ਪਾਠਕਾਂ ਦੇ ਖ਼ਤ
ਸੱਚੇ ਪਾਂਧੀ
ਪਹਿਲੀ ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਸ਼ਾਹ ਅਸਵਾਰ’ ਪੜ੍ਹਿਆ। ਲੇਖਕ ਨੇ ਜ਼ਿੰਦਗੀ ਦੇ ਹਰ ਪਹਿਲੂ ਅਤੇ ਵਰਤਾਰੇ ਦੀ ਗੱਲ ਕੀਤੀ ਹੈ, ਹਰ ਪੱਖ ਨੂੰ ਛੂਹਿਆ ਤੇ ਜੀਵਨ ਦੇ ਹਰ ਰੰਗ ਦੀ ਪੇਸ਼ਕਾਰੀ ਕੀਤੀ। ਜਿੱਥੇ ਮਨੁੱਖ ਲਈ ਜ਼ਿੰਦਗੀ ਦੇ ਸਫ਼ਰ ’ਚ ਰੁਕਾਵਟਾਂ ਹਨ ਉੱਥੇ ਪ੍ਰੇਰਨਾ ਦੇ ਸਰੋਤ ਵੀ ਹੁੰਦੇ ਹਨ। ਸੂਰਜ ਦੀ ਪਹਿਲੀ ਕਿਰਨ ਨਾਲ ਹੀ ਮਨੁੱਖ, ਪਸ਼ੂ-ਪੰਛੀ, ਜੀਵ- ਜੰਤੂ, ਬਨਸਪਤੀ ਆਦਿ ਦੀ ਜੀਵਨ ਲਈ ਜੱਦੋ-ਜਹਿਦ ਆਰੰਭ ਹੋ ਜਾਂਦੀ ਹੈ। ਅਣਥੱਕ, ਸਿਰੜੀ, ਸਬਰ ਦੇ ਧਨੀ, ਕੁਦਰਤ ਦੇ ਸਾਂਝੀ ਮਨੁੱਖ ਹੀ ਜ਼ਿੰਦਗੀ ਦੀ ਰਮਜ਼ ਨੂੰ ਸਮਝਦੇ ਹੋਏ ਸੱਚੇ ਪਾਂਧੀ ਬਣਦੇ ਹਨ।
ਲਾਭ ਸਿੰਘ ਸ਼ੇਰਗਿੱਲ, ਬਡਰੁੱਖਾਂ (ਸੰਗਰੂਰ)
ਨਿੱਤਰਦੇ ਨੁਕਤੇ
3 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਜਤਿੰਦਰ ਸਿੰਘ ਦਾ ਲੇਖ ‘ਸੂਬਾਈ ਚੋਣਾਂ ਅਤੇ ਲੋਕ-ਮਨ ਦੀ ਪਰਤਾਂ’ ਕਾਬਲ-ਏ-ਗੌਰ ਹੈ। ਲੇਖਕ ਨੇ ਮੁਲਕ ਦੇ ਸਿਆਸੀ ਹਾਲਾਤ ਦੇ ਕਈ ਪੱਖ ਵਿਚਾਰੇ ਹਨ ਅਤੇ ਮਨੁੱਖ ਦੀਆਂ ਅਣਗਿਣਤ ਪਛਾਣਾਂ ਦਾ ਹਵਾਲਾ ਦਿੰਦਿਆਂ ਕੁਝ ਨੁਕਤੇ ਨਿਤਾਰਨ ਦਾ ਯਤਨ ਕੀਤਾ ਹੈ। ਵਾਕਈ ਇਹ ਸੰਜੀਦਾ ਸਿਆਸੀ ਧਿਰਾਂ ਲਈ ਸੰਵਾਦ ਅਤੇ ਵਿਚਾਰ-ਵਟਾਂਦਰੇ ਦਾ ਵੇਲਾ ਹੈ।
ਗੁਰਮੇਲ ਸਿੰਘ, ਕਪੂਰਥਲਾ
ਘਟਦੀ ਅਪਣੱਤ
2 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਰਾਜਕੁਮਾਰ ਸ਼ਰਮਾ ਦੀ ਰਚਨਾ ‘ਰੁਤਬੇ ਨੂੰ ਸਲਾਮਾਂ’ ਲੋਕ ਵਿਹਾਰਾਂ ਵਿਚ ਘਟਦੀ ਅਪਣੱਤ ਅਤੇ ਸਤਿਕਾਰ ਦੀ ਭਾਵਨਾ ਨੂੰ ਦਰਸਾਉਂਦੀ ਹੈ। ਕਿਸੇ ਵੀ ਜਗ੍ਹਾ ਉੱਤੇ ਬਿਨਾਂ ਰੁਤਬੇ ਤੋਂ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਸਗੋਂ ਆਮ ਬੰਦੇ ਨੂੰ ਹਰ ਥਾਂ ਧੱਕੇ ਖਾਣੇ ਪੈਂਦੇ ਹਨ। ਸਿਫਾਰਿਸ਼ ਵਾਲਿਆਂ ਨੂੰ ਕਤਾਰ ਵਿਚ ਵੀ ਨਹੀਂ ਖੜ੍ਹਨਾ ਪੈਂਦਾ। ਜ਼ਿੰਦਗੀ ਤੋਂ ਖਪੇ ਲੋਕ ਆਪਣੀਆਂ ਨਿੱਜੀ ਮੁਸ਼ਕਿਲਾਂ ਦਾ ਗੁੱਸਾ ਦੂਜਿਆਂ ਉੱਤੇ ਕੱਢ ਕੇ ਘਰਾਂ ਨੂੰ ਮੁੜਦੇ ਆਮ ਦੇਖੀਦੇ ਨੇ।
ਇੰਦਰਜੀਤ ਜਵੰਦਾ, ਪਿੰਡ ਜਵੰਦਾ (ਫਤਹਿਗੜ੍ਹ ਸਾਹਿਬ)
(2)
2 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਰਾਜਕੁਮਾਰ ਸ਼ਰਮਾ ਦੀ ਰਚਨਾ ‘ਰੁਤਬੇ ਨੂੰ ਸਲਾਮਾਂ’ ਵਧੀਆ ਸੀ। ਇਸ ਰਚਨਾ ਵਿਚਲਾ ਵਾਕਿਆ ਪੜ੍ਹ ਕੇ ਲੇਖਕ ਅਤੇ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਜਦੋਂ ਸਾਡੇ ਬੱਚੇ ਰੁਤਬਿਆਂ ’ਤੇ ਬਿਰਾਜਮਾਨ ਹੋਣ ਤਾਂ ਉਨ੍ਹਾਂ ਦੇ ਦਫ਼ਤਰ ਕਦੇ ਕਿਸੇ ਕੰਮ ਲਈ ਗੇੜਾ ਮਾਰਨਾ ਪਵੇ ਤਾਂ ਸਾਡਾ ਪਹਿਰਾਵਾ ਅਤੇ ਦਿਖ ਠੁਕਵੀਂ ਹੋਵੇ ਤਾਂ ਜੋ ਬੱਚਿਆਂ ਨੂੰ ਸਾਡੇ ਰੰਗ-ਢੰਗ ਕਾਰਨ ਕਿਸੇ ਤਰ੍ਹਾਂ ਦੀ ਅਣਚਾਹੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬੀ ਦੀ ਅਖਾਉਤ ਵੀ ਹੈ: ਖਾਈਏ ਮਨ-ਭਾਉਂਦਾ ਪਹਿਨੀਏ ਜੱਗ-ਭਾਉਂਦਾ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਗਾਜ਼ਾ ਦਾ ਦੁਖਾਂਤ
30 ਦਸੰਬਰ ਨੂੰ ਦਿਲ ਨੂੰ ਹਲੂਨਣ ਵਾਲਾ ਸੰਪਾਦਕੀ ‘ਗਾਜ਼ਾ ਦਾ ਦੁਖਾਂਤ’ ਪੜ੍ਹਿਆ। ਆਖ਼ਿਰ ਇਹ ਕਿਸ ਤਰ੍ਹਾਂ ਦਾ ਬਦਲਾ ਅਤੇ ਜ਼ਿੱਦ ਹੈ ਕਿ ਜੇ ਹਮਾਸ ਦੇ ਅਤਿਵਾਦੀਆਂ ਨੇ ਇਜ਼ਰਾਈਲ ’ਤੇ ਹਮਲਾ ਕਰ ਕੇ ਬੰਦੇ ਮਾਰ ਦਿੱਤੇ ਤਾਂ ਅੱਗਿਓਂ ਇਜ਼ਰਾਈਲ ਨੇ ਗਾਜ਼ਾ ਨੂੰ ਮਜ਼ਾ ਚਖਾਉਣ ਲਈ ਇੰਨਾ ਘਿਨਾਉਣਾ ਤਰੀਕਾ ਵਰਤਿਆ ਕਿ ਉਨ੍ਹਾਂ ਦੇ ਹਸਪਤਾਲ, ਸ਼ਰਨਾਰਥੀ ਕੈਂਪਾਂ, ਸਕੂਲਾਂ, ਘਰਾਂ ਨੂੰ ਨਿਸ਼ਾਨਾ ਬਣਾ ਕੇ ਸਭ ਕੁਝ ਮਲੀਆਮੇਟ ਕਰ ਕੇ ਰੱਖ ਦਿੱਤਾ। ਅਜਿਹੀਆਂ ਕਾਰਵਾਈਆਂ ਵਿਚ ਕੋਈ ਵੀਹ ਹਜ਼ਾਰ ਤੋਂ ਵੱਧ ਬੱਚੇ, ਬਜ਼ੁਰਗ, ਔਰਤਾਂ ਜਿਨ੍ਹਾਂ ਦਾ ਸਿਆਸਤ ਅਤੇ ਕ੍ਰੋਧ ਭਰੀਆਂ ਜੰਗਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ, ਮਾਰੇ ਜਾ ਚੁੱਕੇ ਹਨ। ਕੀ ਝਗੜੇ ਮਿਲ ਬੈਠ ਕੇ ਨਹੀਂ ਨਜਿੱਠੇ ਜਾ ਸਕਦੇ? ਸਹਿਣਸ਼ੀਲਤਾ, ਸਬਰ-ਸੰਤੋਖ ਜਾਂ ਮੁਆਫ਼ ਕਰ ਦੇਣ ਦਾ ਸਦਾਚਾਰ ਕਿੱਥੇ ਰਹਿ ਗਿਆ ਹੈ?
ਜਸਬੀਰ ਕੌਰ, ਅੰਮ੍ਰਿਤਸਰ
ਸਰਕਾਰ ਦੀ ਨੀਤੀ ਤੇ ਨੀਅਤ
28 ਦਸੰਬਰ ਦੇ ‘ਖ਼ਿਆਲ-ਦਰ-ਖ਼ਿਆਲ’ ਤਹਿਤ ‘ਕਠਿਨ ਸਹੀ ਤੇਰੀ ਮੰਜ਼ਿਲ, ਮਗਰ ਉਦਾਸ ਨਾ ਹੋ’ ਵਿਚ ਸਵਰਾਜਬੀਰ ਨੇ ਮਹਿਲਾ ਭਲਵਾਨਾਂ ਪ੍ਰਤੀ ਮੌਜੂਦਾ ਕੇਂਦਰੀ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੀ ਨੀਤੀ ਤੇ ਨੀਅਤ ਦਾ ਸਹੀ ਵਰਨਣ ਕੀਤਾ ਹੈ। ਅਜਿਹਾ ਵਰਤਾਰਾ ਸਮਾਜ ਅਤੇ ਖੇਡਾਂ ਲਈ ਬੇਹੱਦ ਨੁਕਸਾਨਦੇਹ ਹੋਵੇਗਾ। ਉਂਝ ਇਹ ਦੇਸ਼ ਵਾਸੀਆਂ ਨੂੰ ਇਹ ਅਹਿਸਾਸ ਵੀ ਕਰਵਾ ਰਿਹਾ ਹੈ ਕਿ ਸਮਾਜ ਵੀ ਇਸ ਧੱਕੇਸ਼ਾਹੀ ਵਿਰੁੱਧ ਲਾਮਬੰਦ ਹੋਵੇਗਾ।
ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਮੁਹਾਲੀ
(2)
ਦੇਸ਼ ਦੀਆਂ ਪਹਿਲਵਾਨ ਕੁੜੀਆਂ ਦਾ ਸੰਘਰਸ਼ ਇਕ ਖ਼ਾਸ ਪੜਾਅ ’ਤੇ ਪੁੱਜ ਗਿਆ ਹੈ। ਇਹ ਸਿਰਫ਼ ਸਾਕਸ਼ੀ ਮਲਿਕ ਜਾਂ ਉਸ ਦੇ ਹੋਰ ਸਾਥੀਆਂ ਦਾ ਵਿਰੋਧ ਨਹੀਂ ਸਗੋਂ ਸਮਾਜ ਦੀ ਮਰਦ ਪ੍ਰਧਾਨ ਅਤੇ ਜਗੀਰੂ ਸੋਚ (ਖ਼ਾਸ ਕਰ ਕੇ ਖੇਡਾਂ ਅੰਦਰ) ਨੂੰ ਚੁਣੌਤੀ ਹੈ। ਇਹ ਸੰਘਰਸ਼ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਅਮੋਲਕ ਸਿੰਘ ਦੀ ਰਚਨਾ ‘ਸਮਾਜਿਕ ਤਬਦੀਲੀ ਦਾ ਚਿੰਨ੍ਹ ਊਧਮ ਸਿੰਘ’ ਪੜ੍ਹੀ। ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਖ਼ਾਸ ਪੱਖਾਂ ਦੀ ਗੱਲ ਕਰਨੀ ਚੰਗੀ ਲੱਗੀ। ਇਤਿਹਾਸਕਾਰ ਨੂੰ ਸ਼ਹੀਦ ਊਧਮ ਸਿੰਘ ਦੀ ਸ਼ਖ਼ਸੀਅਤ ਦੇ ਅਣਗੌਲੇ ਰਹਿ ਗਏ ਪੱਖਾਂ ਬਾਰੇ ਤਫਸੀਲ ਨਾਲ ਲਿਖਣਾ ਚਾਹੀਦਾ ਹੈ।
ਯਾਦਵਿੰਦਰ ਸਿੰਘ ਛਿੱਬਰ, ਲੁਧਿਆਣਾ
ਯਾਦਾਂ ਦੀ ਕੰਨੀ
28 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਹਰਪ੍ਰੀਤ ਕੌਰ ਘੜੂੰਆਂ ਦਾ ਲੇਖ ‘ਛਲਕਦੀਆਂ ਅੱਖਾਂ’ ਪੜ੍ਹਨ ਨੂੰ ਮਿਲਿਆ। ਲੇਖਕ ਨੇ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਵਾਕਿਆ ਹੀ, ਪਿਤਾ ਦੇ ਵਿਛੋੜੇ ਨਾਲ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਜਾਂਦਾ ਹੈ। ਲੇਖ ਪੜ੍ਹਦਿਆਂ ਮੈਨੂੰ ਮੇਰੇ ਪਿਤਾ ਜੀ ਯਾਦ ਆਏ। ਉਹ ਅਧਿਆਪਕ, ਲੇਖਕ ਅਤੇ ਵਧੀਆ ਵਕਤਾ ਸਨ। ਉਨ੍ਹਾਂ ਦੀ ਬਦੌਲਤ ਮੈਂ ਸਾਹਿਤ ਨਾਲ ਜੁੜਿਆ। ਆਪਣੇ ਅਧਿਆਪਨ ਕਾਲ ਦੌਰਾਨ ਉਹ ਕੁਝ ਸਮਾਂ ਘੜੂੰਆਂ ਦੇ ਸਰਕਾਰੀ ਸਕੂਲ ਵਿਚ ਰਹੇ ਸਨ।
ਸਨੇਹਇੰਦਰ ਸਿੰਘ ਮੀਲੂ (ਫਰੌਰ)
(2)
28 ਦਸੰਬਰ ਨੂੰ ਡਾ. ਹਰਪ੍ਰੀਤ ਕੌਰ ਘੜੂੰਆਂ ਦਾ ਮਿਡਲ ‘ਛਲਕਦੀਆਂ ਅੱਖਾਂ’ ਪੜ੍ਹਿਆ। ਰਚਨਾ ਵਿਚਲਾ ਦਰਦ ਲੇਖਕ ਦਾ ਨਿੱਜੀ ਦਰਦ ਨਹੀਂ ਰਹਿ ਗਿਆ, ਇਹ ਦਰਦ ਹਰ ਪਾਠਕ ਨੂੰ ਝੰਜੋੜਨ ਵਾਲਾ ਹੈ। ਇਹ ਉਨ੍ਹਾਂ ਲੋਕਾਂ ਲਈ ਸੁਨੇਹਾ ਵੀ ਹੈ ਜਿਨ੍ਹਾਂ ਨੇ ਬਿਰਧ ਅਵਸਥਾ ਵਿਚ ਮਾਪਿਆਂ ਨੂੰ ਇਕੱਲੇ ਛੱਡ ਦਿੱਤਾ।
ਸ ਸ ਰਮਲਾ, ਸੰਗਰੂਰ
ਧਰਤੀ ਹੇਠਲੇ ਬੌਲਦ
‘ਧਰਤੀ ਹੇਠਲੇ ਬੌਲਦ’ (ਕੰਵਲਜੀਤ ਖੰਨਾ, 21 ਦਸੰਬਰ) ਰਚਨਾ ਹਰ ਇਕ ਲਈ ਪ੍ਰੇਰਨਾ ਬਣਨੀ ਚਾਹੀਦੀ ਹੈ। ਇਹ ਕਾਰਜ ਲੋਕ ਚੇਤਨਾ ਨਾਲ ਹੀ ਸਿਰੇ ਚੜ੍ਹ ਸਕਦਾ ਹੈ। ਲੋਕ ਚੇਤਨਾ ਨਾਲ ਹੀ ਜ਼ੁਲਮ ਤੇ ਵਧੀਕੀ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਅਤੇ ਮੰਜਿ਼ਲ ਸਰ ਕੀਤੀ ਜਾ ਸਕਦੀ ਹੈ।।
ਗੁਰਕੀਰਤ ਕੌਰ, ਹੁਸ਼ਿਆਰਪੁਰ