ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

06:31 AM Nov 10, 2023 IST

ਆਰਥਿਕ ਵਿਕਾਸ ਦਾ ਕੱਚ-ਸੱਚ

7 ਨਵੰਬਰ ਦੀ ਸੰਪਾਦਕੀ ‘ਦੇਸ਼ ਦੀ ਸਹੀ ਤਸਵੀਰ’ ਵਿਚ ਭਾਜਪਾ ਦੀ ਕੇਂਦਰ ਸਰਕਾਰ ਦਾ ਭਾਰਤ ਦੇ ਅਖੌਤੀ ਆਰਥਿਕ ਵਿਕਾਸ ਵਾਲੇ ਝੂਠ ਦਾ ਪਰਦਾਫਾਸ਼ ਕੀਤਾ ਹੈ। ਕੌਮਾਂਤਰੀ ਭੁੱਖਮਰੀ ਸੂਚਕ ਅੰਕ ਵਿਚ 125 ਦੇਸ਼ਾਂ ਵਿਚੋਂ ਭਾਰਤ ਦਾ 111ਵਾਂ ਸਥਾਨ ਹੋਣ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਦੇ ਕਰੋੜਾਂ ਨਾਗਰਿਕਾਂ ਨੂੰ ਰੋਜ਼ਾਨਾ ਲੋੜੀਂਦਾ ਭੋਜਨ ਵੀ ਨਹੀਂ ਮਿਲ ਰਿਹਾ ਪਰ ਸਰਕਾਰ ਕੌਮਾਂਤਰੀ ਸੰਸਥਾਵਾਂ ਦੇ ਤੱਥ ਅਤੇ ਅੰਕੜੇ ਮੰਨਣ ਤੋਂ ਇਨਕਾਰੀ ਹੈ। ਜੇਕਰ ਇਹ ਅੰਕੜੇ ਗ਼ਲਤ ਹਨ ਤਾਂ ਫਿਰ ਸਰਕਾਰ 80 ਕਰੋੜ ਗ਼ਰੀਬ ਅਤੇ ਪਿਛੜੇ ਲੋਕਾਂ ਨੂੰ ਮੁਫ਼ਤ ਰਾਸ਼ਨ ਯੋਜਨਾ ਤਹਤਿ ਪੰਜ ਕਿਲੋ ਰਾਸ਼ਨ ਮੁਫ਼ਤ ਕਿਉਂ ਦੇ ਰਹੀ ਹੈ? ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਲੁਭਾਉਣ ਲਈ ਇਹ ਯੋਜਨਾ ਅਗਲੇ ਪੰਜ ਸਾਲਾਂ ਲਈ ਕਿਉਂ ਵਧਾਈ ਗਈ ਹੈ? ਕੀ ਹੁਣ ਪ੍ਰਧਾਨ ਮੰਤਰੀ ਨੂੰ ਆਪਣੀ ਇਹ ਮੁਫ਼ਤ ਯੋਜਨਾ ਰਿਉੜੀਆਂ ਵੰਡਣ ਦੀ ਸ਼੍ਰੇਣੀ ਵਿਚ ਨਜ਼ਰ ਨਹੀਂ ਆਉਂਦੀ? ਪ੍ਰਧਾਨ ਮੰਤਰੀ ਅਜੇ ਕਹਿ ਰਹੇ ਹਨ ਕਿ 13 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਉੱਠ ਗਏ ਹਨ। ਦਰਅਸਲ ਸਰਕਾਰ ਦੀਆਂ ਪੂੰਜੀਪਤੀ ਪੱਖੀ ਨੀਤੀਆਂ ਦੀ ਬਦੌਲਤ ਕਾਰਪੋਰੇਟ ਘਰਾਣਿਆਂ ਦੀ ਦੌਲਤ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ; ਦੂਜੇ ਬੰਨੇ ਕਰੋੜਾਂ ਲੋਕ ਦੋ ਵਕਤ ਦੀ ਰੋਟੀ ਨੂੰ ਤਰਸ ਰਹੇ ਹਨ। ਪਿਛਲੇ 9 ਸਾਲਾਂ ਵਿਚ ਅਜਿਹੇ ਕਈ ਵੱਡੇ ਪੂੰਜੀਪਤੀਆਂ ਦੇ 24.94 ਲੱਖ ਕਰੋੜ ਰੁਪਏ ਵੱਟੇ ਖਾਤੇ ਵਿਚ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜ਼ਾਹਿਰ ਹੈ, ਦੇਸ਼ ਦਾ ਆਰਥਿਕ ਵਿਕਾਸ ਸਿਰਫ਼ ਵੱਡੇ ਪੂੰਜੀਪਤੀਆਂ ਦਾ ਹੀ ਹੋਇਆ ਹੈ।
ਦਮਨਜੀਤ ਕੌਰ, ਧੂਰੀ (ਸੰਗਰੂਰ)

Advertisement

ਪਰਵਾਸ ਦਾ ਜਨੂਨ

ਕੁਲਮਿੰਦਰ ਕੌਰ ਦੇ ਮਿਡਲ ‘ਜਨੂਨ’ (8 ਨਵੰਬਰ) ਵਿਚ ਇਕ ਪੰਜਾਬੀ ਜਿਊੜੇ ਦੀ ਪੰਜਾਬ ਅਤੇ ਪੰਜਾਬੀਅਤ ਬਾਰੇ ਫ਼ਿਕਰ ਝਲਕਦੀ ਹੈ। ਪਰਵਾਸ ਦਾ ਮਸਲਾ ਅੱਜ ਖਾਸਕਰ ਪੰਜਾਬ ਲਈ ਖ਼ਤਰਨਾਕ ਰੂਪ ਧਾਰ ਚੁੱਕਾ ਹੈ। ਸਰਕਾਰ ਕੋਲ ਅਜਿਹਾ ਕੋਈ ਅੰਕੜਾ ਮੌਜੂਦ ਨਹੀਂ ਕਿ ਅੱਜ ਤਕ ਕਿੰਨੇ ਕੁ ਪੰਜਾਬੀ ਪੰਜਾਬ ਛੱਡ ਕੇ ਵਿਦੇਸ਼ ਜਾ ਚੁੱਕੇ ਹਨ। ਲੱਗਦਾ ਹੈ ਸਰਕਾਰ ਇਸ ਮਸਲੇ ਬਾਰੇ ਗੰਭੀਰ ਨਹੀਂ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਗੱਲ ਆਪਣੇ ਬੱਚਿਆਂ ਦੇ ਭਵਿੱਖ ਦੀ ਆਉਂਦੀ ਹੈ ਤਾਂ ਹਰ ਕੋਈ ਸਭ ਕੁਝ ਭੁੱਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਤੋਰ ਦਿੰਦਾ ਹੈ। ਇਸ ਮਸਲੇ ਦਾ ਇਕ ਹੱਲ ਇਹ ਵੀ ਹੈ ਕਿ ਸਰਕਾਰਾਂ ਵੱਲ ਦੇਖਣ ਦੀ ਥਾਂ ਖ਼ੁਦ ਸਰਗਰਮ ਹੋਵੋ। ਜਦੋਂ ਬੱਚਾ ਵਿਦੇਸ਼ ਜਾਣ ਲਈ ਆਖੇ ਤਾਂ ਉਸ ਨੂੰ ਸਮਝਾਉ। 16 ਅਕਤੂਬਰ ਦੇ ਮਿਡਲ ‘ਕਿਰਾਏ ’ਤੇ ਜ਼ਿੰਦਗੀ’ (ਜਸਬੀਰ ਢੰਡ) ਦੀ ਕਹਾਣੀ ਆਪਣੀ ਹੱਡਬੀਤੀ ਜਾਪੀ। 10 ਸਾਲ ਪ੍ਰਾਈਵੇਟ ਕੰਪਨੀ ਦੀ ਨੌਕਰੀ ਦੌਰਾਨ ਕਈ ਸ਼ਹਿਰਾਂ ’ਚ ਕਿਰਾਏ ’ਤੇ ਰਹਿਣਾ ਪਿਆ; ਹਮੇਸ਼ਾ ਇਉਂ ਲੱਗਿਆ ਕਿ ਕਿਰਾਏ ’ਤੇ ਆਪਣੇ ਆਤਮ-ਸਨਮਾਨ ਨੂੰ ਤਾਕ ’ਤੇ ਰੱਖ ਕੇ ਹੀ ਰਹਿਣਾ ਪੈਂਦਾ ਹੈ; ਮਹਿਸੂਸ ਕੀਤਾ ਕਿ ਕੁਝ ਮਾੜੇ ਕਿਰਾਏਦਾਰਾਂ ਦੀ ਕਰਨੀ ਚੰਗੇ ਲੋਕਾਂ ਨੂੰ ਵੀ ਭੁਗਤਣੀ ਪੈਂਦੀ ਹੈ।
ਵਿਕਾਸ ਕਪਿਲਾ, ਖੰਨਾ

(2)

8 ਨਵੰਬਰ ਦੇ ਅੰਕ ਵਿਚ ਕੁਲਮਿੰਦਰ ਕੌਰ ਦਾ ਲੇਖ ‘ਜਨੂਨ’ ਪੜ੍ਹਿਆ। ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਨੌਜਵਾਨ ਪੀੜ੍ਹੀ ਉੱਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਬੱਚੇ 10 2 ਕਰਨ ਤੋਂ ਬਾਅਦ ਆਈਲੈਟਸ ਕਰਨ ਨੂੰ ਪਹਿਲ ਦੇ ਰਹੇ ਹਨ। ਮਾਂ-ਬਾਪ ਵੀ ਮਜਬੂਰਨ ਜ਼ਮੀਨ ਵੇਚ ਜਾਂ ਬੈਂਕ ਤੋਂ ਕਰਜ਼ਾ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਫਿਰ ਉੱਥੇ ਦਾ ਰਹਿਣ-ਸਹਿਣ, ਪੜ੍ਹਾਈ, ਕੰਮ ਆਦਿ ਸਖ਼ਤ ਮਿਹਨਤ ਕਰ ਕੇ ਬੱਚਾ ਪੈਸਾ ਕਮਾਉਂਦਾ ਹੈ। ਇੱਥੇ ਮਾਂ-ਬਾਪ ਨੂੰ ਹਰ ਸਮੇਂ ਬੈਂਕ ਕਰਜ਼ੇ ਦੀ ਚਿੰਤਾ ਸਤਾਈ ਜਾਂਦੀ ਹੈ। ਅਸਲ ਵਿਚ ਸਾਡੀਆਂ ਸਰਕਾਰਾਂ ਦੀ ਨੀਤੀ ਚੰਗੀ ਨਹੀਂ, ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈਂਦਾ। ਇਸ ਕਰ ਕੇ ਵਿਦੇਸ਼ ਜਾਣ ਦੀ ਹਨੇਰੀ ਚੱਲ ਰਹੀ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)

Advertisement

ਤਬਦੀਲੀ ਲਈ ਤਾਂਘ

6 ਨਵੰਬਰ ਨੂੰ ਉੱਘੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਬਾਰੇ ਲੇਖ ‘ਸੰਘਰਸ਼ਾਂ ਨੂੰ ਪ੍ਰਨਾਇਆ ਸ਼ਾਇਰ ਸੰਤ ਰਾਮ ਉਦਾਸੀ’ (ਗੁਰਪ੍ਰੀਤ ਰੁੜੇਕੇ) ਪੜ੍ਹਿਆ। ਉਦਾਸੀ ਵਾਲਾ ਦੌਰ ਅਸਲ ਵਿਚ ਸਮਾਜ ਅੰਦਰ ਤਬਦੀਲੀ ਲਿਆਉਣ ਦੀ ਤਾਂਘ ਵਾਲਾ ਸੀ। ਉਦਾਸੀ ਵਰਗੇ ਲੋਕ ਅਵਾਮ ਨਾਲ ਵਧੀਕੀ ਖਿਲਾਫ਼ ਡਟ ਜਾਂਦੇ ਸਨ। ਉਨ੍ਹਾਂ ਦਾ ਸਿਰੜ ਬੇਮਿਸਾਲ ਸੀ। ਅਜਿਹੀਆਂ ਕੁਰਬਾਨੀਆਂ ਤੋਂ ਬਗੈਰ ਸਮਾਜ ਅਕਸਰ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ।
ਜਸਕਰਨ ਸਿੰਘ, ਕਪੂਰਥਲਾ

ਅੱਧਾ ਗਲਾਸ

4 ਨਵੰਬਰ ਨੂੰ ਬਲਦੇਵ ਸਿੰਘ (ਸੜਕਨਾਮਾ) ਦਾ ਲੇਖ ‘ਅਸੀਂ ਅੱਧਾ ਗਲਾਸ ਭਰਿਆ ਨਹੀਂ ਵੇਖਦੇ’ ਪੜ੍ਹ ਕੇ ਮਹਾਤਮਾ ਬੁੱਧ ਦਾ ਕਿਹਾ ਯਾਦ ਆਉਂਦਾ ਹੈ। ਅੱਧਾ ਭਰਿਆ ਗਲਾਸ ਦੇਖ ਕੇ ਸਿਆਣਾ ਆਦਮੀ ਭਰਨ ਵਾਲੇ ਦੇ ਧੰਨਵਾਦ ਵਜੋਂ ਕਹੇਗਾ: ‘ਕਿੰਨਾ ਭਰਿਆ ਹੋਇਆ ਹੈ’ ਅਤੇ ਮੂਰਖ ਇਹ ਜਾਨਣ ਦੀ ਬਜਾਇ ਕਿ ਜੇ ਅੱਧਾ ਵੀ ਨਾ ਹੁੰਦਾ ਤਾਂ ਕੀ ਕਰ ਲੈਂਦਾ, ਅੱਧਾ ਦੇਖ ਕੇ ਕਹੇਗਾ ‘ਕਿੰਨਾ ਖਾਲੀ ਹੈ’? 1992 ਵਿਚ ਅਰਬਪਤੀ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਜਿਸ ਕੋਲ ਦਸ ਲੱਖ ਹੈ (ਅੱਜ ਇਕ ਕਰੋੜ ਸਮਝ ਲਵੋ), ਉਹ ਇਸ ਤੋਂ ਵੱਧ ਲੈ ਕੇ ਕੀ ਕਰੇਗਾ ਕਿਉਂਕਿ ਦਿਨ ਵਿਚ ਤਿੰਨ ਵਾਰ ਤੋਂ ਵੱਧ ਨਾ ਖਾਣਾ ਖਾ ਸਕਦਾ ਅਤੇ ਨਾ ਹੀ ਵਸਤਰ ਬਦਲ ਸਕਦਾ ਹੈ। ਸੜਕਨਾਮਾ ਦੇ ਦੋਸਤ ਅਨੁਸਾਰ ‘ਪੰਜਾਬ ਖਾਲੀ ਹੋ ਰਿਹਾ’ ਕਹਿਣਾ ਸਹੀ ਨਹੀਂ ਕਿਉਂਕਿ ਪੰਜਾਬ ਦੇ ਕਰੋੜ ਲੋਕਾਂ ਦੇ ਰਹਿਣ ਯੋਗ ਜਗ੍ਹਾ ਹੈ, ਜੇ ਇਸ ਤੋਂ ਵੱਧ ਉਹ ਵੀ ਜ਼ਿਆਦਾਤਰ ਤਕੜੇ ਜ਼ਿਮੀਂਦਾਰ ਚਲੇ ਜਾਣਗੇ, ਕੀ ਫ਼ਰਕ ਪੈਂਦਾ ਹੈ, ਬਾਕੀਆਂ ਲਈ ਰੁਜ਼ਗਾਰ ਸਾਧਨ ਵਧਦੇ ਹਨ। ਨਾਲੇ ਬਾਹਰ ਜਾਣ ਦਾ ਕਾਰਨ ਉੱਧਰ ਇਮਾਨਦਾਰੀ, ਅਮਨ- ਕਾਨੂੰਨ ਅਤੇ ਸੁੰਦਰ ਗਲੀਆਂ, ਨਾਲੀਆਂ, ਸੜਕਾਂ ਵੀ ਹਨ। ਪਲੰਬਰ, ਟਾਈਲਾਂ ਲਾਉਣੀਆਂ, ਕਬਾੜ, ਫਲ ਸਬਜ਼ੀਆਂ ਅਤੇ ਮੁਰਗੇ ਮੱਛੀਆਂ ਦੇ ਪਕੌੜਿਆਂ ਦੀਆਂ ਰੇਹੜੀਆਂ ਜੇ ਪਰਵਾਸੀ ਲਗਾ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਅਯੋਗ ਸਰਕਾਰ ਅਤੇ ਪਰਵਾਸ

4 ਨਵੰਬਰ ਦਾ ਸੰਪਾਦਕੀ ‘ਗ਼ੈਰ-ਕਾਨੂੰਨੀ ਪਰਵਾਸ’ ਪੜ੍ਹਿਆ। ਇਸ ਵਿਚ ਵਿਦੇਸ਼ਾਂ ਵਿਚ ਹੋ ਰਹੇ ਗ਼ੈਰ-ਕਾਨੂੰਨੀ ਪਰਵਾਸ ਬਾਰੇ ਚਰਚਾ ਕੀਤੀ ਗਈ ਹੈ। ਵਿਦੇਸ਼ ਜਾਣ ਵਾਲਿਆਂ ਵਿਚ ਵੱਡੀ ਗਿਣਤੀ ਪੰਜਾਬ ਅਤੇ ਗੁਜਰਾਤ ਦੇ ਲੋਕਾਂ ਦੀ ਹੈ। ਇਸ ਦਾ ਮੁੱਖ ਕਾਰਨ ਦੇਸ਼ ਵਿਚਲੀ ਅਯੋਗ ਸਰਕਾਰ ਹੀ ਹੈ।
ਮੁਸ਼ਾਹਿਦ ਅਲੀ, ਈਮੇਲ

ਸਮਾਜ ਦਾ ਪੜਾਅ

ਪਹਿਲੀ ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਨਰਿੰਦਰ ਦਾਭੋਲਕਰ ਬਾਰੇ ਸੁਮੀਤ ਸਿੰਘ ਦਾ ਲੇਖ ‘ਵਿਗਿਆਨਕ ਚੇਤਨਾ ਦੀ ਮਸ਼ਾਲ ਸੀ ਡਾ. ਦਾਭੋਲਕਰ’ ਪੜ੍ਹਿਆ। ਅਜਿਹੀਆਂ ਸ਼ਖ਼ਸੀਅਤਾਂ ਸਮਾਜ ਨੂੰ ਅਗਲੇ ਪੜਾਅ ਉੱਤੇ ਲਜਿਾਣ ਵਾਲੀਆਂ ਹੁੰਦੀਆਂ ਹਨ। ਡਾ. ਨਰਿੰਦਰ ਦਾਭੋਲਕਰ ਦਾ ਜੀਵਨ ਆਪਣੀ ਮਿਸਾਲ ਆਪ ਹੈ।
ਸਤਵੰਤ ਸਿੰਘ, ਹੁਸ਼ਿਆਰਪੁਰ

ਪ੍ਰਦੂਸ਼ਣ ਮੁਕਤ ਦੀਵਾਲੀ

ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਸਮੇਂ ਹੋ ਰਹੇ ਪ੍ਰਦੂਸ਼ਣ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਹਾਂ। ਇਹ ਦਿਹਾੜਾ ਮਨਾਉਣ ਲਈ ਵਾਤਾਵਰਨ ਪਲੀਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਪ੍ਰਦੂਸ਼ਣ ਰਹਤਿ ਦੀਵਾਲੀ ਮਨਾਉਣ ਲਈ ਅਨੇਕਾਂ ਸੁਨੇਹੇ ਸਾਡੇ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਅਸੀਂ ਆਪਣੇ ਆਪ ਨੂੰ ਦੂਸ਼ਤਿ ਵਾਤਾਵਰਨ ਵਿਚ ਧੱਕ ਰਹੇ ਹਾਂ। ਅੱਜ ਲੋੜ ਹੈ ਦੀਵਾਲੀ ਮਨਾਉਣ ਲਈ ਪਟਾਕੇ ਚਲਾਉਣ ਦੀ ਜਗ੍ਹਾ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਚੌਗਿਰਦੇ ਅੰਦਰ ਤੰਦਰੁਸਤ ਵਾਤਾਵਰਨ ਹੋਵੇ।
ਰਵਿੰਦਰ ਸਿੰਘ ‘ਰੇਸ਼ਮ’, ਪਿੰਡ ਨੱਥੂਮਾਜਰਾ (ਮਾਲੇਰਕੋਟਲਾ)

Advertisement