ਪਾਠਕਾਂ ਦੇ ਖ਼ਤ
ਕਾਮਿਆਂ ਦੀਆਂ ਖੁਦਕੁਸ਼ੀਆਂ
6 ਦਸੰਬਰ ਨੂੰ ਪਹਿਲੇ ਪੰਨੇ ’ਤੇ ਕਾਮਿਆਂ ਦੀਆਂ ਖੁਦਕੁਸ਼ੀਆਂ ਵਾਲੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ। ਇਕ ਪਾਸੇ ਅਸੀਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ; ਦੂਜੇ ਬੰਨੇ ਕਿਸਾਨ, ਖੇਤ ਮਜ਼ਦੂਰ ਅਤੇ ਹੋਰ ਦਿਹਾੜੀਦਾਰ ਕਾਮੇ ਖੁਦਕੁਸ਼ੀਆਂ ਕਰ ਰਹੇ ਹਨ। ਇਸ ਦਾ ਸਾਫ਼ ਅਰਥ ਇਹ ਹੈ ਕਿ ਮੁਲਕ ਦੇ ਵਿਕਾਸ ਦਾ ਹਿੱਸਾ ਇਨ੍ਹਾਂ ਲੋਕਾਂ ਤਕ ਅੱਪੜ ਨਹੀਂ ਰਿਹਾ।
ਜਗਬੀਰ ਕੌਰ, ਪਟਿਆਲਾ
ਨਫ਼ਰਤ ਫੈਲਾਉਣ ਦੀ ਥਾਂ
6 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਪਰਸਾ ਵੈਂਕਟੇਸ਼ਵਰ ਰਾਓ ਜੂਨੀਅਰ ਦਾ ਲੇਖ ‘ਕਾਂਗਰਸ ਦੇ ਉਹੀ ਪੁਰਾਣੇ ਦਾਅ’ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਰੂ-ਬ-ਰੂ ਕਰਦਾ ਹੈ। ਲੇਖਕ ਦਾ ਇਹ ਕਹਿਣਾ ਬਹੁਤ ਅਹਿਮ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਜਿਹਾ ਭਰੋਸੇਮੰਦ ਬਦਲ ਹੋਵੇ ਜਿਹੜਾ ਸੱਜੇ ਪੱਖੀ ਵਿਚਾਰਧਾਰਾ ਲਈ ਸਿਰਫ਼ ਨਫ਼ਰਤ ਫੈਲਾਉਣ ਦਾ ਕੰਮ ਨਾ ਕਰੇ ਸਗੋਂ ਉਹ ਉਦਾਰ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਵਾਲਾ ਹੋਵੇ।
ਜਸਵੰਤ ਸਿੰਘ, ਹੁਸ਼ਿਆਰਪੁਰ
ਰਾਹ ਦਸੇਰਾ
30 ਨਵੰਬਰ ਨੂੰ ਰਸ਼ਪਿੰਦਰ ਪਾਲ ਕੌਰ ਦਾ ਲੇਖ ‘ਦਸਤਕ’ ਸਮੇਂ ਦੀ ਲੋੜ ਅਨੁਸਾਰ ਕਈ ਵਿਸ਼ੇ ਛੂੰਹਦਾ ਸੰਘਰਸ਼ਮਈ ਜੀਵਨ ਲਈ ਆਤਮ-ਚਿੰਤਨ ਵੀ ਹੈ ਅਤੇ ਪ੍ਰੇਰਨਾ ਵੀ। ਮਿਹਨਤ ਤੋਂ ਬਿਨਾਂ ਪ੍ਰਾਪਤ ਕੀਤਾ ਕੁਝ ਵੀ ਸੱਚੇ ਅਰਥਾਂ ਵਿਚ ਮਾਨਣਯੋਗ ਨਹੀਂ ਸਗੋਂ ਭਟਕਣ ਹੈ ਅਤੇ ਐਬਾਂ ਨੂੰ ਸੱਦਾ ਦਿੰਦਾ ਹੈ। ਸਰਕਾਰਾਂ ਤਾਂ ਖ਼ੈਰ ਮੁਫ਼ਤ ਸੇਵਾਵਾਂ ਨਾਲ ਲੋਕਾਂ ਨੂੰ ਭਿਖਾਰੀ ਬਣਾ ਰਹੀਆਂ ਹਨ। ਜ਼ਿੰਦਗੀ ਵਿਚ ਜਿੰਦਾਦਿਲੀ ਤਾਂ ਹੀ ਹੈ, ਜੇ ਕੰਡਿਆਂ ਵਿਚੋਂ ਗੁਜ਼ਰ ਕੇ ਮੰਜ਼ਿਲ ਪ੍ਰਾਪਤ ਕਰਨ ਦਾ ਉਤਸ਼ਾਹ ਹੈ, ਜਿਗਰਾ ਹੈ। ਪੁਸਤਕਾਂ ਸਾਨੂੰ ਅਜਿਹੇ ਰਸਤੇ ’ਤੇ ਚੱਲਣ ਲਈ ਰਾਹ ਦਸੇਰਾ ਬਣਦੀਆਂ ਹਨ।
ਰਣਜੀਤ ਕੌਰ, ਈਮੇਲ
ਹਕੀਕਤ ਬਿਆਨ
28 ਨਵੰਬਰ ਨੂੰ ਡਾ. ਗੁਰਵਿੰਦਰ ਕੌਰ ਨੇ ਸਿਲਕਿਆਰਾ-ਬਾਰਕੋਟ ਸੁਰੰਗ ਹਾਦਸੇ ਬਾਰੇ ਵਿਸਥਾਰ ਸਹਿਤ ਅੰਕੜੇ ਦੱਸ ਕੇ ਹਕੀਕਤ ਬਿਆਨ ਕੀਤੀ ਹੈ। ਜਦੋਂ ਵੀ ਅਜਿਹੇ ਪ੍ਰਾਜੈਕਟ ਚੱਲਦੇ ਹਨ ਤਾਂ ਹਮੇਸ਼ਾ ਆਮ ਗ਼ਰੀਬ ਮਜ਼ਦੂਰ ਕਾਮੇ ਹੀ ਫਸਦੇ ਤੇ ਮਰਦੇ ਹਨ। ਲੇਖ ਦੀ ਤਫ਼ਸੀਲ ਅਨੁਸਾਰ ਅਜਿਹੇ ਹਾਦਸੇ ਅਨੇਕਾਂ ਵਾਰ ਵਾਪਰੇ ਪਰ ਕਾਮਿਆਂ ਦੀ ਸੁਰੱਖਿਆ ਲਈ ਕੁਝ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਰਾਜੇਸ਼ ਰਾਮਚੰਦਰਨ ਨੇ ਇਕ ਸੈਕੰਡਰੀ ਸਕੂਲ ਦੀਆਂ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਸਲਾ ਉਭਾਰਿਆ ਹੈ। ਉਂਝ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦੇਣ ਨਾਲ ਗੱਲ ਬਣਦੀ ਨਹੀਂ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜਿਸ ਨੇ ਗਿਆਨ ਹਾਸਿਲ ਕਰਨ ਆਈਆਂ ਲੜਕੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਇਸੇ ਦਿਨ ਪ੍ਰੋ. ਮੋਹਣ ਸਿੰਘ ਦੇ ਪਛਾਣ ਵਾਲੇ ਲੇਖ ਦਾ ਬਿਆਨ ਵਧੀਆ ਹੈ। ਸੰਪਾਦਕੀ ‘ਜੀਵਨ ਜਾਚ ਤੇ ਵਾਤਾਵਰਨ ਸੰਭਾਲ’ ਵਿਚ ਦੱਸਿਆ ਹੈ ਕਿ ਵਾਤਾਵਰਤਨ ਨੂੰ ਪ੍ਰਦੂਸ਼ਤ ਕਰਨ ਵਾਲੇ ਜ਼ਿਆਦਾਤਰ ਅਮੀਰ ਲੋਕ ਹਨ। ਇਹ ਬੇਇਨਸਾਫ਼ੀ ਹੀ ਹੈ ਕਿ ਉਨ੍ਹਾਂ ਪਾਸੋਂ ਕੋਈ ਟੈਕਸ ਵੀ ਨਹੀਂ ਲਿਆ ਜਾਂਦਾ।
ਜਸਬੀਰ ਕੌਰ, ਅੰਮ੍ਰਿਤਸਰ
ਪਹਿਲੀਆਂ ਪੜ੍ਹਾਈਆਂ
ਡਾ. ਮਨਜੀਤ ਸਿੰਘ ਬੱਲ ਦਾ ਲੇਖ ‘ਪਹਿਲੀ ਤਨਖ਼ਾਹ’ (27 ਨਵੰਬਰ) ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸੇ ਸ਼ਖ਼ਸ ਦੀ ਜ਼ਿੰਦਗੀ ਵਿਚ ਪਹਿਲੀ ਤਨਖ਼ਾਹ ਦਾ ਕੀ ਮਹੱਤਵ ਹੁੰਦਾ ਹੈ, ਖ਼ਾਸ ਕਰ ਕੇ ਉਦੋਂ ਜਦੋਂ ਕੋਈ ਬੰਦਾ ਕਿਸੇ ਗਰੀਬ ਘਰ ਤੋਂ ਆਇਆ ਹੋਵੇ। ਇਸ ਲੇਖ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਪੜ੍ਹਾਈ ਇੰਨੀ ਸੌਖੀ ਨਹੀਂ ਸੀ; ਇੱਥੋਂ ਤਕ ਕਿ ਮਿਡਲ ਸਕੂਲ ਤਕ ਪਹੁੰਚਣ ਲਈ ਵੀ ਵਿਦਿਆਰਥੀ ਨੂੰ ਕਈ ਕਈ ਮੀਲ ਸਾਈਕਲ ਚਲਾਉਣਾ ਪੈਂਦਾ ਸੀ ਜਾਂ ਪੈਦਲ ਜਾਣਾ ਪੈਂਦਾ ਸੀ। ਇਸ ਤੋਂ ਪਹਿਲਾਂ 23 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਮੋਹਣ ਸਿੰਘ ਦਾ ਮਿਡਲ ‘ਪਛਾਣ ਦਾ ਮਸਲਾ’ ਜਿੱਥੇ ਅੱਜ ਤੋਂ ਡੇਢ ਕੁ ਸਦੀ ਪਹਿਲਾਂ ਦੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਦਰਸਾਉਂਦਾ ਹੈ ਉੱਥੇ ਇਹ ਵੀ ਦੱਸਦਾ ਹੈ ਕਿ ਆਪਣੀ ਪਛਾਣ ਦਰਸਾਉਣ ਲਈ ਆਪਣੇ ਨਾਂ ਨਾਲ ਆਪਣੀ ਯੋਗਤਾ ਲਿਖਣ ਦਾ ਵੀ ਰਿਵਾਜ਼ ਬਣ ਗਿਆ ਸੀ। ਹੁਣ ਗਿਆਨੀ, ਪ੍ਰਭਾਕਰ ਆਦਿ ਦੀ ਥਾਂ ਵੱਡੀਆਂ ਡਿਗਰੀਆਂ ਨੇ ਲੈ ਲਈ ਹੈ। ਜਿਹੜੇ ਲੋਕ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਚਲੇ ਗਏ ਹਨ ਤੇ ਉਨ੍ਹਾਂ ਦੁਆਰਾ ਭੇਜੇ ਪੈਸੇ ਨਾਲ ਪਿੱਛੇ ਉਨ੍ਹਾਂ ਦੇ ਘਰਦਿਆਂ ਨੇ ਵੱਡੀਆਂ ਕੋਠੀਆਂ ਬਣਾ ਲਈਆਂ ਹਨ, ਉਨ੍ਹਾਂ ਦੀ ਵਿਦੇਸ਼ੀ ਪਛਾਣ ਨੂੰ ਦਰਸਾਉਣ ਲਈ ਉਨ੍ਹਾਂ ਦੇ ਨਾਵਾਂ ਨਾਲ ਯੂਕੇ, ਕੈਨੇਡਾ, ਯੂਐੱਸਏ ਆਦਿ ਲਿਖਵਾ ਦਿੱਤਾ ਗਿਆ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(2)
ਡਾ. ਮਨਜੀਤ ਸਿੰਘ ਬੱਲ ਦਾ ਲੇਖ ‘ਪਹਿਲੀ ਤਨਖ਼ਾਹ’ (27 ਨਵੰਬਰ) ਪੜ੍ਹਿਆ। ਸਚਮੁੱਚ ਪਹਿਲੀ ਤਨਖ਼ਾਹ ਲੈ ਕੇ ਬੰਦਾ ਜਦੋਂ ਆਪਣੀ ਜੇਬ ਵਿਚ ਪਾਉਂਦਾ ਹੈ ਤਾਂ ਇਹ ਉਸ ਦੀ ਜ਼ਿੰਦਗੀ ਦਾ ਸੁਭਾਗਾ ਦਿਨ ਹੁੰਦਾ ਹੈ। ਉਹ ਆਪਣੇ ਪੈਰਾਂ ’ਤੇ ਖੜ੍ਹਾ ਹੁੰਦਾ ਹੈ ਤੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀਆਂ ਤਰਤੀਬਾਂ ਬਣਾਉਣ ਲੱਗਦਾ ਹੈ।
ਗੁਰਭਜਨ ਸਿੰਘ ਲਾਸਾਨੀ, ਕਪੂਰਥਲਾ
ਕਲੀਆਂ ਦਾ ਬਾਦਸ਼ਾਹ
25 ਨਵੰਬਰ ਦੇ ‘ਸਤਰੰਗ’ ਅੰਕ ਵਿਚ ਮਨਦੀਪ ਸਿੱਧੂ ਦੇ ਲੇਖ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ…’ ਵਿਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਜ਼ਿੰਦਗੀ ਅਤੇ ਸੰਗੀਤ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਲੀਕਿਆ ਗਿਆ ਹੈ। ਕੁਲਦੀਪ ਮਾਣਕ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ, ਲੋਕ ਤੱਥ, ਬੋਲੀ ਅਤੇ ਇਤਿਹਾਸ ਨੂੰ ਜਿਉਂਦਾ ਰੱਖਿਆ। ਪੰਜਾਬੀ ਗਾਇਕੀ ਨੂੰ ਉਸ ਸਮੇਂ ਬੁਲੰਦੀਆਂ ’ਤੇ ਪਹੁੰਚਾਇਆ ਜਦੋਂ ਸੰਚਾਰ ਦੇ ਸਾਧਨ ਅੱਜ ਜਿੰਨੇ ਪ੍ਰਫੁਲਤ ਨਹੀਂ ਸਨ। ਅੱਜ ਦੇ ਸਮੇਂ ਵਿਚ ਪੈਸੇ ਹੋਣ ਤਾਂ ਗੀਤ ਰਿਕਾਰਡ ਕਰਵਾਉਣਾ ਬਹੁਤ ਸੌਖਾ ਹੈ ਪਰ ਮਾਣਕ ਦੇ ਸਮੇਂ ਵਿਚ ਗੀਤ ਰਿਕਾਰਡ ਕਰਵਾਉਣ ਲਈ ਸੰਘਰਸ਼ ਕਰਨਾ ਪੈਂਦਾ ਸੀ। ਕੁਲਦੀਪ ਮਾਣਕ ਦੁਆਰਾ ਪੰਜਾਬੀ ਬੋਲੀ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
(2)
ਮਨਦੀਪ ਸਿੰਘ ਸਿੱਧੂ ਦਾ ਲੇਖ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ’ (25 ਨਵੰਬਰ) ਪੜ੍ਹਿਆ। ਕੁਲਦੀਪ ਮਾਣਕ ਮਹਾਨ ਗਵੱਈਆ ਸੀ। ਉਸ ਦੇ ਗਾਏ ਕਈ ਗੀਤ ਅੱਜ ਲੋਕ ਗੀਤ ਦਾ ਦਰਜਾ ਹਾਸਲ ਕਰ ਗਏ ਹਨ। ਇਸੇ ਅੰਕ ਵਿਚ ਪ੍ਰਭਜੋਤ ਕੌਰ ਦਾ ਲੇਖ ‘ਸਰਦੀਆਂ ਦੀ ਸੌਗਾਤ ਪਿੰਨੀਆਂ’ ਦਿਲਚਸਪ ਹੈ। ਇਸੇ ਅੰਦਰ ਪੇਂਡੂ ਸਭਿਆਚਾਰ ਦੇ ਝਲਕਾਰੇ ਪੈਂਦੇ ਹਨ।
ਗੋਵਿੰਦਰ ਜੱਸਲ, ਸੰਗਰੂਰ
ਪਰਵਾਸ ਦੇ ਕਾਰਨ
15 ਨਵੰਬਰ ਦੇ ਪੰਜਾਬੀ ਪੈੜਾਂ ਅੰਕ ਵਿਚ ਕੁਲਦੀਪ ਸਿੰਘ ਦੀ ਰਚਨਾ ‘ਮੈਂ ਪਰਵਾਸ ਕਿਉਂ ਕੀਤਾ’ ਵਿਚ ਬਚਪਨ ਦੀਆਂ ਤੰਗੀਆਂ ਤੁਰਸ਼ੀਆਂ, ਪੜ੍ਹ ਲਿਖ ਕੇ ਰੁਜ਼ਗਾਰ ਨਾ ਮਿਲਣਾ ਜਾਂ ਵਿਦਿਅਕ ਯੋਗਤਾਵਾਂ ਅਨੁਸਾਰ ਨੌਕਰੀ ਨਾ ਮਿਲਣਾ ਆਦਿ ਜੋ ਵੀ ਕਾਰਨ ਲਿਖੇ ਹਨ, ਠੋਸ ਹਨ। 40 ਸਾਲ ਪਹਿਲਾਂ ਦੀਆਂ ਉਹ ਸਮੱਸਿਆਵਾਂ ਅੱਜ ਤਕ ਵੀ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਕਾਰਨਾਂ ਕਰ ਕੇ ਹੀ ਪੰਜਾਬ ਦੇ ਨੌਜਵਾਨ ਹੁਣ ਤਕ ਪਰਵਾਸ ਕਰ ਰਹੇ ਹਨ। 18 ਨਵੰਬਰ ਦੇ ਅੰਕ ਵਿਚ ਬਲਦੇਵ ਸਿੰਘ ‘ਸੜਕਨਾਮਾ’ ਨੇ ‘ਮੁਫ਼ਤ ਮੱਛੀਆਂ ਫੜਨ ਨਾਲੋਂ ਮੱਛੀਆਂ ਫੜਨਾ ਸਿਖਾਓ’ ਵਿਚ ਸੱਚਾਈ ਪੇਸ਼ ਕੀਤੀ ਹੈ। ਸਰਕਾਰਾਂ ਮੁਫ਼ਤ ਸਹੂਲਤਾਂ ਦੇ ਕੇ ਲੋਕਾਂ ਨੂੰ ਆਲਸੀ ਤੇ ਨਿਕੰਮੇ ਬਣਾ ਰਹੀਆਂ ਹਨ। ਲੋਕਾਂ ਨੂੰ ਵਧੀਆ ਨਾਗਰਿਕ ਬਣਾਉਣ ਲਈ ਲੋੜਵੰਦ ਅਤੇ ਕਮਜ਼ੋਰ ਵਰਗਾਂ ਨੂੰ ਕੁਝ ਵੀ ਮੁਫ਼ਤ ਦੇਣ ਦੀ ਬਜਾਇ ਉਨ੍ਹਾਂ ਨੂੰ ਘੱਟ ਰੇਟ ’ਤੇ ਸਹੂਲਤਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ।
ਰਤਨ ਪਾਲ ਡੂਡੀਆਂ, ਲਹਿਰਾਗਾਗ (ਸੰਗਰੂਰ)