For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:52 AM Dec 28, 2023 IST
ਪਾਠਕਾਂ ਦੇ ਖ਼ਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਪੀਕਰਾਂ ਦੀ ਆਵਾਜ਼

26 ਦਸੰਬਰ ਦੇ ਅੰਕ ਵਿਚ 9 ਸਫ਼ੇ ’ਤੇ ਨਿਊ ਚੰਡੀਗੜ੍ਹ ਦੇ ਪਿੰਡਾਂ ਵਿਚ ਧਾਰਮਿਕ ਸਥਾਨਾਂ ਵਿਚ ਸਪੀਕਰਾਂ ਦੀ ਆਵਾਜ਼ ਘੱਟ ਕਰਨ ਖਿਲਾਫ਼ ਥਾਣੇ ਅੱਗੇ ਰੋਸ ਮੁਜ਼ਾਹਰਾ ਕਰਨ ਦੀ ਖ਼ਬਰ ਪੜ੍ਹੀ। ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਨਾਲ ਧਰਮ ਪ੍ਰਚਾਰ ਤਾਂ ਨਹੀਂ ਹੁੰਦਾ ਪਰ ਘਰੇ ਬੈਠੇ ਅਣਗਿਣਤ ਲੋਕਾਂ ਨੂੰ ਪ੍ਰੇਸ਼ਾਨੀ ਜ਼ਰੂਰ ਹੁੰਦੀ ਹੈ। ਸ਼ਰਧਾਲੂਆਂ ਨੂੰ ਆਪੋ-ਆਪਣੀ ਸ਼ਰਧਾ ਮੁਤਾਬਿਕ ਧਾਰਮਿਕ ਸਥਾਨਾਂ ਦੇ ਅੰਦਰ ਜਾ ਕੇ ਹੀ ਪ੍ਰਵਚਨ ਸੁਨਣੇ ਚਾਹੀਦੇ ਹਨ। ਸੁਪਰੀਮ ਕੋਰਟ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸਪੀਕਰਾਂ ਦੀ ਆਵਾਜ਼ ਹੱਦ ਅੰਦਰ ਸੀਮਤ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਸੋਹਣ ਲਾਲ ਗੁਪਤਾ, ਪਟਿਆਲਾ

Advertisement

ਮਹਿਸੂਸ ਹੋਇਆ

26 ਦਸੰਬਰ ਦੇ ਅੰਕ ਵਿਚ ‘ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ ਵਿਸ਼ੇਸ਼ ਸਪਲੀਮੈਂਟ-29’ ਵਿਚ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਝਾਤ ਹੈ। ਉਂਝ ਲਿਖਤ ਵਿਚ ਮੋਤੀ ਰਾਮ ਮਹਿਰਾ ਦੀ ਅਥਾਹ ਸ਼ਰਧਾ, ਜੁਰਅਤ ਅਤੇ ਕੁਰਬਾਨੀ ਦਾ ਜ਼ਿਕਰ ਵੀ ਨਾ ਕੀਤਾ ਜਾਣਾ ਮਹਿਸੂਸ ਹੋਇਆ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)

ਤਬਦੀਲੀ ਦਾ ਚਿੰਨ੍ਹ

26 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਅਮੋਲਕ ਸਿੰਘ ਦੀ ਰਚਨਾ ‘ਸਮਾਜਿਕ ਤਬਦੀਲੀ ਦਾ ਚਿੰਨ੍ਹ ਊਧਮ ਸਿੰਘ’ ਪੜ੍ਹੀ। ਸਰਕਾਰਾਂ ਨੂੰ ਸਕੂਲ ਪੱਧਰ ’ਤੇ ਬੱਚਿਆਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਇਉਂ ਬੱਚਿਆਂ ਨੂੰ ਅਖ਼ਬਾਰਾਂ ਅਤੇ ਕਿਤਾਬਾਂ ਦੀ ਚੇਟਕ ਵੀ ਲੱਗੇਗੀ। ਇਸ ਤੋਂ ਪਹਿਲਾਂ ਨਜ਼ਰੀਆ ਪੰਨੇ ਉੱਤੇ ਜਸਬੀਰ ਕੌਰ ਦੀ ਰਚਨਾ ‘ਦੁਆਰਾ ਵਸਦਾ ਰਹੇ’ (25 ਦਸੰਬਰ) ਵਿਚ ਵਿਆਹ ਤੋਂ ਬਾਅਦ ਦੇ ਦ੍ਰਿਸ਼ ਪੇਸ਼ ਕੀਤੇ ਹਨ। 15 ਦਸੰਬਰ ਦਾ ਸੰਪਾਦਕੀ ‘ਸੁਰੱਖਿਆ ਵਿਚ ਸੰਨ੍ਹ’ ਪੜ੍ਹਿਆ। ਇਹ ਘਟਨਾ ਸੁਰੱਖਿਆ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।
ਗੁਰਮੀਤ ਸਿੰਘ, ਵੇਰਕਾ

ਜਾਗਦੀ ਜ਼ਮੀਰ ਵਾਲੇ

21 ਦਸੰਬਰ ਨੂੰ ਕੰਵਲਜੀਤ ਖੰਨਾ ਦਾ ਲੇਖ ‘ਧਰਤੀ ਹੇਠਲੇ ਬੌਲਦ’ ਵਧੀਆ ਲੱਗਾ। ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਲੋਕ ਚੁੱਪ-ਚਾਪ ਸਹਿਣ ਕਰ ਜਾਂਦੇ ਹਨ ਜਾਂ ਇਕ ਦੋ ਦਿਨ ਚਰਚਾ ਕਰਦੇ ਤੇ ਮਸਲਾ ਛੱਡ ਕੇ ਭੁੱਲ ਜਾਂਦੇ ਹਨ ਪਰ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੇ ਮਸਲਿਆਂ ਵਿਰੁੱਧ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਹੀ ਚਾਹੀਦੀ ਹੈ
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
ਕੰਵਲਜੀਤ ਖੰਨਾ ਦਾ ਲੇਖ ‘ਧਰਤੀ ਹੇਠਲੇ ਬੌਲਦ’ (21 ਦਸੰਬਰ) ਪੜ੍ਹਿਆ ਹੈ। ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਖੜ੍ਹਨ ਵਾਸਤੇ ਜਿਗਰੇ ਦੀ ਲੋੜ ਹੁੰਦੀ ਹੈ। ਟਰੇਡ ਯੂਨੀਅਨਾਂ ਵਿਚ ਕੰਮ ਕਰਨ ਦੇ ਤਰੀਕੇ ਵੱਖਰੇ ਹੁੰਦੇ ਹਨ ਪਰ ਅਜਿਹੇ ਵਰਤਾਰਿਆਂ ਵਿਚ ਪੀੜਤ ਧਿਰ ਨਾਲ ਖੜ੍ਹਨਾ ਅਤੇ ਨਿਭਣਾ ਜਾਬਰ ਨਾਲ ਸਿੱਧਾ ਮੱਥਾ ਲਾਉਣਾ ਹੁੰਦਾ ਹੈ। ਅਜਿਹੇ ਸੂਝਵਾਨ ਅਤੇ ਨਿਧੜਕ ਧਰਤੀ ਹੇਠਲੇ ਬਲਦਾਂ ਨੂੰ ਸਲਾਮ!
ਮਲਕੀਤ ਸਿੰਘ ਅਖਾੜਾ, ਈਮੇਲ

ਯੂਕਰੇਨ ਜੰਗ ਨਾਲ ਜੁੜੇ ਸਵਾਲ

20 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਟੀਐੱਨ ਨੈਨਾਨ ਦਾ ਲੇਖ ‘ਯੂਕਰੇਨ ਜੰਗ ਨਾਲ ਜੁੜੇ ਸਵਾਲਾਂ ਦੇ ਸਨਮੁੱਖ’ ਅੱਖਾਂ ਖੋਲ੍ਹਣ ਵਾਲਾ ਹੈ। ਵਾਕਈ ਯੂਕਰੇਨ ਦੀ ਆਰਥਿਕ ਮੁੜ ਉਸਾਰੀ ਦਾ ਕਾਰਜ ਔਖੇਰਾ ਹੈ। ਜੰਗ ਨੇ ਰੂਸ ਨੂੰ ਭਾਵੇਂ ਕਾਫ਼ੀ ਸੱਟ ਮਾਰੀ ਹੈ ਪਰ ਇਹ ਹੁਣ ਸੰਭਲ ਗਿਆ ਹੈ। ਪੱਛਮੀ ਤਾਕਤਾਂ ਦਾ ਵਿਹਾਰ ਬੇਹੱਦ ਮਾੜਾ ਰਿਹਾ ਹੈ। ਇਨ੍ਹਾਂ ਨੇ ਆਪਣੀ ਚੌਧਰ ਖਾਤਰ ਯੂਕਰੇਨ ਅਤੇ ਉੱਥੋਂ ਦੇ ਲੋਕਾਂ ਨੂੰ ਕਈ ਦਹਾਕੇ ਪਿਛਾਂਹ ਧੱਕ ਦਿੱਤਾ ਹੈ। ਇਸ ਜੰਗ ਦਾ ਅਸਰ ਦਹਾਕਿਆਂ ਤੱਕ ਰਹਿਣਾ ਹੈ। ਜੰਗ ਤਬਾਹੀ ਤੋਂ ਬਿਨਾਂ ਕੁਝ ਵੀ ਨਹੀਂ ਲਿਆਉਂਦੀ। ਇਹ ਤਬਾਹੀ ਸਭ ਨੂੰ ਭੁਗਤਣੀ ਪੈਣੀ ਹੈ।
ਜਸਵੰਤ ਸਿੰਘ, ਜਲੰਧਰ

ਤਕਨਾਲੋਜੀ ਦੀ ਦੁਰਵਰਤੋਂ

19 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸੰਗੀਤ ਤੂਰ ਦਾ ਲੇਖ ‘ਫ਼ਲਸਤੀਨ ਖਿਲਾਫ਼ ਜੰਗ ’ਚ ਏਆਈ ਦੀ ਦੁਰਵਰਤੋਂ’ ਸੁਚੇਤ ਕਰਨ ਵਾਲਾ ਹੈ। ਇਸ ਤਕਨਾਲੋਜੀ ਦੀ ਵਰਤੋਂ ਨਾਲ ਜਿਸ ਕਰੂਰ ਢੰਗ ਨਾਲ ਫ਼ਲਸਤੀਨੀਆਂ ਨੂੰ ਮਾਰਿਆ ਜਾ ਰਿਹਾ ਹੈ; ਉਨ੍ਹਾਂ ਦੀਆਂ ਜਨਤਕ ਇਮਾਰਤਾਂ, ਯੂਨੀਵਰਸਿਟੀਆਂ, ਹਸਪਤਾਲਾਂ ਆਦਿ ਨੂੰ ਤਬਾਹ ਕੀਤਾ ਜਾ ਰਿਹਾ ਹੈ, ਉਹ ਆਉਣ ਵਾਲੇ ਸਮੇਂ ਲਈ ਖ਼ਤਰੇ ਦਾ ਘੁੱਗੂ ਹੈ। ਸਾਨੂੰ ਇਸ ਦੀ ਮਨੁੱਖੀ ਹੱਥਾਂ ਵਿਚ ਵਰਤੋਂ ਬਾਰੇ ਸੁਚੇਤ ਹੋਣਾ ਪਵੇਗਾ।
ਡਾ. ਤਰਲੋਚਨ ਕੌਰ, ਪਟਿਆਲਾ

ਜਮਹੂਰੀ ਪ੍ਰਕਿਰਿਆ

12 ਦਸੰਬਰ ਨੂੰ ਸੰਪਾਦਕੀ ‘ਜਮਹੂਰੀ ਪ੍ਰਕਿਰਿਆ ਬਹਾਲ ਹੋਵੇ’ ਵਿਚ ਸੁਪਰੀਮ ਕੋਰਟ ਦਾ ਫ਼ੈਸਲਾ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਅਤੇ 35 ਏ ਰੱਦ ਕਰਨ ਸਬੰਧੀ ਗ਼ੈਰ-ਹਕੀਕੀ ਫ਼ੈਸਲਾ ਦੇ ਕੇ ਕਸ਼ਮੀਰੀ ਲੋਕਾਂ ਦੇ ਜ਼ਖ਼ਮਾਂ ’ਤੇ ਮਰਹਮ ਲਾਉਣ ਦੀ ਬਜਾਇ ਉਨ੍ਹਾਂ ਵਿਚ ਭਾਰਤੀ ਹਕੂਮਤ ਪ੍ਰਤੀ ਗੁੱਸੇ ਅਤੇ ਬੇਗਾਨਗੀ ਦੀ ਭਾਵਨਾ ਵਿਚ ਹੋਰ ਵਾਧਾ ਕੀਤਾ ਹੈ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਨੂੰ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਅਤੇ ਜਲਦੀ ਚੋਣਾਂ ਕਰਵਾਉਣ ਵੱਲ ਸੇਧਿਤ ਕਰ ਕੇ ਕਸ਼ਮੀਰ ਦੇ ਲੋਕਾਂ ਨੂੰ ਜਮਹੂਰੀ ਆਜ਼ਾਦੀ ਦੇ ਇਤਿਹਾਸਕ ਹੱਕ ਤੋਂ ਵਾਂਝਿਆਂ ਕੀਤਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਡਾਢਿਆਂ ਦਾ ਜ਼ੋਰ

22 ਦਸੰਬਰ ਨੂੰ ਅਖ਼ਬਾਰ ਦੀਆਂ ਸੁਰਖੀਆਂ ਦੇਖ ਕੇ ਮਨ ਬਹੁਤ ਦੁਖੀ ਹੋਇਆ। ਇਕ ਪਾਸੇ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿਚ ਫ਼ੌਜ ਦੇ ਚਾਰ ਜਵਾਨ ਮਾਰੇ ਜਾਣ ਦੀ ਖ਼ਬਰ ਸੀ, ਦੂਜੇ ਪਾਸੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਦੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬਣਨ ਦੀ। ਰੀਓ ਓਲੰਪਿਕ ਵਿਚ ਕਾਂਸੇ ਦਾ ਤਗ਼ਮਾ ਜੇਤੂ, ਦੇਸ਼ ਦਾ ਨਾਮ ਉੱਚਾ ਕਰਨ ਵਾਲੀ ਸਾਕਸ਼ੀ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਵਿਚ ਰੋਂਦੇ ਹੋਏ ਕੁਸ਼ਤੀ ਨੂੰ ਅਲਵਿਦਾ ਕਹਿਣਾ ਸਚਮੁੱਚ ਹੀ ਹਿਰਦਾ ਵਲੂੰਧਰ ਗਿਆ। ਮਹਿਸੂਸ ਹੋਇਆ ਕਿ ਦੇਸ਼ ਵਿਚ ਡਾਢਿਆਂ ਦਾ ਜ਼ੋਰ ਜ਼ੁਲਮ ਚਲਦਾ ਹੈ।
ਕੇ ਕੇ ਸਿੰਗਲਾ, ਮਾਨਸਾ

Advertisement
Author Image

Advertisement
Advertisement
×