ਪਾਠਕਾਂ ਦੇ ਖ਼ਤ
ਭਲੇ ਦਿਨਾਂ ਦੀ ਭਾਲ
26 ਅਕਤੂਬਰ ਨੂੰ ਨਜ਼ਰੀਆ ਸਫ਼ੇ ’ਤੇ ਬਲਵਿੰਦਰ ਸਿੰਘ ਭੁੱਲਰ ਦਾ ਲੇਖ ‘ਤਿਲਕੂ ਦੀ ਕੁਲਫ਼ੀ’ ਪੜ੍ਹਿਆ। ਵਾਕਈ ਬਚਪਨ ਯਾਦ ਆ ਗਿਆ; ਇਹ ਗੱਲ ਬਿਲਕੁੱਲ ਸਹੀ ਹੈ ਕਿ ਭਲੇ ਦਿਨ ਤਾਂ ਚਲੇ ਗਏ। ਹੁਣ ਤਾਂ ਖੈਰ ਮੰਗਦੇ ਹਾਂ ਕਿ ਅੱਜ ਵਰਗੇ ਦਿਨਾਂ ਤੋਂ ਭੈੜੇ ਦਿਨ ਨਾ ਆਉਣ।
ਹਰਜਿੰਦਰ ਛਿੰਦਾ, ਪਿੰਡ ਨਥਾਣਾ (ਬਠਿੰਡਾ)
ਖੇਡਾਂ ਦੀ ਮੇਜ਼ਬਾਨੀ
25 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਟੀਐੱਨ ਨੈਨਾਨ ਦੇ ਲੇਖ ‘ਮੁਲਕਾਂ ਦੀ ਤਰੱਕੀ ਤੇ ਖੇਡ ਮੇਜ਼ਬਾਨੀਆਂ’ ਵਿਚ ਬਹੁਤ ਅਹਿਮ ਮੁੱਦਾ ਉਠਾਇਆ ਗਿਆ ਹੈ। ਯਕੀਨਨ, ਓਲੰਪਿਕ ਵਰਗੀਆਂ ਵੱਡੀਆਂ ਖੇਡਾਂ ਦੀ ਮੇਜ਼ਬਾਨੀ ਦਾ ਸਬੰਧਿਤ ਮੁਲਕ ਨੂੰ ਬਹੁਤ ਫਾਇਦਾ ਪੁੱਜਦਾ ਹੈ ਪਰ ਅਸਲ ਮਸਲਾ ਤਾਂ ਹਾਸਲ ਕੀਤੇ ਫਾਇਦੇ ਨੂੰ ਭਵਿੱਖ ਵਿਚ ਬਰਕਰਾਰ ਰੱਖਣ ਦਾ ਹੈ। ਖੇਡਾਂ ਅਤੇ ਖੇਡ ਪ੍ਰਬੰਧਾਂ ਦੇ ਮਾਮਲੇ ਵਿਚ ਭਾਰਤ ਅੰਦਰ ਜਿਸ ਤਰ੍ਹਾਂ ਦੀ ਸਿਆਸਤ ਹੈ, ਉਸ ਤੋਂ ਬਹੁਤੀ ਆਸ ਨਹੀਂ ਕਿ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਬਾਵਜੂਦ ਮੁਲਕ ਕੋਈ ਖਾਸ ਮੁਕਾਮ ਹਾਸਲ ਕਰ ਸਕੇਗਾ। ਏਸਿ਼ਆਈ ਅਤੇ ਰਾਸ਼ਟਰ ਮੰਡਲ ਖੇਡਾਂ ਦਾ ਤਜਰਬਾ ਇਹੀ ਸੱਚ ਬਿਆਨ ਕਰਦਾ ਹੈ। ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਕੇ ਅਗਾਂਹ ਵਧਣ ਦੀ ਲੋੜ ਹੈ।
ਨਵਨੀਤ ਕੌਸ਼ਲ, ਲੁਧਿਆਣਾ
ਵਧਦੀ ਅਸਹਿਣਸ਼ੀਲਤਾ
21 ਅਕਤੂਬਰ ਨੂੰ ਸੰਪਾਦਕੀ ‘ਵਧ ਰਹੀ ਅਸਹਿਣਸ਼ੀਲਤਾ’ ਪੜ੍ਹਿਆ। ਇਸ ਵਿਚ ਅੱਜ ਦੇ ਸਮੇਂ ਦੌਰਾਨ ਵਧ ਰਹੀ ਅਸਹਿਣਸ਼ੀਲਤਾ ਬਾਰੇ ਟਿੱਪਣੀ ਹੈ। ਇਹ ਅਸਹਿਣਸ਼ੀਲਤਾ ਪੱਤਰਕਾਰੀ ਦੇ ਕਿੱਤੇ ਲਈ ਖ਼ਤਰਨਾਕ ਹੈ। ਸਿੱਖਿਆ ਅਤੇ ਹੋਰ ਖੇਤਰਾਂ ਦੇ ਅਦਾਰਿਆਂ ਨੂੰ ਅਜਿਹੀ ਅਸਹਿਣਸ਼ੀਲਤਾ ਤੋਂ ਬਚਣ ਦੀ ਬਹੁਤ ਜਿ਼ਆਦਾ ਜ਼ਰੂਰਤ ਹੈ।
ਜਸ਼ਨਦੀਪ ਕੌਰ, ਈਮੇਲ
‘ਵੱਡੇ ਕੰਮ’
20 ਅਕਤੂਬਰ ਦੇ ਅੰਕ ਅੰਦਰ ਤਸਵੀਰ ਸਮੇਤ ਇਹ ਖ਼ਬਰ ਛਪੀ ਹੈ ਕਿ ‘ਗਡਕਰੀ ਵੱਲੋਂ ਦੇਸ਼ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਦਾ ਉਦਘਾਟਨ’। ਇੱਥੇ ਹੀ ਡੱਬੀ ਅੰਦਰ ਇਹ ਵੀ ਛਪਿਆ ਹੈ ਕਿ ਇਸ ਝੰਡੇ ’ਤੇ 3.70 ਕਰੋੜ ਰੁਪਏ ਖਰਚ ਆਏ ਹਨ। ਅਸਲ ਵਿਚ ਜਦੋਂ ਤੋਂ ਦੇਸ਼ ਦੀ ਸੱਤਾ ਭਾਜਪਾ ਦੇ ਹੱਥ ਆਈ ਹੈ, ਉਹ ਅਜਿਹੇ ‘ਵੱਡੇ ਕੰਮ’ ਹੀ ਕਰ ਰਹੀ ਹੈ। ਗੁਆਂਢੀ ਸੂਬੇ ਹਰਿਆਣਾ ਦੇ ਕਸਬਾ ਲਾਡਵਾ ਵਿਚ ਇਕ ਦੇਵਤੇ ਦਾ ਸਭ ਤੋਂ ਉੱਚਾ ਬੁੱਤ ਲਾ ਦਿੱਤਾ ਹੈ। ਇਵੇਂ ਹੀ ਗੁਜਰਾਤ ’ਚ ਸਰਦਾਰ ਪਟੇਲ ਦਾ ਸਭ ਤੋਂ ਉੱਚਾ ਬੁੱਤ ਲਾਇਆ ਗਿਆ ਹੈ। ਕੀ ਅਜਿਹੇ ਪ੍ਰਾਜੈਕਟਾਂ ਦੀ ਥਾਂ ਕਰੋੜਾਂ ਰੁਪਏ ਉਨ੍ਹਾਂ ਪ੍ਰਾਜੈਕਟਾਂ ’ਤੇ ਨਹੀਂ ਲਾਉਣੇ ਚਾਹੀਦੇ ਜਨਿ੍ਹਾਂ ਦਾ ਫਾਇਦਾ ਆਮ ਲੋਕਾਂ ਨੂੰ ਹੋਵੇ?
ਕਾਮਰੇਡ ਗੁਰਨਾਮ ਸਿੰਘ, ਰੂਪਨਗਰ
ਜੰਗ ਦੇ ਸਿੱਟੇ
ਸੰਪਾਦਕੀ ‘ਜਾਬਰਾਨਾ ਹਮਲਾ’ (19 ਅਕਤੂਬਰ) ਵਿਚ ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਹੋ ਰਹੀ ਜੰਗ ਬਾਰੇ ਦੱਸਿਆ ਗਿਆ ਹੈ। ਇਸ ਜੰਗ ਦੇ ਬਹੁਤ ਬੁਰੇ ਸਿੱਟੇ ਨਿਕਲੇ ਹਨ। ਇਜ਼ਰਾਈਲੀ ਫ਼ੌਜ ਹਮਲੇ ਕਰ ਕਰ ਕੇ ਫ਼ਲਸਤੀਨੀਆਂ ਦੀ ਜਾਨ ਲੈ ਰਹੀ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਲੋਕਾਂ ਅੰਦਰ ਹਮਦਰਦੀ ਵਾਲੀ ਕੋਈ ਭਾਵਨਾ ਹੀ ਨਾ ਬਚੀ ਹੋਵੇ।
ਰਾਵੀਆ, ਈਮੇਲ
ਸਖ਼ਤੀ ਜ਼ਰੂਰੀ
19 ਅਕਤੂਬਰ ਦੇ ਅੰਕ ਵਿਚ ਨਜ਼ਰੀਆ ਪੰਨੇ ਉੱਤੇ ਛਪੇ ਮਿਡਲ ‘ਮਾਸੜ ਦੀਆਂ ਝਿੜਕਾਂ’ (ਅਰਸ਼ਦੀਪ ਅਰਸ਼ੀ) ਵਿਚ ਲੇਖਕ ਨੇ ਆਪਣੇ ਮਾਸੜ ਦੇ ਸਖ਼ਤ ਸੁਭਾਅ ਬਾਰੇ ਦੱਸਿਆ ਹੈ ਜਿਸ ਕਾਰਨ ਪਰਿਵਾਰ ਦਾ ਹਰ ਬੱਚਾ ਸਹੀ ਅਰਥਾਂ ਵਿਚ ਬੰਦਾ ਬਣਿਆ ਹੈ। ਸਮੇਂ ਮੁਤਾਬਿਕ ਅਜਿਹੀ ਸਖ਼ਤੀ ਜ਼ਰੂਰੀ ਵੀ ਹੈ ਤਾਂ ਜੋ ਸਾਡੇ ਅੰਦਰ ਮਾੜੀਆਂ ਆਦਤਾਂ ਦੀ ਕੋਈ ਜਗ੍ਹਾ ਨਾ ਰਹੇ।
ਆਇਸ਼ਾ, ਈਮੇਲ
ਟੇਢਾ ਰਾਹ
18 ਅਕਤੂਬਰ ਨੂੰ ਪਾਲੀ ਰਾਮ ਬਾਂਸਲ ਦਾ ਮਿਡਲ ‘ਤਗ਼ਮਾ’ ਪੜ੍ਹਿਆ। ਇਹ ਰਚਨਾ ਉਨ੍ਹਾਂ ਨੇ ਨੌਕਰੀ ਦੌਰਾਨ ਹਾਸਲ ਤਜਰਬੇ ਦੇ ਆਧਾਰ ’ਤੇ ਲਿਖੀ ਹੈ। ਜੀਵਨ ਦਾ ਸੱਚ ਇਹ ਵੀ ਹੈ ਕਿ ਤਗ਼ਮਿਆਂ ਦੀ ਚਾਹਤ ਇਨਸਾਨ ਨੂੰ ਕਿਰਦਾਰ ਪੱਖੋਂ ਖੋਖਲਾ ਬਣਾ ਦਿੰਦੀ ਹੈ। ਬਹੁਤ ਘੱਟ ਲੋਕ ਹਨ ਜੋ ਇਮਾਨਦਾਰੀ ਸਦਕਾ ਆਪਣੇ ਆਪ ਨੂੰ ਚਮਕਾਉਣ ਵਿਚ ਕਾਮਯਾਬ ਹੁੰਦੇ ਹਨ। ਇਹ ਰਾਹ ਬਹੁਤ ਟੇਢਾ ਹੈ ਪਰ ਸਕੂਨ ਸਿਰਫ਼ ਇਸ ਰਾਹ ’ਤੇ ਚੱਲ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ।
ਜੀਤ ਹਰਜੀਤ, ਸੰਗਰੂਰ
ਕਿੱਤੇ ਨੂੰ ਸਮਰਪਿਤ
13 ਅਕਤੂਬਰ ਦਾ ਮਿਡਲ ‘ਪ੍ਰਿੰਸੀਪਲ ਦੀਆਂ ਬਾਤਾਂ…’ (ਰਣਜੀਤ ਲਹਿਰਾ) ਦਿਲ ਨੂੰ ਧੂਹ ਪਾਉਣ ਵਾਲਾ ਹੈ। ਅਜਿਹੇ ਦੇਵਤੇ, ਕਿੱਤੇ ਨੂੰ ਸਮਰਪਿਤ ਲੋਕ ਅੱਜ ਬਹੁਤ ਜ਼ਿਆਦਾ ਘਟ ਗਏ ਹਨ। ਕਾਮਰੇਡ ਬਨਾਮ ਸਿੱਖ ਬਣਾਉਣ ਵਾਲੇ ਨਾ ਕਾਮਰੇਡ ਹਨ ਨਾ ਸਿੱਖ ਬਲਕਿ ਆਪਣੇ ਲਾਲਚ ਵਿਚ ਬਿੱਲੇ ਲਾਈ ਰੱਖਦੇ ਹਨ। ਜਦੋਂ ਪ੍ਰਿੰਸੀਪਲ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਘਿਰਾਓ ਕੀਤਾ ਹੋਇਆ ਹੈ, ਉਹ ਸੱਚ ਹੀ ਸੀ; ਉਹ ਮਾਨਸਿਕ ਅਵਸਥਾ ਸੀ ਪ੍ਰਿੰਸੀਪਲ ਸਾਹਿਬ ਦੀ ਕਿਉਂ ਜੋ ਉਹ ਚੰਗੇ ਬੱਚਿਆਂ ਦੇ ਨੁਕਸਾਨ ਨਾ ਕਰਨ ਦੀ ਮਾਨਸਿਕਤਾ ਨਾਲ ਘਿਰੇ ਹੋਏ ਸਨ। ਕਿੰਨਾ ਚੰਗਾ ਹੋਵੇ ਜੇ ਸਾਡੀਆਂ ਸੰਸਥਾਵਾਂ ਦੇ ਮੁਖੀ ਜਰਨੈਲ ਸਿੰਘ ਵਰਗੇ ਬਣਨ ਅਤੇ ਵਿਰੋਧੀ ਵਿਚਾਰਾਂ ਨੂੰ ਭਿੜਨ ਤੇ ਨਿਖਰਨ ਦਾ ਮੌਕਾ ਦੇਣ।
ਪਿਆਰਾ ਲਾਲ ਗਰਗ, ਚੰਡੀਗੜ੍ਹ
ਹਾਅ ਦਾ ਨਾਅਰਾ
19 ਅਕਤੂਬਰ ਦਾ ਸੰਪਾਦਕੀ ‘ਜਾਬਰਾਨਾ ਹਮਲਾ’ ਪੜ੍ਹਿਆ। ਇਸ ਵਿਚ ਇਜ਼ਰਾਈਲ ਦੇ ਦਹਿਸ਼ਤੀ ਹਮਲੇ ਵਿਚ ਮਾਰੇ ਗਏ ਫ਼ਲਸਤੀਨੀ ਬੱਚਿਆਂ, ਔਰਤਾਂ ਅਤੇ ਮਰੀਜ਼ਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ; ਨਹੀਂ ਤਾਂ ਹੁਣ ਹਾਲ ਇਹ ਹੈ ਕਿ ਕਾਰਪੋਰੇਟ ਗੋਦੀ ਮੀਡੀਆ ਤਾਂ ਅੱਖਾਂ ਮੀਟ ਕੇ ਇਜ਼ਰਾਈਲ ਦੇ ਪੱਖ ਵਿਚ ਭੁਗਤ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਤਾਂ ਨੇਤਨਯਾਹੂ ਨਾਲ ਆਪਣੀ ਯਾਰੀ ਪੁਗਾਉਂਦੇ ਹੋਏ ਅਗਲੇ ਦਿਨ ਹੀ ਬਿਆਨ ਜਾਰੀ ਕਰ ਦਿੱਤਾ ਸੀ ਕਿ ਭਾਰਤ ਇਜ਼ਰਾਈਲ ਨਾਲ ਖੜ੍ਹਾ ਹੈ। ਇਹ ਗੱਲ ਵੱਖਰੀ ਹੈ ਕਿ ਅਰਬ ਦੇਸ਼ਾਂ ਅਤੇ ਭਾਰਤ ਦੀ ਵਿਰੋਧੀ ਧਿਰ ਦੇ ਦਬਾਅ ਕਰ ਕੇ ਭਾਰਤ ਸਰਕਾਰ ਨੂੰ ਦੋ ਹਫ਼ਤੇ ਬਾਅਦ ਪੀੜਤ ਫ਼ਲਸਤੀਨੀਆਂ ਦੀ ਮਦਦ ਲਈ ਅਨਾਜ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਭੇਜ ਕੇ ਆਪਣੀ ਕੌਮਾਂਤਰੀ ਸਾਖ ਬਚਾਉਣੀ ਪਈ ਹੈ। ਹਮਾਸ ਦਾ ਇਜ਼ਰਾਈਲ ਦੇ ਸਿਵਲ ਲੋਕਾਂ ਉੱਤੇ ਦਹਿਸ਼ਤੀ ਹਮਲਾ ਗ਼ਲਤ ਹੈ ਪਰ ਇਸ ਦੇ ਨਾਲ ਹੀ ਇਹ ਤੱਥ ਵੀ ਤਾਂ ਸਮਝਣ ਦੀ ਲੋੜ ਹੈ ਕਿ ਇਜ਼ਰਾਈਲ ਦੀ ਫ਼ੌਜ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਦੇ ਨਿਰਦੋਸ਼ ਫ਼ਲਸਤੀਨੀਆਂ ਉੱਤੇ ਇਸ ਤਰ੍ਹਾਂ ਦੇ ਕਈ ਦਹਿਸ਼ਤੀ ਹਮਲੇ ਕਈ ਦਹਾਕਿਆਂ ਤੋਂ ਕਰ ਰਹੀ ਹੈ। ਹੁਣ ਵੀ ਇਜ਼ਰਾਈਲ ਨੇ ਬਦਲੇ ਦੀ ਅੰਨ੍ਹੇਵਾਹ ਕਾਰਵਾਈ ਕਰਦਿਆਂ ਰਿਹਾਇਸ਼ੀ ਥਾਵਾਂ ਅਤੇ ਹਸਪਤਾਲਾਂ ਉੱਤੇ ਲਗਾਤਾਰ ਬੰਬ ਸੁੱਟ ਕੇ ਹਜ਼ਾਰਾਂ ਫ਼ਲਸਤੀਨੀ ਬੱਚਿਆਂ, ਔਰਤਾਂ, ਮਰੀਜ਼ਾਂ ਨੂੰ ਕਤਲ ਕੀਤਾ ਹੈ। ਇਹ ਬੇਹੱਦ ਅਣਮਨੁੱਖੀ ਕਾਰਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ