For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

09:02 AM Oct 20, 2023 IST
ਪਾਠਕਾਂ ਦੇ ਖ਼ਤ
Advertisement

ਅਉਲੇ ਦਾ ਖਾਧਾ
19 ਅਕਤੂਬਰ ਨੂੰ ਅਰਸ਼ਦੀਪ ਅਰਸ਼ੀ ਦਾ ਮਿਡਲ ‘ਮਾਸੜ ਦੀਆਂ ਝਿੜਕਾਂ’ ਪੜ੍ਹ ਕੇ ਇਹ ਕਹਾਵਤ ਯਾਦ ਆ ਗਈ ਕਿ ‘ਅਉਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ’ ਮਗਰੋਂ ਪਤਾ ਲੱਗਦਾ। ਵੱਡਿਆਂ ਦੀਆਂ ਆਖੀਆਂ/ਕੀਤੀਆਂ ਗੱਲਾਂ ਬਹੁਤ ਵਾਰ ਬੱਚਿਆਂ ਦੇ ਗੇੜ ਵਿਚ ਨਹੀਂ ਆਉਂਦੀਆਂ ਪਰ ਵਕਤ ਪਾ ਕੇ ਉਹੀ ਗੱਲਾਂ ਜਾਂ ਟੋਕਾ-ਟੋਕੀ ਸਬਕ ਬਣ ਜਾਂਦੀਆਂ ਹਨ।
ਜਸਵੰਤ ਸਿੰਘ ਸੋਢੀ, ਹੁਸਿ਼ਆਰਪੁਰ

Advertisement


ਏਕੇ ਦਾ ਸੱਦਾ
19 ਅਕਤੂਬਰ ਨੂੰ ਪਹਿਲੇ ਸਫ਼ੇ ’ਤੇ ਕਿਸਾਨ ਜਥੇਬੰਦੀਆਂ ਦੇ ਏਕੇ ਦੇ ਸੱਦੇ ਵਾਲੀ ਖ਼ਬਰ ਪੜ੍ਹੀ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਸਾਂਝਾ ਘੋਲ ਆਪਣੀ ਮਿਸਾਲ ਹੈ ਪਰ ਹਕੀਕਤ ਇਹ ਹੈ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਇਹ ਅੰਦੋਲਨ ਹੋਰ ਕੁਝ ਖ਼ਾਸ ਹਾਸਲ ਨਹੀਂ ਕਰ ਸਕਿਆ। ਇਸ ਲਈ ਫ਼ਸਲਾਂ ਦੇ ਸਰਕਾਰੀ ਭਾਅ, ਫ਼ਸਲ ਖਰੀਦ ਦੀ ਗਰੰਟੀ ਅਤੇ ਅਜਿਹੇ ਹੋਰ ਮਸਲਿਆਂ ਲਈ ਏਕਾ ਹੋਣਾ ਚਾਹੀਦਾ ਹੈ।
ਕਸ਼ਮੀਰ ਸਿੰਘ, ਅੰਮ੍ਰਿਤਸਰ


ਮਿਸਾਲੀ ਪ੍ਰਿੰਸੀਪਲ
‘ਪ੍ਰਿੰਸੀਪਲ ਦੀਆਂ ਬਾਤਾਂ’ (13 ਅਕਤੂਬਰ) ਵਾਲੇ ਮਿਡਲ ’ਤੇ ਸਰਸਰੀ ਝਾਤ ਮਾਰੀ ਤਾਂ ਇਹ ਸ਼ਬਦ ‘1979 ਵਿਚ ਆਈਟੀਆਈ ਬੁਢਲਾਡਾ’ ਪੜ੍ਹਦਿਆਂ ਹੀ 60-62 ਸਾਲ ਦੀ ਸੁਸਤੀ ਉੱਡ ਗਈ ਅਤੇ ਪਲਾਂ ਵਿਚ ਹੀ ਉਮਰ ਦੇ ਪਹਿਲੇ ਪਹਿਰੇ 16-17 ਸਾਲ ਵਿਚ ਇਸੇ (ਬੁਢਲਾਡੇ) ਆਈਟੀਆਈ ਦੇ ਵਿਹੜੇ ਜਾ ਉਤਰਿਆ। ਮਿਡਲ ਦੇ ਲਿਖਾਰੀ ਰਣਜੀਤ ਲਹਿਰਾ ਦੇ ਸਮੇਂ ਮੈਂ ਵੀ ਉਥੇ ਹੀ ਡਰਾਫਟਸਮੈਨ (ਸਿਵਲ) ਦੀ ਟਰੇਡ ਵਿਚ ਦੂਸਰੇ ਸਾਲ ਦਾ ਸਿਖਿਆਰਥੀ ਸਾਂ। ਮੈਂ ਵੀ ਉਦੋਂ ਤੇ ਹੁਣ ਤੱਕ ਪ੍ਰਿੰਸੀਪਲ ਜਰਨੈਲ ਸਿੰਘ ਦਾ ਉਪਾਸ਼ਕ ਹਾਂ। ਉਹ ਵਿਲੱਖਣ ਸ਼ਖ਼ਸੀਅਤ ਸਨ। ਉਹ ਸਾਡੇ ਪੰਜਾਬੀ ਵਾਲੇ ਮਾਸਟਰ ਗਿਆਨੀ ਗੁਰਬਖਸ਼ ਸਿੰਘ ਦੇ ਹਮ-ਉਮਰ ਤੇ ਹਮਖਿਆਲ ਸਨ। ਸਾਡੇ ਬਾਪੂ ਜੀ ਦਾ ਗਿਆਨੀ ਗੁਰਬਖਸ਼ ਸਿੰਘ ਜੀ ਦੇ ਘਰ ਆਉਣ ਜਾਣ ਸੀ ਅਤੇ ਪ੍ਰਿੰਸੀਪਲ ਸਾਹਿਬ ਨੂੰ ਗਿਆਨੀ ਜੀ ਸਤਿਕਾਰ ਅਤੇ ਮਾਣ ਵਜੋਂ ਆਪਣੇ ਘਰ ਸੱਦਦੇ ਸਨ। ਪ੍ਰਿੰਸੀਪਲ ਸਾਹਿਬ ਦੀਆਂ ਗੱਲਾਂ ਖੂਬ ਹੁੰਦੀਆਂ ਸਨ। ਚਾਹ ਦੀ ਕੰਟੀਨ ਵਾਲਾ ਪ੍ਰਕਾਸ਼ ਬਾਦਲ ਇਕ ਵਾਰ ਕਹਿਣ ਲੱਗਾ ਕਿ ਕੰਟੀਨ ਵਿਚ ਘਾਟਾ ਪੈ ਗਿਆ, ਪ੍ਰਿੰਸੀਪਲ ਸਾਹਿਬ ਕਹਿੰਦੇ, “ਤੇਰੀ ਚਾਹ ਦਾ ਕੀ ਭਾਅ ਹੈ?” ਉਹ ਕਹਿੰਦਾ, “ਇਕ ਰੁਪਏ ਦੇ ਦੋ ਕੱਪ।” ਕਹਿਣ ਲੱਗੇ ਕਿ ਇਕ ਰੁਪਏ ਦੇ ਚਾਰ ਕੱਪ ਕਰ ਦੇ। ਸਾਰੇ ਹੈਰਾਨ ਕਿ ਘਾਟਾ ਤਾਂ ਪਹਿਲਾਂ ਹੀ ਹੈ। ਗੱਲ ਇਹ ਹੋਈ ਕਿ ਚਾਹ ਦੀ ਵਿਕਰੀ ਵਧ ਗਈ, ਆਲੇ-ਦੁਆਲੇ ਦੇ ਲੋਕ ਮਜ਼ਦੂਰ ਅਤੇ ਖੇਤਾਂ ਵਾਲੇ ਦੋ ਰੁਪਏ ਵਿਚ ਡੋਲੂ ਭਰਵਾ ਕੇ ਲਿਜਾਣ ਲੱਗ ਪਏ ਅਤੇ ਪ੍ਰਕਾਸ਼ ਵਾਧੇ ਵਿਚ ਰਿਹਾ। ਇਕ ਗੱਲ ਹੋਰ ਪ੍ਰਿੰਸੀਪਲ ਸਾਹਿਬ ਦਾ ਕਹਿਣਾ ਸੀ ਕਿ ਜਿਹਨੂੰ ਕਿਤੇ ਦਾਖਲਾ ਨਹੀਂ ਮਿਲਦਾ, ਉਹਨੂੰ ਦਾਖਲਾ ਮੈਂ ਦਊਂਗਾ। ਉਹ ਅਜਿਹਾ ਕਰਕੇ ਵੀ ਦਿਖਾਉਂਦੇ ਸਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਕਾਨੂੰਨ ਸਿਰਫ਼ ਕਿਤਾਬਾਂ ਵਿਚ?
5 ਅਕਤੂਬਰ ਦਾ ਸੰਪਾਦਕੀ ‘ਨਿਆਂ ਲਈ ਸੰਘਰਸ਼’ ਪੜ੍ਹਿਆ। ਨਿਆਂ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਪਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਜੋ ਘਟਨਾ ਵਾਪਰੀ, ਉਸ ਕੇਸ ਵਿਚ ਅਜੇ ਤੱਕ ਨਿਆਂ ਨਹੀਂ ਹੋਇਆ। ਜਾਪਦਾ ਹੈ, ਕਾਨੂੰਨ ਸ਼ਾਇਦ ਕਿਤਾਬਾਂ ਵਿਚ ਹੀ ਰਹਿ ਗਿਆ ਹੈ। ਇਸ ਤੋਂ ਪਹਿਲਾਂ 28 ਸਤੰਬਰ ਦੇ ਸੰਪਾਦਕੀ ‘ਪਰਾਲੀ ਜਲਾਉਣ ਦਾ ਮਸਲਾ’ ਅਤੇ 23 ਸਤੰਬਰ ਦੇ ਸੰਪਾਦਕੀ ‘ਭਰਤੀ ਘੁਟਾਲੇ’ ਵਿਚ ਵੱਖ ਵੱਖ ਮਸਲੇ ਗੰਭੀਰਤਾ ਨਾਲ ਵਿਚਾਰੇ ਗਏ ਹਨ।
ਪ੍ਰਭਜੋਤ ਕੌਰ, ਸੰਦੌੜ


ਨਸ਼ਿਆਂ ਖਿਲਾਫ਼ ਲਹਿਰ
5 ਅਕਤੂਬਰ ਦੇ ਅੰਕ ਵਿਚ ਲੇਖ ‘ਨਸ਼ਿਆਂ ਵਿਰੁੱਧ ਉੱਠੀ ਲਹਿਰ ਨੂੰ ਸੰਭਾਲਣ ਦੀ ਲੋੜ’ (ਗੁਰਪ੍ਰੀਤ ਸਿੰਘ ਤੂਰ) ਨੇ ਨਸ਼ਿਆਂ ਦੀ ਸਮੱਸਿਆ ਬਾਰੇ ਦੱਸਿਆ ਹੈ। ਨਸ਼ਿਆਂ ਕਾਰਨ ਹਰ ਰੋਜ਼ ਅਨੇਕਾਂ ਮੌਤਾਂ ਹੁੰਦੀਆਂ ਹਨ। ਇਸ ਲਈ ਨਸ਼ਿਆਂ ਦੀ ਤੁਰੰਤ ਰੋਕਥਾਮ ਦੀ ਜ਼ਰੂਰਤ ਹੈ। ਇਸ ਬਾਰੇ ਸਭ ਤੋਂ ਪਹਿਲਾਂ ਜਾਗਰੂਕਤਾ ਜ਼ਰੂਰੀ ਹੈ। ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ। ਨਸ਼ੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹਰ ਹਾਲ ਕਰਨੀ ਚਾਹੀਦੀ ਹੈ।
ਰਮਨਦੀਪ ਕੌਰ, ਪਿੰਡ ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)


ਸਹੀ ਵੇਲਾ
ਨਜ਼ਰੀਆ ਸਫ਼ੇ ’ਤੇ 26 ਸਤੰਬਰ ਵਾਲਾ ਮਿਡਲ ‘ਫ਼ਸਲਾਂ ਤੇ ਨਸਲਾਂ’ (ਅਮਰੀਕ ਸਿੰਘ ਦਿਆਲ) ਪੜ੍ਹ ਕੇ ਕੋਈ ਵੀ ਸ਼ਖ਼ਸ ਇਸ ਵਿਸ਼ੇ ਬਾਰੇ ਸੋਚੇ ਬਿਨਾ ਨਹੀਂ ਰਹਿ ਸਕਦਾ। ਗੱਲ ਸਹੀ ਵੀ ਤਾਂ ਹੈ, ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾ ਸਕਦੇ ਹਾਂ, ਕਿਸਾਨ ਖੇਤਾਂ ਦੀ ਰਾਖੀ ਕਰਨ ਲਈ ਦਿਨ ਰਾਤ ਜਾਗ ਸਕਦੇ ਹਨ ਤਾਂ ਫਿਰ ਅਸੀਂ ਆਪਣੇ ਬੱਚਿਆਂ ਦੇ ਬਚਾਉ ਲਈ ਕੀ ਕੁਝ ਵੀ ਨਹੀਂ ਕਰ ਸਕਦੇ? ਇਹੀ ਸਹੀ ਵੇਲਾ ਹੈ, ਲੋਕਾਂ ਨੂੰ ਜਾਗਰੂਕ ਹੋਣ ਦਾ ਅਤੇ ਨਸਲਾਂ ਨੂੰ ਬਚਾਉਣ ਦਾ। ਇਸ ਤੋਂ ਪਹਿਲਾਂ 25 ਸਤੰਬਰ ਦੇ ਅੰਕ ਵਿਚ ਛਪੇ ਲੇਖ ‘ਪੰਚਾਇਤਾਂ ਨੂੰ ਤਾਕਤਾਂ, ਸੂਬਿਆਂ ਦੀ ਮਜ਼ਬੂਤੀ’ (ਰਾਜਨ ਕਸ਼ਿਅਪ) ਤੋਂ ਪਿੰਡ ਦੀਆਂ ਸੰਸਥਾਵਾਂ ਦੀ ਕਮਜ਼ੋਰ ਹਾਲਤ ਬਾਰੇ ਪਤਾ ਲੱਗਦਾ ਹੈ। ਸਰਕਾਰਾਂ ਨੂੰ ਪਿੰਡਾਂ ਦੀਆਂ ਸੰਸਥਾਵਾਂ ਨੂੰ ਪ੍ਰਸ਼ਾਸਨਿਕ ਅਤੇ ਵਿੱਤੀ ਤਾਕਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਹੀ ਪਿੰਡਾਂ ਦਾ ਵਿਕਾਸ ਹੋ ਸਕੇਗਾ। ਬਹੁਤ ਸਾਰੇ ਮਾਮਲਿਆਂ ਵਿਚ ਪਿੰਡ ਬਹੁਤ ਪਿਛਾਂਹ ਰਹਿ ਗਏ ਹਨ।
ਬੇਅੰਤ ਕੌਰ, ਪਿੰਡ ਗੁਰਬਖ਼ਸ਼ਪੁਰਾ

ਖੇਡਾਂ ’ਚ ਪੰਜਾਬੀਆਂ ਦੀ ਚੜ੍ਹਤ
14 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਨਵਦੀਪ ਸਿੰਘ ਗਿੱਲ ਨੇ ਹੁਣੇ ਜਿਹੇ ਚੀਨ ਦੇ ਸ਼ਹਿਰ ਹਾਂਗਜ਼ੂ ਵਿਚ
ਸਮਾਪਤ ਹੋਈਆਂ ਏਸ਼ੀਅਨ ਖੇਡਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਪੰਜਾਬ ਵਿਚ ਬੇਸ਼ੱਕ ਵਿੱਦਿਅਕ, ਰੁਜ਼ਗਾਰ, ਸਫ਼ਾਈ ਆਦਿ ਦੇ ਨਾਕਸ ਪ੍ਰਬੰਧ ਤੋਂ ਨਿਰਾਸ਼ ਹੋ ਕੇ ਬਹੁਤ ਸਾਰੇ ਨੌਜਵਾਨ ਤੇ ਮੁਟਿਆਰਾਂ ਬਾਹਰ ਜਾ ਚੁੱਕੇ ਹਨ ਪਰ ਐਤਕੀਂ ਏਸ਼ੀਅਨ ਖੇਡਾਂ ਵਿਚ ਪੰਜਾਬੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਲੜਕੀਆਂ ਵੀ ਪਿੱਛੇ ਨਹੀਂ ਰਹੀਆਂ। ਸਿਫਤ ਕੌਰ ਸਮਰਾ, ਹਰਮਿਲਨ ਕੌਰ ਬੈਂਸ, ਲਵਲੀਨ ਆਦਿ ਨੇ ਕ੍ਰਿਕਟ, ਹਾਕੀ, ਨਿਸ਼ਾਨੇਬਾਜ਼ੀ, ਅਥਲੈਟਿਕ ਆਦਿ ਵੱਖ ਵੱਖ ਖੇਡਾਂ ਵਿਚ ਸੋਨੇ, ਚਾਂਦੀ, ਕਾਂਸੇ ਦੇ ਤਗ਼ਮੇ ਹਾਸਲ ਕੀਤੇ ਹਨ। ਪੁਰਸ਼ ਹਾਕੀ ਵਿਚ ਤਕਰੀਬਨ 10 ਖਿਡਾਰੀ ਪੰਜਾਬੀ ਹੀ ਹਨ ਜਨਿ੍ਹਾਂ ਨੇ ਸੋਨੇ ਦਾ ਤਗ਼ਮਾ ਜਿੱਤਿਆ। ਤਜਿੰਦਰਪਾਲ ਤੂਰ ਨੇ ਸ਼ਾਟਪੁਟ ਵਿਚ ਦੂਜੀ ਵਾਰ ਸੋਨੇ ਦਾ ਤਗ਼ਮਾ ਪ੍ਰਾਪਤ ਕੀਤਾ। ਕੁੱਲ ਮਿਲਾ ਕੇ ਐਤਕੀਂ ਏਸ਼ੀਅਨ ਖੇਡਾਂ ਵਿਚ ਪੰਜਾਬੀਆਂ ਦੀ ਚੜ੍ਹਤ ਰਹੀ।
ਜਸਬੀਰ ਕੌਰ, ਅੰਮ੍ਰਿਤਸਰ

Advertisement
Author Image

sukhwinder singh

View all posts

Advertisement
Advertisement
×