For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:12 AM Sep 21, 2023 IST
ਪਾਠਕਾਂ ਦੇ ਖ਼ਤ
Advertisement

ਸ਼ਿਸ਼ਟਾਚਾਰ ਦੀ ਘਾਟ

Advertisement

19 ਸਤੰਬਰ ਦਾ ਸੰਪਾਦਕੀ ‘ਨਵਾਂ ਸੰਸਦ ਭਵਨ’ ਪੜ੍ਹ ਕੇ ਅਲਾਮਾ ਇਕਬਾਲ ਦੇ ਦੋ ਸ਼ਿਅਰ ਯਾਦ ਆ ਗਏ। ਸੰਪਾਦਕੀ ਵਿਚ ਵਰਤਮਾਨ ਸਮੇਂ ਛਾਈ ਹੋਈ ਕੁੜੱਤਣ ਅਤੇ ਸ਼ਿਸ਼ਟਾਚਾਰ ਦੀ ਵਧਦੀ ਜਾਂਦੀ ਘਾਟ ਵਿਰੁੱਧ ‘ਖ਼ਤਰੇ ਦਾ ਘੁੱਗੂ’ ਬੋਲਣ ਦੀ ਤਵੱਕੋਂ ਕੀਤੀ ਗਈ ਹੈ, ਉਹ ਅਸਲ ਵਿਚ ਇਸੇ ਗੱਲ ਵੱਲ ਇਸ਼ਾਰਾ ਹੈ ਕਿ ਨਵੀਆਂ ਇਮਾਰਤਾਂ ਬਣਾਉਣੀਆਂ ਆਸਾਨ, ਮੁਬਾਰਕ ਪਰ ਇਨ੍ਹਾਂ ਵਿਚ ਬਹਿਣ/ਬੋਲਣ ਵਾਲੇ ਆਗੂ ਵੀ ਦੇਸ਼ ਪ੍ਰਤੀ ਆਪਣੇ ਫਰਜ਼ ਪਛਾਣਨ। ਬਕੌਲ ਇਕਬਾਲ: ਮਸਜਿਦ ਤੋਂ ਬਨਾ ਲੀ ਸ਼ਬ ਭਰ ਮੇਂ, ਈਮਾਂ ਕੀ ਹਰਾਰਤ ਵਾਲੋਂ ਨੇ, ਦਿਲ ਅਪਨਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਨ ਨਾ ਸਕਾ। ਅਗਲਾ ਸ਼ਿਅਰ ਵੀ ਮਾਈਕ ਅੱਗੇ ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਦੇ ਮਾਹਿਰ ਸਾਡੇ ਅੱਜ ਦੇ ਸਿਆਸੀ ਲੀਡਰਾਂ ਨੂੰ ਵਿਚਾਰਨਾ ਚਾਹੀਦਾ ਹੈ: ਇਕਬਾਲ ਹੈ ਗਾਜ਼ੀ ਬਾਤੋਂ ਕਾ, ਦਿਲ ਬਾਤੋਂ ਸੇ ਮੋਹ ਲੇਤਾ ਹੈ, ਗ਼ੁਫਤਾਰ ਕਾ ਯੇਹ ਗਾਜ਼ੀ ਤੋ ਬਨਾ, ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)

Advertisement


ਅਰਮਾਨ ਬਨਾਮ ਖ਼ੁਸ਼ੀਆਂ
19 ਸਤੰਬਰ ਦੇ ਮਿਡਲ ਵਿਚ ਸੁਨੀਤਾ ਪਾਹਵਾ ਦਾ ਮਿਡਲ ‘ਵੱਡੀ ਦੀਦੀ’ ਪੜ੍ਹਿਆ। ਬੱਚਿਆਂ ਦੇ ਛੋਟੇ ਛੋਟੇ ਅਰਮਾਨ ਅਤੇ ਖ਼ੁਸ਼ੀਆਂ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੇ ਹਨ। ਪੂਰੀ ਕਾਇਨਾਤ ਖਿੜੀ ਖਿੜੀ ਲੱਗਦੀ ਹੈ। ਮਨ ਮਸਤਕ ਅਨੋਖੀ ਪ੍ਰਸੰਨਤਾ ਮਹਿਸੂਸ ਕਰਦਾ ਹੈ। ਜਿਵੇਂ ਸੰਸਾਰ ਵਿਚ ਸਿਰਫ਼
ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣ। ਰੁਝੇਵਿਆਂ ਨੇ ਇਨ੍ਹਾਂ ਪਲਾਂ ਨੂੰ ਮਾਨਣ ਦਾ ਵਕਤ ਖੋ ਲਿਆ ਹੈ ਜਿਸ ਕਾਰਨ ਜ਼ਿੰਦਗੀ ਵਿਚ ਤਣਾਅ ਵਧ ਰਿਹਾ ਹੈ, ਨਵੀਆਂ ਨਵੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ ਅਤੇ ਸਭ ਕੁਝ ਉਲਟਾ-ਪੁਲਟਾ ਹੋ ਰਿਹਾ ਹੈ।
ਸਤਿਗੁਰ ਸਿੰਘ ਸੈਦਪੁਰਾ, ਡੇਰਾਬਸੀ (ਮੁਹਾਲੀ)


ਵਿਕਾਸ ਅਤੇ ਕੁਦਰਤੀ ਆਫ਼ਤਾਂ
16 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਹਿਮਾਚਲ ਨੂੰ ਮਹਿੰਗੇ ਪੈ ਸਕਦੇ ਹਵਾਈ ਝੂਟੇ’ ਪੜ੍ਹਿਆ। ਪਹਾੜੀ ਖੇਤਰ ਦੀਆਂ ਕੁਦਰਤੀ ਆਫ਼ਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਰਾਜ ਦੇ ਸੈਰ-ਸਪਾਟੇ ਨੂੰ ਪ੍ਰਫੁਲਤ ਕਰਨ ਲਈ 16 ਹੈਲੀਪੋਰਟ ਬਣਾਉਣ ਦਾ ਐਲਾਨ ਕੀਤਾ ਹੈ। ਪਿਛਲੇ ਦੋ ਢਾਈ ਮਹੀਨਿਆਂ ਤੋਂ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹਿਮਾਚਲ ਪ੍ਰਦੇਸ਼ ਦਾ ਸੈਰ-ਸਪਾਟਾ ਉਦਯੋਗ ਬਿਲਕੁਲ ਰਸਾਤਲ ਵੱਲ ਚਲਾ ਗਿਆ ਜਾਪਦਾ ਹੈ। ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਹੀ ਪਿਛਲੇ ਦਹਾਕੇ ਤੋਂ ਸ਼ਿਮਲਾ, ਕੁੱਲੂ, ਮਨਾਲੀ ਤੇ ਧਰਮਸ਼ਾਲਾ ਆਦਿ ਨੂੰ ਚਹੁੰਮਾਰਗੀ ਸੜਕਾਂ ਨਾਲ ਜੋੜਿਆ ਗਿਆ ਹੈ। ਮਨਾਲੀ-ਕੀਰਤਪੁਰ ਸਾਹਿਬ ਚਹੁੰਮਾਰਗੀ ਸੜਕ ਬਣਾਉਣ ਲਈ 21 ਸੁਰੰਗਾਂ ਪੁੱਟੀਆਂ ਗਈਆਂ ਹਨ। ਇਹ ਸੁਰੰਗਾਂ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਕੇ ਜਾਂ ਅੰਡਰ ਕਟਿੰਗ ਕਰ ਕੇ ਬਣਾਈਆਂ ਗਈਆਂ ਹਨ। ਸਿੱਟੇ ਵਜੋਂ ਪਹਾੜਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹਨ। ਹੈਲੀਪੋਰਟ ਬਣਾਉਣ ਲਈ ਪਹਾੜੀ ਖੇਤਰ ਤੋੜ ਕੇ ਪੱਧਰਾ ਕਰਨਾ ਪਵੇਗਾ ਜੋ ਕੁਦਰਤ ਨਾਲ ਖਿਲਵਾੜ ਹੈ।
ਤਰਸੇਮ ਸਿੰਘ, ਨੈਣ ਕਲਾਂ (ਪਟਿਆਲਾ)


ਆਰਬੀਆਈ ਦੀਆਂ ਹਦਾਇਤਾਂ
16 ਸਤੰਬਰ ਦੇ ਸੰਪਾਦਕੀ ‘ਆਰਬੀਆਈ ਦੇ ਦਿਸ਼ਾ-ਨਿਰਦੇਸ਼’ ਵਿਚ ਸਰਕਾਰ ਵੱਲੋਂ ਜੋ ਬੈਂਕ ਅਤੇ ਵਿੱਤੀ ਅਦਾਰਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 5000 ਰੁਪਏ ਪ੍ਰਤੀ ਦਿਨ ਦਾ ਜੁਰਮਾਨਾ ਆਦਿ ਦਾ ਕੰਮ ਬਹੁਤ ਵਧੀਆ ਕੀਤਾ। ਕਰਜ਼ਾ ਵਾਪਸ ਕਰਨ ਤੋਂ ਬਾਅਦ ਜਾਇਦਾਦਾਂ ਦੇ ਕਾਗਜ਼ ਇਕ ਮਹੀਨੇ ਵਿਚ ਦੇਣ ਦੀ ਹਦਾਇਤ ਨਾਲ ਆਮ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ। ਕਿਸੇ ਕਾਗਜ਼-ਪੱਤਰ ਦੇ ਗੁੰਮ ਹੋਣ ਨਾਲ ਬੈਂਕ ਉਸ ਸ਼ਖ਼ਸ ਦੀ ਮਦਦ ਕਰੇਗੀ। ਇਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ।
ਪ੍ਰਭਜੋਤ ਕੌਰ, ਸੰਦੌੜ


ਰੁੱਖਾਂ ਦੀ ਅਹਿਮੀਅਤ
16 ਸਤੰਬਰ ਨੂੰ ਸਤਰੰਗ ਅੰਕ ਵਿਚ ਸ਼ਵਿੰਦਰ ਕੌਰ ਦੇ ਲੇਖ ‘ਕਿੱਥੇ ਤਾਂ ਲਾਵਾਂ ਟਾਹਲੀਆਂ, ਵੇ ਪੱਤਾਂ ਵਾਲੀਆਂ…’ ਵਿਚ ਲੇਖਕ ਨੇ ਰੁੱਖਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਰੁੱਖ ਮਨੁੱਖ ਅਤੇ ਜੀਵ ਜੰਤੂਆਂ ਲਈ ਭੋਜਨ ਅਤੇ ਰਹਿਣ ਲਈ ਬਸੇਰਾ ਦੇਣ ਦੇ ਨਾਲ ਨਾਲ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸ਼ੁੱਧ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਪਰਉਪਕਾਰੀ ਹਨ ਪਰ ਮਨੁੱਖ ਅਕ੍ਰਿਤਘਣ ਹੈ ਜੋ ਰੁੱਖਾਂ ਦੀ ਮਹੱਤਤਾ ਨੂੰ ਅਣਗੌਲਿਆਂ ਕਰਦਾ ਹੋਇਆ ਆਪਣੇ ਲਾਲਚ ਲਈ ਇਨ੍ਹਾਂ ਨੂੰ ਵੱਢ ਰਿਹਾ ਹੈ। ਜੇਕਰ ਹੁਣ ਵੀ ਮਨੁੱਖ ਨਾ ਸੰਭਲਿਆ ਤਾਂ ਉਸ ਦਾ ਇਹੀ ਲਾਲਚ ਉਸ ਦੇ ਵਿਨਾਸ਼ ਦਾ ਕਾਰਨ ਬਣੇਗਾ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਸਿੱਖਿਆ ਅਤੇ ਟੈਕਨੋਲੋਜੀ
19 ਸਤੰਬਰ ਦੇ ਅੰਕ ਵਿਚ ਛਪੇ ਲੇਖ ‘ਸਿੱਖਿਆ ਵਿਚ ਟੈਕਨੋਲੋਜੀ ਦਾ ਦਖ਼ਲ’ (ਕੁਲਦੀਪ ਪੁਰੀ) ਵਿਚ ਸਿੱਖਿਆ ਦੇ ਮਾਧਿਅਮ ਵਿਚ ਟੈਕਨੋਲੋਜੀ ਦੀ ਵਰਤੋਂ ਬਾਰੇ ਦੱਸਿਆ ਹੈ। ਅੱਜ ਦੇ ਸਮੇਂ ਵਿਚ ਟੈਕਨੋਲੋਜੀ ਦੀ ਵਰਤੋਂ ਵਿਚ ਬਹੁਤ ਵਾਧਾ ਹੋਇਆ ਹੈ। ਵਿਦਿਆਰਥੀ ਮੋਬਾਈਨ ਫੋਨ ਦੀ ਵਰਤੋਂ ਅਤੇ ਟੈਕਨੋਲੋਜੀ ਉੱਪਰ ਕੁਝ ਜ਼ਿਆਦਾ ਨਿਰਭਰ ਹੋ ਗਏ ਹਨ ਜਿਸ ਕਾਰਨ ਉਹ ਅਵੇਸਲੇ ਅਤੇ ਸੁਸਤ ਹੋ ਗਏ ਹਨ। ਉਨ੍ਹਾਂ ਦਾ ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਧਿਆਨ ਨਹੀਂ ਰਿਹਾ। ਉਂਝ ਵੀ ਇਹ ਪਤਾ ਨਹੀਂ ਲੱਗਦਾ ਕਿ ਬੱਚੇ ਮੋਬਾਈਲ ਫੋਨ ਤੋਂ ਪੜ੍ਹਾਈ ਕਰਦੇ ਹਨ ਜਾਂ ਫਿਰ ਉਹ ਪੜ੍ਹਾਈ ਕਰਦੇ ਹੀ ਨਹੀਂ। ਕੁਝ ਵਿਦਿਆਰਥੀ ਗ਼ਰੀਬ ਹੋਣ ਕਾਰਨ ਮੋਬਾਈਨ ਫੋਨ ਖਰੀਦ ਨਹੀਂ ਸਕਦੇ ਜਿਸ ਕਾਰਨ ਉਹ ਆਨਲਾਈਨ ਪੜ੍ਹਾਈ ਤੋਂ ਵਾਂਝੇ ਰਹਿੰਦੇ ਹਨ।
ਰਮਨਦੀਪ ਕੌਰ, ਪਿੰਡ ਦਸੌਂਧਾਸਿੰਘਵਾਲਾ (ਮਾਲੇਰਕੋਟਲਾ)

Advertisement
Author Image

sukhwinder singh

View all posts

Advertisement