ਪਾਠਕਾਂ ਦੇ ਖ਼ਤ
ਉਦਾਸ ਚਿਹਰਿਆਂ ਦੀ ਕਥਾ
28 ਦਸੰਬਰ ਦੇ ਨਜ਼ਰੀਆ ਪੰਨੇ ’ਤੇ ‘ਕਠਿਨ ਸਹੀ ਤੇਰੀ ਮੰਜ਼ਿਲ, ਮਗਰ ਉਦਾਸ ਨਾ ਹੋ’ ਦੇ ਸਿਰਲੇਖ ਹੇਠ ਸਵਰਾਜਬੀਰ ਦੀ ਲਿਖੀ ਉਦਾਸ ਚਿਹਰਿਆਂ ਦੀ ਕਥਾ ਜਿੱਥੇ ਦੇਸ਼ ਦੀਆਂ ਪਹਿਲਵਾਨ ਧੀਆਂ ਅਤੇ ਜਿਸਮਾਨੀ ਤੇ ਮਾਨਸਿਕ ਜ਼ੁਲਮ ਝੱਲਦੇ ਹੋਰ ਬਹੁਤ ਲੋਕਾਂ ਨੂੰ ਹੱਲਾਸ਼ੇਰੀ ਹੈ ਉੱਥੇ ਵਹਿਸ਼ੀ ਦਰਿੰਦਿਆਂ ਦੇ ਮੂੰਹ ’ਤੇ ਕਰਾਰਾ ਥੱਪੜ ਵੀ ਹੈ, ਸਭ ਕੁਝ ਮਾੜਾ ਹੁੰਦਾ ਦੇਖ-ਸੁਣ ਕੇ ਚੁੱਪ ਕਰ ਕੇ ਘਰ ਬੈਠ ਜਾਣ ਵਾਲਿਆਂ ਨੂੰ ਫਿਟਕਾਰ ਵੀ। ਅਜਿਹੇ ਦਰਿੰਦਿਆਂ ਨੂੰ ਸੱਤਾ ਤੋਂ ਦੂਰ ਕਰਨ ਲਈ ਵੋਟ ਸ਼ਕਤੀ ਬਹੁਤ ਵੱਡਾ ਹਥਿਆਰ ਹੈ। ਲੋੜ ਹੈ ਉੱਚੇ ਤੇ ਸੁੱਚੇ ਕਿਰਦਾਰ ਵਾਲੇ, ਇਮਾਨਦਾਰ, ਸੂਝਵਾਨ, ਲੋਕ ਪੱਖੀ ਬੰਦੇ ਅੱਗੇ ਲਿਆਉਣ ਦੀ। ਇਹ ਕੰਮ ਲੋਕਾਂ ਵਿਚ ਜਾ ਕੇ, ਨਿਰਸਵਾਰਥ ਹੋ ਕੇ ਲੋਕਾਂ ਨੂੰ ਸਮਝਾ ਕੇ ਸਹੀ ਦਿਸ਼ਾ ਵੱਲ ਤੋਰਨ ਨਾਲ ਹੋਣਾ ਹੈ, ਨਹੀਂ ਤਾਂ ਸੱਤਾ ਨੂੰ ਚਿੰਬੜੀਆਂ ਜੋਕਾਂ ਲੋਕਾਂ ਦਾ ਲਹੂ ਚੂਸਦੀਆਂ ਰਹਿਣਗੀਆਂ।
ਤਰਲੋਕ ਸਿੰਘ ਚੌਹਾਨ, ਚੰਡੀਗੜ੍ਹ
ਦਿਲ ਨੂੰ ਛੂਹ ਲੈਣ ਵਾਲੀ ਰਚਨਾ
28 ਦਸੰਬਰ ਨੂੰ ਡਾ. ਹਰਪ੍ਰੀਤ ਕੌਰ ਘੜੂੰਆਂ ਦੀ ਰਚਨਾ ‘ਛਲਕਦੀਆਂ ਅੱਖਾਂ’ ਦਿਲ ਨੂੰ ਛੂਹ ਲੈਣ ਵਾਲੀ ਹੈ। ਜ਼ਿੰਦਗੀ ਵਿਚ ਪਿਤਾ ਦੀ ਬਹੁਤ ਅਹਿਮੀਅਤ ਹੁੰਦੀ ਹੈ। ਜੋ ਰੋਲ ਬੱਚੇ ਦੀ ਜ਼ਿੰਦਗੀ ਵਿਚ ਪਿਤਾ ਨਿਭਾ ਸਕਦਾ ਹੈ, ਕੋਈ ਹੋਰ ਨਹੀਂ ਨਿਭਾ ਸਕਦਾ।
ਕਿਰਨਦੀਪ ਕੌਰ ਮਾਨ, ਮਾਨਸਾ
ਕਿਸ਼ੋਰ ਉਮਰ
27 ਦਸੰਬਰ ਨੂੰ ਕਰਨਲ ਡਾ. ਰਾਜਿੰਦਰ ਸਿੰਘ ਦਾ ਲੇਖ ‘ਕਿਸ਼ੋਰ ਉਮਰ ਦੇ ਮਸਲੇ’ ਪੜ੍ਹਿਆ। ਲੇਖ ਅੰਦਰ ਨਸ਼ਿਆਂ ਅਤੇ ਖ਼ੁਦਕੁਸ਼ੀ ਵਰਗੇ ਅਹਿਮ ਮਸਲਿਆਂ ਬਾਰੇ ਗੱਲਾਂ ਕੀਤੀਆਂ ਗਈਆਂ ਹਨ। ਇਨ੍ਹਾਂ ਮਸਲਿਆਂ ਬਾਰੇ ਜਿੰਨੀ ਜਾਗਰੂਕਤਾ ਫੈਲਾਈ ਜਾਵੇ, ਥੋੜ੍ਹੀ ਹੈ। ਵੱਖ ਵੱਖ ਸੰਸਥਾਵਾਂ ਨੂੰ ਇਨ੍ਹਾਂ ਮਸਲਿਆਂ ਬਾਰੇ ਪਹਿਲਕਦਮੀ ਕਰਨੀ ਚਾਹੀਦੀ ਹੈ।
ਰੇਸ਼ਮ ਸਿੰਘ, ਕਪੂਰਥਲਾ
ਸਹੀ ਪਹੁੰਚ
26 ਦਸੰਬਰ ਦੇ ਅੰਕ ਵਿਚ ਸ਼ੋਰ ਪ੍ਰਦੂਸ਼ਣ ਬਾਰੇ ਆਮ ਲੋਕਾਂ ਅਤੇ ਪੁਲੀਸ ਪ੍ਰਸ਼ਾਸਨ (ਮੁਹਾਲੀ) ਵਿਚਕਾਰ ਉੱਭਰੇ ਮੱਤਭੇਦਾਂ ਬਾਰੇ ਪੜ੍ਹ ਕੇ ਮਨ ਬੜਾ ਦੁਖੀ ਹੋਇਆ। ਧਰਮ ਪ੍ਰਚਾਰ ਅਤੇ ਸ਼ੋਰ ਪ੍ਰਦੂਸ਼ਣ ਦੋ ਅਲੱਗ ਅਲੱਗ ਵਿਸ਼ੇ ਹਨ। ਧਰਮ ਪ੍ਰਚਾਰ ਸਿਰਫ਼ ਧਾਰਮਿਕ ਸਥਾਨਾਂ ਵੱਲੋਂ ਕੀਤਾ ਜਾਂਦਾ ਹੈ; ਸ਼ੋਰ ਪ੍ਰਦੂਸ਼ਣ ਕੁਝ ਧਾਰਮਿਕ ਸਥਾਨਾਂ ਤੋਂ ਇਲਾਵਾ ਵਿਆਹ ਸ਼ਾਦੀਆਂ ਅਤੇ ਹੋਰ ਅਨੇਕਾਂ ਸਭਿਆਚਾਰਕ ਪ੍ਰੋਗਰਾਮਾਂ ਵਿਚ ਫੈਲਾਇਆ ਜਾਂਦਾ ਹੈ। ਸ਼ੋਰ ਪ੍ਰਦੂਸ਼ਣ ਠੀਕ ਨਹੀਂ। ਜਿੱਥੋਂ ਤਕ ਧਾਰਮਿਕ ਪ੍ਰਚਾਰ ਦਾ ਸਬੰਧ ਹੈ, ਇਸ ਲਈ ਸਮੇਂ ਦੀ ਕੋਈ ਬੰਦਿਸ਼ ਨਹੀਂ। ਇਸ ਬਾਰੇ ਸਿੱਖ ਧਰਮ ਵਿਚ ਬਾਕਾਇਦਾ ਮਿਆਰ ਸਥਾਪਿਤ ਹਨ, ਸ੍ਰੀ ਅਕਾਲ ਤਖਤ ਨੇ ਇਸ ਬਾਰੇ ਹੁਕਮਨਾਮੇ ਜਾਰੀ ਕੀਤੇ ਹਨ। ਹੋਰ ਧਰਮਾਂ ਅਤੇ ਸੰਸਥਾਵਾਂ ਵਾਲਿਆਂ ਨੂੰ ਵੀ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਈਸ਼ਰ ਸਿੰਘ ਥਲੀ ਕਲਾਂ, ਈਮੇਲ
ਸੋਚਣ ਲਈ ਮਜਬੂਰ
21 ਦਸੰਬਰ ਨੂੰ ਕੰਵਲਜੀਤ ਖੰਨਾ ਦੀ ਰਚਨਾ ‘ਧਰਤੀ ਹੇਠਲੇ ਬੌਲਦ’ ਪੜ੍ਹਦਿਆਂ ਮੇਰੇ ਵਾਂਗ ਹਰ ਪਾਠਕ ਇਹ ਸੋਚਣ ’ਤੇ ਮਜਬੂਰ ਹੋ ਜਾਂਦਾ ਕਿ ਜੇ ਅਣਖੀ ਬੰਦੇ ਇਸ ਸਮਾਜ ਵਿਚ ਨਾ ਹੋਣ ਤਾਂ ਮਾੜੇ-ਧੀੜੇ ਬੰਦੇ ਦਾ ਜਿਊਣਾ ਹੀ ਮੁਸ਼ਕਿਲ ਹੋ ਜਾਵੇ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
(2)
21 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਖੰਨਾ ਦਾ ਲੇਖ ‘ਧਰਤੀ ਹੇਠਲਾ ਬੌਲਦ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਦੇਸ਼ ਦਾ ਕਾਨੂੰਨ ਕੁਝ ਤਰੁੱਟੀਆਂ ਕਾਰਨ ਜਿਹੜੇ ਗੁਨਾਹ ਹੋਣ ਤੋਂ ਰੋਕਣ ਵਿਚ ਅਸਮਰੱਥ ਹੋ ਜਾਂਦਾ ਹੈ, ਉਹੀ ਗੁਨਾਹ ਲੋਕ ਰੋਹ ਭਰਪੂਰ ਢੰਗ ਨਾਲ ਲਾਮਬੰਦ ਹੋ ਕੇ ਗੁਨਾਹਗਾਰਾਂ ਨੂੰ ਗੋਡੇ ਟੇਕਣ ’ਤੇ ਮਜਬੂਰ ਕਰ ਦਿੰਦੇ ਹਨ। ਸਮਾਜ ਦੀ ਮਰਦ ਪ੍ਰਧਾਨ ਸੋਚ ਨੂੰ ਬਦਲਣ ਅਤੇ ਔਰਤਾਂ ਵਿਰੁੱਧ ਹੋ ਰਹੇ ਜੁਰਮਾਂ ਅਤੇ ਗੁੰਡਾਗਰਦੀ ਵਿਰੁੱਧ ਲੋਕਾਂ ਦਾ ਏਕਾ ਤੇ ਇਕੱਠ ਲੋਹੇ ਦੀ ਲੱਠ ਵਾਂਗ ਕੰਮ ਕਰਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਕੰਪਿਊਟਰ ਨਿਰਮਤ ਬੁੱਧੀ ਦੀ ਦੁਰਵਰਤੋਂ
19 ਦਸੰਬਰ ਦੇ ਅੰਕ ਵਿਚ ਸੰਗੀਤ ਤੂਰ ਦਾ ਲੇਖ ‘ਫ਼ਲਸਤੀਨ ਖ਼ਿਲਾਫ਼ ਜੰਗ ’ਚ ਏਆਈ ਦੀ ਦੁਰਵਰਤੋਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਨੁੱਖ ਨੇ ਸਾਇੰਸ ਅਤੇ ਤਕਨਾਲੋਜੀ ਦੀ ਵਰਤੋਂ ਲੋਕ ਭਲਾਈ ਅਤੇ ਸਮਾਜਿਕ ਕਲਿਆਣ ਲਈ ਕਰਨ ਦੀ ਥਾਂ ਦੁਨੀਆ ਨੂੰ ਤਬਾਹ ਕਰਨ ਲਈ ਕੀਤੀ ਹੈ। ਕੰਪਿਊਟਰ ਨਿਰਮਤ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ - ਏਆਈ) ਦੀ ਦੁਰਵਰਤੋਂ ਕਰ ਕੇ ਹਰ ਰੋਜ਼ ਜ਼ੁਲਮ ਅਤੇ ਸਾਈਬਰ ਅਪਰਾਧ ਵਿਚ ਵਾਧਾ ਹੋ ਰਿਹਾ ਹੈ। ਏਆਈ ਦੀ ਦੁਰਵਰਤੋਂ ਰੋਕਣ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਪਵੇਗਾ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਸ਼ਬਦਾਂ ਦੀ ਉਧੇੜ-ਬੁਣ
21 ਦਸੰਬਰ ਨੂੰ ਦਿਨੇਸ਼ ਸੀ. ਸ਼ਰਮਾ ਦਾ ਲੇਖ ‘ਦੁਬਈ ਜਲਵਾਯੂ ਸੰਮੇਲਨ ਦਾ ਲੇਖਾ-ਜੋਖਾ’ ਅਤੇ 19 ਦਸੰਬਰ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਜਲਵਾਯੂ ਤਬਦੀਲੀ ਬਾਰੇ ਕਾਨਫਰੰਸ ਦਾ ਲੇਖਾ-ਜੋਖਾ’ ਪੜ੍ਹੇ। ਲੇਖਕਾਂ ਨੇ ਮਸਲੇ ਦੀਆਂ ਗੁੰਝਲਾਂ ਸਮਝਾਈਆਂ ਹਨ ਕਿ ਕਿਵੇਂ ਵੱਡੇ ਕੌਮਾਂਤਰੀ ਮਸਲਿਆਂ ਬਾਰੇ ਸਹਿਮਤੀ ਬਣਾਉਣ ਵੇਲੇ ਸ਼ਬਦਾਂ ਦੀ ਉਧੇੜ-ਬੁਣ ਹੁੰਦੀ ਹੈ, ਖ਼ਾਸ ਕਰ ਕੇ ਜਿੱਥੇ 200 ਦੇ ਕਰੀਬ ਦੇਸ਼ਾਂ ਦੇ ਲੀਡਰ, ਵਿਗਿਆਨੀ, ਕਾਰਪੋਰੇਟ ਪ੍ਰਤੀਨਿਧੀ ਅਤੇ ਵਾਤਾਵਰਨ ਕਾਰਕੁਨ ਸ਼ਾਮਿਲ ਹੋਣ। ਇਹ ਮਸਲਾ ਕੌਮਾਂਤਰੀ ਪੱਧਰ ’ਤੇ 5 ਦਹਾਕੇ ਪਹਿਲਾਂ ਜੂਨ 1972 ਵਿਚ ਸਟਾਕਹੋਮ ’ਚ ਪਹਿਲੀ ‘ਮਨੁੱਖੀ ਵਾਤਾਵਰਨ’ ਕਾਨਫਰੰਸ ਤੋਂ ਸ਼ੁਰੂ ਹੋਇਆ ਜਦੋਂ ਪਹਿਲੀ ਵਾਰ ਕਿਸੇ ਕੌਮਾਂਤਰੀ ਮੰਚ ਉੱਪਰ ਮੰਨਿਆ ਗਿਆ ਕਿ ਮਨੁੱਖੀ ਗਤੀਵਿਧੀਆਂ ਕਰ ਕੇ ਵਾਤਾਵਰਨ ਵਿਚ ਵਿਗਾੜ ਪੈਦਾ ਹੋ ਰਿਹਾ ਹੈ। 4 ਦਹਾਕੇ ਬਾਅਦ ਮਸਲੇ ਨੂੰ ਕਾਨੂੰਨੀ ਸਮਝੌਤੇ ਵਜੋਂ ਸਾਰੇ ਦੇਸ਼ਾਂ ਨੇ ਮੰਨਿਆ ਕਿ ਇਸ ਦੇ ਹੱਲ ਲਈ ਸਾਰਿਆਂ ਨੂੰ ਮਿਲ ਕੇ ਆਪਣੀ ਸਮਰੱਥਾ ਅਨੁਸਾਰ ਕੰਮ ਕਰਨ ਦੀ ਲੋੜ ਹੈ। ਇਸ ਸਾਲ ਪਹਿਲੀ ਵਾਰ ਸਮਝੌਤੇ ਹੇਠ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਹੋਈ ਹੈ ਜਿਸ ਦੇ ਨਤੀਜੇ ਬਹੁਤੇ ਹਾਂ-ਪੱਖੀ ਨਹੀਂ ਹਨ। ਹਾਲੇ ਵੀ ਕਈ ਵਿਕਸਤ ਦੇਸ਼ਾਂ ਦੇ ਸੱਜੇ ਪੱਖੀ ਹੁਕਮਰਾਨ ਵਾਤਾਵਰਨ ਤਬਦੀਲੀ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ।
ਪ੍ਰੋ. ਨਵਜੋਤ ਸਿੰਘ, ਪਟਿਆਲਾ