For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:55 AM Oct 12, 2023 IST
ਪਾਠਕਾਂ ਦੇ ਖ਼ਤ
Advertisement

ਜਦੋਂ ਰਾਹ ਦਸੇਰੇ ਭਟਕ ਜਾਣ

10 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਜਸਟਿਸ ਰੇਖਾ ਸ਼ਰਮਾ ਦਾ ਲੇਖ ‘...ਜਦੋਂ ਰਾਹ ਦਸੇਰੇ ਹੀ ਭਟਕ ਜਾਣ’ ਅੱਖਾਂ ਖੋਲ੍ਹਣ ਵਾਲਾ ਹੈ। ਲੇਖਿਕਾ ਨੇ ਬਿਲਕੁਲ ਸਹੀ ਲਿਖਿਆ ਹੈ, ‘ਹਿੰਦੂਮਤ ਧਰਮਾਂ ਦੀ ਸਤਰੰਗੀ ਪੀਂਘ ਦਾ ਇਕ ਰੰਗ ਹੈ।’ ਪਰ ਅੱਜਕੱਲ੍ਹ ਜਿਸ ਤਰ੍ਹਾਂ ਨਾਲ ਇਨ੍ਹਾਂ ਸਤਰੰਗਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਦੁਖਦਾਈ ਹੀ ਨਹੀਂ ਖ਼ਤਰਨਾਕ ਵੀ ਹੈ। ਇਸ ਤੋਂ ਵੀ ਜ਼ਰੂਰੀ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਧਿਆਪਕ ਦਾ ਜੀਵਨ ਸਿਰਫ਼ ਆਪਣੇ ਲਈ ਨਹੀਂ ਹੁੰਦਾ ਸਗੋਂ ਉਸ ਦੀ ਜ਼ਿੰਮੇਵਾਰੀ ਵਿਦਿਆਰਥੀ ਅਤੇ ਸਮਾਜ ਦੋਹਾਂ ਲਈ ਵੀ ਹੈ। ਜੇ ਅਧਿਆਪਕ ਹੀ ਭਟਕ ਜਾਣਗੇ ਤਾਂ ਮੁਜ਼ੱਫਰ ਨਗਰ ਅਤੇ ਜੰਮੂ ਦੇ ਸਕੂਲਾਂ ਵਰਗੇ ਨਤੀਜੇ ਹੀ ਸਾਹਮਣੇ ਆਉਣਗੇ। ਇਸੇ ਪੰਨੇ ’ਤੇ ਨੀਰਾ ਚੰਢੋਕ ਨੇ ਆਪਣੇ ਲੇਖ ਵਿਚ ਅਖੌਤੀ ਰਾਸ਼ਟਰਵਾਦ ਬਾਰੇ ਵਿਚਾਰ ਬਾਖ਼ੂਬੀ ਪ੍ਰਗਟਾਏ ਹਨ।
ਡਾ. ਤਰਲੋਚਨ ਕੌਰ, ਪਟਿਆਲਾ
(2)
ਜਸਟਿਸ ਰੇਖਾ ਸ਼ਰਮਾ ਦਾ ਲੇਖ ਅਜੋਕੇ ਸਮੇਂ ਧਾਰਮਿਕ ਸੰਕੀਰਨ ਸੋਚ ’ਤੇ ਕਰਾਰੀ ਚੋਟ ਕਰਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਤੇ ਸੱਚਾ ਧਰਮ ‘ਮਨੁੱਖਤਾ’ ਹੈ। ਧਰਮ ਮਨੁੱਖ ਲਈ ਹੋਂਦ ਵਿਚ ਆਇਆ ਹੈ ਨਾ ਕਿ ਮਨੁੱਖ ਧਰਮ ਲਈ। ਹਰ ਇਨਸਾਨ ਨੂੰ ਆਪਣੇ ਆਪਣੇ ਧਰਮ ਨੂੰ ਮੰਨਣ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਪੂਰਨ ਆਜ਼ਾਦੀ ਹੈ ਕਿਉਂਕਿ ਭਾਰਤ ਇਕ ਧਰਮਨਿਰਪੱਖ ਦੇਸ਼ ਹੈ। ਪਰ ਜੇਐੱਨਯੂ ਦੀ ਉਪ ਕੁਲਪਤੀ ਦਾ ਸ਼ਰੇਆਮ ਇਹ ਆਖਣਾ ਕਿ ਉਹ ਖੱਬੇਪੱਖੀਆਂ ਨੂੰ ਨਫ਼ਰਤ ਕਰਦੀ ਹੈ ਤੇ ਖੱਬੇਪੱਖੀ ਵਿਚਾਰਧਾਰਾ ਵਿਦਿਆਰਥੀਆਂ ਲਈ ਨੁਕਸਾਨਦਾਇਕ ਹੈ। ਇਕ ਉੱਚ ਵਿਦਿਅਕ ਅਦਾਰੇ ਦੇ ਵੱਡੇ ਅਹੁਦੇ ’ਤੇ ਬੈਠੇ ਅਧਿਕਾਰੀ ਦੁਆਰਾ ਅਜਿਹਾ ਧਾਰਮਿਕ ਸੰਕੀਰਨਤਾ ਭਰਿਆ ਭਾਸ਼ਨ ਦੇਣਾ ਜਾਇਜ਼ ਨਹੀਂ।
ਤਰਸੇਮ ਸਿੰਘ, ਪਿੰਡ ਤੇ ਡਾਕ. ਡਕਾਲਾ (ਪਟਿਆਲਾ)

Advertisement

ਧਰਨੇ-ਮੁਜ਼ਾਹਰੇ

10 ਅਕਤੂਬਰ ਦੇ ਅੰਕ ਵਿਚ ਛਪੀ ਖ਼ਬਰ ‘ਆਪ’ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਅੱਜ’ ਪੜ੍ਹੀ। ਭਾਵੇਂ ਧਰਨੇ ਲੱਗਣੇ ਨਹੀਂ ਚਾਹੀਦੇ ਪਰ ਸੜਕਾਂ ’ਤੇ ਲਾਏ ਧਰਨਿਆਂ ਅਤੇ ਰੇਲ ਰੋਕੋ ਅੰਦੋਲਨਾਂ ਕਾਰਨ ਆਮ ਲੋਕਾਂ ਦੀ ਭਾਰੀ ਖੱਜਲ ਖੁਆਰੀ ਹੁੰਦੀ ਹੈ। ਇਹੋ ਜਿਹੇ ਧਰਨਿਆਂ ਦਾ ਸੇਕ ਵਿਧਾਇਕਾਂ ਤੇ ਮੰਤਰੀਆਂ ਤਕ ਵੀ ਪਹੁੰਚੇਗਾ। ਜਦੋਂ ਧਰਨੇ ਸੜਕਾਂ ’ਤੇ ਲੱਗਦੇ ਹਨ ਜਾਂ ਰਾਹ ਰੋਕੇ ਜਾਂਦੇ ਹਨ ਤਾਂ ਨੁਕਸਾਨ ਲੋਕਾਂ ਦਾ ਹੁੰਦਾ ਹੈ। ਇਸ ਲਈ ਜੇ ਧਰਨੇ ਜਾਂ ਮੁਜ਼ਾਹਰੇ ਲਾਉਣੇ ਹੀ ਹਨ ਤਾਂ ਸਿੱਧੇ ਮੰਤਰੀਆਂ-ਵਿਧਾਇਕਾਂ ਦੀਆਂ ਰਿਹਾਇਸ਼ਾਂ ਅੱਗੇ ਹੀ ਲਾਏ ਜਾਣੇ ਚਾਹੀਦੇ ਹਨ, ਕਿਉਂਕਿ ਆਖ਼ਰ ਫ਼ੈਸਲੇ ਤਾਂ ਉਨ੍ਹਾਂ ਨੇ ਹੀ ਕਰਨੇ ਹੁੰਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ

ਪੜ੍ਹਾਈ ਤੇ ਮਹਿੰਗਾਈ

7 ਅਕਤੂਬਰ ਦੇ ਅੰਕ ਵਿਚ ਗੁਰਜੰਟ ਕਲਸੀ ਲੰਡੇ ਦਾ ਲੇਖ ‘ਪੜ੍ਹਾਈ ਅਤੇ ਕੰਮ’ ਪੜ੍ਹਿਆ। ਪਿਛਲੇ ਸਮਿਆਂ ਵਿਚ ਆਰਥਿਕ ਹਾਲਤ ਮੰਦੀ ਹੀ ਸੀ। ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ਵਿਚਾਲੇ ਛੱਡਣਾ ਜਾਂ ਬਿਲਕੁਲ ਹੀ ਸਕੂਲ ਨਾ ਜਾਣਾ ਸਭ ਤੋਂ ਵੱਡਾ ਕਾਰਨ ਆਰਥਿਕਤਾ ਹੀ ਸੀ। ਸਮੇਂ ਦੇ ਕੁਝ ਕੁ ਹਾਲਾਤ ਅੱਜ ਵੀ ਉਹੀ ਹਨ। ਉਚੇਰੀ ਪੜ੍ਹਾਈ ਦੀਆਂ ਫ਼ੀਸਾਂ ਦੀ ਰਕਮ ਮੋਟੀ ਹੋਣ ਕਾਰਨ ਬੱਚੇ ਪੜ੍ਹਾਈ ਪੱਖੋਂ ਵਾਂਝੇ ਰਹਿ ਜਾਂਦੇ ਹਨ।
ਬੂਟਾ ਸਿੰਘ ਚਤਾਮਲਾ, ਰੂਪਨਗਰ
(2)
ਗੁਰਜੰਟ ਕਲਸੀ ਲੰਡੇ ਦਾ ਮਿਡਲ ‘ਪੜ੍ਹਾਈ ਤੇ ਕੰਮ’ ਮੰਜ਼ਿਲ ਪਾਉਣ ਲਈ ਕਿਰਤ ਕਰਨ ਲਈ ਪ੍ਰੇਰਦਾ ਹੈ। ਇਸ ਲੇਖ ਵਿਚ ਇਕ ਪਿਤਾ ਦੀ ਸਮਝ ਦੀ ਵੀ ਝਲਕ ਮਿਲਦੀ ਹੈ, ਜਿਸ ਨੇ ਆਪਣੇ ਪੁੱਤ ਨੂੰ ਕਿਰਤ ਕਰਨ ਦੇ ਮਹੱਤਵ ਨਾਲ ਜਾਣੂ ਕਰਵਾਇਆ, ਮਾਪਿਆਂ ਵੱਲੋਂ ਆਪਣੀ ਔਲਾਦ ਨੂੰ ਇਸ ਤੋਂ ਵਧੀਆ ਕੋਈ ਵੀ ਸਬਕ ਨਹੀਂ ਸਿਖਾਇਆ ਜਾ ਸਕਦਾ ਕਿ ਇਕ ਪਾਸੇ ਤਾਂ ਬੱਚੇ ਕਿਰਤ ਕਰਨਾ ਸਿੱਖਣ ਅਤੇ ਨਾਲ ਹੀ ਪੈਸੇ ਦੀ ਕੀਮਤ ਵੀ ਸਮਝਣ।
ਵਿਕਾਸ ਕਪਿਲਾ, ਖੰਨਾ

ਹਾਕਮ ਤੇ ਵਿਰੋਧੀ ਧਿਰ ਦਾ ਸੰਵਾਦ

ਪੰਜਾਬ ਵਿਚ ਪਹਿਲਾ ਮੌਕਾ ਹੈ ਜਦੋਂ ਹਾਕਮ ਅਤੇ ਵਿਰੋਧੀ ਧਿਰ ਪਾਣੀਆਂ ਦੇ ਬਹੁਚਰਚਿਤ ਅਤੇ ਬਹੁਮੁੱਲੇ ਮਸਲੇ ’ਤੇ ਮੀਡੀਆ ਉੱਤੇ ਲਾਈਵ ਸੰਵਾਦ ਲਈ ਤਿਆਰ ਹੋਏ ਹਨ। ਵਸੋਂ ਦਾ ਪ੍ਰਸੰਸਾ ਕਰਨਾ ਬਣਦਾ ਹੈ। ਬਹਿਸ-ਮੁ-ਬਹਿਸ ਠੇਠ ਪੰਜਾਬੀ ਜ਼ੁਬਾਨ ’ਚ ਹੋਵੇ, ਸ਼ਾਂਤੀਪੂਰਨ ਲਾਈਵ ਹੋਵੇ ਜੋ ਸਭ ਨੂੰ ਸਮਝ ਆਵੇ ਅਤੇ ਹਰ ਇਕ ਬੁਲਾਰੇ ਨੂੰ ਆਪਣਾ ਪੱਖ ਰੱਖਣ ਲਈ ਬਰਾਬਰ ਦਾ ਮੌਕਾ ਮਿਲੇ। ਇਸ ਦੇ ਪੰਜਾਬ ਨੂੰ ਬਹੁਪੱਖੀ ਫਾਇਦੇ ਹੋਣਗੇ। ਸੰਵਾਦ ਸਬਜ਼ੀ ਮੰਡੀ ਦੀ ਰੀਸ ਨਾ ਕਰੇ। ਐਂਕਰ ਅਤੇ ਬੁਲਾਰੇ ਸਾਫ਼ ਸੁਥਰੇ ਅਕਸ ਵਾਲੇ ਹੋਣ ਤਾਂ ਸੋਨੇ ’ਤੇ ਸੁਹਾਗਾ ਹੋਵੇਗਾ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ

ਮਜ਼ਦੂਰਾਂ ਦੀ ਹਾਲਤ

7 ਅਕਤੂਬਰ ਨੂੰ ਨਜ਼ਰੀਆ ਸਫੇ ਉਤੇ ‘ਹਫ਼ਤਾਵਾਰੀ ਛੁੱਟੀ ਦਾ ਸੰਘਰਸ਼ ਅਤੇ ਮਜ਼ਦੂਰ’ ਲੇਖਕ ਮਾਨਵ ਦਾ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਨਾਲ ਭਰਪੂਰ ਲੇਖ ਹੈ। ਲੇਖਕ ਨੇ ਮਜ਼ਦੂਰਾਂ ਦੇ ਪੁਨਰਗਠਨ ਅਤੇ ਸਮਕਾਲੀਨ ਮਜ਼ਦੂਰਾਂ ਦੀ ਵਿਥਿਆ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦਾ ਬਿਰਤਾਂਤ ਸਾਂਝਾ ਕੀਤਾ ਹੈ। ਕਵਿੇਂ ਮਜ਼ਦੂਰ ਜਮਾਤ ਨੇ ਏਕੇ ਦਾ ਮਾਹੌਲ ਸਿਰਜ ਕੇ ਆਪਣੇ ਕੰਮ ਦੇ ਘੰਟੇ ਅਤੇ ਉਜਰਤਾਂ ਵਿਚ ਵਾਧਾ ਕੀਤਾ। ਪੱਛਮੀ ਮੁਲਕਾਂ ਵਿਚ ਮਜ਼ਦੂਰ ਜਮਾਤ ਦੀਆਂ ਬਗ਼ਾਵਤਾਂ ਦਾ ਜ਼ਿਕਰ ਕਰਦਿਆਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਮਜ਼ਦੂਰ ਜਮਾਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਵਰਗੇ ਵੱਡੇ ਦੇਸ਼ ਅੰਦਰ ਅੱਜ ਜੋ ਮਜ਼ਦੂਰ ਦੀ ਦੁਰਦਸ਼ਾ ਹੋ ਰਹੀ ਹੈ ਚਿੰਤਾ ਦਾ ਵਿਸ਼ਾ ਹੈ। ਮਜ਼ਦੂਰ ਹਿਤੈਸ਼ੀ ਅਖਵਾਉਂਦੀ ਸਰਕਾਰ ਨਵੇਂ ਲੇਬਰ ਕਾਨੂੰਨ ਪਾਸ ਕਰਕੇ ਮਜ਼ਦੂਰ ਜਮਾਤ ਦਾ ਲੱਕ ਤੋੜਨ ਦਾ ਯਤਨ ਕਰ ਰਹੀਆਂ ਹਨ।
ਮਨਮੋਹਨ ਸਿੰਘ, ਨਾਭਾ

ਅੰਧ-ਰਾਸ਼ਟਰਵਾਦ ਬਹੁਤ ਖ਼ਤਰਨਾਕ

ਹਰ ਕਿਸਮ ਦਾ ਰਾਸ਼ਟਰਵਾਦ ਆਪਣੇ ਆਪ ਨੂੰ ਸਭ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰਦਾ ਖ਼ੁਦ ਇਕ ਮਹਾਨ ਸਮੱਸਿਆ ਬਣਕੇ ਉੱਭਰਦਾ ਹੈ। ਨੀਰਾ ਚੰਢੋਕ ਦੇ 10 ਅਕਤੂਬਰ ਨੂੰ ਛਪੇ ਲੇਖ ‘ਮਸਨੂਈ ਦੁਸ਼ਮਣ ਸਿਰਜ ਲੈਂਦੇ ਹਨ ਰਾਸ਼ਟਰਵਾਦ’ ਵਿਚ ਠੀਕ ਕਿਹਾ ਹੈ ਕਿ ਰਾਸ਼ਟਰਵਾਦਾਂ ਦੇ ਆਪੋ ਆਪਣੇ ਗੁਰੂ ਤੇ ਦੁਸ਼ਮਣ ਹੁੰਦੇ ਹਨ ਪਰ ਹੁੰਦੇ ਅਸਲੀਅਤ ਤੋਂ ਕੋਹਾਂ ਬਹੁਤ। ਜ਼ਹਿਰੀਲੇਪਨ ਪੱਖੋਂ ਵੀ ਸਭ ਇਕੋ ਜਿਹੇ ਹਨ ਪਰੰਤੂ ਅੱਜ ਦਾ ਸੱਜੇ-ਪੱਖੀ ਰਾਸ਼ਟਰਵਾਦ ਜਿਸ ਤਰ੍ਹਾਂ ਦੇ ਪ੍ਰਚਾਰ ਅਤੇ ਪ੍ਰਸਾਰ ਸਾਧਨ ਮਾਣ ਰਿਹਾ ਹੈ ਉਹ ਪਹਿਲਾਂ ਕਦੇ ਸਨ ਹੀ ਨਹੀਂ। ਦੂਜੇ ਪਾਸੇ ਨੇਤਾਵਾਂ ਵਿਚ ਇਕ ਕਿਸਮ ਦੇ ‘ਸੁਪਰਮੈਨ’ ਹੋਣ ਦੀ ਬਿਰਤੀ ਆਮ ਵੇਖੀ ਜਾਂਦੀ ਹੈ। ਇਸੇ ਬਿਰਤੀ ਵਿਚੋਂ ਪੈਦਾ ਹੁੰਦੀ ਹੈ ਨਫ਼ਰਤੀ ਬਿਆਨਬਾਜ਼ੀ। ਜਿੰਨੀਆਂ ਕੌਮਾਂ ਓਨੇ ਹੀ ਰਾਸ਼ਟਰਵਾਦ। ਇਸੇ ਵਹਿਸ਼ਤ ਦਾ ਸਿੱਟਾ ਹੈ ਪੱਛਮੀ ਏਸ਼ੀਆ ਵਿਚ ਜਾਰੀ ਦੋ ‘ਰਾਸ਼ਟਰਾਂ’ ਦਾ ਘੋਲ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ

Advertisement
Author Image

Advertisement
Advertisement
×