ਪਾਠਕਾਂ ਦੇ ਖ਼ਤ
ਫਸਲੀ ਵੰਨ-ਸਵੰਨਤਾ ਅਤੇ ਬਾਜਰਾ
ਝੋਨੇ ਦੀ ਥਾਂ ਬਾਜਰੇ (ਮਿਲੱਟ) ਦੀ ਖੇਤੀ ਬਾਰੇ ਚਰਚਾ ਕੁਝ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਵਿਚ ਹਾਲ ਹੀ ਦੇ ਸਾਲਾਂ ਵਿਚ ਝੋਨੇ ਅਤੇ ਬਾਜਰੇ ਦੀ ਔਸਤ ਉਪਜ ਕ੍ਰ੍ਮਵਾਰ ਲਗਭੱਗ 65 ਅਤੇ 10 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਹ ਮੰਨਦੇ ਹੋਏ ਕਿ ਝੋਨੇ ਅਤੇ ਬਾਜਰੇ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ (2022-23) ’ਤੇ ਵਿਕ ਜਾਏਗੀ, ਕਿਸਾਨਾਂ ਦੀ ਆਮਦਨ ਕ੍ਰਮਵਾਰ 132 ਹਜ਼ਾਰ ਅਤੇ 24 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਹੋਵੇਗੀ। ਝੋਨਾ ਬਨਾਮ ਬਾਜਰੇ ਦੀ ਖੇਤੀ ਨਾਲ ਆਮਦਨ ਵਿਚ ਇੰਨਾ ਵੱਡਾ ਘਾਟਾ ਸੂਬੇ ਦੀ ਆਰਥਿਕਤਾ ਦੇ ਨਾਲ ਨਾਲ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਅਸਥਿਰ ਕਰੇਗਾ। ਇਸ ਦੇ ਉਲਟ ਕਪਾਹ ਪੱਟੀ ਵਿਚ ਕਪਾਹ ਦੀ ਖੇਤੀ ਝੋਨੇ ਦੇ ਲਗਭੱਗ ਬਰਾਬਰ ਆਮਦਨ ਦੇ ਸਕਦੀ ਹੈ ਬਸ਼ਰਤੇ ਕਪਾਹ ਨੂੰ ਕੀਟ ਪ੍ਰਬੰਧਨ ਦੁਆਰਾ ਸਥਿਰ ਫਸਲ ਬਣਾਇਆ ਜਾਵੇ। ਬਾਕੀ ਰਾਜ ਦੇ ਚੁਣੇ ਹੋਏ ਬਲਾਕਾਂ ਵਚ ਮੱਕੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੰਜਾਬ ਨੇ 39 ਕੁਇੰਟਲ ਪ੍ਰਤੀ ਹੈਕਟੇਅਰ ਤਕ ਮੱਕੀ ਦਾ ਝਾੜ ਪ੍ਰਾਪਤ ਕੀਤਾ ਹੈ ਅਤੇ ਜੇ ਸਾਰੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਵਿਕ ਜਾਏ ਤਾਂ 76 ਹਜ਼ਾਰ ਰੁਪਏ ਦੀ ਆਮਦਨ ਹੈ। ਇਸ ਆਮਦਨ ਨਾਲ ਬੋਨਸ ਦੇਣ ਦੀ ਲੋੜ ਹੈ ਤਾਂ ਜੋ ਮੱਕੀ ਨੂੰ ਝੋਨੇ ਦੀ ਥਾਂ ਲੈਣ ਦੇ ਯੋਗ ਬਣਾਇਆ ਜਾ ਸਕੇ। ਕੁਝ ਬਾਗਬਾਨੀ ਫਸਲਾਂ ਵੀ ਵਧੀਆ ਬਦਲ ਹਨ।
ਬੀਐੱਸ ਢਿੱਲੋਂ, ਮੁਹਾਲੀ
ਦਰਾਂ ’ਤੇ ਦਸਤਕ
30 ਨਵੰਬਰ ਨੂੰ ਰਸ਼ਪਿੰਦਰ ਪਾਲ ਕੌਰ ਦਾ ਮਿਡਲ ‘ਦਸਤਕ’ ਸਚਮੁੱਚ ਸਾਡੇ ਦਰਾਂ ਉੱਤੇ ਦਸਤਕ ਦਿੰਦਾ ਹੈ। ਸਿੱਖਿਆ ਅਤੇ ਕਿਤਾਬਾਂ ਰਾਹੀਂ ਬਹੁਤ ਸਾਰੀਆਂ ਤਬਦੀਲੀਆਂ ਸੰਭਵ ਹਨ। ਮੁੱਖ ਮਸਲਾ ਬੱਚਿਆਂ ਨੂੰ ਇਨ੍ਹਾਂ ਵੱਲ ਲੈ ਕੇ ਆਉਣ ਦਾ ਹੈ; ਅਧਿਆਪਕ ਇਹ ਕਾਰਜ ਬਹੁਤ ਵਧੀਆ ਢੰਗ ਨਾਲ ਨਿਭਾਅ ਸਕਦੇ ਹਨ।
ਕਸ਼ਮੀਰ ਕੌਰ, ਹੁਸ਼ਿਆਰਪੁਰ
ਜੰਗ ਤੇ ਬੱਚੇ
ਡਾ. ਅਰੁਣ ਮਿੱਤਰਾ ਦੇ ਲੇਖ ‘ਬੱਚਿਆਂ ਦੀ ਪੁਕਾਰ ਅਜਾਈਂ ਨਹੀਂ ਜਾਵੇਗੀ’ (24 ਨਵੰਬਰ) ਵਿਚ ਜੰਗ ਦੌਰਾਨ ਬੱਚਿਆਂ ਦੀ ਮਾਨਸਿਕ, ਸਰੀਰਕ ਤੇ ਸਮਾਜਿਕ ਸਿਹਤ ’ਤੇ ਪੈਂਦੇ ਗੰਭੀਰ ਤੇ ਮਾੜੇ ਅਸਰਾਂ ਨੂੰ ਬਿਆਨਿਆ ਹੈ। ਜੰਗ ਹਮੇਸ਼ਾ ਤਬਾਹੀ ਦਾ ਕਾਰਨ ਬਣਦੀ ਹੈ ਅਤੇ ਇਸ ਦੇ ਭਿਆਨਕ ਨਤੀਜੇ ਸਭ ਤੋਂ ਵੱਧ ਬੱਚਿਆਂ ਨੂੰ ਭੁਗਤਣੇ ਪੈਂਦੇ ਹਨ। ਅਜਿਹੀ ਹਾਲਤ ਵਿਚ ਜਦੋਂ ਬੇਵੱਸ ਬੱਚੇ ਲੰਮਾ ਸਮਾਂ ਰਹਿੰਦੇ ਹਨ ਤਾਂ ਉਨ੍ਹਾਂ ਦੇ ਵਿਹਾਰ ਵਿਚ ਹਮਲਾਵਰ ਤੱਤ ਭਾਰੂ ਹੋ ਜਾਂਦਾ ਹੈ। ਉਹ ਆਪਣੇ ਦੋਸਤਾਂ ਨਾਲ ਲੜਨਾ ਤੇ ਰੌਲਾ ਪਾਉਣਾ ਵੀ ਸ਼ੁਰੂ ਕਰਦੇ ਹਨ। ਸ਼ਰਨਾਰਥੀ ਕੈਂਪਾਂ ਵਿਚ ਰਹਿੰਦਿਆਂ ਉਹ ਸਰੀਰਕ ਸ਼ੋਸ਼ਣ ਦਾ ਵੀ ਸ਼ਿਕਾਰ ਹੋ ਜਾਂਦੇ ਹਨ ਤੇ ਸਮੇਂ ਤੋਂ ਪਹਿਲਾਂ ਹੀ ਮਰ ਜਾਣ ਲਈ ਸਰਾਪੇ ਜਾਂਦੇ ਹਨ।
ਡਾ. ਅਜੀਤਪਾਲ ਸਿੰਘ, ਈਮੇਲ
ਢੁੱਡੀਕੇ ਦੇ ਗ਼ਦਰੀ
24 ਨਵੰਬਰ ਦੇ ਅਮੋਲਕ ਸਿੰਘ ਦੇ ਲਿਖੇ ਗ਼ਦਰ ਪਾਰਟੀ ਨਾਲ ਸਬੰਧਿਤ ਲੇਖ ‘ਗ਼ਦਰ ਪਾਰਟੀ ਦੇ ਗੜ੍ਹ ਢੁੱਡੀਕੇ ਦੇ ਗ਼ਦਰੀ’ ਨੂੰ ਪੜ੍ਹ ਕੇ ਸਿਰ ਅਸੀਮ ਸ਼ਰਧਾ ਪੂਰਬਕ ਝੁੱਕ ਗਿਆ। ਸਮਾਂ ਬਦਲ ਗਿਆ ਹੈ। ਅੱਜ ਸਾਡਾ ਪੰਜਾਬ ਆਜ਼ਾਦ ਮੁਲਕ ਭਾਰਤ ਦਾ ਹਿੱਸਾ ਹੋਣ ਦੇ ਬਾਵਜੂਦ ਮੁੜ ਉਨ੍ਹਾਂ ਹਾਲਾਤ ਨਾਲ ਦੋ ਚਾਰ ਹੈ। ਅੱਜ ਫੇਰ ਸਾਡਾ ਪੰਜਾਬੀ ਨੌਜਵਾਨ ਕਿਸੇ ਵੀ ਕਾਰਨ ਵੱਸ ਪਰਵਾਸ ਲਈ ਮਜਬੂਰ ਹੈ। ਸ਼ਾਇਦ 24 ਨਵੰਬਰ ਦਾ ਪਿੰਡ ਢੁੱਡੀਕੇ ਦਾ ਸ਼ਹੀਦਾਂ ਨੂੰ ਸਮਰਪਿਤ ਯਾਦਗਾਰੀ ਸਮਾਗਮ ਸਾਡੇ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਮੁੜ ਵਿਚਾਰ ਕਰਨ ਤੇ ਵਤਨ ਵਾਪਸੀ ਲਈ ਪ੍ਰੇਰਿਤ ਕਰ ਸਕੇਗਾ।
ਜਸਲੀਨ ਕੌਰ, ਕਪੂਰਥਲਾ
ਦੋਗਲੀ ਨੀਤੀ
23 ਨਵੰਬਰ ਦੇ ਅੰਕ ਅੰਦਰ ਨਜ਼ਰੀਆ ਪੰਨੇ ’ਤੇ ਰਾਜੇਸ਼ ਰਾਮਚੰਦਰਨ ਦਾ ਲੇਖ ‘ਜੀਂਦ ਕਾਂਡ: ਚੁੱਪ ਦੀ ਸਾਜ਼ਿਸ਼’ ਪੜ੍ਹਨ ਨੂੰ ਮਿਲਿਆ। ਲੇਖਕ ਨੇ ਇਹ ਲਿਖਣ ਦੀ ਹਿੰਮਤ ਕੀਤੀ ਕਿ ਜਿਨਸੀ ਛੇੜਛਾੜ ਦੀਆਂ ਸ਼ਿਕਾਇਤਾਂ ਹਰਿਆਣਾ ਦੇ ਸਕੂਲਾਂ ਦੇ ਕੋਰਸ ਦਾ ਹਿੱਸਾ ਬਣ ਗਈਆਂ ਹਨ। ਹਰਿਆਣਾ ਵਿਚ ਭਾਜਪਾ ਦੀ ਸਰਕਾਰ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਜਸਥਾਨ ਵਿਚ ਤਾਂ ਬਲਾਤਕਾਰ ਦੀਆਂ ਘਟਨਾਵਾਂ ਨਜ਼ਰੀਂ ਪੈਂਦੀਆਂ ਹਨ ਪਰ ਜਿੱਥੇ ਭਾਜਪਾ ਦਾ ਰਾਜ ਹੈ, ਉਹ ਨਜ਼ਰੀਂ ਨਹੀਂ ਪੈਂਦੀਆਂ। ਹਰਿਆਣਾ ਬਾਰੇ ਪ੍ਰਧਾਨ ਮੰਤਰੀ ਖਾਮੋਸ਼ ਕਿਉਂ ਹਨ? ਕੀ ਇਹ ਦੋਗਲੀ ਨੀਤੀ ਨਹੀਂ? ਇਸ ਤੋਂ ਪਹਿਲਾਂ 14 ਨਵੰਬਰ ਦਾ ਸੰਪਾਦਕੀ ‘ਪਟਾਕਿਆਂ ’ਤੇ ਪਾਬੰਦੀ ਜ਼ਰੂਰੀ’ ਪੜ੍ਹਨ ਨੂੰ ਮਿਲਿਆ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸੇ ਪਾਸੇ ਕੋਈ ਫਰਕ ਨਜ਼ਰ ਨਹੀਂ ਆਇਆ ਹੈ। ਦਰਅਸਲ ਪਟਾਕੇ ਬਣਾਉਣ ’ਤੇ ਹੀ ਪਾਬੰਦੀ ਲੱਗਣੀ ਚਾਹੀਦੀ ਹੈ। ਹਰ ਤਰ੍ਹਾਂ ਦਾ ਪ੍ਰਦੂਸ਼ਣ ਹਰ ਹਾਲ ਰੁਕਣਾ ਚਾਹੀਦਾ ਹੈ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਧਰਤੀ ਜੇ ਮਾਂ ਹੁੰਦੀ ਹੈ ਤਾਂ...
14 ਨਵੰਬਰ ਨੂੰ ਰਣਜੀਤ ਲਹਿਰਾ ਦਾ ਪਰਾਲੀ ਸਾੜਨ ਦੇ ਮਾਮਲੇ ਬਾਰੇ ਲੇਖ ‘ਧਰਤੀ ਜੇ ਮਾਂ ਹੁੰਦੀ ਹੈ ਤਾਂ…’ ਛਪਿਆ ਹੈ। ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਸਮੇਤ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਸਰਕਾਰਾਂ ਇਸ ਮਸਲੇ ਉੱਤੇ ਸਿਰਫ਼ ਕਣਕ ਤੇ ਝੋਨੇ ਦੀ ਕਟਾਈ ਸਮੇਂ ਹੀ ਹਰਕਤ ਵਿਚ ਆਉਂਦੀਆਂ ਹਨ, ਇਸ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਯਤਨ ਨਹੀਂ ਕਰਦੀਆਂ। ਇਨ੍ਹਾਂ ਦਿਨਾਂ ਵਿਚ ਆਪਣੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਕੇ ਬਲਦੀ ਅੱਗ ਵਿਚ ਧੱਕ ਦਿੰਦੀਆਂ ਹਨ। ਕਿਸਾਨ ਜਥੇਬੰਦੀਆਂ ਦੀ ਇਹ ਮੰਗ ਬਿਲਕੁੱਲ ਜਾਇਜ਼ ਹੈ ਕਿ ਸਰਕਾਰ ਪਰਾਲੀ ਨੂੰ ਸੰਭਾਲਣ ਲਈ ਠੋਸ ਕਦਮ ਉਠਾਵੇ। ਦੂਜੇ ਪਾਸੇ, ਇਸ ਮਸਲੇ ਬਾਰੇ ਕਿਸਾਨ ਜਥੇਬੰਦੀਆਂ ਇਹ ਐਲਾਨ ਤਾਂ ਠੋਕ ਵਜਾ ਕੇ ਕਰਦੀਆਂ ਹਨ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸੇ ਵੀ ਕਿਸਾਨ ਉੱਤੇ ਪਰਚਾ ਦਰਜ ਨਹੀਂ ਹੋਣ ਦੇਣਗੀਆਂ ਪਰ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਖ਼ੁਦ ਕੋਈ ਠੋਸ ਉਪਰਾਲਾ ਨਹੀਂ ਕਰ ਰਹੀਆਂ। ਕਿਸਾਨ ਜਥੇਬੰਦੀਆਂ ਦੀ ਬਹੁਤਾਤ ਹੋਣ ਕਾਰਨ ਹਰ ਇਕ ਜਥੇਬੰਦੀ ਆਪਣੇ ਕੇਡਰ ਦੇ ਟੁੱਟ ਜਾਣ ਦੇ ਡਰ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਕਾਰਵਾਈ ਤੋਂ ਨਾ ਸਿਰਫ਼ ਪਿੱਛੇ ਹਟ ਰਹੀ ਹੈ ਸਗੋਂ ਇਕ ਦੂਜੀ ਜਥੇਬੰਦੀ ਤੋਂ ਜ਼ਿਆਦਾ ਤਿੱਖੇ ਬਿਆਨ ਦਿੰਦੀ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਸਮੁੱਚੀ ਕਾਇਨਾਤ, ਬਨਸਪਤੀ ਅਤੇ ਕੁਦਰਤੀ ਸੋਮਿਆਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮਸਲੇ ’ਤੇ ਗਹਿਰਾਈ ਨਾਲ ਚਿੰਤਨ ਕਰਨ ਦੀ ਜ਼ਰੂਰਤ ਹੈ। ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ।
ਮੇਜਰ ਸਿੰਘ ਮੱਟਰਾਂ, ਭਵਾਨੀਗੜ੍ਹ
ਬਚਪਨ ਦੀ ਯਾਦ
9 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਨਿਰਮਲ ਸਿੰਘ ਦਿਓਲ ਦਾ ਲੇਖ ‘ਪੀਲੇ ਰੰਗ ਵਾਲਾ ਕਾਰਡ’ ਪੜ੍ਹ ਕੇ ਆਪਣਾ ਬਚਪਨ ਯਾਦ ਆ ਗਿਆ। ਆਮ ਤੌਰ ’ਤੇ ਉਸ ਸਮੇਂ ਦੇ ਬੱਚਿਆਂ ਦਾ ਬਚਪਨ ਇਕੋ ਜਿਹਾ ਹੀ ਹੁੰਦਾ ਸੀ। ਸਭ ਤੋਂ ਖ਼ਾਸ ਹੁੰਦੇ ਸਨ ਮਾਂ ਦੇ ਲਾਡ ਜਿਨ੍ਹਾਂ ਬਾਰੇ ਲੇਖਕ ਨੇ ਬਾਖ਼ੂਬੀ ਦੱਸਿਆ ਹੈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ