਮੋਹ ਕਰਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(2)
2 ਜਨਵਰੀ ਨੂੰ ਰਾਜਕੁਮਾਰ ਸ਼ਰਮਾ ਦੀ ਰਚਨਾ ‘ਰੁਤਬੇ ਨੂੰ ਸਲਾਮਾਂ’ ਪੜ੍ਹਦਿਆਂ ਕਹਾਵਤ ਚੇਤੇ ਆ ਗਈ ਕਿ ਪਰਸੂ ਪਰਸਾ ਪਰਸ ਰਾਮ... ਜਦੋਂ ਉਹ ਗਰੀਬ ਸੀ, ਉਦੋਂ ਪਰਸੂ; ਆਰਥਿਕ ਹਾਲਤ ਥੋੜ੍ਹੀ ਠੀਕ ਹੋ ਗਈ, ਉਦੋਂ ਪਰਸਾ ਤੇ ਜਦੋਂ ਉਹ ਬੰਦਾ ਥੋੜ੍ਹਾ ਅਮੀਰ ਹੋ ਗਿਆ, ਉਸੇ ਨੂੰ ਹੀ ਲੋਕ ਪਰਸ ਰਾਮ ਕਹਿ ਕੇ ਇੱਜ਼ਤ ਤੇ ਮਾਣ-ਸਤਿਕਾਰ ਦੇਣ ਲੱਗ ਪਏ। ਇਸੇ ਲਈ ਕਹਿੰਦੇ ਨੇ ਕਿ ਦੁਨੀਆ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੀ ਹੈ। ਪਹਿਲੀ ਜਨਵਰੀ ਨੂੰ ਰਾਮ ਸਵਰਨ ਲੱਖੇਵਾਲੀ ਦੀ ਰਚਨਾ ‘ਸ਼ਾਹ ਅਸਵਾਰ’, 30 ਦਸੰਬਰ ਨੂੰ ਸ਼ਿਵੰਦਰ ਕੌਰ ਦੀ ਰਚਨਾ ‘ਸੰਘਰਸ਼ ਤੇ ਸਾਂਝ’ ਅਤੇ 29 ਦਸੰਬਰ ਨੂੰ ਮੇਜਰ ਸਿੰਘ ਮਟਰਾਂ ਦੀ ਰਚਨਾ ‘ਲੋਕਾਂ ਦਾ ਜੰਗਲ’ ਧਿਆਨ ਖਿੱਚਦੀਆਂ ਹਨ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਲੜ ਬੰਨ੍ਹਣ ਵਾਲੀਆਂ ਗੱਲਾਂ
30 ਦਸੰਬਰ ਦੇ ਨਜ਼ਰੀਆ ਪੰਨੇ ਉੱਤੇ ਬਲਦੇਵ ਸਿੰਘ (ਸੜਕਨਾਮਾ) ਦੀ ਰਚਨਾ ‘ਅਲਵਿਦਾ ਦੋਸਤ! ਮੁੜ ਆਉਣ ਤੱਕ’ ਪਸੰਦ ਆਈ। ਰਚਨਾ ਵਿਚਲੇ ਪ੍ਰੋ. ਕੋਤਕੀ ਦੀਆਂ ਗੱਲਾਂ ਲੜ ਬੰਨ੍ਹਣ ਵਾਲੀਆਂ ਹਨ। ਸੱਚਮੁੱਚ, ਸਥਾਈ ਕੁਝ ਨਹੀਂ ਹੁੰਦਾ, ਨਾ ਚਿੰਤਾ, ਨਾ ਸੰਕਟ, ਨਾ ਜੀਵਨ। ਜੀਵਨ ਵਿਚ ਕੋਈ ਕਿਸੇ ਲਈ ਸਮੱਸਿਆ ਦਾ ਕਾਰਨ ਨਹੀਂ ਹੋਣਾ ਚਾਹੀਦਾ। ਹੋ ਸਕੇ ਤਾਂ ਕਿਸੇ ਲਈ ਹੌਸਲਾ ਜਾਂ ਢਾਰਸ ਜ਼ਰੂਰ ਬਣਨਾ ਚਾਹੀਦਾ ਹੈ। ਉਂਝ, ਇਹ ਵੀ ਸਚਾਈ ਹੈ ਕਿ ਹਰ ਸ਼ਖ਼ਸ ਨੂੰ ਆਪਣੇ ਲਈ ਖੁਸ਼ੀ ਦੇ ਕਾਰਨ ਖੁਦ ਹੀ ਲੱਭਣੇ ਪੈਣਗੇ ਅਤੇ
ਆਪਣੀ ਤੰਦਰੁਸਤੀ ਲਈ ਯਤਨ ਵੀ ਆਪ ਹੀ ਕਰਨੇ ਪੈਣਗੇ। ਖੁੱਲ੍ਹ ਕੇ ਗੱਲਾਂ ਕਰਨ ਲਈ ਮਿੱਤਰ ਵੀ ਜ਼ਰੂਰ ਬਣਾਉਣੇ ਚਾਹੀਦੇ ਹਨ।
ਬਿਕਰਮਜੀਤ ਸਿੰਘ, ਪਟਿਆਲਾ
ਖਿਡਾਰੀਆਂ ਨੂੰ ਆਪਸ ਵਿਚ ਲੜਾਉਣ ਦੀ ਕੋਸਿ਼ਸ਼
4 ਜਨਵਰੀ ਦੇ ਮੁੱਖ ਪੰਨੇ ’ਤੇ ਆਪਣੇ ਆਤਮ-ਸਨਮਾਨ ਲਈ ਸੰਘਰਸ਼ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਜੂਨੀਅਰ ਪਹਿਲਵਾਨਾਂ ਦੇ ਪ੍ਰਦਰਸ਼ਨ ਵਾਲੀ ਖ਼ਬਰ ਪੜ੍ਹ ਕੇ ਦਿਲ ਨੂੰ ਧੱਕਾ ਲੱਗਾ। ਸਿਆਸੀ ਲਾਭਾਂ ਲਈ ਜੂਨੀਅਰ ਤੇ ਸੀਨੀਅਰ ਖਿਡਾਰੀਆਂ ਨੂੰ ਆਪਸ ਵਿਚ ਲੜਾਉਣਾ ਸਹੀ ਨਹੀਂ ਹੋ ਸਕਦਾ। ਉਨ੍ਹਾਂ ਦੇ ਕੈਰੀਅਰ ਬਾਰੇ ਉਨ੍ਹਾਂ ਦੀ ਫਿ਼ਕਰਮੰਦੀ ਜਾਇਜ਼ ਹੈ ਪਰ ਖਿਡਾਰੀ ਸਾਥੀਆਂ ਦਾ ਸਾਥ ਦੇਣਾ ਵੀ ਉਨ੍ਹਾਂ ਦਾ ਨੈਤਿਕ ਫਰਜ਼ ਹੈ। ‘ਪਾੜੋ ਤੇ ਰਾਜ ਕਰੋ’ ਦੀ ਰਾਜਨੀਤੀ ਤੋਂ ਸੁਚੇਤ ਰਹਿਣਾ ਪਵੇਗਾ। 28 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਕਠਿਨ ਸਹੀ ਤੇਰੀ ਮੰਜ਼ਿਲ, ਪਰ ਉਦਾਸ ਨਾ ਹੋ’ ਪੜ੍ਹ ਕੇ ਅਤੇ ਖਿਡਾਰੀਆਂ ਦੀਆਂ ਰੋਂਦਿਆਂ ਦੀਆਂ ਤਸਵੀਰਾਂ ਦੇਖ ਕੇ ਮਨ ਉਦਾਸ ਹੋ ਗਿਆ। ਸਮਝ ਨਹੀਂ ਆਉਂਦੀ, ਗ਼ੈਰ-ਜਿੰਮੇਵਾਰ ਸ਼ਖ਼ਸ ਨੂੰ ਬਚਾਉਣ ਲਈ ਆਪਣੇ ਹੀਰਿਆਂ ਨੂੰ ਕਿਉਂ ਰੋਲਿਆ ਜਾ ਰਿਹਾ ਹੈ? ਖਿਡਾਰੀ ਇਨਸਾਫ਼ ਲਈ ਮਾਣ-ਸਨਮਾਨ ਵਾਪਸ ਕਰ ਰਹੇ ਹਨ, ਖੂਨ ਨਾਲ ਪ੍ਰਧਾਨ ਮੰਤਰੀ ਨੂੰ ਖ਼ਤ ਲਿਖ ਰਹੇ ਹਨ ਪਰ ਉਨ੍ਹਾਂ ਨੂੰ ਹੌਸਲਾ ਦੇਣ ਲਈ ਦੋ ਸ਼ਬਦ ਵੀ ਨਹੀਂ। ਮਨੀਪੁਰ ਵਿਚ ਧੀਆਂ ਨੂੰ ਸੜਕਾਂ ’ਤੇ ਨਗਨ ਕਰ ਕੇ ਰੋਲਿਆ ਗਿਆ, ਸਕੂਲਾਂ ਵਿਚ ਰਖਵਾਲਿਆਂ ਨੇ ਹੀ ਧੀਆਂ ਨੂੰ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਜਿਵੇਂ ਸਾਡਾ ਮੂੰਹ ਚਿੜਾਉਂਦਾ ਲਗਦਾ ਹੈ। ਕਾਸ਼! ਸਾਡੀਆਂ ਜ਼ਮੀਰਾਂ ਜਾਗ ਪੈਣ ਤੇ ਅਸੀਂ ਆਪਣੇ ਹੀਰਿਆਂ ਨੂੰ ਬਚਾ ਸਕੀਏ।
ਡਾ. ਤਰਲੋਚਨ ਕੌਰ, ਪਟਿਆਲਾ