For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:09 AM Nov 03, 2023 IST
ਪਾਠਕਾਂ ਦੇ ਖ਼ਤ
glass of milk
Advertisement

ਚਿੱਟਾ ਜ਼ਹਿਰ

ਪਸ਼ੂ ਪਾਲਣ ਦਾ ਘਟ ਰਿਹਾ ਰੁਝਾਨ ਚਿੱਟੇ ਜ਼ਹਿਰ ਨੂੰ ਜਨਮ ਦੇ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਨ-ਬ-ਦਿਨ ਪਸ਼ੂ ਪਾਲਣ ਘਟਣ ਦੇ ਬਾਵਜੂਦ ਦੁੱਧ ਦਾ ਉਤਪਾਦਨ ਜਿਉਂ ਦਾ ਤਿਉਂ ਹੈ। ਇਹ ਵੀ ਤੱਥ ਹੈ ਕਿ ਆਬਾਦੀ ਦਿਨੋ-ਦਿਨ ਵਧ ਰਹੀ ਹੈ ਪਰ ਕਿਸੇ ਪਾਸੇ ਦੁੱਧ ਦੀ ਕਮੀ ਮਹਿਸੂਸ ਨਹੀਂ ਹੋ ਰਹੀ। ਜਾਪਦਾ ਹੈ, ਦੁੱਧ ਦੀ ਲੋੜ ਪੂਰਾ ਕਰਨ ਲਈ ਲੋਕਾਂ ਨੂੰ ਚਿੱਟਾ ਜ਼ਹਿਰ ਪਰੋਸਿਆ ਜਾ ਰਿਹਾ ਹੈ। ਅੱਜ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਮੁੱਲ ਨਾ ਪੈਣ ਕਾਰਨ ਉਹ ਨਿਰਾਸ਼ਾ ਦੇ ਆਲਮ ’ਚੋਂ ਗੁਜ਼ਰ ਰਹੇ ਹਨ।
ਰਵਿੰਦਰ ਸਿੰਘ ‘ਰੇਸ਼ਮ’, ਪਿੰਡ ਨੱਥੂਮਾਜਰਾ (ਮਾਲੇਰਕੋਟਲਾ)

Advertisement

ਫ਼ਲਸਤੀਨ ਮਸਲਾ ਤੇ ਆਲਮੀ ਸਿਆਸਤ

ਪਹਿਲੀ ਨਵੰਬਰ ਵਾਲੇ ਲੇਖ ‘ਇਜ਼ਰਾਈਲ ਫ਼ਲਸਤੀਨ ਮਸਲਾ ਤੇ ਆਲਮੀ ਸਿਆਸਤ’ ਵਿਚ ਪ੍ਰੋ. ਪ੍ਰੀਤਮ ਸਿੰਘ ਨੇ ਹੋ ਰਹੀ ਤਬਾਹਕੁਨ ਜੰਗ ਦੇ ਪਿਛੋਕੜ, ਵਰਤਮਾਨ ਹਾਲਤ ਅਤੇ ਭਵਿੱਖ ਦੇ ਮਾੜੇ ਨਤੀਜਿਆਂ ਬਾਰੇ ਵਿਸ਼ਲੇਸ਼ਣ ਕੀਤਾ ਹੈ। ਇਸ ਜੰਗ ਦਾ ਮਾਰੂ ਅਸਰ ਰੂਸ-ਯੂਕਰੇਨ ਲੜਾਈ ਤੋਂ ਵੀ ਬੁਰਾ ਹੋਵੇਗਾ। ਯੂਐਨਓ ਤੁਰੰਤ ਸਾਰਥਿਕ ਫ਼ੈਸਲੇ ਅਤੇ ਯੋਗ ਕਾਰਵਾਈ ਕਰ ਕੇ ਇਹ ਜੰਗ ਬੰਦ ਕਰਵਾਏ।
ਬਲਵਿੰਦਰ ਗਿੱਲ, ਈਮੇਲ

ਸਾਕਾ ਪੰਜਾ ਸਾਹਿਬ ਦੇ ਸ਼ਹੀਦ

ਪਹਿਲੀ ਨਵੰਬਰ ਦੇ ਵਿਰਾਸਤ ਅੰਕ ’ਚ ਸੁਖਵਿੰਦਰ ਸਿੰਘ ਮੁੱਲਾਂਪੁਰ ਦੇ ਲੇਖ ‘ਪੰਜਾ ਸਾਹਿਬ ਦਾ ਸ਼ਹੀਦੀ ਸਾਕਾ’ ’ਚ ਸ਼ਹੀਦ ਹੋਏ 13 ਸਿੰਘ ਦੱਸੇ ਗਏ ਹਨ। ਦਰਅਸਲ, ਇਸ ਸਾਕੇ ਵਿਚ ਕੇਵਲ ਦੋ ਸਿੰਘ, ਪ੍ਰਤਾਪ ਸਿੰਘ ਅਤੇ ਕਰਮ ਸਿੰਘ ਸ਼ਹੀਦ ਹੋਏ ਸਨ; ਕੋਈ ਅੱਧੀ ਦਰਜਨ ਅੰਗਹੀਣ ਹੋ ਗਏ ਸਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)

ਪਾਣੀਆਂ ਦੇ ਮਸਲੇ

30 ਅਕਤੂਬਰ ਦੇ ਸੰਪਾਦਕੀ ਵਿਚ ਪੰਜਾਬ ਦੇ ਪਾਣੀਆਂ ਦੀ ਸਥਤਿੀ ਬਾਰੇ ਲਿਖਿਆ ਹੈ। ਠੀਕ ਹੀ, ਇਹ ਮਸਲਾ ਧਿਆਨ ਦੀ ਮੰਗ ਕਰਦਾ ਹੈ। ਪਰਾਲੀ ਸਾੜਨ ਦਾ ਬਹੁਤ ਰੌਲਾ ਪਾਇਆ ਜਾਂਦਾ ਹੈ ਪਰ ਕਿਸਾਨ ਕਹਿੰਦੇ ਹਨ ਕਿ ਸਮੱਸਿਆ ਪਰਾਲੀ ਨਹੀਂ ਸਗੋਂ ਝੋਨਾ ਹੈ; ਉਨ੍ਹਾਂ ਨੂੰ ਹੋਰ ਜਿਨਸਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਗਰੰਟੀ ਦਿਉ, ਉਹ ਝੋਨਾ ਬੀਜਣਾ ਬੰਦ ਕਰ ਦੇਣਗੇ। ਅਪਰੈਲ 2022 ਵਿਚ ਪੰਜਾਬ ਸਰਕਾਰ ਨੇ ਮੂੰਗੀ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ’ਤੇ ਕਰਨ ਦਾ ਐਲਾਨ ਕੀਤਾ ਪਰ ਜ਼ਮੀਨੀ ਤੌਰ ’ਤੇ ਇਸ ਨੂੰ ਲਾਗੂ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਈ। ਇਸ ਵਾਰ ਮੱਕੀ ਤੇ ਮੂੰਗੀ ਦੀ ਫ਼ਸਲ ਮੰਡੀਆਂ ਵਿਚ ਅੱਧੋ-ਅੱਧ ਮੁੱਲ ’ਤੇ ਵਿਕੀ ਅਤੇ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਦਾ ਐਲਾਨ ਹੀ ਨਹੀਂ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਇਸ ਸਬੰਧੀ ਖੇਤੀਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਵੀ ਕੀਤੀ ਪਰ ਕੋਈ ਹੱਲ ਨਹੀਂ ਹੋਇਆ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਖੇਤਾਂ ਤਕ ਪਹੁੰਚਾਉਣ ਲਈ ਕੁਝ ਕਦਮ ਚੁੱਕੇ ਹਨ ਪਰ ਇਸ ਪਾਸੇ ਵੱਡੇ ਯਤਨ ਜੁਟਾਉਣ ਦੀ ਲੋੜ ਹੈ। ਮੀਂਹ ਵਾਲੇ ਪਾਣੀ ਦੀ ਠੀਕ ਸੰਭਾਲ, ਅਜਾਈਂ ਜਾ ਰਹੇ ਦਰਿਆਈ ਪਾਣੀਆਂ ਦੀ ਵਰਤੋਂ ਅਤੇ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਅਜਿਹੇ ਨੁਕਤੇ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਪੰਜਾਬ ਨੂੰ ਇਸ ਭਿਆਨਕ ਸਥਤਿੀ ਵਿਚੋਂ ਕੱਢਿਆ ਜਾ ਸਕਦਾ ਹੈ। ਜੇਕਰ ਸਰਕਾਰ ਬਦਲਵੀਆਂ ਫ਼ਸਲਾਂ ਦੀ ਵਾਜਬਿ ਭਾਅ ’ਤੇ ਖਰੀਦ ਕਰਨੀ ਯਕੀਨੀ ਬਣਾਵੇ ਤਾਂ ਕਿਸਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਝੋਨਾ ਲਾਉਣਾ ਹੀ ਬੰਦ ਕਰ ਦੇਣਗੇ।
ਅੰਗਰੇਜ਼ ਸਿੰਘ, ਮੁਹਾਲੀ

ਸਰਵਣ ਪੁੱਤ

28 ਅਕਤੂਬਰ ਨੂੰ ਪੰਨਾ 10 ਉੱਪਰ ਖ਼ਬਰ ਲੱਗੀ ਹੈ ਕਿ ਲੜਕੀ ਆਪਣੇ ਜ਼ਖ਼ਮੀ ਪਤਿਾ ਲਈ 35 ਕਿਲੋਮੀਟਰ ਰੇੜ੍ਹੀ ਖਿੱਚ ਕੇ ਹਸਪਤਾਲ ਲੈ ਕੇ ਜਾਂਦੀ ਹੈ। ਉਸ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਧੰਨਵਾਦ ਉਨ੍ਹਾਂ ਦਾ ਜੋ ਉਸ ਦੇ ਮਦਦਗਾਰ ਬਣੇ। ਸਮਾਜ ਲਈ ਇਹ ਸਾਰਥਿਕ ਸੁਨੇਹਾ ਹੈ।
ਪਟਵਾਰੀ ਗੁਰਮੇਲ ਸਿੰਘ, ਡਾਲਾ (ਮੋਗਾ)

ਨਿਮੋਲੀ ਦੀ ਮਿਠਾਸ

27 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਜਿੈ ਕੁਮਾਰ ਦਾ ਲੇਖ ‘ਨਿਮੋਲੀ ਦੀ ਮਿਠਾਸ’ ਪੜ੍ਹਿਆ। ਅਸਲ ਵਿਚ ਜਾਗਦੀ ਜ਼ਮੀਰ ਵਾਲੇ ਇਨਸਾਨ ਦੀ ਜ਼ੁਬਾਨ ਵਿਚ ਤਲਖ਼ੀ ਦਾ ਹੋਣਾ ਸੁਭਾਵਿਕ ਹੈ ਕਿਉਂਕਿ ਉਹ ਮਿਲੇ ਕੰਮ ਵਿਚ ਨਾ ਤਾਂ ਆਪ ਕੁਤਾਹੀ ਵਰਤਦਾ ਹੈ ਅਤੇ ਨਾ ਹੀ ਉਹ ਇਹ ਦੇਖ ਸਕਦਾ ਹੈ ਕਿ ਕੋਈ ਆਪਣੀ ਡਿਊਟੀ ਨਿਭਾਉਣ ਪ੍ਰਤੀ ਅਵਸੇਲਾ ਹੋਵੇ। ਸੋ ਅਸੀਂ ਸਾਰੇ ਜਿੱਥੇ ਵੀ, ਜਿਹੜੀ ਵੀ ਥਾਂ ਕੰਮ ਕਰਦੇ ਹਾਂ, ਉਸ ਨੂੰ ਪੂਰੀ ਇਮਾਨਦਾਰੀ, ਸੱਚੇ ਮਨ ਨਾਲ ਅਤੇ ਸੁਹਿਰਦਤਾ ਨਾਲ ਕਰੀਏ ਤਾਂ ਕਿ ਰਕਸ਼ਾ ਦੇਵੀ ਵਰਗੀ ਸ਼ਖ਼ਸੀਅਤ ਦੀ ਝਲਕ ਸਾਰਿਆਂ ਵਿਚ ਨਜ਼ਰ ਆਵੇ ਅਤੇ ਸਾਡੇ ਸੁਭਾਅ ਦਾ ਹਿੱਸਾ ਬਣੇ।
ਲਾਭ ਸਿੰਘ ਸ਼ੇਰਗਿੱਲ, ਬਡਰੁੱਖਾਂ (ਸੰਗਰੂਰ)

ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ

25 ਅਕਤੂਬਰ ਨੂੰ ਬੱਬਰ ਅਕਾਲੀ ਦਲ ਧੰਨਾ ਸਿੰਘ ਬਹਬਿਲਪੁਰ ਬਾਰੇ ਸੀਤਾ ਰਾਮ ਬਾਂਸਲ ਦਾ ਲੇਖ ਪੜ੍ਹਿਆ। ਇਸ ਵਿਚ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ਦੇ ਨਾਲ ਨਾਲ ਉਸ ਦੌਰ ਬਾਰੇ ਵੀ ਜਾਣਕਾਰੀ ਮਿਲਦੀ ਹੈ। ਧੰਨਾ ਸਿੰਘ ਬੱਬਰ ਦੀ ਸ਼ਹੀਦੀ ਲਾਮਿਸਾਲ ਹੈ ਲੋਕਾਂ ਨੂੰ ਅੱਜ ਤੱਕ ਪ੍ਰੇਰ ਰਹੀ ਹੈ।
ਜਸਵੰਤ ਕੌਰ, ਹੁਸ਼ਿਆਰਪੁਰ

ਲਾਰੇ ਲਾਉਣ ਦੀ ਸਿਆਸਤ

ਪ੍ਰਧਾਨ ਮੰਤਰੀ ਦਾ ਬਿਆਨ ਕਿ ਲਾਰੇ ਲਾਉਣ ਦੀ ਰਾਜਨੀਤੀ ਵਿਕਾਸ ਯਾਤਰਾ ਵਿਚ ਸਭ ਤੋਂ ਵੱਡਾ ਅੜਿੱਕਾ ਹੈ ਤਾਂ ਉਹ ਆਪ ਦੱਸਣ ਕਿ ਲੋਕ ਸਭਾ ਚੋਣਾਂ ਮੌਕੇ ਲਾਏ ਲਾਰੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਨਾਗਰਿਕ ਨੂੰ 15 ਲੱਖ ਰੁਪਏ ਦਿੱਤੇ ਜਾਣਗੇ, ਵਿਦੇਸ਼ੀ ਬੈਂਕਾਂ ਤੋਂ ਸਾਰਾ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ, ਨਾਲੋਂ ਵੱਡੇ ਲਾਰੇ ਕੀ ਹੋ ਸਕਦੇ ਹਨ ? ਇਨ੍ਹਾਂ ਮਸਲਿਆਂ ’ਤੇ ਉਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

Advertisement
Author Image

joginder kumar

View all posts

Advertisement
Advertisement
×