ਪਾਠਕਾਂ ਦੇ ਖ਼ਤ
ਸ਼ੁੱਧ ਪਾਣੀ
ਸੰਪਾਦਕੀ ‘ਸ਼ੁੱਧ ਪਾਣੀ ਦੀ ਲੋੜ’ (12 ਅਕਤੂਬਰ) ਪੜ੍ਹਿਆ। ਠੀਕ ਹੀ ਧਰਤੀ ਹੇਠਲੇ ਪੀਣ ਯੋਗ ਪਾਣੀ ਦੇ ਦੂਸ਼ਿਤ ਹੋਣ ਅਤੇ ਇਸ ਨਾਲ ਮਨੁੱਖ, ਜੀਵ-ਜੰਤੂਆਂ, ਜਾਨਵਰਾਂ ਦੀ ਸਿਹਤ ਲਈ ਖ਼ਤਰੇ ਬਾਰੇ ਚਿੰਤਾ ਜਤਾਈ ਗਈ ਹੈ। ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਦੱਖਣੀ ਪੱਛਮੀ ਇਲਾਕਿਆਂ ’ਚ ਕੈਂਸਰ ਦੀ ਬਿਮਾਰੀ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿਚ ਜੇ ਸੁਧਾਰ ਨਾ ਹੋਇਆ ਤਾਂ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਸ ਵਾਸਤੇ ਪੰਜਾਬ ਸਰਕਾਰ ਨੂੰ ਫਸਲ ਪੈਟਰਨ ’ਚ ਤਬਦੀਲੀ ਦੀ ਜ਼ਰੂਰਤ ਹੈ। ਖੇਤੀ ਰਹਿੰਦ-ਖੂੰਹਦ ਅਤੇ ਮਨੁੱਖੀ ਸਰਗਰਮੀਆਂ ਨਾਲ ਪਾਣੀ ’ਚ ਪ੍ਰਦੂਸ਼ਣ ਵਧਿਆ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਜਾਗਣ ਦਾ ਵੇਲਾ
11 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਅਮਰੀਕ ਸਿੰਘ ਦਿਆਲ ਦਾ ਲੇਖ ‘ਜਾਗਣ ਦਾ ਵੇਲਾ’ ਪੜ੍ਹਿਆ। ਵਾਕਈ, ਕੁਦਰਤੀ ਸਰੋਤਾਂ ਬਾਰੇ ਹੁਣ ਜਾਗਣ ਦਾ ਵੇਲਾ ਹੈ।
ਬਖਤੌਰ ਸਿੰਘ ਰੱਲਾ (ਮਾਨਸਾ)
(2)
ਕੁਦਰਤੀ ਸਰੋਤਾਂ ਨਾਲ ਮਨੁੱਖ ਬਹੁਤ ਮਾੜਾ ਵਿਹਾਰ ਕਰ ਰਿਹਾ ਹੈ। ਜੇ ਮਨੁੱਖ ਹੁਣ ਵੀ ਇਸ ਰਾਹ ਤੋਂ ਵਾਪਸ ਨਾ ਮੁੜਿਆ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਇਸ ਲਈ ਹੁਣ ਸਭ ਨੂੰ ਕੁਦਰਤੀ ਸਰੋਤਾਂ ਬਾਰੇ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ।
ਰਛਪਾਲ ਕੌਰ, ਹੁਸ਼ਿਆਰਪੁਰ
ਸਫ਼ਰ ਦੀਆਂ ਯਾਦਾਂ
ਪ੍ਰੋ. ਮੋਹਣ ਸਿੰਘ ਨੇ ਆਪਣੇ ਮਿਡਲ ‘ਨਸੀਹਤ’ (9 ਅਕਤੂਬਰ) ਵਿਚ ਆਪਣੀ ਜ਼ਿੰਦਗੀ ਦੀ ਘਟਨਾ ਬਿਆਨ ਕੀਤੀ ਹੈ। ਔਰਤ ਨੇ ਜੋ ਕੁਝ ਕੀਤਾ, ਉਸ ਦੀ ਵਜ੍ਹਾ ਨਾਲ ਬੱਚੇ ਨੂੰ ਕੁਝ ਵੀ ਹੋ ਸਕਦਾ ਸੀ। ਉਂਝ ਹਰ ਸਫ਼ਰ ਆਪਣੇ ਨਾਲ ਕੁਝ ਯਾਦਾਂ ਛੱਡ ਜਾਂਦਾ ਹੈ। ਲੰਘਿਆ ਹੋਇਆ ਵੇਲਾ ਆਪਣੇ ਨਾਲ ਕੋਈ ਸਿੱਖਿਆ ਜ਼ਰੂਰ ਦੇ ਕੇ ਜਾਂਦਾ ਹੈ ਜੋ ਉਮਰ ਭਰ ਯਾਦ ਰਹਿੰਦੀ ਹੈ।
ਮੁਸ਼ਾਹਿਦ ਅਲੀ, ਈਮੇਲ
ਜੈਵਿਕ ਖੇਤੀ ਦਾ ਸੁਨੇਹਾ
6 ਅਕਤੂਬਰ ਦੇ ਅੰਕ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਢੁੱਡੀ ਦੀ ਰਚਨਾ ‘ਅੱਧੀ ਸਦੀ’ ਕਾਬਿਲੇ-ਤਾਰੀਫ਼ ਹੈ। ਇਕ ਤਾਂ ਇਸ ਵਿਚ ਕਿਸਾਨਾਂ ਨੂੰ ਜੈਵਿਕ ਖੇਤੀ ਦਾ ਸੁਨੇਹਾ ਦਿੱਤਾ ਗਿਆ ਹੈ; ਦੂਸਰਾ, ਪਿਛਲੇ ਸਮੇਂ ਵਿਚ ਪੜ੍ਹਾਈ ਲਈ ਆਉਂਦੀਆਂ ਆਰਥਿਕ ਮਜਬੂਰੀਆਂ ਬਾਰੇ ਚਾਨਣਾ ਪਾਇਆ ਗਿਆ ਹੈ; ਤੀਜਾ, ਪਿਛਲੇ ਸਦੀਆਂ ਵਿਚ ਛਪੇ ਪੰਜਾਬੀ ਨਾਵਲਾਂ ਦੇ ਪਾਤਰ ਜਿਹਾ ਜੀਵਨ ਜਿਊਂਦੇ ਪਾਤਰ ਅੱਜ ਵੀ ਪੰਜਾਬ ਵਿਚ ਹਨ।
ਜਗਜੀਤ ਸਿੰਘ, ਈਮੇਲ
ਪਟਿਆਲਾ ਪੱਥਰਾਂ ਦਾ ਸ਼ਹਿਰ ਨਹੀਂ
‘ਪੱਥਰਾਂ ਦੇ ਸ਼ਹਿਰ ਦਾ ਸੁਰ ਸਾਧਕ’ (5 ਅਕਤੂਬਰ) ਵਿਚ ਡਾ. ਨਿਵੇਦਿਤਾ ਸਿੰਘ ਨੇ ਸ੍ਰੀ ਨਵਜੀਵਨ ਖੋਸਲਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੀ ਡੂੰਘੀ ਸਮਝ ਅਤੇ ਪੂਰੀ ਜ਼ਿੰਦਗੀ ਇਸ ਕਲਾ ਪ੍ਰਤੀ ਉਨ੍ਹਾਂ ਦੇ ਭਾਵਨਾਤਮਕ ਰੁਝਾਨ ਬਾਰੇ ਪੜ੍ਹ ਕੇ ਚੰਗਾ ਲੱਗਿਆ। ਸਿਰਲੇਖ ਵਿਚ ‘ਪੱਥਰਾਂ ਦਾ ਸ਼ਹਿਰ’ ਸ਼ਬਦ ਜੇਕਰ ਪਟਿਆਲੇ ਲਈ ਵਰਤੇ ਗਏ ਹਨ ਤਾਂ ਅਫ਼ਸੋਸ ਦੀ ਗੱਲ ਹੈ। ਬਾਗ-ਬਗੀਚਿਆਂ ਅਤੇ ਵਿਦਿਅਕ ਸੰਸਥਾਵਾਂ ਵਾਲਾ ਪਟਿਆਲਾ ਡਾ. ਨਵਜੀਵਨ ਖੋਸਲਾ ਵਰਗੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਲਈ ਵਰਦਾਨ ਸਾਬਤ ਹੋਇਆ ਹੋਵੇਗਾ। ਪਟਿਆਲਾ ਘਰਾਣਾ ਭਾਰਤ ਦੇ ਛੇ ਸਿਰਮੌਰ ਘਰਾਣਿਆਂ ਵਿਚੋਂ ਇਕ ਹੈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਪਟਿਆਲਾ ਪੱਥਰਾਂ ਦਾ ਸ਼ਹਿਰ ਨਹੀਂ। ਨਵਜੀਵਨ ਖੋਸਲਾ ਨੂੰ ਮਹਾਨ ਸੁਰ ਸਾਧਕ ਬਣਾਉਣ ਵਿਚ ਇਸ ਸ਼ਹਿਰ ਦੀ ਵੀ ਹਿੱਸੇਦਾਰੀ ਹੈ।
ਸ਼ੋਭਨਾ ਵਿਜ, ਪਟਿਆਲਾ
ਉਚੇਰੀ ਸਿੱਖਿਆ
26 ਸਤੰਬਰ ਦੇ ਸੰਪਾਦਕੀ ‘ਬਹੁਪਰਤੀ ਵਿਦਿਅਕ ਸੰਕਟ’ ਵਿਚ ਉਚੇਰੀ ਸਿੱਖਿਆ ਦੇ ਖੇਤਰ ਵਿਚ ਨਵੀਂ ਸਿੱਖਿਆ ਨੀਤੀ-2020 ਤਹਿਤ ਵਿਦਿਆਰਥੀਆਂ ਨੂੰ ਕਿਸੇ ਕੋਰਸ ਵਿਚ ਦਾਖਲਾ ਲੈਣ ਤੋਂ ਬਾਅਦ ਕਿਸੇ ਪੜਾਅ ’ਤੇ ਵੀ ਛੱਡ ਜਾਣ ਅਤੇ ਕਿਸੇ ਹੋਰ ਜਾਂ ਉਸੇ ਕੋਰਸ ਵਿਚ ਮੁੜ ਦਾਖਲ ਹੋਣ ਦੀ ਖੁੱਲ੍ਹ ਦੇਣ ਵਾਲੀ ਸਕੀਮ ਬਾਰੇ ਟਿੱਪਣੀ ਹੈ। ਇਥੇ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਖੁੱਲ੍ਹ ਕਿੰਨੇ ਫ਼ੀਸਦੀ ਵਿਦਿਆਰਥੀਆਂ ਲਈ ਲਾਹੇਵੰਦ ਹੋ ਸਕਦੀ ਹੈ। ਭਰੋਸੇਯੋਗ ਅੰਕੜਿਆਂ ਦੀ ਅਣਹੋਂਦ ’ਚ ਇਹ ਮੰਨਣਾ ਕਿ ਵਧੇਰੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਤਰਕਸੰਗਤ ਨਹੀਂ ਜਾਪਦਾ। ਉਂਝ, ਪ੍ਰਾਈਵੇਟ ਖੇਤਰ ਦੇ ਕੁਝ ਅਦਾਰੇ ਇਸ ਖੁੱਲ੍ਹ ਦੀ ਆੜ ਹੇਠ ਭੋਲੇ-ਭਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਰਗਲਾ ਕੇ ਕਿਸੇ ਕੋਰਸ ਦੇ ਅੱਧ ਵਿਚਕਾਰ ਭਰਮਾਉਣ ਦੀ ਪੂਰੀ ਵਾਹ ਲਗਾਉਣਗੇ।
ਪ੍ਰੋ. ਨਵਜੋਤ ਸਿੰਘ, ਪਟਿਆਲਾ
ਮਾਪਿਆਂ ਦੀ ਟੋਕਾ-ਟਾਕੀ
ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਮਾਂ ਦਾ ਢਿੱਡ’ (21 ਸਤੰਬਰ) ਜਿੱਥੇ ਕਿਸ਼ੋਰ ਅਵਸਥਾ ਵਿਚ ਮਾਪਿਆਂ ਦੀ ਟੋਕਾ-ਟਾਕੀ ਦੀ ਗੱਲ ਕਰਦਾ ਹੈ, ਉੱਥੇ ਚੜ੍ਹਦੀ ਜਵਾਨੀ ਨੂੰ ਸੰਸਕਾਰੀ ਸਿੱਖਿਆ ਵੀ ਦਿੰਦਾ ਹੈ। ਮਾਪੇ, ਮਾਪੇ ਹੀ ਹੁੰਦੇ ਹਨ, ਇਨ੍ਹਾਂ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਹਫਤਾਵਾਰੀ ਛੁੱਟੀ
7 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਮਾਨਵ ਦੇ ਲੇਖ ‘ਹਫ਼ਤਾਵਾਰੀ ਛੁੱਟੀ ਦਾ ਸੰਘਰਸ਼ ਅਤੇ ਮਜ਼ਦੂਰ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਜ਼ਦੂਰਾਂ ਨੂੰ ਪੂੰਜੀਵਾਦ ਵਰਗ ਨੇ ਕਿਸ ਤਰ੍ਹਾਂ ਆਪਣੇ ਪੰਜੇ ਵਿਚ ਜਕੜ ਕੇ ਰੱਖਿਆ ਹੋਇਆ ਹੈ ਜਿਸ ਵਿਚੋਂ ਨਿਕਲਣ ਲਈ ਮਜ਼ਦੂਰਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈਂਦਾ ਹੈ। ਮਜ਼ਦੂਰ ਵਰਗ ਹਮੇਸ਼ਾ ਹੀ ਨਪੀੜਿਆ ਜਾਂਦਾ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਹੈ ਕਿ 2020 ਵਿਚ ਕੇਂਦਰ ਸਰਕਾਰ ਨੇ ਮਜ਼ਦੂਰਾਂ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮਜ਼ਦੂਰਾਂ ਦੇ ਸੰਘਰਸ਼ ਅੱਗੇ ਇਹ ਕਾਨੂੰਨ ਅਮਲੀ ਰੂਪ ਨਾ ਲੈ ਸਕਿਆ। ਹੁਣ ਫਿਰ ਰਾਜ ਸਰਕਾਰ ਦੁਆਰਾ ਬਾਰਾਂ ਘੰਟੇ ਮਜ਼ਦੂਰੀ ਨੂੰ ਲਾਗੂ ਕਰਨ ਲਈ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਸੰਘਰਸ਼ ਵਿਚੋਂ ਹੀ ਜਿੱਤ ਉਪਜਦੀ ਹੈ। ਮਜ਼ਦੂਰਾਂ ਨੂੰ ਆਪਣੀ ਦਸ਼ਾ ਸੁਧਾਰਨ ਲਈ ਅਜੇ ਹੋਰ ਸੰਘਰਸ਼ ਕਰਨੇ ਪੈਣਗੇ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)