For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:09 AM Sep 22, 2023 IST
ਪਾਠਕਾਂ ਦੇ ਖ਼ਤ
Advertisement

ਟੈਕਨਾਲੋਜੀ ਦੀ ਵਰਤੋਂ ਅਤੇ ਸਿੱਖਿਆ

‘ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ’ ਵਾਲਾ ਲੇਖ (ਕੁਲਦੀਪ ਪੁਰੀ, 19 ਸਤੰਬਰ) ਅੱਖਾਂ ਖੋਲ੍ਹਣ ਵਾਲਾ ਹੈ। ਟੈਕਨਾਲੋਜੀ ਨੇ ਤਾਂ ਵਿਦਿਆ ਦੇ ਖੇਤਰ ਨੂੰ ਚਾਰ ਕਦਮ ਅਗਾਂਹ ਲੈ ਕੇ ਜਾਣਾ ਸੀ ਪਰ ਸਰਕਾਰਾਂ ਜਿਸ ਢੰਗ ਨਾਲ ਟੈਕਨਾਲੋਜੀ ਨੂੰ ਵਰਤਣਾ ਚਾਹੁੰਦੀਆਂ ਹਨ ਜਾਂ ਵਰਤ ਰਹੀਆਂ ਹਨ, ਉਸ ਨਾਲ ਆਮ ਵਿਦਿਆਰਥੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਬੇਰੁਜ਼ਗਾਰੀ ਦੇ ਇਸ ਦੌਰ ਵਿਚ ਅਜਿਹੇ ਵਿਦਿਆਰਥੀਆਂ ਦਾ ਸਗੋਂ ਦੋਹਰਾ ਨੁਕਸਾਨ ਹੋ ਰਿਹਾ ਹੈ। ਉਹ ਸਮਾਜ ਵਿਚ ਪਛੜ ਰਹੇ ਹਨ। ਇਸ ਮਸਲੇ ’ਤੇ ਸਰਕਾਰਾਂ ਨੂੰ ਲੋਕ ਪੱਖੀ ਕਦਮ ਉਠਾਉਣ ਲਈ ਮਜਬੂਰ ਕਰਨ ਖ਼ਾਤਰ ਲਾਮਬੰਦੀ ਹੋਣੀ ਚਾਹੀਦੀ ਹੈ।
ਬਸੇਸਰ ਕਲਸੀ, ਪਟਿਆਲਾ

Advertisement

ਸਰਕਾਰ ਨੇ ਸਾਹ ਕੱਢਿਆ

21 ਸਤੰਬਰ ਦੇ ਸੰਪਾਦਕੀ ‘ਘਟ ਰਹੀ ਘਰੇਲੂ ਬੱਚਤ’ ਵਿਚ ਘਰੇਲੂ ਬੱਚਤਾਂ ਬਾਰੇ ਵਿਸਥਾਰ ਸਹਿਤ ਚਰਚਾ ਹੈ। ਸਰਕਾਰ ਦੀ ਕਾਰਪੋਰੇਟ ਪੱਖੀ ਪਹੁੰਚ ਨੇ ਆਮ ਲੋਕਾਂ ਦਾ ਸਾਹ ਕੱਢ ਕੇ ਰੱਖ ਦਿੱਤਾ ਹੈ। ਬਹੁਤ ਸਾਰੀਆਂ ਖਾਸ ਸਹੂਲਤਾਂ ਧਨਾਢਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਜਸਵੰਤ ਸਿੰਘ, ਜਲੰਧਰ

Advertisement

ਪੰਜਾਬ ਲਈ ਪਿਆਰ

20 ਸਤੰਬਰ ਨੂੰ ਛਪਿਆ ਮਿਡਲ ‘ਸਲਾਮ’ (ਤ੍ਰੈਲੋਚਨ ਲੋਚੀ) ਪੜ੍ਹ ਕੇ ਪੰਜਾਬੀ ਹੋਣ ਦਾ ਮਾਣ ਹੋਇਆ। ਵਾਕਿਆ ਹੀ, ਦੁਨੀਆ ’ਤੇ ਜੇ ਸਵਰਗ ਹੈ ਤਾਂ ਉਹ ਪੰਜਾਬ ਹੈ। ਗੁਰੂਆਂ-ਪੀਰਾਂ ਦੀ ਇਹ ਧਰਤੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਵਿਦੇਸ਼ੀ ਬੰਦੇ ਪੰਜਾਬ ਆ ਕੇ ਜਦੋਂ ਗੁਰਦੁਆਰੇ ਜਾਂਦੇ ਹਨ, ਬਾਣੀ ਸੁਣਦੇ ਹਨ ਤਾਂ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਲੰਗਰ ਪ੍ਰਥਾ ਅੱਜ ਵੀ ਸਿੱਖ ਉਸੇ ਭਾਵ ਨਾਲ ਚਲਾ ਰਹੇ ਹਨ। ਇਸ ਬਾਰੇ ਜਾਣ ਕੇ ਉਨ੍ਹਾਂ ਦੇ ਮਨਾਂ ਅੰਦਰ ਪੰਜਾਬ ਲਈ ਪਿਆਰ ਅਤੇ ਸਤਿਕਾਰ ਹੋਰ ਵਧ ਜਾਂਦਾ ਹੈ।
ਬੇਅੰਤ ਕੌਰ, ਗੁਰਬਖ਼ਸ਼ਪੁਰਾ

ਲੋਕਤੰਤਰ ਦੀ ਲੋੜ

ਸੰਪਾਦਕੀ ‘ਕਾਂਗਰਸ ਦੀ ਤਿਆਰੀ’ (18 ਸਤੰਬਰ) ਸਟੀਕ ਤੇ ਪ੍ਰਤੱਖ ਹੈ। ਇਹ ਸੰਕੇਤ ਦਿੰਦੀ ਹੈ ਕਿ 2024 ਦੀ ਲੋਕ ਸਭਾ ਚੋਣ ਫਸਵੀਂ/ਗਹਿਗੱਚ ਹੋਏਗੀ। ਕਾਂਗਰਸ ਧਰਮ ’ਚ ਗੜੁੱਚ ਹਾਕਮ ਧਿਰ ਦੇ ਬ੍ਰਹਮ ਅਸਤਰਾਂ ਤੋਂ ਅਜੇ ਅਣਜਾਣ ਹੈ। ਮੁਲਕ ਅੰਦਰ ਅਜਿਹੇ ਵੋਟਰ ਵੀ ਹਨ ਜੋ ਚੋਣ ਵਾਲੇ ਦਿਨ ਮਾਹੌਲ ਦੇਖਣ ਤੋਂ ਬਾਅਦ ਮਨ ਬਦਲਣ ਲਈ ਮਸ਼ਹੂਰ ਹਨ। ਪਤਾ ਨਹੀਂ, ਜਿੱਤ ਕਿਸ ਦੀ ਹੋਣੀ ਹੈ ਅਤੇ ਅਗਲੀ ਸਰਕਾਰ ਵੇਲੇ ਊਠ ਕਿਸ ਕਰਵਟ ਬੈਠਣਾ ਹੈ; ਉਂਝ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਅਗਲੀ ਸਰਕਾਰ ਦੌਰਾਨ ਵਿਰੋਧੀ ਧਿਰ ਮਜ਼ਬੂਤ ਹੋਵੇਗੀ ਜੋ ਹਰ ਜਿਊਂਦੇ ਜਾਗਦੇ ਲੋਕਤੰਤਰ ’ਚ ਪਲੇਠੀ ਲੋੜ ਹੁੰਦੀ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ

ਠੰਢੀ ਹਵਾ ਦਾ ਬੁੱਲਾ

16 ਸਤੰਬਰ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦਾ ਲੇਖ ‘ਹੌਲੀ ਹੌਲੀ ਤੰਦਰੁਸਤ ਹੋ ਰਹੀ ਓਜ਼ੋਨ ਪਰਤ’ ਪੜ੍ਹਿਆ। ਸ਼ੁਕਰ ਹੈ ਕਿ ਕਿਸੇ ਪਾਸਿਓਂ ਤਾਂ ਠੰਢੀ ਹਵਾ ਦਾ ਬੁੱਲਾ ਆਇਆ; ਨਹੀਂ ਤਾਂ ਅੱਜ ਦੇ ਵਿਕਾਸ ਕਾਰਨ ਹੋ ਰਹੇ ਵਿਨਾਸ਼ ਦੀਆਂ ਖ਼ਬਰਾਂ ਪੜ੍ਹ ਪੜ੍ਹ ਕੇ ਦਿਲ ਬੈਠਦਾ ਹੀ ਜਾਂਦਾ ਹੈ। ਓਜ਼ੋਨ ਪਰਤ ਦੀ ਤੰਦਰੁਸਤੀ ਸ਼ੁਭ ਸ਼ਗਨ ਹੈ। ਅਜਿਹੀਆਂ ਪਹਿਲ ਕਦਮੀਆਂ ਹੋਰ ਖੇਤਰਾਂ ਵਿਚ ਵੀ ਹੋਣੀਆਂ ਚਾਹੀਦੀਆਂ ਹਨ।
ਨਿਰਮਲ ਸੰਘਾ, ਅੰਬਾਲਾ (ਹਰਿਆਣਾ)

ਪਰਵਾਸ ਦਾ ਪੰਜਾਬ ’ਤੇ ਅਸਰ

13 ਸਤੰਬਰ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਗਿੱਲ ਨੇ ਆਪਣੇ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਪੰਜਾਬ ’ਤੇ ਅਸਰ’ ਵਿਚ ਇਸ ਗੰਭੀਰ ਮੁੱਦੇ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਪੇਸ਼ ਕੀਤਾ ਹੈ। ਵਿਕਸਤ ਦੇਸ਼ਾਂ ਨੇ ਉਚੇਰੀ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਅੰਗਰੇਜ਼ੀ ਵਿਚ ਬੋਲਚਾਲ, ਸੁਣਨ, ਪੜ੍ਹਨ ਅਤੇ ਲਿਖਣ ਦੀ ਮੁੱਢਲੀ ਯੋਗਤਾ ਲਈ ਪ੍ਰੀਖਿਆ ਰੱਖੀ ਹੈ। ਜੇਕਰ ਅਸੀਂ ਆਈਲਟਸ ਪਾਸ ਕਰਨ ਨੂੰ ਹੀ ਬਹੁਤ ਵਧਾਅ-ਚੜ੍ਹਾਅ ਕੇ ਪੇਸ਼ ਕਰਦੇ ਹਾਂ ਜਿਸ ਦੀ ਤਿਆਰੀ ਕਰਵਾਉਣ ਲਈ ਗਲੀ-ਮੁਹੱਲਿਆਂ ਵਿਚ ਹਜ਼ਾਰਾਂ ਟਰੇਨਿੰਗ ਸੈਂਟਰ ਖੁੱਲ੍ਹੇ ਹਨ, ਤਾਂ ਇਹ ਸਾਡੇ ਸਕੂਲਾਂ ਦੇ ਅੰਗਰੇਜ਼ੀ ਅਧਿਆਪਕਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਵਿਚ ਉਚੇਰੀ ਸਿੱਖਿਆ ਨਾਲ ਸਬੰਧਿਤ ਅਦਾਰਿਆਂ ਦੀ ਗਿਣਤੀ ਵਿਚ ਹੋਏ ਬੇਤਹਾਸ਼ਾ ਇਜ਼ਾਫੇ਼ ਨੇ ਜਿੱਥੇ ਅਧਿਆਪਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਵਿਦਿਅਕ ਅਦਾਰਿਆਂ ਦੇ ਮਾਲਕਾਂ ਨੇ ਵੀ ਛੇਤੀ ਅਤੇ ਵੱਧ ਮੁਨਾਫ਼ਾ ਕਮਾਉਣ ਲਈ ਘੱਟ ਤਨਖ਼ਾਹਾਂ ’ਤੇ ਅਧਿਆਪਕ ਰੱਖ ਕੇ ਅਕਾਦਮਿਕ ਵਾਤਾਵਰਨ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਨਵਜੋਤ ਸਿੰਘ, ਪਟਿਆਲਾ

(2)

13 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਵਾਲੇ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਪੰਜਾਬ ’ਤੇ ਅਸਰ’ ਵਿਚ ਪੰਜਾਬ ਦੇ ਵਿਦਿਆਰਥੀਆਂ ਦੇ ਪਰਵਾਸ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਇਸ ਦੀ ਰੋਕਥਾਮ ਤੇ ਮਨੁੱਖੀ ਸਰਮਾਏ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਲਈ ਕਿਹਾ ਗਿਆ ਹੈ। ਪਰਵਾਸ ਦਾ ਸਭ ਤੋਂ ਵੱਡਾ ਕਾਰਨ ਸਭ ਨੂੰ ਹੀ ਪਤਾ ਹੈ ਕਿ ਬੇਰੁਜ਼ਗਾਰੀ ਹੈ। ਅਮਰਿੰਦਰ ਅਤੇ ਚੰਨੀ ਸਰਕਾਰ ਸਮੇਂ ਪੰਜਾਬ ਦਾ ਵਿੱਤ ਮੰਤਰੀ ਰਿਹਾ ਮਨਪ੍ਰੀਤ ਬਾਦਲ ਇਕ ਵਾਰ ਨਹੀਂ, ਵਾਰ ਵਾਰ ਕਹਿੰਦਾ ਸੀ ਕਿ ਖ਼ਜ਼ਾਨਾ ਖਾਲੀ ਹੈ; ਇਸ ਦਾ ਮਤਲਬ ਸੀ ਕਿ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਮਨਪ੍ਰੀਤ ਬਾਦਲ ਆਪ ਵਿੱਤ ਮੰਤਰੀ ਰਹਿਣ ਦੇ ਯੋਗ ਨਹੀਂ ਸਨ। ਨੌਜਵਾਨਾਂ ਦਾ ਮਨੋਬਲ ਤੋੜਿਆ ਜਾ ਰਿਹਾ ਸੀ। ਵਿੱਤੀ ਸੰਕਟ ਦਾ ਹੱਲ ਖ਼ਜ਼ਾਨਾ ਭਰ ਕੇ ਹੀ ਨਿਕਲਣਾ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

(3)

13 ਸਤੰਬਰ ਨੂੰ ਸੁੱਚਾ ਸਿੰਘ ਗਿੱਲ ਅਤੇ ਸੀਮਾ ਸਚਦੇਵਾ ਦੇ ਲੇਖ ਵਿਦਿਆਰਥੀ ਪਰਵਾਸ ਬਾਰੇ ਹਨ। ਵਧ ਰਹੀ ਆਬਾਦੀ ਕਾਰਨ ਬੇਰੁਜ਼ਗਾਰੀ, ਚੰਗਾ ਰਹਿਣ-ਸਹਿਣ ਤੇ ਸੁਰੱਖਿਅਤ ਭਵਿੱਖ ਦੀਆਂ ਸਮੱਸਿਆਵਾਂ ਸੁਭਾਵਿਕ ਹਨ। ਜੇਕਰ ਹਾਲਾਤ ਕੈਨੇਡਾ ਵਿਚ ਵਿਗੜ ਰਹੇ ਨੇ ਤਾਂ ਇਧਰ ਕਿਹੜਾ ਚੰਗੇ ਹਨ? ਫਿਰ ਵਿਦਿਆਰਥੀ ਤੇ ਮਾਪੇ ਕੀ ਕਰਨ? ਬੇਯਕੀਨੀ ਵਾਲੇ ਮਾਹੌਲ ਵਿਚ ਪਹਿਲ ਕੈਨੇਡਾ/ਆਸਟਰੇਲੀਆ ਨੂੰ ਦਿੱਤੀ ਜਾਂਦੀ ਹੈ। ਇੱਥੇ ਮਹਿੰਗੀ ਸਿੱਖਿਆ, ਮਹਿੰਗਾ ਇਲਾਜ, ਵਧ ਚੁੱਕੀ ਮਹਿੰਗਾਈ ਅਤੇ ਆਊਟਸੋਰਸਿਸ/ਕੰਟਰੈਕਟ ਵਾਲੀ ਨੌਕਰੀ ’ਤੇ ਮਿਲਦੀਆਂ ਨਿਗੂਣੀਆਂ ਤਨਖ਼ਾਹਾਂ ਲੱਕ ਤੋੜ ਦਿੰਦੀਆਂ ਹਨ। ਜੇ ਪਰਵਾਸ ਵਿਚ ਵਾਧਾ ਹੋਇਆ ਤਾਂ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਕਈ ਗੁਣਾ ਵਧੀ ਹੈ।
ਰਮਿੰਦਰ ਪਾਲ ਸਿੰਘ ਢਿੱਲੋਂ, ਗੁਰੂਸਰ (ਫ਼ਰੀਦਕੋਟ)

Advertisement
Author Image

joginder kumar

View all posts

Advertisement