ਪਾਠਕਾਂ ਦੇ ਖ਼ਤ
ਪੰਜਾਬ ਦਾ ਦੁਖਾਂਤ
27 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਪਰਵਾਸ: ਸੰਘਰਸ਼, ਅਕਸ ਤੇ ਫ਼ਿਕਰ’ ਪੰਜਾਬ ਦੇ ਦੁਖਾਂਤ ਦਾ ਸਾਰ ਹੈ। ਜਦੋਂ ਦੇਸ਼ ਗੁਲਾਮ ਸੀ; ਪੰਜਾਬੀ, ਖ਼ਾਸ ਕਰ ਕੇ ਸਿੱਖ ਭਾਈਚਾਰਾ ਦੇਸ਼ ਆਜ਼ਾਦ ਕਰਵਾਉਣ ਲਈ ਕੈਨੇਡਾ/ਅਮਰੀਕਾ ਤੋਂ ਵਤਨ ਵੱਲ ਅਹੁਲਿਆ। ਆਜ਼ਾਦ ਹੋਣ ਤੋਂ ਬਾਅਦ ਹੁਣ ਪੰਜਾਬੀ, ਉਹ ਵੀ ਜ਼ਿਆਦਾਤਰ ਕਿਸਾਨ-ਸਿੱਖ ਭਾਈਚਾਰਾ ਕੈਨੇਡਾ ਵੱਲ ਭੱਜ ਰਿਹਾ ਹੈ- ਤਲਾਸ਼ ਰੋਜ਼ੀ ਰੋਟੀ ਅਤੇ ਪੱਕੀ ਰਿਹਾਇਸ਼ ਦੀ ਹੈ। ਸਾਰੇ ਸਿੱਖਾਂ ਨੂੰ ਖਾਲਿਸਤਾਨ ਦੇ ਰੱਸੇ ਨਾਲ ਨੂੜ ਕੇ ਪ੍ਰਚਾਰ ਕਰਨਾ ਸਰਾਸਰ ਜ਼ਿਆਦਤੀ ਹੈ। ਇਸ ਤੋਂ ਪਹਿਲਾਂ 26 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਸਨਾਤਨ ਧਰਮ ਸਿਆਸਤ ਦੀਆਂ ਪਰਤਾਂ ਫਰੋਲਦਿਆਂ’ ਪੜ੍ਹਿਆ। ਲੇਖਕ ਧਰਮ ਸਿਆਸਤ ਦੇ ਅਜੋਕੇ ਵਰਤਾਰੇ ਦੀ ਚੰਗੀ ਚੀਰ-ਫਾੜ ਕਰਦਾ ਹੋਇਆ ਸਹੀ ਲਿਖਦਾ ਹੈ ਕਿ ਜਾਤ, ਮਰਦ ਪ੍ਰਧਾਨਤਾ ਜਾਂ ਹਿੰਸਾ ਸਬੰਧੀ ਕੁਝ ਵੀ ਸਦੀਵੀ ਨਹੀਂ ਹੈ। ਤਬਦੀਲੀ ਕੁਦਰਤੀ ਨਿਯਮ ਹੈ। ਮਨੁੱਖੀ ਰਿਸ਼ਤੇ ਵੀ ਸਮੇਂ ਨਾਲ ਬਦਲੇ ਹਨ। ਇਹ ਵੀ ਸਹੀ ਲਿਖਿਆ ਹੈ ਕਿ ਅਸਲੀ ਅਧਿਆਤਮਿਕਤਾ ਦਾ ਧਰਮ ਆਧਾਰਿਤ ਰਾਜਨੀਤੀ ਜਾਂ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। 25 ਸਤੰਬਰ ਨੂੰ ਇਸੇ ਪੰਨੇ ਉੱਤੇ ਰਾਜਨ ਕਸ਼ਿਅਪ ਦਾ ਲੇਖ ‘ਪੰਚਾਇਤਾਂ ਨੂੰ ਤਾਕਤਾਂ, ਸੂਬਿਆਂ ਦੀ ਮਜ਼ਬੂਤੀ’ ਨਿੱਗਰ ਨੁਕਤਿਆਂ ਨਾਲ ਭਰਿਆ ਪਿਆ ਹੈ। ਲੇਖ ਵਿਚ ਸਿਆਸੀ ਆਗੂਆਂ ਦੇ ਰੁਝਾਨ ਵਾਲਾ ਬਿਰਤਾਂਤ ਦੱਸਦਾ ਹੈ ਕਿ ਕਵਿੇਂ ਸਿਆਸੀ ਆਗੂ ਜਨਤਾ ਦੇ ਹੱਕਾਂ ਅਤੇ ਸਰਕਾਰੀ ਅਫਸਰਾਂ ਦੀਆਂ ਤਾਕਤਾਂ ਨੂੰ ਨਕਾਰਾ ਕਰ ਰਹੇ ਹਨ।
ਜਗਰੂਪ ਸਿੰਘ, ਲੁਧਿਆਣਾ
ਮਜ਼ਬੂਤ ਪੰਚਾਇਤਾਂ
25 ਸਤੰਬਰ ਨੂੰ ਰਾਜਨ ਕਸ਼ਿਅਪ ਦਾ ਲੇਖ ‘ਪੰਚਾਇਤਾਂ ਨੂੰ ਤਾਕਤਾਂ, ਸੂਬਿਆਂ ਦੀ ਮਜ਼ਬੂਤੀ’ ਪੜ੍ਹਿਆ। ਸੰਵਿਧਾਨ ਦੀ 73ਵੀਂ ਸੋਧ (1992) ਪਿੰਡਾਂ ਵਿਚ ਪੰਚਾਇਤੀ ਸੰਸਥਾਵਾਂ ਨੂੰ ਕਾਨੂੰਨੀ ਤੌਰ ’ਤੇ ਸਥਾਨਕ ਸਰਕਾਰਾਂ ਦਾ ਦਰਜਾ ਦਿੰਦੀ ਹੈ। ਮਹਾਤਮਾ ਗਾਂਧੀ ਵੀ ਪੰਚਾਇਤੀ ਸੰਸਥਾਵਾਂ ਨੂੰ ਵਧੇਰੇ ਸ਼ਕਤੀਆਂ ਦੇਣ ਦੇ ਹੱਕ ਵਿਚ ਸਨ। ਮੌਜੂਦ ਹਾਲਾਤ ਇਹ ਹਨ ਕਿ ਸੂਬਾ ਸਰਕਾਰਾਂ ਕੇਂਦਰ ਤੋਂ ਵਧੇਰੇ ਵਿੱਤੀ ਤੇ ਕਾਨੂੰਨੀ ਸ਼ਕਤੀਆਂ ਦੀ ਮੰਗ ਕਰਦੇ ਹਨ ਪਰ ਪੰਚਾਇਤਾਂ ਨੂੰ ਵਧੇਰੇ ਵਿੱਤੀ ਤੇ ਕਾਨੂੰਨੀ ਆਦਿ ਸ਼ਕਤੀਆਂ ਦੇਣ ਤੋਂ ਕੰਨੀ ਕਤਰਾਉਂਦੇ ਹਨ। ਆਦਰਸ਼ ਲੋਕਤੰਤਰ ਵਿਚ ਤਾਕਤਾਂ ਦਾ ਵਿਕੇਂਦਰੀਕਰਨ ਜ਼ਰੂਰੀ ਹੈ। 19 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਕੁਲਦੀਪ ਪੁਰੀ ਦਾ ਲੇਖ ‘ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ’ ਪੜ੍ਹਿਆ। ਭਾਰਤ ਦੀ ਨਵੀਂ ਸਿੱਖਿਆ ਨੀਤੀ-2020 ਡਿਜੀਟਲ ਟੈਕਨਾਲੋਜੀ ਦੀ ਹਮਾਇਤੀ ਹੈ। ਇਹ ਟੈਕਨਾਲੋਜੀ ਅਧਿਆਪਕ ਦੀ ਗ਼ੈਰ-ਹਾਜ਼ਰੀ ਵਿਚ ਵਿਦਿਆਰਥੀਆਂ ਨੂੰ ਸਰਬਪੱਖੀ ਨਿਪੁੰਨ ਬਣਾਉਣ ਦਾ ਦਾਅਵਾ ਕਰਦੀ ਹੈ ਜੋ ਸਹੀ ਨਹੀਂ। ਵਿਦਿਆਰਥੀਆਂ ਨੂੰ ਸਗੋਂ ਜ਼ਿੰਦਗੀ ਨਾਲ ਧੜਕਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਲੋੜੀਂਦੇ ਹਨ। ਅਧਿਆਪਕਾਂ ਨਾਲ ਸੰਵਾਦ, ਖੁੱਲ੍ਹੇ ਖੇਡ ਮੈਦਾਨ, ਲਾਇਬ੍ਰੇਰੀ ਤੇ ਪ੍ਰਯੋਗਸ਼ਾਲਾਵਾਂ ਵੀ ਲੋੜੀਂਦੀਆਂ ਹਨ। ਸੋ, ਭਾਰਤ ਸਰਕਾਰ ਨੂੰ ਵੀ ਸਿੱਖਿਆ ਨੂੰ ਟੈਕਨਾਲੋਜੀ ’ਤੇ ਕੇਂਦਰਿਤ ਕਰਨ ਦੀ ਥਾਂ ਇਸ ਦੇ ਬੁਨਿਆਦੀ ਢਾਂਚੇ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਿੱਖਿਆ ਦੇ ਕਾਰਜ ਵਿਚ ਟੈਕਨਾਲੋਜੀ ਅਹਿਮ ਸਾਧਨ ਹੈ।
ਤਰਸੇਮ ਸਿੰਘ, ਪਿੰਡ ਤੇ ਡਾਕਖਾਨਾ ਡਕਾਲਾ (ਪਟਿਆਲਾ)
ਮਨੁੱਖੀ ਅਧਿਕਾਰਾਂ ਦੀ ਹਾਲਤ
20 ਸਤੰਬਰ ਦੇ ਸੰਪਾਦਕੀ ‘ਕੈਨੇਡਾ ਦਾ ਕਪਟ’ ਵਿਚ ਕੈਨੇਡਾ ਵਿਚ ਹੋਈਆਂ ਘਟਨਾਵਾਂ ਲਈ ਕੈਨੇਡਾ ਨੂੰ ਕਸੂਰਵਾਰ ਕਿਹਾ ਗਿਆ ਹੈ ਤੇ ਭਾਰਤ ਸਰਕਾਰ ਨੂੰ ਇਕ ਤਰ੍ਹਾਂ ਨਾਲ ਕਲੀਨ ਚਿੱਟ ਦਿੱਤੀ ਗਈ ਹੈ। ਇਸੇ ਤਰ੍ਹਾਂ 23 ਸਤੰਬਰ ਦੇ ਸੰਪਾਦਕੀ ‘ਅਮਰੀਕਾ ਦੇ ਦੋਹਰੇ ਮਿਆਰ’ ਵਿਚ ਵੀ ਅਮਰੀਕਾ ਨੂੰ ਕਸੂਰਵਾਰ ਠਹਿਰਾਇਆ
ਗਿਆ ਹੈ। ਲੱਗ ਰਿਹਾ ਹੈ ਕਿ ਪੰਜਾਬੀ ਟ੍ਰਿਬਿਊਨ ਵੀ ਦੇਸ਼ ਦੇ ਬਾਕੀ ਮੀਡੀਆ ਵਾਂਗ ਵਿਹਾਰ ਕਰਨ ਲੱਗ ਪਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਕਿੰਨੀ ਖ਼ਰਾਬ ਹੈ।
ਭਾਰਤ ਇਸ ਮਾਮਲੇ ਵਿਚ ਅਮਰੀਕਾ ਤੇ ਕੈਨੇਡਾ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈ।
ਰਣਬੀਰ ਸਿੰਘ, ਈਮੇਲ
ਦੋਸਤੀ ਨਾਲ ਸੰਪੂਰਨਤਾ
23 ਸਤੰਬਰ ਦੇ ਅੰਕ ਵਿਚ ਜਗਦੀਸ਼ ਕੌਰ ਮਾਨ ਦਾ ਮਿਡਲ ‘ਦੋਸਤੀ’ ਪੜ੍ਹਿਆ। ਦੋਸਤ-ਮਿੱਤਰ ਸ਼ਬਦ ਸੁਣਦੇ ਸਾਰ ਹੀ ਮਨ ਵਿਚ ਖੁਸ਼ੀ ਦੀ ਲਹਿਰ ਉੱਠਦੀ ਹੈ ਕਿਉਂਕਿ ਜ਼ਿੰਦਗੀ ਦੋਸਤਾਂ-ਮਿੱਤਰਾਂ ਤੋਂ ਬਿਨਾ ਅਧੂਰੀ ਜਾਪਦੀ ਹੈ। ਚੰਗੇ ਦੋਸਤ ਹੀ ਦੁੱਖਾਂ ਸੁੱਖਾਂ ਦੇ ਸਾਂਝੀ ਹੁੰਦੇ ਹਨ। ਸ੍ਰੀ ਕਿਸ਼ਨ-ਸੁਦਾਮਾ ਜੀ ਵਰਗੇ ਸੱਚੇ ਮਿੱਤਰ ਵਿਰਲੇ ਹੀ ਮਿਲਦੇ ਹਨ, ਜ਼ਿਆਦਾਤਰ ਤਾਂ ਕਿਸੇ ਲਾਲਚ ਕਰ ਕੇ ਹੀ ਪਿਆਰ ਕਰਦੇ ਹਨ। ਸਿਆਸਤ ਵਿਚ ਨਾ ਕੋਈ ਮਿੱਤਰ, ਨਾ ਹੀ ਦੁਸ਼ਮਣ ਹੁੰਦਾ ਹੈ। ਸਿਆਸਤ ਦੀ ਖੇਡ ਬਹੁਤ ਵਾਰ ਸਮਝੋਂ ਬਾਹਰ ਹੁੰਦੀ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)