ਪਾਠਕਾਂ ਦੇ ਖ਼ਤ
ਗ਼ੈਰ-ਵਾਜਬਿ ਸਲਾਹ
3 ਅਕਤੂਬਰ ਵਾਲੇ ਅੰਕ ਦੇ ਸਫ਼ਾ ਤਿੰਨ ਉੱਤੇ ਛਪੀ ਖ਼ਬਰ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਏ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਸਿੱਖਾਂ ਨਾਲ ਕੀਤੇ ਜ਼ੁਲਮਾਂ ਨੂੰ ਵੀ ਚੇਤੇ ਰੱਖੇ। ਬੀਬਾ ਬਾਦਲ ਨੇ ਭਾਵੇਂ ਸੁਹਿਰਦ ਭਾਸ਼ਾ ਵਿਚ ਅਜਿਹੀ ਬਿਆਨਬਾਜ਼ੀ ਕੀਤੀ ਹੈ ਪਰ ਹੈ ਇਹ ਬਿਲਕੁਲ ਗ਼ੈਰ-ਵਾਜਬਿ। ਪਹਿਲਾ ਇਤਰਾਜ਼ ਤਾਂ ਇਹ ਹੈ ਕਿ ਬਾਦਲ ਪਰਿਵਾਰ ਦੇ ਇਕ ਖ਼ਾਸ ਮੈਂਬਰ ਵੱਲੋਂ ਸ੍ਰੀ ਦਰਬਾਰ ਸਾਹਿਬ ਆਏ ਸ਼ਰਧਾਲੂ ਪ੍ਰਤੀ ਅਜਿਹਾ ਬਿਆਨ ਪੜ੍ਹ ਕੇ ਇੰਝ ਜਾਪਦਾ ਹੈ ਜਵਿੇਂ ਇਹ ਪਰਿਵਾਰ ਸ੍ਰੀ ਦਰਬਾਰ ਸਾਹਿਬ ਦੇ ਅਸਥਾਨ ਨੂੰ ‘ਆਪਣੀ ਜਾਇਦਾਦ’ ਸਮਝਦਾ ਹੋਵੇ। ਇਤਿਹਾਸਕ ਨਜ਼ਰੀਏ ਤੋਂ ਵੀ ਪਿਉ ਦਾਦੇ ਦੇ ਜ਼ੁਲਮਾਂ ਬਾਰੇ ਉਨ੍ਹਾਂ ਦੇ ਪੋਤਰੇ ਨੂੰ ਮਿਹਣੇ ਮਾਰਨੇ ਜਾਇਜ਼ ਨਹੀਂ ਲੱਗਦੇ। ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ ਮਦਦ ਕਰਨ ਵੇਲੇ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਉਸ ਦੇ ਬਾਪ ਦੇ ਕਾਰੇ ਚਿਤਾਰੇ ਸਨ?
ਤਰਲੋਚਨ ਸਿੰਘ ਦੁਪਾਲਪੁਰ, (ਕੈਲੀਫੋਰਨੀਆ, ਅਮਰੀਕਾ)
ਕਥਨੀ ਤੇ ਕਰਨੀ
2 ਅਕਤੂਬਰ ਨੂੰ ਕਮਲੇਸ਼ ਉੱਪਲ ਦਾ ਲੇਖ ‘ਵਾਦੜੀਆਂ ਸਜਾਦੜੀਆਂ’ ਪੜ੍ਹਿਆ ਜੋ ਸਮੇਂ ਦੀਆਂ ਸਰਕਾਰਾਂ ਦੀ ਕਰਨੀ ਅਤੇ ਕਥਨੀ ਦਾ ਅੰਤਰ ਉਜਾਗਰ ਕਰਦਾ ਹੈ। ਲੇਖਕ ਨੇ ਬੇਬਾਕੀ ਨਾਲ ਦੱਸਿਆ ਹੈ ਕਿ ਕਿਸ ਤਰ੍ਹਾਂ ਕੇਂਦਰ ਦੀ ਸਰਕਾਰ ‘ਮੇਰੀ ਮਿੱਟੀ ਮੇਰਾ ਦੇਸ਼’ ਦਾ ਜੁਮਲਾ ਘੜ ਕੇ ਅਸਲ ਮੁੱਦਿਆਂ ਤੋਂ ਪਾਸਾ ਵੱਟ ਰਹੀ ਹੈ। ਹਕੀਕਤ ਇਹ ਹੈ ਕਿ ਮਨੀਪੁਰ ਦੀ ਮਿੱਟੀ ਮਹੀਨਿਆਂ ਤੋਂ ਸੁਲਗ ਰਹੀ ਹੈ; ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਲੇਹ ਲਦਾਖ਼ ਦੀ ਮਿੱਟੀ ਲਗਾਤਾਰ ਖੁਰ ਰਹੀ ਹੈ, ਟੁੱਟ ਰਹੀ ਹੈ ਜਿੱਥੇ ਹਜ਼ਾਰਾਂ ਘਰ ਤੇ 300 ਤੋਂ ਜ਼ਿਆਦਾ ਦੁਕਾਨਾਂ ਦੀ ਮਿੱਟੀ ਧੱਸ ਚੁੱਕੀ ਹੈ; ਸੈਂਕੜੇ ਲੋਕ ਉਸ ਮਿੱਟੀ ਵਿਚ ਧਸ ਕੇ ਜਾਨ ਗੁਆ ਚੁੱਕੇ ਹਨ ਜਿਸ ਵੱਲ ਸਰਕਾਰ ਦਾ ਧਿਆਨ ਨਹੀਂ ਜਾ ਰਿਹਾ। ਅੰਤ ਵਿਚ ਲੇਖਕ ਦਾ ਸੁਨੇਹਾ ਹੈ ਕਿ ਲੋਕਾਂ ਨੂੰ ਇਨ੍ਹਾਂ ਸਭ ਮਸਲਿਆਂ ਨੂੰ ਸਮਝਣ, ਘੋਖਣ ਅਤੇ ਲੋੜ ਪਵੇ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਮਾਂ ਆ ਗਿਆ ਹੈ। 27 ਸਤੰਬਰ ਨੂੰ ਕੰਵਲਜੀਤ ਖੰਨਾ ਦਾ ਲੇਖ ‘ਲੰਮੀਆਂ ਵੋਟਾਂ ਦਾ ਅਣਥੱਕ ਮੁਸਾਫ਼ਿਰ ਭਾਅ ਜੀ ਗੁਰਸ਼ਰਨ ਸਿੰਘ’ ਪੜ੍ਹਿਆ ਜੋ ਭਾਅ ਜੀ ਗੁਰਸ਼ਰਨ ਸਿੰਘ ਦੇ ਜੀਵਨ, ਸੰਘਰਸ਼ ਅਤੇ ਸਮਾਜ ਪ੍ਰਤੀ ਯੋਗਦਾਨ ਬਾਰੇ ਸੀ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਜ਼ਿਲ੍ਹਾ ਪਟਿਆਲਾ)
ਆਮਦਨ ਦਾ ਅਸਾਵਾਂਪਨ
29 ਸਤੰਬਰ ਦੇ ਸੰਪਾਦਕੀ ‘ਸੀਨੀਅਰ ਨਾਗਰਿਕਾਂ ਦੀਆਂ ਸਮੱਸਿਆਵਾਂ’ ਵਿਚ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਜੇ ਸਰਕਾਰਾਂ ਨੇ ਟੈਕਸ ਲਗਾਉਣ ਦੀਆਂ ਨੀਤੀਆਂ ਬਦਲ ਕੇ ਅਤਿ ਅਮੀਰ ਵਰਗ ਅਤੇ ਕਾਰਪੋਰੇਟ ਘਰਾਣਿਆਂ ਨੂੰ ਵਧੇਰੇ ਟੈਕਸ ਦੇ ਘੇਰੇ ਵਿਚ ਨਾ ਲਿਆਂਦਾ ਤਾਂ ਆਮਦਨ ਵਿਚ ਅਸਾਂਵਪਨ ਬਣਿਆ ਰਹੇਗਾ ਤੇ ਗਰੀਬ ਅਤੇ ਗਰੀਬ ਬਣਦਾ ਜਾਵੇਗਾ ਅਤੇ ਸੀਨੀਅਰ ਨਾਗਰਿਕਾਂ ਨੂੰ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਬਹੁਤ ਸਾਰੇ ਦੇਸ਼ਾਂ ਵਿਚ ਆਪਣੇ ਹਰ ਸੀਨੀਅਰ ਨਾਗਰਿਕ ਨੂੰ ਚੋਖੀ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਜੋ ਉਹ ਬੁਢਾਪਾ ਸੌਖਾ ਗੁਜ਼ਾਰ ਸਕਣ ਪਰ ਸਾਡੇ ਦੇਸ਼ ਵਿਚ ਪੈਨਸ਼ਨ ਦਾ ਹੱਕ ਸਰਕਾਰੀ ਮੁਲਾਜ਼ਮਾਂ ਤੋਂ ਵੀ ਖੋਹ ਲਿਆ ਗਿਆ ਹੈ। 23 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਮਿਡਲ ‘ਦੋਸਤੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅੱਜ ਦੀ ਦੋਸਤੀ ਕੁਝ ਟਕਿਆਂ ਵੱਟੇ ਵਿਕਾਊ ਹੋ ਸਕਦੀ ਹੈ। ਪਿਛਲੇ ਸਮਿਆਂ ਵਿਚ ਦੋਸਤੀ ’ਤੇ ਇੰਨਾ ਭਰੋਸਾ ਕੀਤਾ ਜਾਂਦਾ ਸੀ ਕਿ ਲੋਕ ਫਖ਼ਰ ਨਾਲ ਕਿਹਾ ਕਰਦੇ ਸਨ: ‘ਯਾਰੀ ਏ, ਕੋਈ ਛੋਲਿਆਂ ਦਾ ਵੱਢ ਨਹੀਂ’ ਪਰ ਅੱਜ ਦੋਸਤੀ ਸਵਾਰਥੀ ਹੋ ਚੁੱਕੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਭਗਤ ਸਿੰਘ ਦਾ ਘਾਟਾ
ਸ਼ਹੀਦ ਭਗਤ ਸਿੰਘ ਦੇ ਜਨਮ ਦਨਿ ਮੌਕੇ 28 ਸਤੰਬਰ ਨੂੰ ਉਨ੍ਹਾਂ ਬਾਰੇ ਸਰਬਜੀਤ ਸਿੰਘ ਵਿਰਕ ਅਤੇ ਸੁਮੀਤ ਸਿੰਘ ਦੇ ਜਾਣਕਾਰੀ ਭਰਪੂਰ ਲੇਖ ਪੜ੍ਹੇ। ਅਸਲ ਵਿਚ ਭਗਤ ਸਿੰਘ ਦੇ ਸ਼ਹੀਦ ਹੋਣ ਨਾਲ ਹਿੰਦੋਸਤਾਨੀਆਂ ਨੂੰ ਹੀ ਨਹੀਂ ਬਲਕਿ ਸਾਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਵਾਕਿਆ ਹੀ, ਭਗਤ ਸਿੰਘ ਵਾਲੀ ਸਿਆਸਤ ਦਾ ਠੁੱਕ ਬੱਝਦਾ ਤਾਂ ਸੱਚਮੁੱਚ ਅੱਜ ਦਾ ਭਾਰਤ ਬਿਲਕੁੱਲ ਵੱਖਰਾ ਹੁੰਦਾ।
ਸੁਖਦੇਵ ਸਿੰਘ ਚਾਹਲ, ਬਠਿੰਡਾ
ਮਾਪਿਆਂ ਦਾ ਫ਼ਿਕਰ
21 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਮਾਂ ਦਾ ਢਿੱਡ’ ਪੜ੍ਹ ਕੇ ਬਚਪਨ ਦੇ ਦਨਿ ਯਾਦ ਆ ਗਏ ਕਿ ਕਵਿੇਂ ਮਾਂ ਨੇ ਹਮੇਸ਼ਾ, ਪੜ੍ਹਨ ਲਈ ਕਹਿੰਦੇ ਰਹਿਣਾ ਤਾਂ ਕਿ ਕੋਈ ਚੰਗੀ ਨੌਕਰੀ ਹਾਸਲ ਕੀਤੀ ਜਾ ਸਕੇ। ਕਿਸੇ ਸਮੇਂ ਪਿਤਾ ਜੀ ਨਾਲ ਗੁੱਸੇ ਹੋ ਜਾਣਾ ਤਾਂ ਮਾਂ ਨੇ ਇਹੀ ਕਹਿਣਾ ਕਿ ਉਹ ਤੇਰੀ ਪੜ੍ਹਾਈ ਦੀ ਚਿੰਤਾ ਕਰਦੇ ਹਨ।
ਹਰਸ਼ਦੀਪ ਸਿੰਘ, ਪਿੰਡ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
(2)
21 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦੇ ਲੇਖ ‘ਮਾਂ ਦਾ ਢਿੱਡ’ ਵਿਚ ਮਾਂ ਪਿਉ ਦੇ ਪਿਆਰ ਅਤੇ ਜਜ਼ਬਾਤ ਦੀ ਗੱਲ ਕੀਤੀ ਹੈ। ਨਵੀਂ ਪੀੜ੍ਹੀ ਨੂੰ ਸੋਚਣਾ ਚਾਹੀਦਾ ਹੈ ਕਿ ਮਾਪੇ ਕਿੰਨੀ ਘਾਲਣਾ ਕਰ ਕੇ ਪਾਲਦੇ ਹਨ।
ਅਸ਼ੋਕ ਕੁਮਾਰ ਲਗਾਹ, ਲੁਧਿਆਣਾ
ਏਸ਼ਿਆਈ ਖੇਡਾਂ ਅਤੇ ਭਾਰਤ
ਐਤਕੀਂ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਯੋਗਦਾਨ ਚੰਗਾ ਰਿਹਾ ਹੈ। ਭਾਰਤੀ ਖਿਡਾਰੀ ਕੁੱਲ ਰਿਕਾਰਡ ਤਗਮੇ ਜਿੱਤ ਕੇ ਮੁਲਕ ਦਾ ਨਾਂ ਰੌਸ਼ਨ ਕਰ ਚੁੱਕੇ ਹਨ ਅਤੇ ਹੋਰ ਜਿੱਤਾਂ ਦਰਜ ਕਰਵਾ ਰਹੇ ਹਨ। ਇਨ੍ਹਾਂ ਖੇਡਾਂ ਨੇ ਖੇਡਾਂ ਦੇ ਖੇਤਰ ਵਿਚ ਭਾਰਤ ਦੀ ਗੁੰਜਾਇਸ਼ ਇਕ ਵਾਰ ਫਿਰ ਉਜਾਗਰ ਕੀਤੀ ਹੈ।
ਗੁਰਮੀਤ ਸਿੰਘ, ਅੰਬਾਲਾ
ਮਹਿਲਾ ਰਾਖਵਾਂਕਰਨ ਬਿੱਲ: ਖੋਖਲੇ ਦਾਅਵੇ
3 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਮਹਿਲਾ ਰਾਖਵਾਂਕਰਨ ਬਿੱਲ: ਦਾਅਵੇ ਅਤੇ ਹਕੀਕਤ’ ਇਸ ਬਿੱਲ ਨੂੰ ਪਾਸ ਅਤੇ ਲਾਗੂ ਕਰਨ ਦੇ ਖੋਖਲੇ ਦਾਅਵਿਆਂ ਦੀ ਚੀਰ-ਫਾੜ ਕਰਦਾ ਹੈ। ਸੱਚਾਈ ਇਹੀ ਹੈ ਕਿ ਔਰਤ ਦੇ ਹਾਲਾਤ ਬਦਲਣ ਲਈ ਸਮਾਜ ਨੂੰ ਆਪਣੀ ਨਜ਼ਰ ਅਤੇ ਨਜ਼ਰੀਆ, ਦੋਵੇਂ ਬਦਲਣੇ ਪੈਣਗੇ। ਇਸ ਬਾਰੇ ਮਨੀਪੁਰ ਅਤੇ ਖਿਡਾਰੀ ਕੁੜੀਆਂ ਦੀਆਂ ਉਦਾਹਰਨਾਂ ਕਾਫ਼ੀ ਹਨ। ਇਸੇ ਪੰਨੇ ’ਤੇ ‘(ਪਿਤਰ) ਸੱਤਾ ਵਿਚ ਔਰਤਾਂ ਦੀ ਨੁਮਾਇੰਦਗੀ (ਸੰਗੀਤ ਤੂਰ) ਅਤੇ ‘ਮਹਿਲਾ ਰਾਖਵਾਂਕਰਨ ਬਿੱਲ ਦੇ ਮੋੜ ਘੋੜ’ (ਰਾਧਿਕਾ ਰਾਮਾਸੇਸ਼ਨ) ਦੇ ਲੇਖਾਂ ਵਿਚ ਵੀ ਇਸ ਬਿੱਲ ਬਾਰੇ ਭਰਪੂਰ ਪੜਚੋਲ ਕੀਤੀ ਗਈ ਹੈ। ਦੁੱਖ ਇਸ ਗੱਲ ਦਾ ਹੈ ਕਿ ਸੱਤਾ ਵਿਚ ਬੈਠੀਆਂ ਡੀਐੱਸਪੀ, ਮੰਤਰੀ ਅਤੇ ਰਾਸ਼ਟਰਪਤੀ ਤਕ ਦੇ ਅਹੁਦੇ ’ਤੇ ਬੈਠੀਆਂ ਔਰਤਾਂ ਵੀ ਮਜ਼ਲੂਮ ਕੁੜੀਆਂ ਦੇ ਹੱਕ ਵਿਚ ਹਮਦਰਦੀ ਦੇ ਦੋ ਬੋਲ ਨਹੀਂ ਬੋਲ ਸਕਦੀਆਂ ਤਾਂ ਇਸ ਮਰਦ ਪ੍ਰਧਾਨ ਸਮਾਜ ਵਿਚ ਅਸੀਂ ਹੋਰਾਂ ਤੋਂ ਕੀ ਆਸ ਕਰ ਸਕਦੇ ਹਾਂ? ਮੁੱਕਦੀ ਗੱਲ, ਔਰਤਾਂ ਦੀ ਹੋਣੀ ਬਦਲਣ ਲਈ ਨਾ ਸਾਡੇ ਸਮਾਜ ਕੋਲ ਤੇ ਨਾ ਸਰਕਾਰ ਕੋਲ ਕੋਈ ਯੋਗ ਨੀਤੀ ਹੈ। ਇਹ ਸਾਰਾ ਕੁਝ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ ਲੱਗਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ