ਪਾਠਕਾਂ ਦੇ ਖ਼ਤ
ਪੰਨਾ ਲਾਲ ਦੀ ਕੁਲਫ਼ੀ
26 ਅਕਤੂਬਰ ਦਾ ਮਿਡਲ ‘ਤਿਲਕੂ ਦੀ ਕੁਲਫ਼ੀ’ ਵਧੀਆ ਲੱਗਾ। ਲਗਭਗ 50-55 ਸਾਲ ਪਹਿਲਾਂ ਬਿਲਕੁਲ ਇਵੇਂ ਦਾ ਇਕ ਪਾਤਰ ਮੇਰੇ ਜ਼ਿਹਨ ’ਚ ਵੀ ਆ ਗਿਆ। ਮੈਂ ਆਪਣੇ ਪਿੰਡ ਭੋਲੇਕੇ ਤੋਂ ਤੇਜਾ ਕਲਾਂ ਵਿਖੇ ਬਾਬਾ ਬੁੱਢਾ ਖਾਲਸਾ ਹਾਈ ਸਕੂਲ ਵਿਚ ਪੜ੍ਹਨ ਜਾਂਦਾ ਸੀ। ਸਾਡੇ ਸਕੂਲ ਦੇ ਗੇਟ ਨੇੜੇ ‘ਪੰਨਾ ਲਾਲ’ ਕੁਲਫ਼ੀ ਵਾਲਾ ਖੜ੍ਹਦਾ ਸੀ। ਅੱਧੀ ਛੁੱਟੀ ਦੀ ਘੰਟੀ ਖੜਕਦੀ ਤਾਂ ਅਸੀਂ ਪੰਨਾ ਲਾਲ ਵੱਲ ਕੁਲਫ਼ੀ ਖਾਣ ਭੱਜ ਲੈਂਦੇ, ਜਿਨ੍ਹਾਂ ਵਿਚ ਮੇਰੇ ਜਮਾਤੀ ਸਵਰਨ, ਦੇਬਾ, ਪਰਮਜੀਤ, ਮੋਹਲਾ, ਵਜ਼ੀਰਾ, ਲੱਖਾ ਆਦਿ ਵੀ ਹੁੰਦੇ। ਜੇ ਕਿਸੇ ਨੇ ਗੈਰਹਾਜ਼ਰ ਹੋਣਾ ਤਾਂ ਪੰਨਾ ਲਾਲ ਨੇ ਝੱਟ ਕਹਿ ਦੇਣਾ, ‘‘ਅੱਜ ਮੇਵਾ ਸਿੰਘ ਨਹੀਂ ਆਇਆ ਜਾਂ ਲੱਖਾ ਨਹੀਂ ਆਇਆ।’’ ਪੰਨਾ ਲਾਲ ਨੂੰ ਸਾਡੇ ਨਾਂ ਯਾਦ ਹੋ ਗਏ ਸਨ। ਫਿਰ ਕੁਲਫ਼ੀ ਵਾਲੇ ਨੇੜੇ ਇਕ ਨੇ ਛੋਲਿਆਂ ਦੀ ਕੜ੍ਹਾਈ ਲਾ ਲਈ। ਪੰਨਾ ਲਾਲ ਨੇ ਸਾਨੂੰ ਕਹਿਣਾ, ‘‘ਇਸ ਛੋਲਿਆਂ ਵਾਲੇ ਨੂੰ ਇੱਥੋਂ ਭਜਾਉ, ਇਹ ਚੰਗੇ ਨਹੀਂ ਹੁੰਦੇ, ਨਾਲੇ ਛੋਲੇ ਤਾਂ ਤੁਸੀਂ ਘਰਾਂ ’ਚ ਖਾਂਦੇ ਰਹਿੰਦੇ ਹੋ।’’ ਉਸ ਨਾਲ ‘ਪੰਨਾ ਲਾਲ’ ਲੱਗਣ ਲੱਗ ਪਿਆ। ਹੈਡਮਾਸਟਰ ਨੇ ਫੈਸਲਾ ਕੀਤਾ। ਹੁਣ ਛੋਲਿਆਂ ਵਾਲਾ ਅਤੇ ਪੰਨਾ ਲਾਲ ਦੂਰ ਦੂਰ ਖੜ੍ਹਦੇ। ਅਸੀਂ ‘ਪੰਨਾ ਲਾਲ’ ਦੇ ਦੁਆਲੇ ਹੀ ਰਹਿੰਦੇ ਤੇ ਕੁਲਫ਼ੀ ਖਾਣ ਦਾ ਅਨੰਦ ਲੈਂਦੇ।
ਰਮੇਸ਼ ਪਾਲ ਭੋਲੇਕੇ, ਅੰਮ੍ਰਿਤਸਰ
ਨਾਗਰਿਕ ਤੇ ਅਦਾਲਤਾਂ
27 ਨਵੰਬਰ ਦੇ ਮੁੱਖ ਸਫ਼ੇ ’ਤੇ ਦੇਸ਼ ਦੇ ਚੀਫ ਜਸਟਿਸ ਦਾ ਛਪਿਆ ਬਿਆਨ ‘ਨਾਗਰਿਕਾਂ ਨੂੰ ਅਦਾਲਤਾਂ ਤਕ ਪਹੁੰਚ ਕਰਨ ਤੋਂ ਡਰਨਾ ਨਹੀਂ ਚਾਹੀਦਾ’ ਸਵਾਗਤਯੋਗ ਹੈ, ਪਰ ਮੈਂ ਸਮਝਦੀ ਹਾਂ ਡਰ ਅਦਾਲਤ ਤਕ ਪਹੁੰਚਣ ਦਾ ਨਹੀਂ ਸਗੋਂ ਨਿਆਂ ਦੇ ਮਹਿੰਗਾ ਹੋਣ ਦਾ ਹੈ। ਇਸ ਤੋਂ ਵੀ ਵੱਡੀ ਸਮੱਸਿਆ ਕੇਸਾਂ ਦੇ ਸਾਲਾਂ-ਬੱਧੀ ਅਦਾਲਤਾਂ ਵਿਚ ਲਟਕਦੇ ਰਹਿਣਾ ਹੈ। ਇਸ ਲਈ ਜੇ ਸਚਮੁੱਚ ਅਸੀਂ ਆਮ ਲੋਕਾਂ ਪ੍ਰਤੀ ਹਮਦਰਦੀ ਰੱਖਦੇ ਹਾਂ ਤੇ ਚਾਹੁੰਦੇ ਹਾਂ ਕਿ ਉਹ ਨਿਡਰ ਹੋ ਕੇ ਅਦਾਲਤਾਂ ਤਕ ਪਹੁੰਚ ਕਰਨ ਤਾਂ ਸਾਨੂੰ ਅਦਾਲਤਾਂ ਦੇ ਇਸ ਉਲਝੇ ਹੋਏ ਤਾਣੇ-ਬਾਣੇ ਵਿਚੋਂ ਉਨ੍ਹਾਂ ਨੂੰ ਬਾਹਰ ਕੱਢਣਾ ਹੋਵੇਗਾ। ਖ਼ਬਰਨਾਮਾ ਪੰਨੇ ’ਤੇ ਕਰਮਜੀਤ ਸਿੰਘ ਚਿੱਲਾ ਦੇ ਲੇਖ ‘ਬੰਨੋ ਕਾ ਬਨੂੜ’ ਨੇ ਦਿਲ ਜਿੱਤ ਲਿਆ।
ਡਾ. ਤਰਲੋਚਨ ਕੌਰ, ਪਟਿਆਲਾ
ਖੇਤੀ ਨੀਤੀ ’ਚ ਸੁਧਾਰ
25 ਨਵੰਬਰ ਦੇ ਨਜ਼ਰੀਆ ਸਫ਼ੇ ’ਤੇ ਸੁਬੀਰ ਰਾਏ ਦੇ ਲੇਖ ‘ਖੇਤੀ ਨੀਤੀ ’ਚ ਸੁਧਾਰ ਦੀ ਲੋੜ’ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੂੰ 5 ਪਿੰਡਾਂ ਵਿਚ ਇਕ ਖੇਤੀ ਸਲਾਹਕਾਰ ਨਿਯੁਕਤ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨ ਦੀ ਹਰ ਛੋਟੀ-ਵੱਡੀ ਸਮੱਸਿਆ ਨੂੰ ਹੱਲ ਕਰ ਸਕੇ ਅਤੇ ਮੋਟੇ ਅਨਾਜ ਤੇ ਤੇਲ ਵਾਲੀਆਂ ਫ਼ਸਲਾਂ ਬੀਜਣ ਲਈ ਪ੍ਰੇਰਿਤ ਕਰ ਸਕੇ। ਇਸ ਨਾਲ ਕਿਸਾਨ ਝੋਨੇ ਦੀ ਫ਼ਸਲ ਘੱਟ ਬੀਜਣਗੇ ਅਤੇ ਧਰਤੀ ਦੇ ਹੇਠਲੇ ਪਾਣੀ ਦੀ ਬੱਚਤ ਹੋ ਸਕੇਗੀ।
ਹਰਦੇਵ ਸਿੰਘ, ਪਿੱਪਲੀ, ਕੁਰੂਕਸ਼ੇਤਰ
ਸਰਦੀਆਂ ਦੀ ਸੌਗਾਤ
25 ਨਵੰਬਰ ਨੂੰ ਪ੍ਰਭਜੋਤ ਕੌਰ ਦਾ ਲੇਖ ‘ਸਰਦੀਆਂ ਦੀ ਸੌਗਾਤ ਪਿੰਨੀਆਂ’ ਪੜ੍ਹਿਆ ਜੋ ਕਿ ਬਹੁਤ ਰੌਚਿਕ ਸੀ। ਪਿੰਨੀਆਂ ਦੀਆਂ ਵੱਖ ਵੱਖ ਕਿਸਮਾਂ ਬਾਰੇ ਗੱਲਾਂ ਕਰਦਿਆਂ ਹਰ ਵਾਰ ਦੇ ਵਾਂਗ ਇਸ ਵਾਰ ਦੀਆਂ ਸਰਦੀਆਂ ਦੀਆਂ ਪਿੰਨੀਆਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਵਾਈਆਂ ਹਨ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਜੀਂਦ ਕਾਂਡ ’ਤੇ ਚੁੱਪ
23 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਰਾਜੇਸ਼ ਚੰਦਰਨ ਦਾ ਲੇਖ ‘ਜੀਂਦ ਕਾਂਡ: ਚੁੱਪ ਦੀ ਸਾਜ਼ਿਸ਼’ ਪੜ੍ਹ ਕੇ ਧੱਕਾ ਜਿਹਾ ਲੱਗਾ ਕਿ ਜਦੋਂ ਸਿੱਖਿਆ ਦੇਣ ਵਾਲੇ ਅਧਿਆਪਕ ਅਥਵਾ ਰਹਿਨੁਮਾ ਹੀ ਬੱਚਿਆਂ ਦਾ ਸ਼ੋਸ਼ਣ ਕਰਨ ਲੱਗਣ ਤਾਂ ਸਾਡੀ ਸਿੱਖਿਆ, ਨੈਤਿਕਤਾ ਜਾਂ ਸਦਾਚਾਰ ਦਾ ਕੀ ਬਣੇਗਾ? ਇਕ ਅਧਿਆਪਕ ਦੁਆਰਾ ਬੱਚੀਆਂ ਨਾਲ ਬਲਾਤਕਾਰ ਅਤਿ ਨਿੰਦਣਯੋਗ ਤੇ ਗਿਰੀ ਹੋਈ ਹਰਕਤ ਹੈ। ਅਜਿਹੀ ਮਾਨਸਿਕਤਾ ਜਿੱਥੇ ਸਿੱਖਿਆ ਪ੍ਰਣਾਲੀ ਨੂੰ ਕਲੰਕਿਤ ਕਰਦੀ ਹੈ, ਉੱਥੇ ਸਾਡੇ ਭਵਿੱਖ ਅਥਵਾ ਬੱਚਿਆਂ ਦੀ ਵਿਕਸਤ ਹੋ ਰਹੀ ਸੋਚ ਦਾ ਵੀ ਕਤਲ ਕਰਦੀ ਹੈ। ਸੋ, ਇਹ ਵਰਤਾਰਾ ਲਗਾਤਾਰ ਵਧ ਫੁੱਲ ਰਿਹਾ ਹੈ। ਇਕੱਲੇ ਸਕੂਲ ਹੀ ਨਹੀਂ, ਸਗੋਂ ਹਰ ਖੇਤਰ ਵਿਚ ਅਜਿਹੀ ਮਾਨਸਿਕਤਾ ਦਿਨ-ਬਦਿਨ ਫੈਲਦੀ ਜਾ ਰਹੀ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਰਸਮੀ ਸਿੱਖਿਆ ਅਤੇ ਅਸਲੀ ਸਿੱਖਿਆ
‘ਵਿਦਿਆਰਥੀਆਂ ਦੇ ਸਕੂਲ ਸਫ਼ਰ ਨੂੰ ਸਮਝਦਿਆਂ’ (21 ਨਵੰਬਰ) ਵਿਚ ਲੇਖਕ ਅਵਿਜੀਤ ਪਾਠਕ ਨੇ ਸਕੂਲੀ ਸਿੱਖਿਆ ਅਤੇ ਵਿਦਿਆਰਥੀ ਦੀ ਮਾਨਸਿਕਤਾ ਬਾਰੇ ਬਿਲਕੁਲ ਵੱਖਰੇ ਨਜ਼ਰੀਏ ਨਾਲ ਵਿਚਾਰ ਕੀਤਾ ਹੈ। ਇਹ ਗੱਲ ਸਹੀ ਹੈ ਕਿ ਬੰਦ ਕਮਰਿਆਂ ਵਾਲੀ ਰਸਮੀ ਸਿੱਖਿਆ ਅਤੇ ਜ਼ਿੰਦਗੀ ਦੀ ਖੁੱਲ੍ਹੀ ਪਾਠਸ਼ਾਲਾ ਦੀ ਸਿੱਖਿਆ, ਬੱਚਿਆਂ ਲਈ ਇਹ ਦੋ ਬਿਲਕੁਲ ਅਲੱਗ ਤਰ੍ਹਾਂ ਦੀਆਂ ਮਨੋਦਸ਼ਾਵਾਂ ਹੁੰਦੀਆਂ ਹਨ। ਅਮਰੀਕੀ ਵਿਦਵਾਨ ਮਾਰਕ ਟ੍ਰਵੇਨ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਆਪਣੇ ਮੁਕਾਮ ਤਕ ਲਿਆਉਣ ਵਿਚ ਉਨ੍ਹਾਂ ਦੀ ਸਕੂਲੀ ਸਿੱਖਿਆ ਦੀ ਕੋਈ ਭੂਮਿਕਾ ਨਹੀਂ ਹੈ। ਰਵਿੰਦਰਨਾਥ ਟੈਗੋਰ ਨੇ ਸਿੱਖਿਆ ਨੂੰ ਕੁਦਰਤ ਨਾਲ ਅਤੇ ਮਹਾਤਮਾ ਗਾਂਧੀ ਨੇ ਖੇਤੀ ਬਾਗ਼ਬਾਨੀ ਜਿਹੇ ਹੱਥਾਂ-ਪੈਰਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਨਾਲ ਜੋੜਨ ਦੀ ਗੱਲ ਆਖੀ ਸੀ। ਆਜ਼ਾਦੀ ਤੋਂ ਬਾਅਦ ਸਿੱਖਿਆ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵੱਡੇ ਪੱਧਰ ’ਤੇ ਸਰਕਾਰੀ ਸਕੂਲ ਖੋਲ੍ਹੇ ਗਏ, ਜਿਨ੍ਹਾਂ ਸਦਕਾ ਸਿੱਖਿਆ ਪ੍ਰਤੀ ਸਮਾਜ ਵਿਚ ਰੁਝਾਨ ਵਧਿਆ। ਪਰ ਅੱਜ ਦਹਾਕਿਆਂ ਬਾਅਦ ਜਦੋਂ ਅਸੀਂ ਚਾਰੇ ਪਾਸੇ ਅਫ਼ਰਾਤਫ਼ਰੀ, ਹਿੰਸਾ ਦਾ ਮਾਹੌਲ, ਧਰਤੀ ਪੌਣ ਪਾਣੀ ਨੂੰ ਪ੍ਰਦੂਸ਼ਿਤ ਹੁੰਦਿਆਂ ਅਤੇ ਸੱਭਿਆਚਾਰ ਨੂੰ ਅਸੱਭਿਆਚਾਰ ਦਾ ਰੂਪ ਲੈਂਦਿਆਂ ਦੇਖਦੇ ਹਾਂ, ਤਾਂ ਇਕ ਨਿਰਾਸ਼ਾ ਹੀ ਹੱਥ ਲੱਗਦੀ ਹੈ। ਲੇਖਕ ਦੇ ਵਿਚਾਰ ਸਮਝਣ ਤੋਂ ਬਾਅਦ ਇੰਝ ਲੱਗਦਾ ਹੈ ਕਿ ਬੱਚਿਆਂ ਨੂੰ ਸਿੱਖਿਆ ਦੀ ਬੋਰੀਅਤ ਤੋਂ ਬਚਾਉਣ ਲਈ ਸਿੱਖਿਆ ਦੇ ਤੌਰ ਤਰੀਕਿਆਂ ਵਿਚ ਬਦਲਾਅ ਜ਼ਰੂਰੀ ਹੈ।
ਸ਼ੋਭਨਾ ਵਿਜ, ਪਟਿਆਲਾ